ਆਪਣੇ ਚਿਹਰੇ ਤੇ ਰੋਣ ਵਰਗਾ ਭਾਵ ਲਿਆ ਕੇ ਬੱਚਾ ਸੌਂ ਤਾਂ ਗਿਆ ਸੀ, ਪਰ ਉਹਦੀ ਗ਼ਮਗੀਨ ਮੁੱਦਰਾ ਮੇਰੀਆਂ ਅੱਖਾਂ ਵਿੱਚ ਅਜੇ ਵੀ ਚਮਕ ਰਹੀ ਸੀ। ਰਾਤ ਦੀ ਖਾਮੋਸ਼ੀ ਵਿੱਚ ਮੈਂ ਆਪਣਾ ਧਿਆਨ ਵਰਗ ਪਹੇਲੀ ਦਾ ਹੱਲ ਲੱਭਣ ਵਿੱਚ ਲਾਉਣਾ ਸ਼ੁਰੂ ਕੀਤਾ, ਪਰ ਧਿਆਨ ਵਾਰ ਵਾਰ ਉਖੜ ਜਾਂਦਾ ਸੀ। ਬੱਚੇ ਦਾ ਹੰਝੂਆਂ ਨਾਲ ਭਰਿਆ ਚਿਹਰਾ ਮੁੜ-ਮੁੜ ਅੱਖਾਂ ਮੂਹਰੇ ਨੱਚਣ ਲੱਗਦਾ। ਨਵੀਂ ਜਮਾਤ ਵਿੱਚ ਜਾਣ ਦੇ ਉਤਸ਼ਾਹ ਵਿੱਚ ਬੱਚਾ ਜ਼ਿਦ ਕਰ ਰਿਹਾ ਸੀ ਕਿ ਉਹਦੀਆਂ ਸਾਰੀਆਂ ਕਾਪੀਆਂ ਤੇ ਕਵਰ ਅੱਜ ਹੀ ਚੜ੍ਹਾ ਦਿੱਤੇ ਜਾਣ, ਜਦਕਿ ਮੇਰੇ ਵਿਚਾਰ ਵਿੱਚ ਅਗਲੇ ਦਿਨ ਜਮਾਤ ਦਾ ਪਹਿਲਾ ਦਿਨ ਹੋਣ ਕਰਕੇ ਕਾਪੀਆਂ ਲਿਜਾਣ ਦੀ ਲੋੜ ਹੀ ਨਹੀਂ ਸੀ।
ਮੈਨੂੰ ਤਾਂ ਵਰਗ ਪਹੇਲੀ ਦੇ ਦੋ-ਚਾਰ ਬਾਕੀ ਰਹਿੰਦੇ ਹੱਲ ਲੱਭਣਾ ਜ਼ਿਆਦਾ ਜ਼ਰੂਰੀ ਲੱਗ ਰਿਹਾ ਸੀ, ਕਿਉਂਕਿ ਅਗਲੀ ਸਵੇਰ ਦੀ ਡਾਕ ਦੁਆਰਾ ਭੇਜਣ ਤੇ ਹੀ ਇਹ ਵਰਗ ਪਹੇਲੀ ਆਖਰੀ ਤਰੀਕ ਤੱਕ ਪਹੁੰਚ ਸਕਦੀ ਸੀ। ਅਚਾਨਕ ਦਿਮਾਗ ਵਿੱਚ ਆਇਆ ਕਿ ਪਹੇਲੀ ਦੇ ਸਾਰੇ ਹੱਲ ਸਹੀ-ਸਹੀ ਲੱਭ ਲੈਣ ਤੇ ਵੀ ਜ਼ਰੂਰੀ ਨਹੀਂ ਕਿ ਮੇਰਾ ਹੀ ਇਨਾਮ ਨਿਕਲੇ, ਕਿਉਂਕਿ ਇਨਾਮ ਤਾਂ ਦਸ ਜਣਿਆਂ ਨੂੰ ਲਾਟਰੀ ਰਾਹੀਂ ਨਿਕਲੇਗਾ, ਪਰ ਬੱਚੇ ਦੀਆਂ ਕਾਪੀਆਂ ਦੇ ਕਵਰ ਚੜ੍ਹਾ ਦੇਣ ਨਾਲ ਉਹ ਖੁਸ਼ੀ ਨਾਲ ਚਹਿਕ ਉਠੇਗਾ- ਇਸ ਵਿੱਚ ਕੋਈ ਸ਼ੱਕ ਨਹੀਂ।
ਇਹ ਸੋਚਦੇ ਹੀ ਮੈਂ ਵਰਗ ਪਹੇਲੀ ਵਾਲੇ ਅਖ਼ਬਾਰ ਦਾ ਪੰਨਾ ਇੱਕ ਪਾਸੇ ਰੱਖਿਆ ਅਤੇ ਬੱਚੇ ਦੀਆਂ ਕਾਪੀਆਂ ਦੇ ਕਵਰ ਚੜ੍ਹਾਉਣ ਲੱਗ ਪਿਆ।

# ਮੂਲ : ਹਰੀਸ਼ ਕੁਮਾਰ ‘ਅਮਿਤ’, ਗੁਰੂਗ੍ਰਾਮ-122011 (ਹਰਿਆਣਾ) 9899221107
# ਅਨੁ : ਪ੍ਰੋ. ਨਵ ਸੰਗੀਤ ਸਿੰਘ, ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ) 9417692015.