ਤੁਹਾਡੇ ਨਾਲ ਸਾਡੀ ਤਾਂ ਅਜੇ ਵੀ ਪੱਕੀ ਯਾਰੀ ਹੈ।
ਅਸਾਂ ਤਾਂ ਕੁਝ ਨਹੀਂ ਕੀਤਾ ਤੁਸਾਂ ਹੀ ਲੀਕ ਮਾਰੀ ਹੈ।
ਇਹ ਸਾਰਾ ਖੇਲ ਕਿਸਮਤ ਦਾ ਇਨੂੰ ਹੀ ਜ਼ਿੰਦਗੀ ਕਹਿੰਦੇ,
ਕਿਸੇ ਰੋ-ਰੋ ਗੁਜ਼ਾਰੀ ਹੈ ਕਿਸੇ ਹੱਸ-ਹੱਸ ਗੁਜ਼ਾਰੀ ਹੈ।
ਕਿਹੜਾ ਕਹਿੰਦਾ ਕਿ ਬਿਨ ਖੰਭਾਂ ਦੇ ਅੰਬਰ ਛੂਹ ਨਹੀਂ ਹੁੰਦਾ,
ਅਸਾਂ ਦੀ ਸੋਚ ਦੀ ਅੰਬਰ ਤੋਂ ਵੀਂ ਉਚੀ ਉਡਾਰੀ ਹੈ।
ਗਿਆ ਨਾ ਜ਼ਹਿਰ ਫਿਰ ਵੀ ਉਸ ਦੇ ਸੁੰਦਰ ਜਿਸਮ ਦੇ ਵਿਚੋਂ,
ਅਨੇਕਾਂ ਵਾਰ ਉਸ ਨੇ ਅਪਣੇਂ ਤਨ ਤੋਂ ਕੁੰਜ ਉਤਾਰੀ ਹੈ।
ਇਹਦੇ ਪ੍ਰਕਾਸ਼ ਨਾਲ ਹੀ ਰੌਸ਼ਨੀ ਦੁਨੀਆਂ ਨੂੰ ਮਿਲਦੀ ਹੈ,
ਬਣਾਵੇ ਪੀੜੀਆਂ ਦੀ ਹੋਂਦ ਜਿਸ ਦਾ ਨਾਮ ਨਾਰੀ ਹੈ।
ਕਰਾਂਤੀ ਇਸ ਤਰ੍ਹਾਂ ਮਜ਼ਬੂਰ ਹੋ ਕੇ ਜਨਮ ਲੈਂਦੀ ਹੈ,
ਹਵਾ ਦੇ ਨਾਲ ਜਦ ਕੱਖਾਂ ਦੇ ਵਿਚ ਭਖਦੀ ਚਿੰਗਾਰੀ ਹੈ।
ਭਰੋਸਾ ਕੁਝ ਨਹੀਂ ਇਸ ਦਾ ਕਦੋਂ ਇਹ ਡੋਰ ਟੁੱਟ ਜਾਵੇ,
ਬਿਗਾਨੀ ਜ਼ਿੰਦਗੀ ਸਾਹਾਂ ਦੇ ਵਿਚ ਰੱਖੀ ਉਧਾਰੀ ਹੈ।
ਹਮੇਸ਼ਾਂ ਚਾਲਬਾਜਾਂ ਤੋਂ ਰਹੀਏ ਕੁਝ ਫਾਸਲੇ ਉਪਰ,
ਖੜੱਪੇ ਸੱਪ ਦੀ ਬੇਸ਼ਕ ਸ਼ਕਲ ਲਗਦੀ ਪਿਆਰੀ ਹੈ।
ਸਿਰਫ਼ ਜੜ੍ਹ ਦੀ ਮਹੱਤਤਾ ਦੀ ਨਾ ਵੇਖੋ ਦਾਸਤਾਂ ਕੀ ਹੈ,
ਬਹਾਰਾਂ ਦੀ ਬਦੌਲਤ ਹੀ ਖਿੜ੍ਹੀ ਸਾਰੀ ਕਿਆਰੀ ਹੈ।
ਉਹ ਬੰਦਾ ਕਰਮ ਵਿਚ ਹਰਗਿਜ ਪਵਿੱਤਰ ਹੋ ਨਹੀਂ ਸਕਦਾ,
ਸਿਰਫ਼ ਵੱਢਣ ’ਚ ਕੰਮ ਆਵੇ ਜਿਹਦੀ ਫ਼ਿਤਰਤ ’ਚ ਆਰੀ ਹੈ।
ਉਨੂੰ ਪੁੱਛੋ ਕਿ ਅਸਲੀ ਜ਼ਿੰਦਗੀ ਦੇ ਅਰਥ ਕੀ ਹੁੰਦੇ,
ਜਿਹਦੀ ਪਿੱਠ ਤੇ ਹੀ ਜੁੰਮੇਵਾਰੀਆਂ ਦੀ ਪੰਡ ਭਾਰੀ ਹੈ।
ਗ਼ਜ਼ਲ ਪ੍ਰਸੂਤੀ ਪੀੜਾ ਵਾਂਗਰਾਂ ਹੀ ਜਨਮ ਲੈਂਦੀ ਹੈ,
ਸਿਰਫ਼ ਬਾਲਮ ਤੋਂ ਪੁੱਛੋ ਪੀੜ ਇਹ ਕਿੱਦਾਂ ਸਹਾਰੀ ਹੈ।
ਬਲਵਿੰਦਰ ਬਾਲਮ ਗੁਰਦਾਸਪੁਰ
ਉਂਕਾਰ ਨਗਰ ਗੁਰਦਾਸਪੁਰ ਪੰਜਾਬ
ਮੋ – 98156-25409