ਜਦੋਂ ਚੌਂਕਾਂ ਚ ਤੁਹਾਡੇ ਲੰਘ ਜਾਣ ਪਿੱਛੋਂ ਇਹ ਗੱਲਾਂ ਹੋਣ ਲੱਗ ਜਾਣ ਕਿ ਦੇਖ “ਕਿਵੇਂ ਤੁਰਿਆ ਫਿਰਦਾ” ਅਤੇ ਹੋਰ ਕਈ ਤਰ੍ਹਾਂ ਦੀਆਂ ਗੱਲਾਂ ਜੋ ਤੁਹਾਡੀ ਗੈਰ ਮੌਜੂਦਗੀ ਚ ਹੋਣ ਤਾਂ ਇਹ ਗੱਲਾਂ ਉਹਨਾਂ ਗੱਲਾਂ ਦੇ ਸਬੂਤ ਹਨ ਕਿ ਤੁਸੀਂ ਕੁਝ ਕਰ ਰਹੇ ਹੋ ਪਰ ਨਿਸ਼ਚਾ ਤੁਹਾਡਾ ਹੈ ਕਿ ਜੋ ਕਰ ਰਹੇ ਹੋ ਉਹ ਸਹੀ ਹੈ ਜਾਂ ਗਲਤ। ਹਰੇਕ ਸੱਥ ਚ ਅਤੇ ਹਰੇਕ ਚੌਂਕ ਚ ਤੁਹਾਡੇ ਆਲੇ ਦੁਆਲੇ ਸੀ.ਸੀ. ਟੀ.ਵੀ ਲੱਗੇ ਹੁੰਦੇ ਹਨ ਜੋ ਤੁਹਾਡੇ ਪਲ ਪਲ ਦੀ ਰਿਪੋਰਟ ਰੱਖਦੇ ਹਨ ਇਥੋਂ ਤੱਕ ਹੀ ਨਹੀਂ ਇਹ ਸੀ.ਸੀ.ਟੀ.ਵੀ ਬੋਲਦੇ ਵੀ ਹਨ ਅਤੇ ਆਲੋਚਨਾ ਵੀ ਕਰਦੇ ਹਨ ਜਿਵੇਂ “ਉਹ ਦੇਖ ਕਿਵੇਂ ਪਾਟੇ ਕੱਪੜੇ ਪਾਈ ਫਿਰਦਾ, ਪੱਕਾ ਚਿੱਪੜ ਐ” “ਦੇਖ ਕਿਵੇਂ ਮਹਿੰਗੇ ਲੀੜੇ ਪਾਏ ਐ ਪੱਕਾ ਦੋ ਨੰਬਰ ਦਾ ਧੰਦਾ ਏ”। ਹਰ ਤਰ੍ਹਾਂ ਦੀ ਆਲੋਚਨਾ ਚਾਹੇ ਅਮੀਰ ਵਾਸਤੇ, ਚਾਹੇ ਗਰੀਬ ਵਾਸਤੇ ਜਾ ਮਾਤੜ ਵਾਸਤੇ ਸਾਨੂੰ ਸੁਣਨ ਨੂੰ ਮਿਲਦੀ ਹੈ। ਚੌਂਕਾਂ ਚ ਹੇੜਾਂ ਬੰਨੀ ਖੜੇ ਲੋਕ ਸਿਰਫ ਆਪਣਾ ਪੈਮਾਨਾ ਦੱਸਦੇ ਹਨ ਠੀਕ ਉਵੇਂ ਹੀ ਕਿ ਜਿਵੇਂ – “ਖੂਹ ਦਾ ਡੱਡੂ ਖੂਹ ਜਿੰਨੀ ਹੀ ਛਾਲ ਮਾਰ ਸਕਦਾ ਏ”, “ਕਿਸੇ ਬੰਦ ਪਈ ਕਿਤਾਬ ਨੂੰ ਉਹਦੀ ਜਿਲਦ ਤੋਂ ਅੰਦਾਜ਼ਾ ਨਹੀਂ ਲਗਾਉਣਾ ਚਾਹੀਦਾ ਕਿ ਇਸ ਕਿਤਾਬ ਅੰਦਰ ਕੀ ਹੈ। ਠੀਕ ਉਸੇ ਤਰ੍ਹਾਂ ਕਿਸੇ ਦੇ ਰੰਗ ਬੰਨ ਤੋਂ ਜਾਂ ਸ਼ਕਲ ਸੂਰਤ ਤੋਂ ਇਹ ਜਾਣ ਲੈਣਾ ਕਿ ਇਹਨੂੰ ਕੀ ਪਤਾ ਹੋਊ ? ਸਭ ਤੋਂ ਵੱਡੀ ਨਾ ਸਮਝੀ ਅਤੇ ਅਨਪੜਤਾ ਹੈ। ਜਦੋਂ ਮਹਾਤੜ ਬੰਦਾ ਮਿਹਨਤ ਦੇ ਜ਼ੋਰ ਤੋਂ ਕੁਝ ਕਰਕੇ ਅੱਗੇ ਆਉਂਦਾ ਹੈ ਤਾਂ ਸੰਸਾਰ ਇਹ ਕਹਿੰਦਾ ਹੈ ਕਿ ਇਹ ਬੰਦਾ ਹੰਕਾਰ ਦੀ ਬੁੱਕਲ ਚ ਹੈ । ਪਰ ਇਹ ਹੋਣਾ ਸੁਭਾਵਿਕ ਹੀ ਹੁੰਦਾ ਹੈ ਜਦੋਂ ਗਰੀਬ ਦੀ ਚੀਕ ਨਿਕਲਦੀ ਹੈ ਤਾਂ ਅੰਬਰਾਂ ਦੇ ਵੀ ਅੰਬਾਰ ਲੱਗ ਜਾਂਦੇ ਹਨ। ਖੈਰ ਸਾਰੀਆਂ ਗੱਲਾਂ ਸਮੇਟਣ ਤੋਂ ਬਾਅਦ – “ਜਿੰਨਾ ਤੁਸੀਂ ਸੋਚ ਸਕਦੇ ਹੋ ਸੋਚੋ ਪਰ ਆਪਣੀ ਸੋਚ ਨੂੰ ਦੂਸਰੇ ਉੱਤੇ ਨਾ ਥੋਪੋ। ਕਿਸੇ ਨੂੰ ਉਹਦੇ ਪਹਿਰਾਵੇ ਤੋਂ ਅਤੇ ਸ਼ਕਲ ਸੂਰਤ ਪੱਖੋਂ ਨਾ ਪਰਖੋ। ਅਖੀਰਲੀ ਗੱਲ ਜੇ ਤੁਸੀਂ ਖੁਦ ਨਹੀਂ ਕੁਝ ਕਰ ਸਕਦੇ ਤਾਂ ਦੂਸਰੇ ਨੂੰ ਅੱਗੇ ਵਧਣ ਤੇ ਟਿੱਪਣੀ ਨਾ ਦਿਓ ਅਤੇ ਢਾਣੀਆਂ (ਟੋਲੇ) ਬਣਾ ਕੇ ਭਾਈਚਾਰਾ ਨਾ ਸਾਬਤ ਕਰੋ ਕਿਉਂਕਿ ਔਖੇ ਸਮੇਂ ਸਿਰਫ ਤੁਹਾਡੇ ਮਾਂ ਬਾਪ ਜਾਂ ਤੁਹਾਡੇ ਦੋ ਚਾਰ ਸਾਕ ਸਬੰਧੀ ਤੁਹਾਡੇ ਕਰੀਬ ਹੁੰਦੇ ਹਨ।
ਜੋਤ ਭੰਗੂ
ਬੋਹੜਪੁਰ (ਪਟਿਆਲਾ)
7696425957

