ਸਮਾਜਿਕ ਤਾਣੇ-ਬਾਣੇ ਵਿੱਚ ਵੱਖ-ਵੱਖ ਵਿਚਾਰਾਂ, ਆਦਤਾਂ, ਵਿਵਹਾਰ, ਵਰਤਾਓ ਅਤੇ ਸਲੀਕੇ ਵਾਲੇ ਲੋਕ ਰਹਿੰਦੇ ਹਨ। ਹਰ ਇੱਕ ਦਾ ਸੁਭਾਅ ਵੱਖੋ-ਵੱਖਰਾ ਹੁੰਦਾ ਹੈ। ਮੁੱਖ ਤੌਰ ‘ਤੇ ਹਰ ਵਿਅਕਤੀ ਸਭ ਤੋਂ ਪਹਿਲਾਂ ਆਪਣੇ ਨਿੱਜੀ ਅਤੇ ਫਿਰ ਆਪਣੇ ਪਰਿਵਾਰ ਦੀ ਬਿਹਤਰੀ ਲਈ ਕਾਰਜ਼ਸ਼ੀਲ ਰਹਿੰਦਾ ਹੈ, ਪ੍ਰੰਤੂ ਕੁਝ ਗਿਣਵੇਂ-ਚੁਣਵੇਂ ਲੋਕ ਅਜਿਹੇ ਵੀ ਹੁੰਦੇ ਹਨ, ਜਿਨ੍ਹਾਂ ਵਿੱਚ ਲੋਕ ਭਲਾਈ ਅਤੇ ਸਮਾਜ ਸੇਵਾ ਦੀ ਪ੍ਰਵਿਰਤੀ ਮੁੱਖ ਹੁੰਦੀ ਹੈ। ਅਜਿਹੇ ਲੋਕ ਸਮਾਜ ਦੀ ਬਿਹਤਰੀ ਲਈ ਕਾਰਜ਼ਸ਼ੀਲ ਰਹਿੰਦੇ ਹਨ, ਪ੍ਰੰਤੂ ਇਸਦੇ ਨਾਲ ਹੀ ਉਹ ਆਪਣੇ ਪਰਿਵਾਰਾਂ ਦੀ ਵੇਖ-ਭਾਲ ਵੀ ਸੁਚੱਜੇ ਢੰਗ ਨਾਲ ਬਾਦਸਤੂਰ ਕਰਦੇ ਰਹਿੰਦੇ ਹਨ। ਅਜਿਹੇ ਲੋਕਾਂ ਵਿੱਚ ਪਟਿਆਲਾ ਦੇ ਰਹਿਣ ਵਾਲੇ ਪਰਮਿੰਦਰ ਭਲਵਾਨ ਹਨ, ਜਿਹੜੇ ਹਮੇਸ਼ਾ ਖ਼ੂਨ ਦਾਨ ਤੇ ਸਮਾਜ ਸੇਵਾ ਲਈ ਮੋਹਰੀ ਦੀ ਭੂਮਿਕਾ ਨਿਭਾਉਂਦੇ ਰਹਿੰਦੇ ਹਨ। ਖ਼ੂਨ ਦਾਨ ਕਰਨਾ ਉਸਦਾ ਸ਼ੌਕ ਹੈ। ਉਸਨੇ 49 ਸਾਲ ਦੀ ਉਮਰ ਵਿੱਚ ਹੁਣ ਤੱਕ 93 ਵਾਰੀ ਖ਼ੂਨ ਦਾਨ ਕਰਕੇ ਇਤਿਹਾਸ ਸਿਰਜ ਦਿੱਤਾ ਹੈ। ਪਰਮਿੰਦਰ ਭਲਵਾਨ ਨੇ ਪਹਿਲੀ ਵਾਰ ਸਕੂਲ ਵਿੱਚ ਪੜ੍ਹਦਿਆਂ ਹੀ 1992 ਵਿੱਚ ਖ਼ੂਨ ਦਾਨ ਕੀਤਾ ਸੀ, ਉਸ ਤੋਂ ਬਾਅਦ ਉਸਨੂੰ ਖ਼ੂਨ ਦਾਨ ਕਰਨ ਅਤੇ ਸਮਾਜ ਸੇਵਾ ਦੀ ਅਜਿਹੀ ਚੇਟਕ ਲੱਗੀ ਕਿ ਉਹ ਲਗਾਤਾਰ ਖ਼ੂਨ ਦਾਨ ਆਪ ਹੀ ਨਹੀਂ ਕਰਦੇ ਸਗੋਂ ਨੌਜਵਾਨਾ ਨੂੰ ਵੀ ਪ੍ਰੇਰਿਤ ਕਰਕੇ ਖ਼ੂਨ ਦਾਨ ਕਰਵਾਉਂਦੇ ਹਨ। ਇਸ ਮੰਤਵ ਲਈ ਉਹ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਸੈਮੀਨਾਰ, ਨਾਟਕ ਅਤੇ ਸਭਿਆਚਾਰਿਕ ਸਮਾਗਮ ਕਰਵਾਕੇ ਵਿਦਿਆਰਥੀਆਂ ਨੂੰ ਪ੍ਰੇਰਤ ਕਰਦੇ ਹਨ। ਉਹ ਲੋੜਵੰਦ ਦੀ ਮਦਦ ਕਰਨ ਲਈ ਹਮੇਸ਼ਾ ਤੱਤਪਰ ਰਹਿੰਦੇ ਹਨ। ਖ਼ੂਨ ਦਾਨ ਕਰਨ ਨੂੰ ਇਨਸਾਨ ਦੀ ਉਹ ਸਭ ਤੋਂ ਪਵਿਤਰ ਸੇਵਾ ਮੰਨਦੇ ਹਨ, ਇਸ ਲਈ ਉਹ ਖ਼ੂਨ ਦਾਨ ਕੈਂਪ ਲਗਾਉਣ ਲਈ ਤੱਤਪਰ ਰਹਿੰਦੇ ਹਨ। ਉਸਨੇ ਹੁਣ ਤੱਕ ਨਹਿਰੂ ਯੁਵਕ ਕੇਂਦਰ, ਸਮਾਜਿਕ, ਧਾਰਮਿਕ, ਸਭਿਆਚਾਰਿਕ, ਵਿਦਿਅਕ ਸੰਸਥਾਵਾਂ, ਸਰਕਾਰੀ ਅਦਾਰਿਆਂ, ਨੌਜਵਾਨ ਸਭਾਵਾਂ, ਯੂਥ ਕਲੱਬਾਂ, ਸਵੈ-ਇੱਛਤ ਸੰਸਥਾਵਾਂ ਅਤੇ ਹੋਰ ਨਿੱਜੀ ਅਦਾਰਿਆਂ ਦੇ ਸਹਿਯੋਗ ਨਾਲ 800 ਖ਼ੂਨ ਦਾਨ ਕੈਂਪ ਲਗਾਕੇ 45000 ਯੂਨਿਟ ਬਲੱਡ ਵੱਖ-ਵੱਖ ਬਲੱਡ ਬੈਂਕਾਂ ਤੇ ਹਸਪਤਾਲਾਂ ਲਈ ਇਕੱਤਰ ਕਰਕੇ ਲੋੜਵੰਦਾਂ ਦੀ ਮਦਦ ਕੀਤੀ ਹੈ। ਕੋਵਿਡ-2019 ਦੇ ਦੌਰਾਨ 2000 ਯੂਨਿਟ ਬਲੱਡ ਵਿਸ਼ੇਸ਼ ਤੌਰ ‘ਤੇ ਇਕੱਤਰ ਕਰਵਾਏ ਗਏ। ਕੋਵਿਡ-2019 ਦੌਰਾਨ ਲੋਕਾਂ ਨੂੰ ਮੁਫ਼ਤ ਸੈਨੇਟਾਈਜ਼ਰ, ਮਾਸਕ, ਸਾਬਣ ਅਤੇ ਇਸਤਰੀਆਂ ਲਈ ਸੈਨੇਟਰੀ ਪੈਡ ਸਪਲਾਈ ਕੀਤੇ ਗਏ, ਜਿਸ ਕਰਕੇ ਜਿਲ੍ਹਾ ਪ੍ਰਸ਼ਾਸ਼ਨ ਨੇ ਪਰਮਿੰਦਰ ਭਵਲਵਾਨ ਨੂੰ ਸਨਮਾਨਤ ਕੀਤਾ ਸੀ। ਸਮਾਜ ਸੇਵਾ ਲਈ ਚੁੱਕੇ ਜਾ ਰਹੇ ਹਰ ਕਦਮ ਲਈ ਉਹ ਸਰਕਾਰ ਅਤੇ ਸਮਾਜਿਕ ਸੰਸਥਾਵਾਂ ਨਾਲ ਲਗਾਤਾਰ ਸਰਗਰਮ ਰਹਿੰਦੇ ਹਨ। ਸਮਾਜ ਸੇਵਾ ਲਈ ਉਹ ਨਹਿਰੂ ਯੁਵਕ ਕੇਂਦਰ, ਯੁਵਾ ਅਤੇ ਖੇਡ ਮੰਤਰਾਲਾ ਭਾਰਤ ਸਰਕਾਰ ਦੇ ਪ੍ਰੋਗਰਾਮਾ ਵਿੱਚ ਸ਼ਾਮਲ ਹੋ ਕੇ ਦੇਸ਼ ਦੇ ਲਗਪਗ ਹਰ ਰਾਜ ਵਿੱਚ ਸੇਵਾ ਕਰਦੇ ਰਹਿੰਦੇ ਹਨ। 2007 ਵਿੱਚ ਭਾਰਤ ਸਰਕਾਰ ਦੇ ਯੁਵਾ ਤੇ ਖੇਡ ਮੰਤਰਾਲਾ ਨੇ ਦੇਸ਼ ਦੀ ਆਜ਼ਾਦੀ ਦੇ 150 ਸਾਲਾ ਪ੍ਰੋਗਰਾਮਾ ਦੀ ਲੜੀ ਵਿੱਚ ਮੇਰਠ ਉਤਰ ਪ੍ਰਦੇਸ਼ ਤੋਂ ਲਾਲ ਕਿਲ੍ਹਾ ਦਿੱਲੀ ਤੱਕ ਪੈਦਲ ਯਾਤਰਾ ਦਾ ਆਯੋਜਨ ਕੀਤਾ ਸੀ। ਇਸ ਯਾਤਰਾ ਵਿੱਚ ਭਾਰਤ ਵਿੱਚੋਂ 5 ਲੱਖ ਨੌਜਵਾਨਾ ਨੇ ਹਿੱਸਾ ਲਿਆ ਸੀ। ਪੰਜਾਬ ਦੇ 5000 ਨੌਜਵਾਨਾ ਦੇ ਪ੍ਰਤੀਨਿਧ ਮੰਡਲ ਦੀ ਅਗਵਾਈ ਪਰਮਿੰਦਰ ਭਵਲਵਾਨ ਨੇ ਕੀਤੀ ਸੀ। ਸਮਾਜ ਸੇਵਾ ਹੀ ਉਸਨੇ ਆਪਣੀ ਜ਼ਿੰਦਗੀ ਦਾ ਮੰਤਵ ਬਣਾ ਲਿਆ ਹੈ।
ਪਰਮਿੰਦਰ ਭਲਵਾਨ ਨੇ ਸਕੂਲ ਵਿੱਚ ਪੜ੍ਹਦਿਆਂ ਹੀ ਸਮਾਜ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਸੀ। ਉਸਤੋਂ ਬਾਅਦ ਉਹ ਸਮਾਜਿਕ ਅਤੇ ਸਭਿਆਚਾਰਿਕ ਸਰਗਰਮੀਆਂ ਵਿੱਚ ਹਿੱਸਾ ਲੈਂਦਾ ਰਿਹਾ ਅਤੇ ਇਸੇ ਲੜੀ ਵਿੱਚ ਉਸਦੀ ਸਮਾਜ ਸੇਵਾ ਦੀ ਰੁਚੀ ਨੂੰ ਮੁੱਖ ਰੱਖਦਿਆਂ ਉਹ 2001 ਵਿੱਚ ਪਟਿਆਲਾ ਦੇ ਦੀਪ ਨਗਰ ਇਲਾਕੇ ਦੀ ਵੈਲਫ਼ੇਅਰ ਯੂਥ ਕਲੱਬ ਦਾ ਪ੍ਰਧਾਨ ਚੁਣਿਆਂ ਗਿਆ। ਇਸ ਦੌਰਾਨ ਉਹ ਨਹਿਰੂ ਯੁਵਾ ਕੇਂਦਰ, ਯੁਵਾ ਤੇ ਖੇਡ ਮੰਤਰਾਲਾ ਭਾਰਤ ਸਰਕਾਰ ਦੀ ਪਟਿਆਲਾ ਇਕਾਈ ਨਾਲ ਜੁੜ ਗਿਆ। ਇਹ ਸੰਸਥਾ ਨੌਜਵਾਨਾ ਵਿੱਚ ਲੀਡਰਸ਼ਿਪ ਦੀ ਭਾਵਨਾ ਪੈਦਾ ਕਰਨ ਵਿੱਚ ਸਹਿਯੋਗੀ ਬਣਦੀ ਹੈ। ਫਿਰ 2005 ਵਿੱਚ ਪਟਿਆਲਾ ਜਿਲ੍ਹਾ ਯੂਥ ਕਲੱਬਜ਼ ਆਰਗੇਨਾਈਜੇਸ਼ਨ ਦਾ ਪ੍ਰਧਾਨ ਚੁਣਿਆਂ ਗਿਆ। ਪਰਮਿੰਦਰ ਭਲਵਾਨ ਨੇ ਪਟਿਆਲਾ ਜਿਲ੍ਹੇ ਦੀਆਂ 800 ਕਲੱਬਾਂ ਨੂੰ ਆਪਣੇ ਨਾਲ ਜੋੜਕੇ ਸਮਾਜ ਸੇਵਾ ਦਾ ਬੀੜਾ ਚੁੱਕਣ ਲਈ ਪ੍ਰੇਰਿਤ ਕੀਤਾ। ਇਸ ਕਰਕੇ 2005 ਵਿੱਚ ਹੀ ਉਸਨੂੰ ਪੰਚਾਇਤੀ ਯੁਵਾ ਸ਼ਕਤੀ ਅਭਿਆਨ ਭਾਰਤ ਸਰਕਾਰ ਨੇ ਪੰਜਾਬ ਦੇ ਨੁਮਾਇੰਦੇ ਵਜੋਂ ਮੈਂਬਰ ਬਣਾਇਆ। ਉਸ ਦੀ ਸਮਾਜ ਸੇਵਾ ਦੀ ਪ੍ਰਵਿਰਤੀ ਦਾ ਮੁੱਲ ਪਾਉਂਦਿਆਂ ਨਹਿਰੂ ਯੁਵਾ ਕੇਂਦਰ ਪਟਿਆਲਾ ਨੇ 2006 ਤੋਂ 2015 ਤੱਕ ਆਪਣੀ ਸਲਾਹਕਾਰ ਕਮੇਟੀ ਦਾ ਮੈਂਬਰ ਨਿਯੁਕਤ ਕਰਕੇ ਰੱਖਿਆ। ਪਰਮਿੰਦਰ ਭਲਵਾਨ ਨੇ ਪਟਿਆਲਾ ਜਿਲ੍ਹੇ ਦੀਆਂ ਯੂਥ ਕਲੱਬਾਂ ਦੇ ਸਹਿਯੋਗ ਨਾਲ ਪਿੰਡਾਂ ਦੀਆਂ ਸਮਾਜਿਕ ਤੇ ਧਾਰਮਿਕ ਸੰਸਥਾਵਾਂ, ਪੰਚਾਇਤਾਂ ਦੀਆਂ ਸਾਂਝੀਆਂ ਥਾਵਾਂ ਅਤੇ ਕਿਸਾਨਾ ਦੀਆਂ ਮੋਟਰਾਂ ‘ਤੇ 5000 ਰੁੱਖ ਲਗਾਏ। ਪਰਮਿੰਦਰ ਭਲਵਾਨ ਨੇ ਸਮੁੱਚੇ ਦੇਸ਼ ਦੇ 22 ਰਾਜਾਂ ਅਤੇ ਕੇਂਦਰੀ ਸ਼ਾਸ਼ਤ ਪ੍ਰਦੇਸਾਂ ਵਿੱਚ ਨਹਿਰੂ ਯੁਵਾ ਕੇਂਦਰ ਸੰਗਠਨ ਯੁਵਾ ਤੇ ਖੇਡ ਮੰਤਰਾਲਾ ਭਾਰਤ ਸਰਕਾਰ ਵੱਲੋਂ ਲਗਾਏ ਗਏ 170 ‘ਕੌਮੀ ਏਕਤਾ’ ਕੈਂਪਾਂ ਵਿੱਚ ਸ਼ਮੂਲੀਅਤ ਕੀਤੀ। ਇਸ ਦੌਰਾਨ 140 ਕੈਂਪਾਂ ਵਿੱਚ ਉਸਨੂੰ ‘ਬੈਸਟ ਯੂਥ ਲੀਡਰ’ ਦਾ ਪੁਰਸਕਾਰ ਦਿੱਤਾ ਗਿਆ। ਭਾਰਤ ਦੇ ਵੱਖ-ਵੱਖ ਰਾਜਾਂ ਵਿੱਚ ਸਮਾਜ ਸੇਵਾ ਦਾ ਕੰਮ ਕਰ ਰਹੀ ਸਵੈ-ਸੇਵੀ ਸੰਸਥਾ ਯੂਥ ਫ਼ੈਡਰੇਸ਼ਨ ਆਫ਼ ਇੰਡੀਆ ਦੇ ਪ੍ਰਧਾਨ ਦੇ ਤੌਰ ‘ਤੇ ਉਹ 2009 ਤੋਂ 2015 ਤੱਕ ਫ਼ਰਜ਼ ਨਿਭਾਉਂਦਾ ਰਿਹਾ। ਉਸਨੇ 2011, 12 ਅਤੇ 13 ਵਿੱਚ ਨਹਿਰੂ ਯੁਵਾ ਕੇਂਦਰ ਪਟਿਆਲਾ ਦੇ ਸਹਿਯੋਗ ਨਾਲ ਪਟਿਆਲਾ ਜਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਨਸ਼ਿਆਂ ਵਿਰੁੱਧ ਨੌਜਵਾਨਾਂ ਨੂੰ ਜਾਗ੍ਰਤ ਕਰਨ ਲਈ 2000 ਨਾਟਕ, ਨੁਕੜ ਨਾਟਕ, ਸੈਮੀਨਾਰ ਅਤੇ ਜਾਗਰੂਕ ਰੈਲੀਆਂ ਆਯੋਜਤ ਕੀਤੀਆਂ। ਨੌਜਵਾਨਾਂ ਨੂੰ ਨਸ਼ਿਆਂ ਦੇ ਦੁਰਪ੍ਰਭਾਵ ਤੋਂ ਜਾਣੂੰ ਕਰਵਾਉਂਦਿਆਂ ਉਨ੍ਹਾਂ ਨੂੰ ਆਪਣੇ ਨਾਲ ਜੋੜਿਆ। ਇਸੇ ਤਰ੍ਹਾਂ 2021 ਵਿੱਚ ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲਾ ਵੱਲੋਂ ‘ਨਸ਼ਾ ਮੁਕਤ ਭਾਰਤ ਅਭਿਆਨ’ ਭਾਰਤ ਦੇ 272 ਜਿਲਿ੍ਹਆਂ ਵਿੱਚ ਸ਼ੁਰੂ ਕੀਤਾ ਗਿਆ, ਜਿਸ ਵਿੱਚ ਪਟਿਆਲਾ ਜਿਲ੍ਹਾ ਵੀ ਸ਼ਾਮਲ ਸੀ, ਪਰਮਿੰਦਰ ਭਲਵਾਨ ਨੂੰ ਪਟਿਆਲਾ ਜਿਲ੍ਹੇ ਦੇ ਨਸ਼ਾ ਮੁਕਤ ਅਭਿਆਨ ਦਾ ਮੈਂਬਰ ਬਣਾਇਆ ਗਿਆ ਅਤੇ 2021 ਤੋਂ 2025 ਤੱਕ 1000 ਪ੍ਰੋਗਰਾਮ, ਰੈਲੀਆਂ, ਸੈਮੀਨਾਰ ਅਤੇ ਨੁਕੜ ਨਾਟਕ ਆਯੋਜਤ ਕਰਕੇ ਉਸਨੇ ਆਪਣਾ ਯੋਗਦਾਨ ਪਾਇਆ। ਇਸ ਤੋਂ ਇਲਾਵਾ ਸਮਾਜਿਕ ਕੁਰੀਤੀਆਂ ਭਰੂਣ ਹੱਤਿਆ, ਦਾਜ-ਦਹੇਜ ਅਤੇ ਏਡਜ਼ ਵਿਰੁੱਧ 500 ਵੱਖ-ਵੱਖ ਪਿੰਡਾਂ ਵਿੱਚ ਸਮਾਗਮ ਕਰਵਾਕੇ ਲੋਕਾਂ ਨੂੰ ਜਾਗ੍ਰਤ ਕੀਤਾ। ਅਜਿਹੇ ਸਮਾਗਮ ਖਾਸ ਤੌਰ ‘ਤੇ ਸਕੂਲਾਂ ਵਿੱਚ ਆਯੋਜਤ ਕਰਵਾਏ ਗਏ। ਇਸੇ ਤਰ੍ਹਾਂ 2001 ਤੋਂ 2023 ਤੱਕ ਸ਼ਹਿਰਾਂ ਦੀਆਂ ਗ਼ਰੀਬ ਬਸਤੀਆਂ ਅਤੇ ਵਧੇਰੇ ਕਰਕੇ ਪਿੰਡਾਂ ਵਿੱਚ ਲੋੜਵੰਦ ਲੜਕੀਆਂ/ਇਸਤਰੀਆਂ ਨੂੰ ਸਿਲਾਈ ਕਢਾਈ ਅਤੇ ਬਿਊਟੀ ਪਾਰਲਰ ਦੀ ਮੁਫ਼ਤ ਸਿੱਖਿਆ ਦੇਣ ਲਈ 200 ਸਿਲਾਈ ਕਢਾਈ ਅਤੇ ਬਿਊਟੀ ਪਾਰਲਰ ਸੈਂਟਰ ਖੁਲ੍ਹਵਾਏ ਗਏ। ਇਸ ਤੋਂ ਇਲਾਵਾ ਉਸਨੇ ਆਪਣੇ ਦੋਸਤਾਂ ਦੇ ਸਹਿਯੋਗ ਨਾਲ ਅੰਗਹੀਣਾਂ ਨੂੰ 300 ਟਰਾਈਸਾਈਕਲ ਅਤੇ ਵੀਲ ਚੇਅਰ ਦਿੱਤੀਆਂ। ਉਹ ਸਿਵਲ ਡਿਫ਼ੈਸ ਵਿੱਚ ਵੀ ਆਪਣੀਆਂ ਸੇਵਾਵਾਂ ਦੇ ਰਿਹਾ ਹੈ। ਪਰਮਿੰਦਰ ਭਵਲਵਾਨ ਪੁਲਿਸ ਦੇ ਸਾਂਝ ਕੇਂਦਰ ਅਤੇ ਵੂਮੈਨ ਕਾਊਂਸÇਲੰਗ ਸੈਲ ਦਾ ਵੀ ਮੈਂਬਰ ਹੈ। ਪਰਮਿੰਦਰ ਭਲਵਾਨ ਦੀਆਂ ਸਮਾਜ ਸੇਵਾਵਾਂ ਦੀ ਕਦਰ ਕਰਦਿਆਂ ਉਨ੍ਹਾਂ ਨੂੰ ਬਹੁਤ ਸਾਰੇ ਰਾਜਾਂ ਅਤੇ ਵਿਸ਼ੇਸ਼ ਤੌਰ ‘ਤੇ ਪੰਜਾਬ ਸਰਕਾਰ ਅਤੇ ਹੋਰ ਸਵੈ-ਸੇਵੀ ਸੰਸਥਾਵਾਂ ਨੇ ਮਾਨ ਸਨਮਾਨ ਦੇ ਕੇ ਪੁਰਸਕਾਰਿਤ ਕੀਤਾ। ਇਸ ਸੰਬੰਧੀ ਮੱਧ ਪ੍ਰਦੇਸ਼ ਸਰਕਾਰ ਨੇ 2006 ਵਿੱਚ ‘ਸ਼ਹੀਦ ਮੰਗਲ ਪਾਂਡੇ’ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਸੀ। 2006 ਵਿੱਚ ਹੀ ਦੇਹਰਾਦੂਨ ਵਿਖੇ ਲੱਗੇ ਨੈਸ਼ਨਲ ਹਾਈਕਿੰਗ ਟਰੈਕਿੰਗ ਅਤੇ ਐਡਵੈਂਚਰ ਕੈਂਪ ਵਿੱਚ ਬੈਸਟ ਯੂਥ ਲੀਡਰ ਦਾ ਸਨਮਾਨ ਦਿੱਤਾ ਸੀ। 2006-07 ਵਿੱਚ ਪੰਜਾਬ ਸਰਕਾਰ ਨੇ ‘ਸ਼ਹੀਦ-ਏ -ਆਜ਼ਮ ਭਗਤ ਸਿੰਘ ਰਾਜ ਯੁਵਾ ਪੁਰਸਕਾਰ’ ਦਿੱਤਾ ਸੀ। ਇਸਤੋਂ ਇਲਾਵਾ 25 ਤੋਂ ਵੱਧ ਵਾਰ ਜਿਲ੍ਹਾ ਪ੍ਰਸ਼ਾਸ਼ਨ ਅਤੇ ਸੈਂਕੜੇ ਵਾਰੀ ਸਮਾਜ ਸੇਵੀ ਸੰਸਥਾਵਾਂ ਨੇ ਸਨਮਾਨਤ ਕੀਤਾ ਸੀ।
ਪਰਮਿੰਦਰ ਸਿੰਘ ਭਲਵਾਨ ਦਾ ਜਨਮ ਪਿਤਾ ਬਲਵੀਰ ਸਿੰਘ ਤੇ ਮਾਤਾ ਰਾਜਿੰਦਰ ਕੌਰ ਦੀ ਕੁੱਖੋਂ ਉਸਦੇ ਨਾਨਕੇ ਪਿੰਡ ਕੁਲਾਰਾਂ ਜਿਲ੍ਹਾ ਪਟਿਆਲਾ ਵਿੱਚ 28 ਦਸੰਬਰ 1976 ਨੂੰ ਹੋਇਆ। ਉਸਦਾ ਜੱਦੀ ਪਿੰਡ ਰਿਉਣਾ ਨੀਵਾਂ ਜਿਲ੍ਹਾ ਪਟਿਆਲਾ (ਹੁਣ ਫ਼ਤਿਹਗੜ੍ਹ ਸਾਹਿਬ) ਹੈ। ਉਸਨੇ ਦਸਵੀਂ ਤੱਕ ਦੀ ਪੜ੍ਹਾਈ ਸੀਨੀਅਰ ਸੈਕੰਡਰੀ ਸਕੂਲ ਤ੍ਰਿਪੜੀ ਪਟਿਆਲਾ ਤੇ ਬਾਰਵੀਂ ਤੱਕ ਦੀ ਪੜ੍ਹਾਈ ਸੀਨੀਅਰ ਸੈਕੰਡਰੀ ਸਕੂਲ ਖਾਲਸਾ ਸਕੂਲ ਢੁਡਿਆਲ ਪਟਿਆਲਾ ਤੋਂ ਪਾਸ ਕੀਤੀ।
ਤਸਵੀਰ : ਪਰਮਿੰਦਰ ਭਲਵਾਨ
ਉਜਾਗਰ ਸਿੰਘ
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh480yahoo.com
