ਜੋ ਤੁਰ ਗਿਆ ਸੀ ਕਲ੍ਹ ਕਹਿ ਕੇ ਚੰਨ ਬੇਨੂਰ ਮੈਨੂੰ ,
ਅੱਜ ਓਹੀ ਪੁੱਛੇ ਆ ਕੇ ਆਪਣਾ ਕਸੂਰ ਮੈਨੂੰ।
ਇਹ ਦਿੰਦੀ ਹੈ ਸਹਾਰਾ ਮਾਰੂਥਲਾਂ ‘ਚ ਸਭ ਨੂੰ,
ਲਗਦੀ ਹੈ ਚੰਗੀ ਤਾਂ ਹੀ ਲੰਬੀ ਖਜੂਰ ਮੈਨੂੰ।
ਨਾ ਪੀਤੀ ਹੈ ਕਦੇ, ਨਾ ਮੈਂ ਪੀਣੀ ਲੋਚਦਾ ਹਾਂ,
ਪੀ ਕੇ ਸ਼ਰਾਬ ਕੀ ਚੜ੍ਹਨਾ ਹੈ ਸਰੂਰ ਮੈਨੂੰ।
ਤੂੰ ਗ਼ਲਤ ਰਸਤੇ ਤੇ ਭੁੱਲ ਕੇ ਵੀ ਤੁਰੀਂ ਨਾ ਯਾਰਾ,
ਸੁਣ ਕੇ ਸਲਾਹ ਮੇਰੀ, ਐਵੇਂ ਨਾ ਘੂਰ ਮੈਨੂੰ।
ਇੱਛਾ ਨਾ ਕੋਈ ਮੇਰੀ, ਮਿੱਤਰ ਤੇਰਾ ਬਣਾਂ ਮੈਂ,
ਇੱਛਾ ਹੈ, ਆਪਣਾ ਵੈਰੀ ਸਮਝੀਂ ਜ਼ਰੂਰ ਮੈਨੂੰ।
ਭਾਵੇਂ ਗ਼ਮਾਂ ਨੂੰ ਜਰਨੇ ਖ਼ਾਤਰ ਮੈਂ ਸਖ਼ਤ ਲੱਗਾਂ,
ਪਰ ਮੈਂ ਪੱਥਰ ਨਹੀਂ ਹਾਂ, ਨਾ ਰੱਖੋ ਦੂਰ ਮੈਨੂੰ।
ਜੇ ਕਰ ਇਨ੍ਹਾਂ ਚੋਂ ਲਭਦੇ ਨਾ ਗਲਤੀਆਂ ਅਲੋਚਕ,
ਕਰਦੇ ਨਾ ਸ਼ਿਅਰ ਮੇਰੇ, ਯਾਰੋ ਮਸ਼ਹੂਰ ਮੈਨੂੰ।
ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ -144526
ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ
ਫੋਨ 9915803554