ਉਹੋ ਨਾਰ ਸੁਹਾਗਣ ਹੋ ਕੇ ਫੇਰ ਅਭਾਗਣ ਰਹਿੰਦੀ।
ਹਉਮੇ ਵਿੱਚ ਤਲਾਕ ਲਵੇ ਜੋ ਕੱਲੀ ਹੋ-ਹੋ ਬਹਿੰਦੀ।
ਏਥੇ ਮਾਨ ਜਵਾਨੀ ਵਾਲਾ ਲੱਖਾਂ ਕਰਕੇ ਤੁਰ ਗਏ,
ਰੇਤੇ ਦੀ ਦੀਵਾਰ ਹਮੇਸ਼ਾਂ ਹੌਲੀ-ਹੌਲੀ ਢਹਿੰਦੀ।
ਮੁਮਕਿਨ ਹੈ ਕਿ ਗੁੱਡੀ ਕੋਈ ਆਪੇ ਬੋਅ ਹੋ ਜਾਣੀਂ,
ਡੋਰ ਜਦੋਂ ਵੀਂ ਡੋਰਾਂ ਨਾਲ ਖਹਿ-ਖਹਿ ਕੇ ਹੈ ਖਹਿੰਦੀ।
ਖੇਤਾਂ ਦੇ ਵਿਚ ਜਾ ਕੇ ਇਸ ਨੇ ਸ਼ਾਂਤ ਸਦਾ ਲਈ ਹੋਣਾ,
ਨਿੱਕ ਨਦੀ ਜੋ ਸਾਹਿਲ ਦੇ ਸੰਗ ਲਹਿ-ਲਹਿ ਕੇ ਹੈ ਵਹਿੰਦੀ।
ਵਖ-ਵਖ ਫੁੱਲ ਤਾਂ ਖਿੜ੍ਹਕੇ ਸਾਰੇ ਖ਼ੁਸ਼ਬੂਆਂ ਨੇ ਦਿੰਦੇ,
ਐਪਰ ਟਹਿਣੀ ਕੱਲਮਕੱਲੀ ਸਾਰੀ ਪੀੜਾ ਸਹਿੰਦੀ।
ਇੱਕ ਸਵੇਰਾ ਸੂਰਜ ਵਾਲੀ ਕੋਖ ’ਚ ਜਨਮ ਲਵੇ ਹੈ,
ਚੰਨ ਸਿਤਾਰੇ ਲੈ ਕੇ ਸਾਰੇ ਰਾਤ ਜਦੋਂ ਹੈ ਲਹਿੰਦੀ।
ਬਾਲਮ ਗੁੱਸੇ ਦੀ ਅਗਨੀ ਨੂੰ ਚੁੰਮਣ-ਪਿਆਰ ਬੁਝਾਵੇ,
ਉਬਲੀ ਦਾਲ ’ਚ ਪਾਣੀ ਨਾਲ ਹੀ ਝੱਗ ਹੇਠਾਂ ਹੈ ਬਹਿੰਦੀ।
ਬਲਵਿੰਦਰ ਬਾਲਮ ਗੁਰਦਾਸਪੁਰ
ਉਂਕਾਰ ਨਗਰ ਗੁਰਦਾਸਪੁਰ ਪੰਜਾਬ
ਮੋ. – 98156-25409