ਕੱਲੀ ਰਹਿ ਕੇ ਕੰਧਾਂ ਨਾਲ ਉਹ ਗੱਲਾਂ ਕਰਦੀ ਹੋਵੇਗੀ।
ਪਲ-ਪਲ ਜੀਉਂਦੀ ਹੋਵੇਗੀ ਉਹ ਪਲ-ਪਲ ਮਰਦੀ ਹੋਵੇਗੀ।
ਨਾ ਕੋਈ ਖੇਵਨਹਾਰਾ ਉਥੇ ਨਾ ਬੇੜੀ ਨਾ ਚੱਪੂ,
ਦੁਖ ਦਾ ਲੰਬਾ ਚੌੜਾ ਸਾਗਰ ਕਿੱਦਾਂ ਤਰਦੀ ਹੋਵੇਗੀ।
ਭਰ-ਭਰ ਕੇ ਕਰਮੰਡਲ ਅਪਣੇ ਉਤੇ ਸੁਟਦੀ ਜਾਂਦੀ ਏ,
ਸੋਚਾਂ ਵਾਲੇ ਖੂਹ ਦੇ ਵਿਚੋਂ ਪਾਣੀ ਭਰਦੀ ਹੋਵੇਗੀ।
ਅੰਬਰ ਨਾਲੋਂ ਉਚੀ ਪੀੜਾ ਤੇ ਸਾਗਰ ਨਾਲੋਂ ਗਹਿਰੀ,
ਤਨ ਤੇ ਆਏ ਜ਼ਖ਼ਮ ਅਵੱਲੇ ਰੋ-ਰੋ ਜਰਦੀ ਹੋਵੇਗੀ।
ਸੋਚੇਗੀ ਉਹ ਰੱਬ ਨੇ ਮੈਨੂੰ ਕਿਹੜੀ ਖੇਡ ’ਚ ਪਾਇਆ,
ਨਾ ਉਹ ਜਿਤਦੀ ਹੋਵੇਗੀ ਤੇ ਨਾ ਉਹ ਹਰਦੀ ਹੋਵੇਗੀ।
ਪੋਤੇ-ਪੋਤੀਆਂ ਨੂਹਾਂ ਪੁੱਤਰ ਜੁਗ-ਜੁਗ ਹੀ ਸਾਰੇ ਜੀਵਨ,
ਨਿੱਕੀ-ਨਿੱਕੀ ਚਿੰਤਾ ਉਸ ਨੂੰ ਅਪਣੇ ਘਰ ਦੀ ਹੋਵੇਗੀ।
ਪਾਗ਼ਲ ਕੁਝ ਵੀ ਦੱਸ ਨਈਂ ਸਕਦਾ ਉਸ ਦੇ ਅੰਦਰ ਕੀ ਕੁਝ ਹੈ,
ਬਿਨ ਪਾਣੀ ਦੇ ਉਡਦੀ ਬੱਦਲੀਂ ਕਿੱਦਾਂ ਵਰ੍ਹਦੀ ਹੋਵੇਗੀ।
ਸੂਰਜ ਚੰਦਰਾ ਕੀ ਹੈ ਜਾਣੇਂ ਦੁੱਖ ਕਿਸੇ ਦੇ ਅੰਦਰ ਦਾ,
ਧੁੱਪਾਂ ਵਿਚ ਵੀ ਉਚੀ ਚੋਟੀ ਬਰਫ਼ ’ਚ ਠਰਦੀ ਹੋਵੇਗੀ।
ਬਾਲਮ ਬੇਸ਼ਕ ਦੁੱਖ ਦੇ ਅੰਦਰ ਸਾਰੇ ਤੇਰੇ ਨਾਲ ਖੜੇ,
ਸੋਚਾਂ ਦੀ ਗਾਂ ਪਤਝੜ ਦੇ ਵਿਚ ਕੱਲੀ ਚਰਦੀ ਹੋਵੇਗੀ।
ਬਲਵਿੰਦਰ ਬਾਲਮ ਗੁਰਦਾਸਪੁਰ
ਉਂਕਾਰ ਨਗਰ ਗੁਰਦਾਸਪੁਰ ਪੰਜਾਬ
ਮੋ. 98156-25409