ਬਾਲਮ ਪਾਣੀ ਦੂਰ ਬੜਾ ਏ।
ਪਰ ਇਹ ਦਿਲ ਮਜ਼ਬੂਰ ਥੜਾ ਏ।
ਬੇਸ਼ਕ ਸ਼ੀਸ਼ਾ ਟੁੱਟ ਗਿਆ ਹੈ,
ਕਿਰਚਾਂ ਦੇ ਵਿਚ ਨੂਰ ਬੜਾ ਏ।
ਜਾਵਣ ਲਈ ਫਿਰ ਜ਼ਿਦ ਕਰਦਾ ਹੈ,
ਆਵਣ ਲਈ ਮਜ਼ਬੂਰ ਬੜਾ ਏ।
ਘਰ ਵਿਚ ਉਸ ਨੂੰ ਕੋਈ ਨਾ ਜਾਣੇਂ,
ਵੈਸੇ ਉਹ ਮਸ਼ਹੂਰ ਬੜਾ ਏ।
ਪਾਣੀ ਵਿੱਚ ਪਤਾਸਾ ਘੁਲਦਾ,
ਸੋਹਣਾ ਰੂਪ ਗ਼ਰੂਰ ਬੜਾ ਏ।
ਬਾਹਰੋਂ ਲੀਪਾ ਪੋਤੀ ਵਧੀਆ
ਪਰ ਅੰਦਰੋਂ ਤੰਦੂਰ ਬੜਾ ਏ।
ਪਹਿਲਾਂ ਮਾਫ਼ੀ ਮੰਗ ਚੁਕਾ ਹੈ,
ਛੱਡੋ ਹੋਰ ਹਜ਼ੂਰ ਬੜਾ ਏ।
ਟਹਿਣੀਂ-ਟਹਿਣੀਂ ਲਿਫ਼ਦੀ ਜਾਂਦੀ,
ਅੰਬਾਂ ਉਪਰ ਬੂਰ ਬੜਾ ਏ।
ਹਰ ਰਾਹੀ ਦਾ ਦਿਲ ਲਲਚਾਏ,
ਟਹਿਣੀ ਤੇ ਅੰਗੂਰ ਬੜਾ ਏ।
ਵਿਦਿਆ ਘਰ-ਘਰ ਪਹੁੰਚ ਰਹੀ ਹੈ,
ਚੌਂਕਾਂ ਵਿਚ ਮਜ਼ਦੂਰ ਬੜਾ ਏ।
ਰਾਤਾਂ ਵੀ ਪਰਵਾਹ ਨਈਂ ਕਰਦੀਆਂ,
ਸੂਰਜ ਵੀ ਮਸ਼ਹੂਰ ਬੜਾ ਏ।
ਬਾਲਮ ਬੰਧਨ ਉਮਰਾਂ ਦਾ ਹੈ,
ਜ਼ਖ਼ਮ ਅਜੇ ਨਾਸੂਰ ਬੜਾ ਏ।
ਬਲਵਿੰਦਰ ਬਾਲਮ ਗੁਰਦਾਸਪੁਰ
ਉਂਕਾਰ ਨਗਰ ਗੁਰਦਾਸਪੁਰ ਪੰਜਾਬ
ਮੋ. 98156-25409