ਚੁੱਭਵੇਂ ਬੋਲਾਂ ਦਾ ਅਸਰ
ਟਰਿੰਗ..ਟਰਿੰਗ… ਫੋਨ ਦੀ ਘੰਟੀ ਵੱਜੀ …ਅਣਜਾਣ ਕਾਲ ਸੀ … ਚੁੱਕਿਆ ਤਾਂ ਅੱਗੋਂ ਅਵਾਜ ਆਈ,” ਵੀਰ ਤੈਨੂੰ ਬਹੁਤ ਬਹੁਤ ਮੁਬਾਰਕਾਂ, ਹੁਣ ਮੇਰੀ ਬਿਜਲੀ ਬੋਰਡ ਵਿੱਚ ਜੇੇਈ ਵਜੋਂ ਤਰੱਕੀ ਹੋ ਗਈ ” | ਫੋਨ ਸੁਣਦਿਆਂ ਅਵਾਜ ਅਤੇ ਗੱਲਾਂ ਤੋਂ ਮੈਂ ਪਹਿਚਾਣ ਲਿਆ ਵੀ ਇਹ ਤਾਂ ਮੇਰਾ ਬਚਪਨ ਦਾ ਬੇਲੀ ਧੰਨਾ ਬੋਕ੍ਸਰ ਬੋਲ ਰਿਹਾ ਹੈ | ਮੈਂ ਵੀ ਖੁਸ਼ੀ ਨਾਲ ਕਿਹਾ ਓ ਬੱਲੇ ! ਵੀਰ ਤੈਨੂੰ ਵੀ ਬਹੁਤ ਮੁਬਾਰਕਾਂ, ਪ੍ਰਮਾਤਮਾ ਨੇ ਕਿਰਪਾ ਕੀਤੀ “| ਪਰਿਵਾਰਾਂ ਦੀ ਖੈਰ ਸੁੱਖ ਪੁੱਛਣ-ਦੱਸਣ ਤੋਂ ਬਾਅਦ ਮੈਂ ਉਸਨੂੰ ਕਿਹਾ ,” ਆਪਣੇ ਜੇੇਈ ਬਣਨ ਦੀ ਖੁਸ਼ਖਬਰੀ ਆਪਣੇ ਉਸ ਬਾਬਾ ਜੀ ਨੂੰ ਵੀ ਦੇ ਦੇਵੀਂ ਜਿਸ ਦੇ ਮਾੜੇ ਬੋਲਾਂ ਨੇ ਤੈਨੂੰ ਜੇੇਈ ਬਣਾ ਦਿੱਤਾ | ਤਾਂ ਉਸਨੇ ਹੱਸਦਿਆਂ ਹੱਸਦਿਆਂ ਨੇ ਫੋਨ ਬੰਦ ਕਰ ਦਿੱਤਾ | ਉਸ ਤੋਂ ਬਾਅਦ ਮੇਰਾ ਵੀ ਧਿਆਨ ਧੰਨੇ ਦੇ ਬਚਪਨ ਵਾਲੇ ਦਿਨਾਂ ਅਤੇ ਹਾਲਾਤਾਂ ਵੱਲ ਚਲਾ ਗਿਆ |
ਕਸਬਾਨੁੰਮਾ ਸ਼ਹਿਰ ਦੇ ਰੇਲਵੇ ਟਰੈਕ ਦੇ ਇੱਕ ਪਾਸੇ ਬਣੀ ਦਾਣਾ ਮੰਡੀ ਅਤੇ ਦੂਜੇ ਪਾਸੇ ਬਣੀ ਸਲੱਮ ਬਸਤੀ ਦੇ ਵਸਨੀਕ ਧੰਨੇ ਨੂੰ ਉਸਦੇ ਮਾਪਿਆਂ ਨੇ ਆਰਥਿਕ ਤੰਗੀ ਕਰਕੇ ਛੋਟੇ ਹੁੰਦੇ, ਸਕੂਲ ਪੜ੍ਹਦਿਆਂ ਸੱਤਵੀ ਜਮਾਤ ਵਿਚੋਂ ਹਟਾ ਕੇ ਆਪਣੇ ਨਾਲ ਦਾਣਾ ਮੰਡੀ ਵਿੱਚ ਵਿਕਣ ਆਈ ਫ਼ਸਲ ਨੂੰ ਸਾਫ ਕਰਨ ਲਈ, ਝਾਰ ਲਗਾਉਣ ਦੇ ਕੰਮ ਤੇ ਲਗਾ ਲਿਆ | ਕਿਉਂਕਿ ਇਸੇ ਕੰਮ ਨਾਲ ਹੀ ਉਸਦੇ ਮਾਪੇ ਆਪਣੇ ਘਰ ਦਾ ਖਰਚਾ ਚਲਾਉਂਦੇ ਸਨ | ਦਾਣਾ ਮੰਡੀ ਦੇ ਕੰਮ ਤੋਂ ਵਿਹਲਾ ਹੋ ਜਦੋਂ ਉਹ ਘਰ ਵੱਲ ਜਾਂਦਾ ਤਾਂ ਮਾਪਿਆਂ ਨਾਲੋਂ ਅੱਡ ਹੋ ਕੇ ਦਾਣਾ ਮੰਡੀ ਦੇ ਨਜ਼ਦੀਕ ਬਣੇ ਖੇਡ ਸਟੇਡੀਅਮ ਵਿਖੇ ਵੱਖ ਵੱਖ ਖੇਡਾਂ ਦਾ ਅਭਿਆਸ ਕਰ ਰਹੇ ਖਿਡਾਰੀਆਂ ਨੂੰ ਦੇਖਣ ਲਈ ਰੁਕ ਜਾਂਦਾ ਤੇ ਉਹ ਬਾਕਸਿੰਗ ਖੇਡ ਦੀ ਪ੍ਰੈਕਟਿਸ ਕਰ ਰਹੇ ਖਿਡਾਰੀਆਂ ਨੂੰ ਫਾਈਟ ਲੱੜਦੇ ਦੇਖ ਜੋਸ਼ ਵਿੱਚ ਆ ਕੇ ਆਪਣੇ ਮੁੱਕੇ ਵੀ ਹਵਾ ਵਿੱਚ ਮਾਰਦਾ | ਉਸਦੀ ਇਸ ਹਰਕਤ ਅਤੇ ਜੋਸ਼ ਨੂੰ ਦੇਖਕੇ ਬਾਕਸਿੰਗ ਦੇ ਕੋਚ ਨੇ ਉਸਨੂੰ ਆਪਣੇ ਕੋਲ ਸੱਦ ਕੇ ਪੁੱਛਿਆ,” ਤੇਰਾ ਕੀ ਨਾਮ ਹੈ, ਪੜ੍ਹਦਾ ਹੁੰਨੈ, ਬਾਕਸਿੰਗ ਖੇਡੇਂਗਾ ? ਬਾਲਕ ਧੰਨੇ ਨੇ ਆਪਣਾ ਨਾਮ ਦੱਸ ਬਾਕਸਿੰਗ ਖੇਡਣ ਲਈ ਹਾਂ ਵਿੱਚ ਸਿਰ ਹਿਲਾਇਆ ਤੇ ਪੜ੍ਹਾਈ ਲਈ ਨਾਂਹ ਵਿਚ ,ਤਾਂ ਕੋਚ ਨੇ ਕਿਹਾ ,” ਚੰਗਾ ਫੇਰ ਕੱਲ ਨੂੰ ਆਪਣੇ ਪਿਤਾ ਨੂੰ ਨਾਲ ਲੈ ਕੇ ਆਈਂ “|
ਦੂਜੇ ਦਿਨ ਬਾਲਕ ਧੰਨੇ ਨਾਲ ਉਸਦਾ ਪਿਤਾ ਤਾਂ ਕੰਮ ਕਰਕੇ ਨਾ ਆ ਸਕਿਆ, ਪਰ ਉਹ ਆਪਣੀ ਗਲੀ ਦੇ ਇੱਕ ਜਾਣੂ ਜਿਸ ਨੂੰ ਉਹ “ਬਾਬਾ ਜੀ” ਆਖਦਾ ਸੀ ,ਨਾਲ ਲੈ ਕੇ ਸਟੇਡੀਅਮ ਪਹੁੰਚ ਗਿਆ | ਕੋਚ ਨੇ ਉਸ ਬਜ਼ੁਰਗ ਨੂੰ ਕਿਹਾ ,” ਤੁਹਾਡਾ ਇਹ ਮੁੰਡਾ ਬੜਾ ਹੋਣਹਾਰ ਲਗਦੈ , ਇਸ ਦੇ ਪਿਤਾ ਨੂੰ ਕਹੋ ਕਿ ਇਸ ਨੂੰ ਖੇਡਣ ਵਾਸਤੇ ਸਟੇਡੀਅਮ ਭੇਜੇ ਤੇ ਮੁੜ ਸਕੂਲ ਪੜ੍ਹਨੇ ਪਾਵੇ ” | ਕੋਚ ਦੀ ਗੱਲ ਸੁਣਕੇ ਬਾਲਕ ਧੰਨੇ ਨਾਲ ਆਇਆ ਬਜ਼ੁਰਗ ਆਪਣੇ ਮੱਥੇ ਨੂੰ ਦੋਵਾਂ ਅੱਖਾਂ ਦੇ ਵਿਚਕਾਰ ਇੱਕਠਾ ਜਿਹਾ ਕਰਦਾ ਬੋਲਿਆ,” ਸਰਦਾਰ ਜੀ , ਇਹ ਤਾਂ ਗਰੀਬ ਦਾ ਮੁੰਡੈ , ਇਹ ਕੀ ਖੇਡੂ ਤੇ ਨਾਲੇ ਕੀ ਪੜੂ , ਇਹਨੇ ਤਾਂ ਆਪਣੇ ਬਾਪ ਵਾਂਗ ਦਾਣਾ ਮੰਡੀ ਵਿੱਚ ਫਸਲ ਨੂੰ ਝਾਰ ਹੀ ਲਾਉਣੈ , ਪੜ੍ਹਕੇ ਇਹਨੇ ਕਿਹੜਾ ਜੇਈ ਬਣ ਜਾਣੈ ” | ਬਾਬੇ ਵਲੋਂ ਕਹੀ ਇਸ ਚੁਭਵੀਂ ਗੱਲ ਉੱਪਰ ਕੋਚ ਨੂੰ ਇੱਕ ਵਾਰ ਤਾਂ ਗੁੱਸਾ ਆਇਆ ਪਰ ਉਸਨੇ ਗੱਲ ਨੂੰ ਮੋੜਾ ਦਿੰਦਿਆਂ ਬਾਲਕ ਧੰਨੇ ਨੂੰ ਕਿਹਾ ,” ਪੁੱਤ ਮੈਨੂੰ ਦਾਣਾ ਮੰਡੀ ਲੈ ਕੇ ਚੱਲ ਤੇ ਆਪਣੇ ਪਿਤਾ ਨੂੰ ਮਿਲਾ” |
ਕੋਚ ਨੇ ਧੰਨੇ ਦੇ ਪਿਤਾ ਨੂੰ ਮਿਲ ਕੇ ਸਮਝਾਇਆ ਤੇ ਧੰਨੇ ਨੂੰ ਸਕੂਲ ਪੜ੍ਹਨੇ ਪਾ ਦਿੱਤਾ ਅਤੇ ਮੁੱਕੇਬਾਜ਼ੀ ਖੇਡ ਲਈ ਰੋਜ਼ਾਨਾ ਪ੍ਰੈੈਕਟਿਸ ਲਈ ਸਟੇਡੀਅਮ ਸੱਦ ਲਿਆ | ਉਸਨੇ ਨੇ ਮਨ ਨਾਲ ਕੀਤੇ ਮੁੱਕੇਬਾਜ਼ੀ ਦੇ ਅਭਿਆਸ ਨਾਲ ਪਹਿਲੇ ਸਾਲ ਹੀ ਸਕੂਲ ਪੱਧਰ ਦਾ ਸਟੇਟ ਬਾਕਸਿੰਗ ਮੁਕਾਬਲਾ ਜਿੱਤ ਲਿਆ ਤੇ ਨਾਲੇ ਸੱਤਵੀ ਜਮਾਤ ਪਾਸ ਕੇ ਲਈ | ਈਉਂ ਉਹ ਕੋਚ ਦੀ ਮਦਦ ਨਾਲ ਪੜ੍ਹਦਾ-ਖੇਡਦਾ +2 ਪਾਸ ਕਰ ਗਿਆ ਨਾਲੇ ਸਕੂਲ ਨੈਸ਼ਨਲ ਬਾਕਸਿੰਗ ਮੁਕਾਬਲਾ ਖੇਡ ਗਿਆ | ਕੋਚ ਨੇ ਉਸਨੂੰ ਅਗਲੇਰੀ ਪੜ੍ਹਾਈ ਲਈ ਕਾਲਜ ਦਾਖਲ ਕਰਵਾ ਦਿੱਤਾ | ਕਾਲਜ ਦੀ ਪੜ੍ਹਾਈ ਦੌਰਾਨ ਹੀ ਉਸਨੇ ਲਗਾਤਾਰ ਚਾਰ ਵਾਰ ਓਪਨ ਪੰਜਾਬ ਬਾਕਸਿੰਗ ਜਿੱਤੀ ਅਤੇ ਦੋ ਵਾਰ ਪੰਜਾਬ ਦਾ ‘ਬੈਸਟ ਬਾਕਸਰ’ ਚੁਣਿਆਂ ਗਿਆ ਤੇ ਨੈਸ਼ਨਲ ਬਾਕਸਿੰਗ ਮੁਕਾਬਲੇ ਚੋਂ ਮੈਡਲ ਜਿੱਤ ਕੇ ਰਾਸ਼ਟਰੀ ਪੱਧਰ ਦਾ ਮੁੱਕੇਬਾਜ਼ ਬਣ ਗਿਆ | ਕੋਚ ਨੇ ਉਸਦੀ ਮਦਦ ਜਾਰੀ ਰੱਖੀ ਤੇ ਉਸਨੂੰ ਪੰਜਾਬ ਰਾਜ ਬਿਜਲੀ ਬੋਰਡ ਵਿੱਚ ਖੇਡਾਂ ਦੇ ਆਧਾਰ ਤੇ ਨਿਕਲੀਆਂ ਪੋਸਟਾਂ ਵਿੱਚ ਵਰਕ ਚਾਰਜਰ ਭਰਤੀ ਕਰਵਾ ਦਿੱਤਾ | ਧੰਨੇ ਨੇ ਮਿਹਨਤ ਜਾਰੀ ਰੱਖਦਿਆਂ ਕਈ ਵਾਰ ਅੰਤਰ ਰਾਜ ਬਿਜਲੀ ਬੋਰਡ ਬਾਕਸਿੰਗ ਮੁਕਾਬਲੇ, ਸਟੇਟ ਬਾਕਸਿੰਗ ਮੁਕਾਬਲੇ ਅਤੇ ਰਾਸ਼ਟਰੀ ਬਾਕਸਿੰਗ ਮੁਕਾਬਲੇ ਜਿੱਤੇ ਤੇ ਉਹ ਖੇਡਾਂ ਦੇ ਆਧਾਰ ਤੇ ਤਰੱਕੀ ਪਾਉਂਦਾ ਹੁਣ ਬਿਜਲੀ ਬੋਰਡ ਵਿੱਚ ਜੇਈ ਵਜੋਂ ਪਦਉੱਨਤ ਹੋਇਆ ਹੈ | ਆਪਣੇ ਸ਼ਹਿਰ ਦੀ ਪੌਸ਼ ਕਲੋਨੀ ਵਿਖੇ ਘਰ ਬਣਾ ਕੇ ਰਹਿ ਰਹੇ ਜੇਈ ਧੰਨਾ ਰਾਮ ਨੇ ਕੋਚ ਦੀ ਮਦਦ ਨਾਲ ਖੇਡਾਂ ਵਿੱਚ ਧੰਨ ਧੰਨ ਕਰਵਾ ਦਿੱਤੀ | ਹੁਣ ਉਹ ਆਪਣੇ ਬੱਚਿਆਂ ਨੂੰ ਵੀ ਰੋਜ਼ਾਨਾ ਖੇਡ ਗ੍ਰਾਉੰਡ ਭੇਜਦਾ ਹੈ ਤੇ ਉਹਨਾਂ ਨੂੰ ਉੱਚ ਸਿੱਖਿਆ ਵੀ ਦਿਵਾ ਰਿਹਾ ਹੈ | *

ਪ੍ਰੋ ਹਰਦੀਪ ਸਿੰਘ ਸੰਗਰੂਰ
ਸਰਕਾਰੀ ਰਣਬੀਰ ਕਾਲਜ , ਸੰਗਰੂਰ