ਛੁੱਟੀਆਂ ਪਿੱਛੋਂ ਖੁੱਲ੍ਹੇ ਸਕੂਲ।
ਬੇੈਗਾਂ ਤੋਂ ਫਿਰ ਝਾੜੀਏ ਧੂਲ।
ਮਾਸਿਕ ਪੇਪਰ ਨੇੜੇ ਆਏ
ਹੁਣ ਨਾ ਗੱਲਾਂ ਕਰੋ ਫ਼ਜ਼ੂਲ।
ਹੋਮ ਵਰਕ ਸਭ ਕਰੀਏ ਪੂਰਾ
ਨਹੀਂ ਤਾਂ ਖਾਣੇ ਪੈਂਦੇ ਰੂਲ।
ਟੀਚਰ ਝਿੜਕੇ ਜਾਂ ਸਨਮਾਨੇ
ਖਿੜੇ ਮੱਥੇ ਸਭ ਕਰੋ ਕਬੂਲ।
ਨਾਲ ਸਾਥੀਆਂ ਕਦੇ ਨਾ ਲੜੀਏ
ਹਰਦਮ ਹਰ ਪਲ ਰਹੀਏ ਕੂਲ।
ਹਰ ਕੰਮ ਨੂੰ ਵੇਲੇ ਸਿਰ ਕਰੀਏ
ਕਦੇ ਨਾ ਪੈਂਦੀ ਦਿਲ ਨੂੰ ਹੂਲ।
ਚੋਟ ਕਿਸੇ ਦੇ ਮਨ ਨੂੰ ਲੱਗੇ
ਐਸਾ ਕੰਮ ਨਾ ਕਰੀਏ ਮੂਲ।
ਖ਼ੁਦ ਖਿੜੀਏ ਤੇ ਵੰਡੀਏ ਖੇੜਾ
ਜਿੱਦਾਂ ਖਿੜਦਾ ਹੈ ਬਨਫ਼ੂਲ।
ਫੁੱਲਾਂ ਵਾਂਗਰ ਮਹਿਕਾਂ ਵੰਡੀਏ
ਜ਼ਿੰਦਗੀ ਵਿਚ ਨਾ ਬਣੀਏ ਸੂਲ।
ਬੋਲੋ, ਸੁਣੋ ਸਦਾ ਗੁਣਕਾਰੀ
ਕੰਮ ਨਾ ਕਰੀਏ ਊਲ-ਜਲੂਲ।
ਸਹਿਜ-ਸ਼ਾਂਤੀ ਵਿੱਚ ਰਹਿਣਾ ਸਿੱਖੋ
ਕਦੇ ਨਾ ਬਣੀਏ ਵਾਂਗ ਬਬੂਲ।
ਵਿੱਚ ਠਰੰਮੇ ਰਹੋ ਹਮੇਸ਼ਾ
ਹਰ ਗੱਲ ਨੂੰ ਨਾ ਦੇਵੋ ਤੂਲ।
ਹਰਦਮ ਯਾਦ ਪ੍ਰਭੂ ਨੂੰ ਰੱਖੀਏ
ਜੀਵਨ ਦੀ ਨਾ ਹਿੱਲੇ ਚੂਲ।
ਪ੍ਰੋ. ਨਵ ਸੰਗੀਤ ਸਿੰਘ
1, ਲਤਾ ਗਰੀਨ ਐਨਕਲੇਵ, ਪਟਿਆਲਾ-147002.
9417692015