ਸੰਸਾਰ ਵਿਚ ਅਨੇਕਾਂ ਹੀ ਤਿਉਹਾਰ ਮਨਾਏ ਜਾਂਦੇ ਹਨ। ਇਹ ਦਿਨ ਤਿਉਹਰ ਨਾ ਹੋਵਣ ਤਾਂ ਮਨੁੱਖ ਦੀ ਜ਼ਿੰਦਗੀ ਨੀਰਸ-ਉਦਾਸ ਭਰੀ ਹੋ ਜਾਏ। ਇਨ੍ਹਾਂ ਤਿਉਹਾਰ ਨਾਲ ਮਨੁੱਖ ਆਪਣੀਆਂ ਖੁਸ਼ੀਆਂ, ਪ੍ਰਾਪਤੀਆਂ ਸਾਂਝੀਆਂ ਕਰਦਾ ਹੋਇਆ ਅਪਣੀ ਮੰਜ਼ਿਲ ਵਲ ਵਧਦਾ ਹੈ। ਦੁਨੀਆ ਦੇ ਹਰ ਜਾਤ-ਮਜ਼ਹਬ, ਕੌਮ ਅਤੇ ਧਰਮ ਵਿਚ ਵੱਖ-ਵੱਖ ਤਿਉਹਾਰ ਰੀਝਾਂ-ਸਧਰਾਂ ਚਾਵਾਂ ਨਾਲ ਮਨਾਏ ਜਾਂਦੇ ਹਨ। ਤਿਉਹਾਰ ਮਨਾਉਣ ਪਿੱਛੇ ਧਾਰਮਿਕ, ਰਾਜਨੀਤਕ, ਇਤਿਹਾਸਕ, ਸਮਾਜਿਕ, ਆਰਥਿਕ, ਖ਼ੂਬਸੂਰਤ ਆਦਾਨ-ਪ੍ਰਦਾਨ, ਮੌਸਮਾਂ, ਰੁੱਤਾਂ ਅਤੇ ਪਿਛੋਕੜ ਵਿਚਲੇ ਸਭਿਆਚਾਰ ਦਾ ਗਹਿਰਾ ਸੰਬੰਧ ਹੁੰਦਾ ਹੈ।
ਭਾਰਤ ਦੇ ਪ੍ਰਮੁੱਖ ਤਿਉਹਾਰਾਂ ਚੋਂ ਆਉਂਦਾ ਹੈ ਖੁਸ਼ੀ ਦੀ ਆਮਦ ਦਾ ਪਵਿੱਤਰ ਤਿਉਾਰ ਦੀਵਾਲੀ। ਇਹ ਤਿਉਹਾਰ ਕੱਤਰ ਮਹੀਨੇ ਦੀ ਮੱਸਿਆ ਨੂੰ ਮਨਾਇਆ ਜਾਂਦਾ ਹੈ। ਦੀਵਾਲੀ ਦੇ ਦਿਨਾਂ ਨੂੰ ਮੌਸਮ ਦਾ ਵੱਡਾ ਪਰਿਵਰਤਨ ਹੁੰਦਾ ਹੈ। ਫ਼ਸਲਾਂ ਪੱਕ ਕੇ ਤਿਆਰ ਹੋ ਜਾਂਦੀਆਂ ਹਨ। ਹਰਿਆਵਲ ਅਪਣੀ ਸੁੰਦਰਤਾ ਨੂੰ ਧਰਤੀ ਉਪਰ ਬਿਖੇਰਦੀ ਹੈ। ਨਿੱਕੀ-ਨਿੱਕੀ ਠੰਡੇ ਦੀ ਆਮਦ ਇਕ ਸੁਖਦ ਮਾਹੌਲ ਪੈਦਾ ਕਰਦੀ ਹੈ। ਸਰਦੀ ਦੀ ਰੁੱਤ ਅਪਣਾ ਬਿਗਲ ਵਜਾ ਦਿੰਦੀ ਹੈ। ਕੀਟ-ਪਤੰਗੇ ਅਤੇ ਤੱਤੇ ਮੌਸਮ ਦੀ ਸਮਾਪਤੀ ਹੋ ਜਾਂਦੀ ਹੈ। ਫਬੀਲੇ ਮੌਸਮ ਦਾ ਸੰਗਲਾਚਰਣ ਆਨੰਦਮਈ ਕਿਰਿਆਵਾਂ ਦੇ ਦਰਵਾਜੇ ਖੋਲ੍ਹ ਦਿੰਦਾ ਹੈ।
ਇਤਿਹਾਸਕ ਅਤੇ ਧਰਮ ਮਰਿਆਦਾ ਪੱਖੋਂ ਅਨੇਕਾਂ ਕਾਰਣਾ ਕਰਕੇ ਦੀਵਾਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਤਰੱਕੀ, ਸ਼ਹਿਰਾਂ ਦਾ ਵਸਾਉਣਾ, ਸੰਗਤਾਂ ਦਾ ਜੁੜਣਾ, ਮੀਰੀ ਪੀਰੀ ਦਾ ਸਿਧਾਂਤ ਅਪਣਾਉਣਾ, ਅਤੇ ਸਭ ਧਰਮਾਂ ਵਿਚ ਸਨਮਾਨ ਵਧਦਾ ਵੇਖ ਕੇ ਜਹਾਂਗੀਰ ਅੰਦਰੋਂ-ਅੰਦਰੀ ਡਰ ਗਿਆ। ਮੁਰਤਜਾ ਖ਼ਾਨ ਉਦੋਂ ਲਾਹੌਰ ਦਾ ਗਵਰਨਰ ਸੀ। ਉਸ ਨੇ ਜਹਾਂਗੀਰ ਅੱਗੇ ਮਨਘੜਤ ਅਤੇ ਝੂਠੀਆਂ ਗੱਲਾਂ ਦਸ ਕੇ ਗੁਰੂ ਸਾਹਿਬ ਦੀ ਗ੍ਰਿਫਤਾਰੀ ਦੇ ਹੁਕਮ ਕਰਵਾ ਦਿੱਤੇ। ਗੁਰੂ ਜੀ ਨੂੰ ਗਵਾਲੀਅਰ ਦੇ ਕਿਲ੍ਹੇ ਵਿਚ ਕੈਦ ਕਰ ਦਿੱਤਾ ਗਿਆ। ਜਦ ਗੁਰੂ ਜੀ ਕਿਲ੍ਹੇ ਵਿਚ ਪਹੁੰਚੇ ਤਾਂ ਉਥੇ 52 ਰਾਜੇ ਵੀ ਕੈਦ ਸਨ। ਗੁਰੂ ਜੀ ਕਿਲ੍ਹੇ ਵਿਚ ਹੀ ਦੀਵਾਨ ਸਜਾਉਣ ਲੱਗੇ। ਸਾਂਈ ਮੀਆਂ ਮੀਰ ਨੇ ਵੀ ਜਹਾਂਗੀਰ ਦੇ ਗਲਤ ਫੈਸਲੇ ਦੀ ਨਿੰਦਾ ਕੀਤੀ। ਗੁਰੂ ਸਾਹਿਬ ਜਦ ਇਹ ਕਿਲ੍ਹਾ ਛੱਡਣ ਲੱਗੇ ਤਾਂ ਉਨ੍ਹਾਂ ਨੇ 52 ਰਾਜਿਆਂ ਨੂੰ ਵੀ ਨਾਲ ਹੀ ਰਿਹਾਅ ਕਰਵਾਇਆ। ਇਸੇ ਕਰਕੇ ਹੀ ਸ੍ਰੀ ਹਰਗੋਬਿੰਦ ਸਾਹਿਬ ਜੀ ਨੂੰ ਬੰਦੀ ਛੋੜ ਪਾਤਿਸ਼ਾਹ ਆਖਿਆ ਜਾਂਦਾ ਹੈ। ਜਦੋਂ ਗੁਰੂ ਸਾਹਿਬ ਅਮ੍ਰਿਤਸਰ ਦੀ ਪਵਿੱਤਰ ਧਰਤੀ ਉਤੇ ਪਹੁੰਚੇ ਤਾਂ ਸੰਗਤਾਂ ਨੇ ਉਨ੍ਹਾਂ ਦੀ ਮੰਗਲਮਈ ਅਭਿਨੰਦਨ ਵਿਚ ਦੀਵੇ ਬਾਲ ਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੀਵਾਲੀ ਦਾ ਤਿਉਹਾਰ ਬੜੀ ਸ਼ਰਧਾ ਪੂਰਵਕ ਅਤੇ ਧੂਮ ਧਾਮ ਨਾਲ ਮਨਾਇਆ। ਦੀਪ ਮਾਲਾ ਕੀਤੀ ਗਈ, ਤਰ੍ਹਾਂ ਤਰ੍ਹਾਂ ਦੇ ਮਿਸ਼ਠਾਣ ਵੰਡੇ ਗਏ, ਆਤਿਸ਼ਬਾਜ਼ੀ ਅਸਮਾਨ ਵਿਚ ਰੰਗ ਬਿਖੇਰਨ ਲੱਗੀ, ਰੌਸ਼ਨੀ ਦੀ ਜਗ-ਮਗ ਜਗ ਮਗ ਆਮਦ ਕਰਕੇ ਹਰ ਸ਼ੈਅ ਦੀ ਦੀਵਾਲੀ ਵਿਚ ਰੰਗੀ ਗਈ ਜੋ ਜਿੱਤ ਅਤੇ ਖੁਸ਼ੀ ਦਾ ਤਿਉਹਾਰ ਬਣਿਟਾ ਹੈ ਦੀਵਾਲੀ ਦੀ ਇਹ ਇਤਿਹਾਸਿਕ ਪ੍ਰੰਪਰਾ ਉਦੋਂ ਤੋਂ ਲੈ ਕੇ ਹੁਣ ਤੱਕ ਚਲਦੀ ਆ ਰਹੀ ਹੈ ਅਤੇ ਰਹਿੰਦੀ ਦੁਨੀਆਂ ਤੱਕ ਚਲਦੀ ਰਵੇਗੀ। ਇਤਿਹਾਸ ਵਿਚ ਇਹ ਦਿਨ ਧਰੂ ਤਾਰੇ ਦੀ ਤਰ੍ਹਾਂ ਚਮਕਦਾ ਰਹਿਣਾ ਹੈ। ਇਸੇ ਕਰਕੇ ਸ੍ਰੀ ਦਰਬਾਰ ਸਾਹਿਬ ਅਮ੍ਰਿਤਸਰ ਦੀ ਦੀਵਾਲੀ ਦੁਨੀਆਂ ਭਰ ’ਚ ਪ੍ਰਸਿੱਧ ਹੈ। ਦੇਸ਼-ਵਿਦੇਸ਼ ਤੋਂ ਸ਼ਰਧਾਲੂ ਸੱਚਖੰਡ ਸ੍ਰੀ ਹਰਿਮੰਦਿਰ ਸਾਹਿਬ ਵਿਖੇ ਆਉਂਦੇ ਹਨ। ਸਭ ਧਰਮਾਂ ਦੇ ਲੋਕ ਮਿਲਕੇ ਇਹ ਤਿਉਹਾਰ ਮਨਾਉਂਦੇ ਹਨ। ਦੀਵਾਲੀ ਵਾਲੇ ਦਿਨ ਸ੍ਰੀ ਹਰਿਮੰਦਿਰ ਸਾਹਿਬ ਵਿਖੇ ਦੀਵੇ-ਮੋਮਬਤੀਆਂ, ਦੀਵਿਆਂ ਵਾਂਗ ਜਗਦੇ ਲੋਕਾਂ ਦਾ ਭਾਰੀ ਇਕੱਠ, ਸੋਨ-ਸੁਨਹਿਰੀ ਸ੍ਰੀ ਹਰਿਮੰਦਿਰ ਸਾਹਿਬ ਤੇ ਕੀਤੀ ਦੀਪਮਾਲਾ ਇਕ ਅਧਿਆਤਮਿਕ ਦਿਲਕਸ਼, ਰੂਹਾਨੀ, ਅਲੌਕਿਕ ਅਤੇ ਸਕੂਨ ਭਰਿਆ ਮਾਹੌਲ ਪੈਦਾ ਕਰਦੀ ਹੈ। ਸ੍ਰੀ ਹਰਿਮੰਦਿਰ ਸਾਹਿਬ ਵਿਖੇ ਰੂਹਾਨੀ ਕੀਰਤਨ ਸੰਗਤਾਂ ਨੂੰ ਕਿਸੇ ਜੰਨਤ ਨਾਲ ਜੋੜ ਦਿੰਦਾ ਹੈ। ਸ਼ਾਂਤੀ ਸਕੂਨ ਵਿਚ ਸਾਰਾ ਮਾਹੌਲ ਅਧਿਆਤਮਕ ਅਤੇ ਗੁਰੂਆਂ ਦੀ ਬਾਣੀ ਨਾਲ ਓਤ ਪ੍ਰੋਤ ਹੋ ਜਾਂਦਾ ਹੈ। ਤਾਰਿਆਂ ਦੇ ਸਮੂਹ ਵਾਂਗ ਸੰਗਤਾਂ ਦਾ ਇਕੱਠ ਇਤਿਹਾਸ ਨੂੰ ਉਜ਼ਾਗਰ ਕਰ ਦਿੰਦਾ ਹੈ। ਇਸੇ ਦਿਨ ਹੀ ਜਦੋਂ ਸ੍ਰੀ ਰਾਮ ਚੰਦਰ ਜੀ ਲੰਕਾ ਤੋਂ ਵਾਪਿਸ ਆਏ ਤਾਂ ਇਸੇ ਮੱਸਿਆ ਨੂੰ ਉਨ੍ਹਾਂ ਦਾ ਰਾਜਤਿਲਕ ਕੀਤਾ ਗਿਆ ਸੀ। ਇਸੇ ਦਿਨ ਹੀ ਭਗਵਾਨ ਨੇ ਰਾਜਾ ਬਲੀ ਨੂੰ ਪਾਤਾਲ ਲੋਕ ਦਾ ਇੰਦਰ ਬਣਾਇਆ ਸੀ। ਤਦ ਇੰਦਰ ਨੇ ਬੜੀ ਪ੍ਰਸੰਨਤਾ ਪੂਰਵਕ ਦੀਵਾਲੀ ਮਨਾਈ ਕਿ ਮੇਰਾ ਸਵਰਗ ਦਾ ਸ਼ਿੰਘਾਸ਼ਨ ਬਚ ਗਿਆ।
ਇਸੇ ਦਿਨ ਹੀ ਸੁਮੰਦਰ ਮੰਥਨ ਦੇ ਸਮੇਂ ਕਸ਼ੀਰ ਸਾਗਰ ’ਚੋਂ ਲਕਸ਼ਮੀ ਪ੍ਰਗਟ ਹੋਈ ਸੀ ਅਤੇ ਭਗਵਾਨ ਨੂੰ ਅਪਣਾ ਪਤੀ ਸਵੀਕਾਰ ਕੀਤਾ।
ਇਸ ਦਿਨ ਹੀ ਰਾਜਾ ਵਿਕਰਮ ਦਿਤਿਆ ਨੇ ਅਪਣੇਂ ਸਵਤ ਦੀ ਰਚਨਾ ਕੀਤੀ ਸੀ। ਉਚ ਕੋਟੀ ਦੇ ਵਿਦਵਾਨਾਂ ਨੂੰ ਬੁਲਾ ਕੇ ਮੂਹਰਤ ਕੱਢਿਆ ਸੀ ਕਿ ਨਵਾਂ ਸਵਤ ਚੇਤਰ ਸੁਦੀ ਚਲਾਇਆ ਜਾਏ।
ਇਸੇ ਦਿਨ ਹੀ ਆਰਿਆ ਸਮਾਜ ਦੇ ਸੰਸਥਾਪਕ ਮਹਾਂਰਿਸ਼ੀ ਦਿਆ ਨੰਦ ਦਾ ਨਿਰਵਾਣ ਹੋਇਆ ਸੀ।
ਇਸੇ ਦਿਨ ਭਗਵਤੀ ਮਹਾਂ ਲਕਸ਼ਮੀ ਦਾ ਤਿਉਹਾਰ ਵੀ ਮਨਾਇਆ ਜਾਂਦਾ ਹੈ। ਇਸ ਦਿਨ ਲਕਸ਼ਮੀ ਪੂਜਣ, ਗਣੇਸ਼ ਪੂਜਨ, ਵਿਸ਼ਣੂ ਭਗਵਾਨ, ਇੰਦਰਦੇਵ, ਸਰਸਵਤੀ ਆਦਿ ਦੇਵੀ-ਦੇਵਤਿਆਂ ਦੀ ਵੀ ਪੂਜਾ ਕੀਤੀ ਜਾਂਦੀ ਹੈ। ਮੰਦਿਰਾਂ ਵਿਚ, ਧਾਰਮਿਕ ਸਥਾਨਾਂ ਵਿਚ ਦੀਪ ਮਾਲਾ ਅਤੇ ਪੂਜਣ ਹੁੰਦੇ ਹਨ। ਇਸ ਦਿਨ ਪੂਜਾ ਦਾ ਬਹੁਤ ਮਹੱਤਵ ਮੰਨਿਆ ਜਾਂਦਾ ਹੈ। ਦੋ ਥਾਲਾਂ ਵਿਚ ਦੀਪਕ ਰੱਖੇ ਜਾਂਦੇ ਹਨ ਤੇ ਚਹੁੰ ਮੁਖੀ ਦੀਵੇ ਥਾਲਾਂ ਵਿਚ ਸਜਾਏ ਜਾਂਦੇ ਹਨ। ਲਗਭਗ ਛੱਬੀ ਛੋਟੇ ਦੀਵੇ ਤੇਲ ਬੱਤੀ ਜਲਾ ਕੇ ਰੱਖੇ ਜਾਂਦੇ ਹਨ ਫਿਰ ਜਲ, ਰੌਲੀ, ਖੀਲ, ਪਤਾਸੇ, ਚੌਲ, ਫੁੱਲ, ਫੱਲ, ਗੁੜ, ਅਬੀਰ, ਗੁਲਾਲ, ਧੂਫ ਆਦਿ ਨਾਲ ਓਨਾਂ ਦੀ ਪੂਜਾ ਕੀਤੀ ਜਾਂਦੀ ਸ਼ੁਭ ਜਾਂਦੀ ਹੈ। ਫਿਰ ਟਿੱਕਾ ਲਗਾ ਕੇ ਵਿਉਪਾਰ ਜਾਂ ਘਰ ਵਿਚ ਗਣੇਸ਼ ਅਤੇ ਲਕਸ਼ਮੀ ਦੀ ਪ੍ਰਤਿਮਾ ਰੱਖ ਕੇ ਪੂਜਾ ਕੀਤੀ ਜਾਂਦੀ ਹੈ। ਸਾਰਾ ਪਰਿਵਾਰ ਪੂਜਾ ਵਿਚ ਸ਼ਾਮਿਲ ਹੁੰਦਾ ਹੈ। ਇਹ ਪੂਜਾ ਮੰਦਿਰਾਂ ਵਿਚ ਵੀ ਹੁੰਦੀ ਹੈ। ਇਸ ਪੂਜਾ ਵਿਧੀ ਨਾਲ ਸਭ ਤਰ੍ਹਾਂ ਦਾ ਦਰਿਦਰ ਦੂਰ ਹੁੰਦਾ ਹੈ। ਸ਼ਾਂਤੀ ਅਤੇ ਸ਼ਕਤੀ ਉਤਪਨ ਹੁੰਦੀ ਹੈ। ਇਕ ਨਵ ਪਰੀਵਰਤਨ ਨਾਲ ਜ਼ਿੰਦਗੀ ਸੁਖਮਲੀ ਹੁੰਦੀ ਹੈ।
ਇਸ ਦਿਨ ਧਾਰਮਿਕ ਸਥਾਨਾਂ ਦੀ ਦੀਪਮਾਲਾ, ਧਾਰਮਿਕ ਸਥਾਨਾਂ ਦੇ ਅੰਦਰ ਦੇਸੀ ਘਿਉ ਦੇ ਬਲਦੇ ਲਟ-ਲਟ ਦੀਵੇ, ਸਾਜ-ਸੱਚਾ, ਤਰ੍ਹਾਂ-ਤਰ੍ਹਾਂ ਦੀ ਖ਼ੁਸ਼ਬੂ, ਸ਼ਰਧਾਲੂ ਦੀ ਅਥਾਹ ਭੀੜ, ਕੀਰਤਨ ਅਤੇ ਬਾਣੀਆਂ ਦਾ ਜਾਪ, ਨਗਰ ਕੀਰਤਨ, ਅਤੇ ਧਾਰਮਿਕ ਹਿੰਦੂ ਰਹੁ ਰੀਤੀ ਮੁਤਾਬਿਕ ਭਗਵਾਨ ਮੂਰਤੀਆਂ ਦੀ ਸਾਜ ਸਜਾ ਵਿਚ ਝਾਕੀਆਂ ਦੇ ਸੁੰਦਰ ਦ੍ਰਿਸ਼, ਕਲਾ ਵਾਚਕਾਂ ਦੇ ਇਲਾਹੀ ਪ੍ਰਵਚਨ, ਬਾਜ਼ਾਰ ਵਿਚ ਸੱਜੀਆਂ ਮਿਠਾਈਆਂ ਦੀਆਂ ਦੁਕਾਨਾਂ, ਸਾਰਾ ਮਾਹੌਲ ਆਪਣੇ ਆਪ ਵਿਚ ਦੀਵਾਲੀਮਈ ਹੋ ਜਾਂਦਾ ਹੈ। ਬਾਜ਼ਾਰਾਂ ਵਿਚ ਗੁਰੂਆਂ, ਪੀਰ੍ਹਾਂ, ਪੈਗੰਬਰਾਂ, ਭਗਵਾਨਾਂ, ਰਿਸ਼ੀਆਂ ਮੁਨੀਆਂ ਦੀਆਂ ਤਸਵੀਰਾਂ, ਸਟੈਚੂ ਆਦਿ ਧੜਾ ਧੜ ਵਿਕਦੇ ਹਨ।
ਸ਼ਾਮ ਨੂੰ ਘਰ ਘਰ ਵਿਚ ਪਟਾਕਿਆਂ, ਫੁਲਚੜੀਆਂ ਆਤਿਸ਼ਬਾਜੀਆਂ ਦੀ ਗੂੰਜ ਦੀਵਾਲੀ ਦੇ ਇਤਿਹਾਸ ਨੂੰ ਚਾਰ ਚੰਨ ਲਗਾ ਦਿੰਦੀ ਹੈ। ਘਰ ਵਿਚ ਦੂਰੋਂ-ਦੂਰੋਂ ਗਏ ਵੀਰ-ਭੈਣ, ਜਵਾਈ-ਭਾਈ ਸਭ ਇਸ ਦਿਨ ਖੁਸ਼ੀ ਖੁਸ਼ੀ ਇਕੱਠੇ ਹੁੰਦੇ ਹਨ। ਧੀਆਂ-ਨੂੰਹਾਂ ਸੱਜ ਧੱਜ ਕੇ ਦੀਵਾਲੀ ਦਾ ਸ਼ਿੰਗਾਰ ਬਣਦੀਆਂ ਹਨ। ਧੀਆਂ-ਨੂੰਹਾਂ ਹੀ ਇਸ ਪਵਿੱਤਰ ਤਿਉਹਾਰ ਦੀ ਆਮਦ ਦਾ ਵਿਮੋਚਨ ਕਰਦੀਆਂ ਹਨ। ਜਿਸ ਨਾਲ ਦੀਵਾਲੀ ਦਾ ਪਵਿੱਤਰ ਤਿਉਹਾਰ ਸਾਰਥਿਕ ਅਤੇ ਆਨੰਦਮਈ ਹੋ ਨਿਬੜਦਾ ਹੈ।
ਬਲਵਿੰਦਰ ਬਾਲਮ ਗੁਰਦਾਸਪੁਰ
ਉਂਕਾਰ ਨਗਰ ਗੁਰਦਾਸਪੁਰ
ਮੋ. 98156-25409