ਕੀ ਕਰਨੇ ਨੇ ਅੱਧ ਪਚੱਧੇ ਚੂਪੇ ਹੋਏ ਅੰਬ,
ਬੁੱਲਾਂ ਉੱਪਰ ਪਾਉਂਦੇ ਧੱਬੇ ਚੂਪੇ ਹੋਏ ਅੰਬ।
ਫਿਰ ਵੀ ਤਕ ਕੇ ਮੂੰਹ ਦੇ ਵਿੱਚੋਂ ਆ ਜਾਂਦਾ ਹੈ ਪਾਣੀ,
ਕਿਸ ਨੇ ਸੁੱਟੇ ਸੱਜੇ ਖੱਬੇ ਚੂਪੇ ਹੋਏ ਅੰਬ।
ਖਵਰੇ ਕਿਸ ਨੇ ਮਸਲੇ ਨੇ ਬੇਰਹਿਮੀ ਦੇ ਨਾਲ,
ਬਿਲਕੁਲ ਗਦਰੇ ਐਪਰ ਲੱਗੇ ਚੂਪੇ ਹੋਏ ਅੰਬ।
ਨਿਰਧਨ ਬੱਚਿਆਂ ਕੂੜੇ ਉੱਤੋਂ ਚੁੱਕ ਕੇ ਚੂਸੇ ਨੇ,
ਕੁਝ ਕੁਝ ਬਗਲੇ ਕੁਝ ਕੁਝ ਖੱਟੇ ਚੂਪੇ ਹੋਏ ਅੰਬ।
ਰੇਲ ਅਧਿਕਾਰੀ ਖੋਲ੍ਹ ਕੇ ਬਿਲਟੀ ਰੱਜ ਕੇ ਵਿੱਚੋਂ ਖਾ ਗਏ,
ਜਜ਼ਮਾਨਾਂ ਨੇ ਸੀਜੋ ਘੱਲੇ ਚੂਪੇ ਹੋਏ ਅੰਬ।
ਅੰਤਿਮ ਪੈਗ ਦੇ ਨਾਲ ਸਾਕੀ ਨੇ ਚੁੱਪ ਚੁਪੀਤੀ ਰੱਖੇ,
ਮਹਿਫਲ ਦੇ ਵਿੱਚ ਸਾਰੇ ਚੱਲੇ ਚੂਪੇ ਹੋਏ ਅੰਬ।
ਟੁੱਟ ਕੇ ਪੈ ਗਏ ਨਿਰਧਨ ਬੱਚੇ ਵਿਆਹ ਸਮਾਗਮ ਪਿੱਛੋਂ,
ਏਨੇ ਸਾਰੇ ਬੱਲੇ ਬੱਲੇ ਚੂਪੇ ਹੋਏ ਅੰਬ।
ਫੁੱਲਦਾਰ ਪਲੇਟਾਂ ਦੇ ਵਿੱਚ ਚਿੱਤਰਕਾਰੀ ਵਾਂਗੂੰ,
ਸਹਿਜ ਸਲੀਕੇ ਦੇ ਨਾਲ ਫੱਬੇ ਚੂਪੇ ਹੋਏ ਅੰਬ।
ਬੱਚਿਆਂ ਨੇ ਜੋ ਅਦ ਪਚੱਦੇ ਵਿੱਚ ਹੀ ਛੱਡ ਦਿੱਤੇ,
ਬੁੱਢਿਆਂ ਦੇ ਸੀ ਪੈ ਗਏ ਪੱਲੇ ਚੂਪੇ ਹੋਏ ਅੰਬ।
ਸੋਨ ਸੁਨੱਖੇ ਤੇ ਸਿੰਧੂਰੀ ਲੋਕੀਂ ਸਾਰੇ ਲੈ ਗਏ,
ਸਾਰੇ ਸਾਡੇ ਪੈ ਗਏ ਪੱਲੇ ਚੂਪੇ ਹੋਏ ਅੰਬ।
ਕੂੜੇ ਕਰਕਟ ਦੇ ਢੇਰਾਂ ਵਿੱਚ ਥੈਲਾ ਭਰ ਕੇ ਸੁੱਟੇ,
ਨਿਰਧਨ ਬੱਚਿਆਂ ਨੇ ਜਾ ਕੇ ਮੱਲੇ ਚੂਪੇ ਹੋਏ ਅੰਬ।
ਮੁਫ਼ਤੋ ਮੁਫ਼ਤ ’ਚ ਲੈ ਜਾਉ ਸਾਰੇ ਜਿੰਨ੍ਹੇ-ਜਿੰਨ੍ਹੇ ਖੜ੍ਹਨੇਂ,
ਲੈ ਗਏ ਲੋਕੀਂ ਮਾਰ ਕੇ ਹੱਲੇ ਚੂਪੇ ਹੋਏ ਅੰਬ।
ਹੋਰਾਂ ਨਾਲ ਯਾਰਾਨੇ ਪਾ ਕੇ ਸੱਜਣ ਕਿਧਰੇ ਬਹਿ ਗਏ,
ਬਾਲਮ ਨੂੰ ਸੌਗਾਤ ’ਚ ਘੱਲੇ ਚੂਪੇ ਹੋਏ ਅੰਬ।
ਬਲਵਿੰਦਰ ‘ਬਾਲਮ’ਗੁਰਦਾਸਪੁਰ
ਉਂਕਾਰ ਨਗਰ, ਗੁਰਦਾਸਪੁਰ (ਪੰਜਾਬ)
ਵਟਸਐਪ – 98556-25409