ਸੁਹਾਣੀਂ ਜ਼ਿੰਦਗਾਨੀ ਵਿਚ ਅਗਰ ਤਕਰਾਰ ਆਂਦੇ ਨੇ।
ਬਿਖਰ ਜਾਂਦੇ ਨੇ ਤਿਣਕੇ ਆਲ੍ਹਣੇਂ ਜਦ ਟੁੱਟ ਜਾਂਦੇ ਨੇ।
ਕਦੀ ਲਹਿਰਾਂ ਉਹਨੂੰ ਆਬਾਦ ਹੋਵਣ ਹੀ ਨਹੀਂ ਦਿੰਦੀਆਂ,
ਸੁਮੰਦਰ ਦੇ ਕਿਨਾਰੇ ਰੇਤ ਦੇ ਜੋ ਘਰ ਬਣਾਂਦੇ ਨੇ।
ਉਨ੍ਹੇ ਹੀ ਦੇਵਤਾ ਸੂਰਜ ਜਾਂ ਫਿਰ ਭਗਵਾਨ ਹੋਣਾਂ ਏਂ,
ਜੋ ਬੰਦੇ ਦੂਜਿਆਂ ਦੇ ਬੋਝ ਅਪਣੇ ਸਿਰ ਉਠਾਂਦੇ ਨੇ।
ਮੁਹਬੱਤ ਵਿਚ ਜੁਦਾਈ ਦਾ ਅਸਰ ਏਦਾਂ ਹੀ ਹੁੰਦਾ ਹੈ,
ਉਹੀ ਲਮਹੇਂ ਉਮਰ ਭਰ ਰੋਗ ਬਣ ਕੇ ਫਿਰ ਸਤਾਂਦੇ ਨੇ।
ਮੇਰਾ ਮਕਸਦ ਹੈ ਅਪਣੇ ਦੇਸ਼ ਨੂੰ ਸਦਭਾਵਨਾ ਦੇਣਾ,
ਗ਼ਜ਼ਲ ਮੇਰੀ ਦੇ ਹੱਕ ਇੰਨਸਾਨੀਅਤ ਦੇ ਪੁਲ ਬਣਾਂਦੇ ਨੇ।
ਸਿਰਫ਼ ਇਕ ਰੌਸ਼ਨੀ ਨੂੰ ਫੜ੍ਹਣ ਦੀ ਇਕ ਇੱਛਾ ਰੱਖੀ ਸੀ,
ਅਜੇ ਤੱਕ ਵਕਤ ਦੇ ਲਮਹਾਤ ਯਾਦਾਂ ਵਿਚ ਸਤਾਂ ਦੇ ਨੇ।
ਪਤਾ ਉਸ ਨੂੰ ਵੀਂ ਹੈ ਕਿ ਜ਼ਿੰਦਗੀ ਦੋ ਤਰਫ਼ਾ ਹੁੰਦੀ ਹੈ,
ਮਗਰ ਰਿਸ਼ਤੇ ਦੀ ਮਰਿਆਦਾ ਸਿਰਫ਼ ਸੱਜਣ ਨਿਭਾਂਦੇ ਨੇ।
ਮੇਰੀ ਮਜ਼ਬੂਰੀ ਦਾ ਫਾਇਦਾ ਉਠਾਣਾ ਉਸ ਨੂੰ ਆਉਂਦਾ ਹੈ,
ਕਦੀ ਉਹ ਰੁਸ ਵੀ ਜਾਂਦੇ ਨੇ ਕਦੀ ਉਹ ਮਨ ਵੀ ਜਾਂਦੇ ਨੇ।
ਮੇਰਾ ਬਹਿਰੂਪੀਏ ਦਾ ਭੇਸ਼ ਕੋਈ ਮਾਅਨੇਂ ਨਹੀਂ ਰਖਦਾ,
ਨਜ਼ਰ ਦੇ ਤੇਜ਼ ਨੇ ਏਨੇ ਮੈਨੂੰ ਪਹਿਚਾਣ ਜਾਂਦੇ ਨੇ।
ਮੈਂ ਆਪਣੀ ਗ਼ਜ਼ਲ ਵਿਚ ਬਾਲਮ ਉਹ ਸਾਰੀ ਗੱਲ ਕਹਿੰਦਾ ਹਾਂ,
ਉਹ ਆਖਣ ਵਾਲੀ ਸਾਰੀ ਗੱਲ ਜੋ ਹੁੰਝੂਆਂ ਵਿਚ ਛੁਪਾਂਦੇ ਨੇ।
ਬਲਵਿੰਦਰ ਬਾਲਮ ਗੁਰਦਾਸਪੁਰ
ਉਕਾਂਰ ਨਗਰ, ਗੁਰਦਾਸਪੁਰ (ਪੰਜਾਬ)
9815625409