ਸ਼ੌਕ ਅਧੂਰਾ ਰਹਿ ਨਾ ਜਾਏ ਮੈਂ ਕਹਿੰਦਾ ਹਾਂ।
ਸੂਰਜ ਅੰਬਰੋਂ ਲਹਿ ਨਾ ਜਾਏ ਮੈਂ ਕਹਿੰਦਾ ਹਾਂ।
ਇਸ ਦੇ ਉਪਰ ਕੋਈ ਵੀ ਛੱਤ ਟਿਕ ਸਕਦੀ ਨਈਂ,
ਪਿੱਲੀ ਕੰਧ ਹੈ ਢਹਿ ਨਾ ਜਾਏ ਮੈਂ ਕਹਿੰਦਾ ਹਾਂ।
ਮੈਂ ਇਸ ਬੰਦੇ ਦੀ ਫਿਤਰਤ ਤੋਂ ਜਾਣੂ ਹਾਂ ਜੀ,
ਰਿਸ਼ਵਤ ਲੈ ਕੇ ਬਹਿ ਨਾ ਜਾਏ ਮੈਂ ਕਹਿੰਦਾ ਹਾਂ।
ਟੁੱਟੀ ਬੇੜੀ ਲੈ ਕੇ ਪਾਣੀ ਵਿਚ ਨਾ ਜਾਵੀਂ,
ਲਹਿਰਾਂ ਦੇ ਵਿਚ ਵਹਿ ਨਾ ਜਾਏ ਮੈਂ ਕਹਿੰਦਾ ਹਾਂ।
ਪਹਿਲਾਂ ਇਸ ਤੋਂ ਲੱਖਾਂ ਧੋਖੇ ਖਾਦੇ ਆਪਾਂ,
ਨਜ਼ਰ ਦੁਬਾਰਾ ਖਹਿ ਨਾ ਜਾਏ ਮੈਂ ਕਹਿੰਦਾ ਹਾਂ।
ਹੋਰ ਨਾ ਪੀੜਾ ਦੇਵੀਂ ਮੇਰੇ ਚੰਦਰੇ ਦਿਲ ਨੂੰ,
ਸਹਿੰਦਾ ਸਹਿੰਦਾ ਸਹਿ ਨਾ ਜਾਏ ਮੈਂ ਕਹਿੰਦਾ ਹਾਂ।
ਉਸ ਨੂੰ ਆਖੋ ਘੁੰਡ ਚੋਂ ਮੁਖੜਾ ਬਾਹਰ ਨਾ ਕੱਢੇ,
ਚੰਨ ਅੰਬਰ ਚੋਂ ਲਹਿ ਨਾ ਜਾਏ ਮੈਂ ਕਹਿੰਦਾ ਹਾਂ।
ਰੇਤੇ ਦੀ ਦੀਵਾਰ ’ਚ ਕੋਈ ਦਮਖਮ ਨਈਂਓੁ,
ਬਾਲਮ ਕਿਧਰੇ ਢਹਿ ਨਾ ਜਾਵੇ ਮੈਂ ਕਹਿੰਦਾ ਹਾਂ।
ਬਲਵਿੰਦਰ ਬਾਲਮ ਗੁਰਦਾਸਪੁਰ
ਉਂਕਾਰ ਨਗਰ ਗੁਰਦਾਸਪੁਰ ਪੰਜਾਬ
ਮੋ. 98156-25409