ਏਨੇ ਸਾਲਾਂ ਵਿੱਚ ਉਹ ਪੁੱਜਿਆ ਸਾਡੇ ਤੀਕ ਨਹੀਂ,
ਹੁਣ ‘ਉੱਜੜੇ ਗੁਲਸ਼ਨ ਵਿੱਚ’ ਉਸ ਦਾ ਆਣਾ ਠੀਕ ਨਹੀਂ।
ਕੋਈ ਵੇਲਾ ਸੀ ਜਦ ਚਾਹੁੰਦੇ ਸਾਂ ਉਸ ਨੂੰ ਮਿਲਣਾ,
ਪਰ ਇਸ ਉਮਰ ‘ਚ ਸਾਨੂੰ ਉਸ ਦੀ ਕੋਈ ਉਡੀਕ ਨਹੀਂ।
ਦਿਲ ਤਾਂ ਕਰਦਾ ਹੈ ਮਨਾਈਏ ਆਪਣਾ ਜਨਮ ਦਿਹਾੜਾ,
ਪਰ ਸਾਨੂੰ ਲਭਦੀ ਹੀ ਆਪਣੀ ਜਨਮ ਤਰੀਕ ਨਹੀਂ।
ਮਨ ਦੇ ਪਿੱਛੇ ਲੱਗ ਕੇ ਤੁਰਨਾ ਹੁੰਦਾ ਠੀਕ ਸਦਾ,
ਮਨ ਨਾਲੋਂ ਹੋਰ ਕੋਈ ਬੰਦੇ ਦੇ ਨਜ਼ਦੀਕ ਨਹੀਂ।
ਉਸ ਨੂੰ ਲੁੱਟ,ਪੁੱਟ ਕੇ ਦੇਣਾ ਸੀ ਮਾਰ ਦਰਿੰਦੇ ਨੇ,
ਜੇ ਕਰ ਉਸ ਨੇ ਸਮੇਂ ਸਿਰ ਮਾਰੀ ਹੁੰਦੀ ਚੀਕ ਨਹੀਂ।
ਅੱਜ ਕੱਲ੍ਹ ਉਹ ਵੀ ਡਿਗਰੀ ਲੈ ਕੇ ਫਿਰਦੇ ਨੇ ਯਾਰੋ,
ਜਿਹਨਾਂ ਕਾਪੀ ਤੇ ਕਦੇ ਮਾਰੀ ਹੁੰਦੀ ਲੀਕ ਨਹੀਂ।
ਇਕ, ਦੂਜੇ ਦੀ ਜਾਨ ਦੇ ਦੁਸ਼ਮਣ ਬਣ ਗਏ ਨੇ ਲੋਕੀਂ, ਰੱਕੜਾਂ ਪਿੰਡ ‘ਚ ‘ਮਾਨਾ’ ਤੇਰਾ ਰਹਿਣਾ ਠੀਕ ਨਹੀਂ।
ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ-144526
ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ
ਫੋਨ 9915803554