ਕਹਿੰਦੇ ਲੋਕੀ ਹੋ ਗਿਆ ਖੂਨ ਤੋਂ ਪਾਣੀ
ਰਿਸ਼ਤਿਆਂ ਦੀ ਆਖਣ ਉਲਝ ਗਈ ਹੈ ਤਾਣੀ।
ਲੱਖ ਹੋਣ ਕਹਾਵਤਾਂ
ਨਾ ਭੁੱਲੇ, ਨਾ ਹੀ ਦਿਲ ਚੋ ਕੱਢੇ ਜਾਂਦੇ ਨੇ
ਖ਼ੂਨ ਦੇ ਰਿਸ਼ਤੇ ਕਿੱਥੋਂ
ਐਨੇ ਸੌਖੇ ਛੱਡੇ ਜਾਂਦੇ ਨੇ।
ਇਕੱਠਾ ਬੀਤਿਆ ਬਚਪਨ ਤੇ
ਇੱਕਠਿਆਂ ਉਮਰ ਹੰਢਾਈ
ਇਕੱਠੇ ਖਾਧੀ ਰੋਟੀ ਭਾਵੇਂ ਮਾਂ
ਨੇ ਸੀ ਅੱਡੋ ਅੱਡੀ ਪਾਈ।
ਨਾ ਓ ਪਲ, ਨਾ ਯਾਦਾਂ
ਦਿਲ ਚੋਂ ਕੱਢੇ ਜਾਂਦੇ ਨੇ
ਖ਼ੂਨ ਦੇ ਰਿਸ਼ਤੇ ਕਿੱਥੋਂ
ਐਨੇ ਸੌਖੇ ਛੱਡੇ ਜਾਂਦੇ ਨੇ।
ਜਦੋਂ ਪੈ ਜਾਵੇ ਕਦੇ ਕਿਤੇ ਥੋੜ
ਪੈ ਜੇ ਪੈਸੇ ਟਕੇ ਦੀ ਲੋੜ
ਦੁਨੀਆਂ ਜਾਂਦੀ ਹੈ ਫਿਰ ਮੁੱਖ ਮੋੜ
ਓਦੋਂ ਦਿਲ ਨੂੰ ਲਗਦੀ ਹੋੜ
ਨਾ ਹੱਥ ਬਿਗਾਨਿਆਂ ਮੂਹਰੇ ਅੱਡੇ ਜਾਂਦੇ ਨੇ
ਖ਼ੂਨ ਦੇ ਰਿਸ਼ਤੇ ਕਿੱਥੋਂ
ਐਨੇ ਸੌਖੇ ਛੱਡੇ ਜਾਂਦੇ ਨੇ।
ਲੱਖ ਹੋਵਣ ਚਾਚੇ ਤਾਏ
ਜਿਹੜੇ ਲੋੜ ਪੈਣ ਤੇ ਨਾ ਆਏ
ਪੱਖ ਤਾਂ ਪੂਰਦੇ ਅੰਮਾਂ ਜਾਏ
ਪਿਆ ਫਿਕਰ ਹੱਡਾਂ ਨੂੰ ਖਾਏ
ਜਿਹੜੇ ਵਿੱਚ ਗੋਦੀ ਦੇ ਖਿਡਾਏ
ਤੇ ਆਪਣੇ ਹੱਥੀਂ ਬੂਟੇ ਲਾਏ
ਨਾ ਜੜ੍ਹਾਂ ਚੋਂ ਵੱਢੇ ਜਾਂਦੇ ਨੇ।
ਖ਼ੂਨ ਦੇ ਰਿਸ਼ਤੇ ਕਿੱਥੋਂ
ਐਨੇ ਸੌਖੇ ਛੱਡੇ ਜਾਂਦੇ ਨੇ।
ਜਦੋਂ ਵਿਹੜਾ ਹੋ ਜਾਵੇ ਸੁੰਨਾ
ਨਾ ਦਿਸਦੇ ਪਿਉ ਤੇ ਮਾਂ।
ਫਿਰ ਦਿਲ ਕਰਦਾ
ਮਰ ਜਾਵਾਂ ਏਸੇ ਥਾਂ।
ਨਾ ਫਿਰ ਭੀੜਾ ਵਿੱਚ ਹੱਥ
ਭੈਣ ਭਰਾਵਾਂ ਦੇ ਛੱਡੇ ਜਾਂਦੇ ਨੇ।
ਖ਼ੂਨ ਦੇ ਰਿਸ਼ਤੇ ਕਿੱਥੋਂ
ਐਨੇ ਸੌਖੇ ਛੱਡੇ ਜਾਂਦੇ ਨੇ।
‘ਪਰਮ’ ਕਰਦੀ ਨਿੱਤ ਦੁਆਵਾਂ
ਰੱਬਾ ਛੋਹਣ ਨਾ ਉਹਨਾਂ ਨੂੰ ਤੱਤੀਆਂ ਹਵਾਵਾਂ।
ਭਾਵੇਂ ਓ ਕਰਗੇ ਪੈਰ ਪਿਛਾਹਾਂ
ਤੇ ਮੈਂ ਮਾਰੀਆ ਬਹੁਤ ਦੂਰ ਤੱਕ ਨਿਗਾਹਾਂ।
ਯਾਦ ਕਰਕੇ ਬੀਤਿਆ ਵੇਲ਼ਾ
ਦਿਲ ਚ ਖੰਜਰ ਗੱਡੇ ਜਾਂਦੇ ਨੇ।
ਖ਼ੂਨ ਦੇ ਰਿਸ਼ਤੇ ਕਿੱਥੋਂ
ਐਨੇ ਸੌਖੇ ਛੱਡੇ ਜਾਂਦੇ ਨੇ।
ਪਰਮਜੀਤ ਕੌਰ
ਲੈਕਚਰਾਰ ਕੰਪਿਊਟਰ ਸਾਇੰਸ
ਘਠਭ ਵੂਮੈਨ ਕਾਲਜ,ਲਹਿਲ ਖੁਰਦ(ਸੰਗਰੂਰ)