ਕਿੰਨੇ ਸੱਜਣ ਦੂਰ ਗਏ ਨੇ ਕਿੰਨੇ ਕੁ ਨਜ਼ਦੀਕ ਰਹੇ।
ਸੋਚ ਰਿਹਾ ਹਾਂ ਕਿੰਨੇ ਤੁਰ ਗਏ ਕਿੰਨੇ ਬਾਕੀ ਠੀਕ ਰਹੇ।
ਅਗਰ ਜ਼ੁਰੂਰਤ ਪੈ ਗਈ ਏ ਆਪਾਂ ਸਭ ਦਾ ਸਾਥ ਨਿਭਾਇਆ,
ਜੀਵਨ ਦੇ ਵਿਚ ਬੇਸ਼ਕ ਆਪਾਂ ਹਾਸ਼ੀਏ ਵਾਲੀ ਲੀਕ ਰਹੇ।
ਜਿਹੜੇ ਲੋਕੀਂ ਰਾਹ ਦੁਸੇਰਾ ਉਹਨਾਂ ਸ਼ੋਭਾ ਪਾਉਣੀਂ ਏ,
ਜੁਗਣੂੰ, ਦੀਪਕ, ਸੂਰਜ, ਤਾਰੇ ਨੇਰ੍ਹੇ ਦੇ ਪ੍ਰਤੀਕ ਰਹੇ।
ਤੇਜ਼ ਹਵਾਵਾਂ ਨੇ ਰੁੱਖਾਂ ਨੂੰ ਏਦਾਂ ਦੀ ਆਵਾਜ਼ ਹੈ ਬਖ਼ਸ਼ੀ,
ਬੰਦ ਗੁਫਾਵਾਂ ਦੇ ਵਿਚ ਰਹਿ ਕੇ ਜਿੱਦਾਂ ਲੋਕੀ ਚੀਕ ਰਹੇ।
ਨਾ ਉਡੀਕਾਂ ਨਾ ਉਮੀਦਾਂ ਨਾ ਮੰਗੀ ਮਦਦ ਕਿਸੇ ਤੋਂ,
ਮੇਰੇ ਦੁੱਖ ਵਿਚ ਮੇਰੇ ਹਾਸੇ ਅਪਣੇ ਆਪ ਸ਼ਰੀਕ ਰਹੇ।
ਫੁੱਲਾਂ ਉਤੇ ਸ਼ਬਨਮ ਏਦਾਂ ਪੱਥਰ ਹੋ ਕੇ ਰਹਿ ਗਈ ਏ,
ਅੱਜ ਵੀ ਤੜਕ ਸਵੇਰੇ ਤੇਨੂੰ ਗੁਲਸ਼ਨ ਵਿਚ ਉਡੀਕ ਰਹੇ।
ਮੇਰੀ ਇਹ ਕਮਜ਼ੋਰੀ ਨਈਂ ਏ ਸਿਰਫ਼ ਤਿਰਾ ਰਾਜ ਛੁਪਾਇਆ,
ਮੇਰੇ ਹੰਝੂ ਤਾਂ ਹੀ ਦਿਲ ਵਿਚ ਰੁਕ ਕੇ ਪਲਕਾਂ ਤੀਕ ਰਹੇ।
ਹਾਕਮ ਦੇ ਦਰਬਾਰ ’ਚ ਸਾਰੇ ਨੇਤਾ ਅੰਨੇ ਬੋਲ਼ੇ ਨੇ,
ਬਸਤੀ ਦੇ ਵਿਚ ਕੀ ਕੁਝ ਹੋਇਆ ਕਿਉਂ ਲੋਕੀਂ ਫਿਰ ਚੀਕ ਰਹੇ।
ਬਾਲਮ ਉਹੋ ਹਰ ਸੱਚੇ ਵਿਚ ਢਲ ਨਾ ਹੋਏ ਆਖ਼ਿਰ ਤਕ,
ਜਿਹੜੇ ਲੋਕ ਵਿਚਾਰਾਂ ਅੰਦਰ ਰੇਤੇ ਵਾਂਗ ਬਾਰੀਕ ਰਹੇ।
ਬਲਵਿੰਦਰ ਬਾਲਮ ਗੁਰਦਾਸਪੁਰ
ਉਂਕਾਰ ਨਗਰ ਗੁਰਦਾਸਪੁਰ ਪੰਜਾਬ
ਮੋ. 98156-25409
ਐਡਮਿੰਟਨ ਕੈਨੇਡਾ।