ਜੀਉਂਦੇ ਜੀ ਜੋ ਠੱਗੀ ਕਰਦੇ ਬਣਦਾ ਕੁਝ ਵੀ ਨਈਂ।
ਟੁੱਟੇ ਭਾਂਡੇ ਪਾਣੀ ਭਰਦੇ ਬਣਦਾ ਕੁਝ ਵੀ ਨਈਂ।
ਉਹ ਡੁੱਬਣ ਤਾਂ ਖੁਦ ਦੀ ਹਸਤੀ ਵੀ ਡੁੱਬ ਜਾਂਦੀ ਹੈ,
ਦੂਜੇ ਦੇ ਮੋਢੇ ਤੇ ਤਰਦੇ ਬਣਦਾ ਕੁਝ ਵੀ ਨਈਂ।
ਜਿੰਨ੍ਹਾਂ ਰਾਹੀਆਂ ਦੀ ਤਾਂ ਕੋਈ ਮੰਜ਼ਿਲ ਹੀ ਨਈਂ ਏਂ,
ਧੁੱਪਾਂ ਜਰਦੇ ਛਾਵਾਂ ਜਰਦੇ ਬਣਦਾ ਕੁਝ ਵੀ ਨਈਂ।
ਬਰਫਾਂ ਦੇ ਵਿੱਚ ਹੋਂਦ ਉਹਨ੍ਹਾਂ ਦੀ ਮਰਫ਼ੀ ਹੁੰਦੀ ਹੈ,
ਰੁੰਡ-ਮਰੁੰਡੇ ਰੁੱਖ ਜੋ ਠਰਦੇ ਬਣਦਾ ਕੁਝ ਵੀ ਨਈਂ।
ਧਰਤੀ ਉੱਪਰ ਬੋਝ ਬਣੇ ਰੀਂਗਣ ਵਾਲੇ ਲੋਕੀਂ,
ਨਾ ਉਹ ਜੀਉਂਦੇ ਨਾ ਉਹ ਮਰਦੇ ਬਣਦਾ ਕੁਝ ਵੀ ਨਈਂ।
ਏਧਰ ਓਧਰ ਲਾ ਕੇ ਅੱਗਾਂ ਫੇਰ ਬੁਝਾਂਦੇ ਜੋ,
ਨਾ ਉਹ ਜਿੱਤਦੇ ਨਾ ਉਹ ਹਰਦੇ ਬਣਦਾ ਕੁਝ ਵੀ ਨਈਂ।
ਨਾਈਆਂ ਦੀ ਜੰਝ ਸੱਭੇ ਰਾਜੇ ਜਿੱਥੇ ਹੁੰਦੇ ਨੇ,
ਰੱਜੇ ਪੁੱਜੇ ਜੀ ਨੇ ਘਰ ਦੇ ਬਣਦਾ ਕੁਝ ਵੀ ਨਈਂ।
ਹੱਥ ਜੋੜ ਕੇ ਸਭ ਨੂੰ ਮਿਲਦੇ ਨੀਅਤ ਮਾੜੀ ਵਿੱਚ,
ਅੱਲਾ ਕੋਲੋਂ ਭਾਵੇਂ ਡਰਦੇ ਬਣਦਾ ਕੁਝ ਵੀ ਨਈਂ।
ਅੱਧ ਨੰਗੇ ਜਿਸਮਾਂ ਦੀ ਮੰਡੀ ਲਾਹਨਤ ਹੁੰਦੀ ਹੈ,
ਜਿੰਨੇ ਮਰਜ਼ੀ ਪਾਉਂਦੇ ਪਰਦੇ ਬਣਦਾ ਕੁਝ ਵੀ ਨਈਂ।
ਬਾਲਮ ਨੇਰ੍ਹੀ ਝੱਖੜਾਂ ਦੇ ਵਿਚ ਦੀਵੇ ਬੁਝ ਜਾਂਦੇ,
ਰਿਸ਼ਵਤ ਖੋਰੀ ਵਿੱਚ ਜੋ ਚਰਦੇ ਬਣਦਾ ਕੁਝ ਵੀ ਨਈਂ।
ਬਲਵਿੰਦਰ ਬਾਲਮ ਗੁਰਦਾਸਪੁਰ
ਓਂਕਾਰ ਨਗਰ ਗੁਰਦਾਸਪੁਰ (ਪੰਜਾਬ)
ਵਟਸਐਪ – 98156-25409