ਆਖ ਅਜ਼ਾਦੀ, ਭਾਈ ਵੰਡੇ।
ਵਿੱਛੜ ਗਏ ਰਾਵੀ ਦੇ ਕੰਢੇ।
ਅੱਖੀਂ ਟੱਬਰ ਰੁਲ਼ਦੇ ਵੇਖੇ,
ਪੱਲੇ ਪਾ ਲਏ ‘ਕੱਲੇ ਝੰਡੇ।
ਖੁਦਮੁਖਤਾਰੀ ਲੱਭੀਏ ਕਿੱਥੋਂ,
ਰਹਿਗੇ ਹਾਂ ਵਜਾਉਂਦੇ ਡੰਡੇ।
ਪਾਣੀ ਖੋਹੇ, ਖ੍ਹੋਣ ਜ਼ਮੀਨਾਂ,
ਆਪੇ ਬੀਜੇ, ਚੁਗੀਏ ਕੰਡੇ।
ਗੁਰਬਾਣੀ ਇੱਥੇ ਬੇਪੱਤ ਹੋਵੇ,
ਦੱਸਣ ਕਾਨੂੰਨ, ਜਦ ਦੋਸ਼ੀ ਚੰਡੇ।
ਸ਼ਕਲ ਵੇਖ ਕੇ ਨਿਆਂ ਬਦਲਜੇ,
ਚੜ੍ਹਕੇ ਆਉਂਦੇ ਧਾਵੀ ਸੰਢੇ।
ਬੋਲੀ ਸਾਡੀ ‘ਤੇ ਵੀ ਬੰਦਸ਼ਾਂ,
ਸੌ ਛਿੱਤਰਾਂ ਨਾਲ ਸੌ-ਸੌ ਗੰਢੇ।
ਹਰਡਲ-ਡੈਮ ਕਰੇ ਬੇਗਾਨੇ,
ਲੈਗੇ ਮੁਰਗੀ, ਖਾਂਦੇ ਅੰਡੇ।
ਨੌਕਰੀਆਂ ‘ਤੇ ਹੱਕ ਰਹੇ ਨਾ,
ਕਹਿ ਨਸ਼ੇੜੀ ਹਰ ਕੋਈ ਭੰਡੇ।
ਚੰਡੀਗੜ੍ਹ ਦਾ ਮੁੱਦਾ ਪੈ ਗਿਆ,
ਦਹਾਕਿਆਂ ਪਿੱਛੋਂ ਬਸਤੇ ਠੰਡੇ।
ਯੂਨੀਵਰਸਿਟੀ ਵੀ ਲੈ ਜਾਣਗੇ,
ਚੁੱਕੇ ਨਾ ਜੇ ‘ਸੇਖੋਂ’ ਖੰਡੇ।

-ਮਨਦੀਪ ਸਿੰਘ ਸੇਖੋਂ (ਪਮਾਲ)
