ਐਸੀ ਇਕ ਤਾਣੀਂ ਉਲਝਾਈ ਬੁਣਕਰ ਨੇ।
ਸਾਰੀ ਹੱਥ ਖੱਡੀ ਤੜਪਾਈ ਬੁਣਕਰ ਨੇ।
ਏਧਰੋਂ ਉਧਰੋਂ, ਉਧਰੋਂ ਏਧਰ ਕਰ ਦਿੱਤਾ,
ਨੀਤੀ ਵਿਚ ਬਦਨੀਤ ਰਚਾਈ ਬੁਣਕਰ ਨੇ।
ਤਾਣਾ ਪੇਟਾ ਚਿਮਟਾ ਵੱਖੋ-ਵੱਖ ਕੀਤੇ,
ਜਿੱਦਾਂ ਆਈ ਉਂਜ ਚਲਾਈ ਬੁਣਕਰ ਨੇ।
ਅੰਦੋਲਨ ਵਿਚ ਫ਼ਿਰਕਾ ਪ੍ਰਸਤੀ ਰਖਣੀਂ ਹੈ,
ਮਜ਼ਦੂਰਾਂ ਵਿਚ ਰੀਤ ਚਲਾਈ ਬੁਣਕਰ ਨੇ।
ਮਹਿੰਗਾਈ ਨੇ ਏਦਾਂ ਫਿਰ ਲੱਕ ਤੋੜੇ ਨੇ,
ਉਜਰਤ ਉਂਗਲਾਂ ਉਪਰ ਨਚਾਈ ਬੁਣਕਰ ਨੇ।
ਤਾਂ ਕੇ ਕੀਮਤ ਵਿੱਚ ਬੁਲੰਦੀ ਆ ਜਾਵੇ,
ਰੰਗਾਂ ਦੇ ਵਿਚ ਜ਼ਹਿਰ ਮਿਲਾਈ ਬੁਣਕਰ ਨੇ।
ਐਸਾ ਰਾਗ ਅਲਾਪੇ ਮੰਤਰ ਮੁਗਧ ਕਰੇ,
ਧੋਖੇ ਦੀ ਰੱਖੀ ਸ਼ਹਿਨਾਈ ਬੁਣਕਰ ਨੇ।
ਮਿੱਠੀ ਬੋਲੀ ਵਾਲੇ ਇੱਕ ਸਮੁੰਦਰ ’ਚੋਂ,
ਨਾਪੀ ਨਫ਼ਰਤ ਦੀ ਗਹਿਰਾਈ ਬੁਣਕਰ ਨੇ।
ਮੁਫ਼ਤ ਸੇਵਾਵਾਂ ਵਾਲੇ ਕਾਸੇ ਦੇ ਦਿੱਤੇ,
ਲਾਲਚ ਵਿਚ ਦੁਨੀਆਂ ਭਰਮਾਈ ਬੁਣਕਰ ਨੇ।
ਰੋਟੀ ਦੇ ਲਈ ਵਿੱਚ ਵਿਦੇਸ਼ਾਂ ਜਾਉ ਸਭ,
ਨਵਯੁਵਕਾਂ ਨੂੰ ਗੱਲ ਸਮਝਾਈ ਬੁਣਕਰ ਨੇ।
ਉਪਰੋਂ ਸਾਰੇ ਥਾਨ ਸਬੂਤੇ ਲਗਦੇ ਨੇ,
ਕੈਂਚੀ ਵਿੱਚੋਂ ਵਿੱਚ ਚਲਾਈ ਬੁਣਕਰ ਨੇ।
ਹਰ ਗਾਹਕ ਨੂੰ ਮਰਜ਼ੀ ਦੇ ਨਾਲ ਵੱਢਿਆ ਹੈ,
ਧੋਖੇ ਦੀ ਤਲਵਾਰ ਚਲਾਈ ਬੁਣਕਰ ਨੇ।
ਵੱਡਾ ਕਾਰੋਬਾਰੀ ਤੇ ਇਕ ਨੇਤਾ ਹੈ,
ਕੀਤੀ ਦਸਵੀਂ ਪਾਸ ਪੜ੍ਹਾਈ ਬੁਣਕਰ ਨੇ।
ਬਾਲਮ ਖੱਡੀ ਧਾਗੇ ਕੱਠੇ ਹੋਏ ਨੇ,
ਐਸੀ ਪਾਈ ਇੱਕ ਜੁਦਾਈ ਬੁਣਕਰ ਨੇ।
ਬਲਵਿੰਦਰ ਬਾਲਮ ਗੁਰਦਾਸਪੁਰ
ਉਂਕਾਰ ਨਗਰ ਗੁਰਦਾਸਪੁਰ ਪੰਜਾਬ
ਮੋ. 98156-25409
