ਕੁਝ ਨਹੀਂ ਹਾਸਲ ਹੋਣਾ ਬੂਹਾ ਭੇੜੇ ਤੋਂ।
ਖ਼ੁਸ਼ੀਆਂ ਨਿਕਲਣ ਗ਼ਮ ਦਾ ਕੋਹਲੂ ਗੇੜੇ ਤੋਂ।
ਭਟਕ ਰਿਹੈਂ ਕਿਉਂ ਜੰਗਲ-ਬੀਆਬਾਨਾਂ ਵਿੱਚ,
ਮਿਲਣੀ ਆਖ਼ਰ ਸ਼ਾਂਤੀ ਨੇੜੇ-ਤੇੜੇ ਤੋਂ।
ਦਿਲ ਮੇਰੇ ਦਾ ਮਹਿਰਮ ਤਾਂ ਬਸ ਰਾਂਝਾ ਹੈ,
ਕੀ ਮਿਲਿਆ ਸੀ ਹੀਰ ਨੂੰ ਸੈਦੇ ਖੇੜੇ ਤੋਂ।
ਨੇੜ ਨਾ ਜਾਈਂ ਕਿਧਰੇ ਬੂਥਾ ਸੁੱਜ ਜਾਣਾ,
ਹੱਥ ਲਾਇਆਂ ਭੂੰਡਾਂ ਦੇ ਖੱਖਰ ਛੇੜੇ ਤੋਂ।
ਗੱਲ ਤਾਂ ਆਖ਼ਰ ਮਿਲ ਕੇ ਬੈਠ ਕੇ ਨਿਬੜੇਗੀ,
ਖੱਜਲ-ਖੁਆਰੀ ਮਿਲਣੀ ਝਗੜੇ-ਝੇੜੇ ਤੋਂ।
ਇਸ਼ਕ ਦਾ ਰੋਗ ਅਵੱਲਾ ਸ਼ਫ਼ਾ ਨਹੀਂ ਕਿਧਰੇ,
ਕਿਵੇਂ ਛੁੱਟੇਗੀ ਜਾਨ ਇਹ ਦਰਦ ਸਹੇੜੇ ਤੋਂ।
‘ਨਵ ਸੰਗੀਤ’ ਸੰਭਲ ਕੇ ਰਹਿੰਦਾ ਹੈ ਅੱਜਕੱਲ੍ਹ,
ਡਰ ਲੱਗਦਾ ਹੈ ਊਟਪਟਾਂਗ ਬਖੇੜੇ ਤੋਂ।

~ ਪ੍ਰੋ. ਨਵ ਸੰਗੀਤ ਸਿੰਘ
# ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ) 9417692015.