ਹੌਲੀ ਹੌਲੀ ਅਪਣੀਂ ਆਦਤ ਬਦਲਣ ਦੀ ਗੱਲ ਸੋਚ ਰਿਹਾਂ।
ਡੁੱਬ ਰਹੇ ਸੂਰਜ ਨੂੰ ਪੈਰੀਂ ਮਸਲਣ ਦੀ ਗੱਲ ਸੋਚ ਰਿਹਾਂ।
ਹੰਕਾਰ ਅਤੇ ਹਉਮੇ ਵਿਚ ਅਪਣੀਂ ਮੌਤ ਭੁਲਾ ਬੈਠਾ ਹਾਂ,
ਇਕ ਕੀੜੀ ਨੂੰ ਪੈਰਾਂ ਥੱਲੇ ਕੁਚਲਣ ਦੀ ਗੱਲ ਸੋਚ ਰਿਹਾਂ।
ਇਕ ਦਿਨ ਜਦ ਮੈਂ ਮੁਰਦੇ ਵੀ ਅਰਥੀ ਨਾਲ ਜਨਾਜੇ ਵੇਖੀ,
ਜੀਵਨ ਕੀ ਹੈ? ਬਸ ਫਿਰ ਇਸ ਨੂੰ ਸਮਝਣ ਦੀ ਗੱਲ ਸੋਚ ਰਿਹਾਂ।
ਆਖ਼ਿਰ ਕੂੜੇਦਾਨ ’ਚ ਇਸ ਨੂੰ ਕੱਠਿਆਂ ਕਰਕੇ ਸੁਟ ਦੇਣਾ,
ਕਿਰਚਾ-ਕਿਰਚਾ ਟੁੱਟੇ ਹੋਏ ਦਰਪਣ ਦੀ ਗੱਲ ਸੋਚ ਰਿਹਾਂ।
ਫੁਲ ਦੀ ਨਾ ਪ੍ਰਤਿਸ਼ਠਾ ਕੋਈ ਨਾ ਕੋਈ ਵੰਡਿਆਈ ਹੈ,
ਸਾਰੀ ਖ਼ੁਸ਼ਬੂ ਦੇ ਅੰਤਰੀਵ ਸਮਰਪਣ ਦੀ ਗੱਲ ਸੋਚ ਰਿਹਾਂ।
ਸ਼ਾਇਦ ਬੀਤੇ ਸਮਿਆਂ ਦੇ ਕੁਝ ਫੁੱਲ ਗੁਲਾਬੀ ਖਿੜ੍ਹ ਜਾਵਣ,
ਯਾਦਾਂ ਦੀ ਤਨਹਾਈ ਅੰਦਰ ਤੜਪਣ ਦੀ ਗੱਲ ਸੋਚ ਰਿਹਾਂ।
ਜਿਸ ਨੇ ਸਾਰੇ ਜੀਵਨ ਦੀ ਹੀ ਬਾਜੀ ਪੁੱਠੀ ਕਰ ਦਿੱਤੀ,
ਤੇਰੇ ਹੰਝੂਆਂ ਦੀ ਛੋਟੀ ਜਿਹੀ ਕਤਰਣ ਦੀ ਗੱਲ ਸੋਚ ਰਿਹਾਂ।
ਘਰ ਦੀ ਖ਼ਾਤਿਰ ਮਾਂ ਨੇ ਅਪਣੀ ਹਰ ਇਕ ਖਾਹਿਸ਼ ਅਧੂਰੀ ਰੱਖੀ,
ਬਲਦੇ ਦੀਵੇ ਦੀ ਬੱਤੀ ਵਿਚ ਅਰਪਣ ਦੀ ਗੱਲ ਸੋਚ ਰਿਹਾਂ।
ਟੁਕੜੇ-ਟੁਕੜੇ ਬੱਦਲ ਯਾਰੋ ਨਾ ਗਜਦੇ ਨਾ ਵਰ੍ਹਦੇ ਨੇ,
ਬਾਲਮ ਇੱਕ ਕ੍ਰਾਂਤੀ ਅੰਦਰ ਗਰਜਨ ਦੀ ਗਲ ਸੋਚ ਰਿਹਾਂ।
ਬਲਵਿੰਦਰ ਬਾਲਮ ਗੁਰਦਾਸਪੁਰ
ਉਂਕਾਰ ਨਗਰ ਗੁਰਦਾਸਪੁਰ ਪੰਜਾਬ
ਮੋ. 98156-25409 ਐਡਮਿੰਟਨ ਕਨੇਡਾ।