ਉਲਫ਼ਤ ਵਾਲੀ ਗੱਲ ਪੁਰਾਣੀ ਮੈਂ ਵੀਂ ਭੁਲਦਾਂ ਤੂੰ ਵੀਂ ਭੁੱਲ ਜਾ।
ਭੁਲਦੀ ਨਈਂ ਉਹ ਇੱਕ ਕਹਾਣੀ ਮੈਂ ਵੀਂ ਭੁਲਦਾਂ ਤੂੰ ਵੀਂ ਭੁੱਲ ਜਾ।
ਤੜਕ ਸਵੇਰੇ ਦੇ ਗਲ ਲਗ ਕੇ ਪਿਘਲੀ ਸੀ ਇਕ ਸ਼ਬਨਮ,
ਪਿਘਲਨ ਦੇ ਵਿਚਕਾਰ ਨਿਸ਼ਾਨੀ ਮੈਂ ਵੀਂ ਭੁਲਦਾਂ ਤੂੰ ਵੀਂ ਭੁੱਲ ਜਾ।
ਸਾਲਾਂ ਤੀਕਰ ਤੇਰੇ ਮੇਰੇ ਸਾਹਾਂ ਵਿਚ ਸੂਰਜ ਚੜ੍ਹਦੇ ਰਏ,
ਦਿਨ ਮਤਵਾਲੇ ਰਾਤ ਸੁਹਾਣੀਂ ਮੈਂ ਵੀਂ ਭੁਲਦਾਂ ਤੂੰ ਵੀਂ ਭੁੱਲ ਜਾ।
ਬੀਤ ਗਈ ਸੋ ਬੀਤ ਗਈ ਛੱਡ ਪਰੇ ਹੁਣ ਕੀ ਲੈਣਾ ਏਂ,
ਚੜ੍ਹਦੀ ਉਮਰੇ ਠਾਠ ਜਵਾਨੀ ਮੈਂ ਵੀਂ ਭੁਲਦਾਂ ਤੂੰ ਵੀਂ ਭੁਲ ਜਾ।
ਮੈਂ ਜੋ ਤੈਨੂੰ ਚਾਵਾਂ ਸਧਰਾਂ ਰੀਝਾਂ ਦੇ ਨਾਲ ਸਭ ਦਿੱਤੇ ਸੀ,
ਕਾਂਟੇ ਝੁਮਕੇ ਝਾਂਜਰ ਗਾਨੀ ਮੈਂ ਵੀਂ ਭੁਲਦਾਂ ਤੂੰ ਵੀਂ ਭੁੱਲ ਜਾ।
ਜਿੱਥੇ ਬਹਿ ਕੇ ਸੋਚ ਵਿਚਾਰਾਂ ਕਰਦੇ ਰਹੇ ਹਾਂ ਖੱਟੀਆਂ ਮਿੱਠੀਆਂ,
ਸਰ-ਸਰ ਪਾਣੀ ਵਿਚ ਰਵਾਨੀ ਮੈਂ ਵੀਂ ਭੁਲਦਾਂ ਤੁੰ ਵੀਂ ਭੁੱਲ ਜਾ।
ਫੁੱਲਾਂ ਉਤੇ ਤਿਤਲੀ ਭੌਰੇ ਫੁੱਟ ਦੇ ਅੰਕੁਰ ਛੋਟੇ-ਛੋਟੇ,
ਗੁਲਸ਼ਨ ਦੇ ਵਿਚ ਰੁੱਤ ਦਿਵਾਨੀ ਮੈਂ ਵੀਂ ਭੁੱਲਦਾਂ ਤੂੰ ਵੀਂ ਭੁੱਲ ਜਾ।
ਇੱਕ ਜਵਾਲਾ ਫੁੱਟਣ ਦੀ ਪ੍ਰਕਿਰਿਆ ਪਿੱਛੇ ਕੀ-ਕੀ ਹੁੰਦਾ,
ਅੱਗ ਲਗਾਵੇ ਸ਼ੀਤਲ ਪਾਣੀ ਮੈਂ ਵੀਂ ਭੁਲਦਾਂ ਤੂੰ ਵੀਂ ਭੁੱਲ ਜਾ।
ਖ਼ੁਸ਼ਬੂਆਂ ਜੋ ਦਿਲ ਦੇ ਅੰਦਰ ਦਿੰਦੀਆਂ ਇੱਕ ਸਕੂਨ ਅਜੇ ਵੀ,
ਸਮਝੀਂ ਹਰ ਇਕ ਚੀਜ਼ ਬਿਗਾਨੀ ਮੈਂ ਵੀ ਭੁਲਦਾਂ ਤੂੰ ਵੀਂ ਭੁੱਲ ਜਾ।
ਬਾਰਿਸ਼ ਦੇ ਵਿਚ ਦੂਰ ਪਹਾੜੀ ਉਤੇ ਕੱਲਿਆਂ ਘੁੰਮਣਾ ਫਿਰਨਾ,
ਬਿਜਲੀ ਕੜਕੇ ਰਾਤ ਤੂਫ਼ਾਨੀ ਮੈਂ ਵੀਂ ਭੁਲਦਾਂ ਤੂੰ ਵੀਂ ਭੁੱਲ ਜਾ।
ਵਿਛੜਣ ਵਾਲੇ ਮੰਦਿਰ ਅੰਦਰ ਦੀਪ ਅਜੇ ਵੀ ਜਗਦੇ ਪਏ ਨੇ,
ਹੰਝੂਆਂ ਦੀ ਲੋਅ ਵਿਚ ਕੁਰਬਾਨੀ ਮੈਂ ਵੀਂ ਭੁਲਦਾਂ ਤੂੰ ਵੀਂ ਭੁੱਲ ਜਾ।
ਬਾਰਿਸ਼ ਵਾਲੇ ਪਾਣੀ ਅੰਦਰ ਖੇਡ ਹਜ਼ਾਰਾਂ ਵਾਰੀਂ ਖੇਡੀ,
ਬੇੜੀ-ਬੇੜੀ ਵਿਚ ਸ਼ੈਤਾਨੀ ਮੈਂ ਵੀਂ ਭੁਲਦਾਂ ਤੂੰ ਵੀਂ ਭੁੱਲ ਜਾ।
ਬਾਲਮ ਤੈਨੂੰ ਜੋ ਕੁਝ ਕਹਿੰਦਾ ਸੱਚ ਕਹਿੰਦਾ ਹੈ ਸੱਚ ਹੀ ਜਾਣੀਂ,
ਲਿਖਦੀ ਜਾਵੇ ਉਸ ਦੀ ਕਾਨੀ ਮੈਂ ਵੀ ਭੁੱਲਦਾਂ ਤੂੰ ਵੀਂ ਭੁੱਲ ਜਾ।
ਬਲਵਿੰਦਰ ਬਾਲਮ ਗੁਰਦਾਸਪੁਰ
ਉਂਕਾਰ ਨਗਰ ਗੁਰਦਾਸਪੁਰ ਪੰਜਾਬ
ਮੋ. 98156-25409
