ਜੋਗੀਆ ਐਸੀ ਕੋਈ ਬੀਨ ਵਜਾ ਨਵੇਂ ਸਾਲ ‘ਤੇ
ਸੰਤੁਸ਼ਟੀ ਦੀ ਅੰਜਲੀ ਦੇ ਵਿਚ ਚਾਅ ਨਵੇਂ ਸਾਲ ‘ਤੇ |
ਜੋਗੀਆ ਐਸੀ ਕੋਈ ਬੀਨ ਵਜਾ ਨਵੇਂ ਸਾਲ ‘ਤੇ |
ਡਰ ਤੋਂ ਨਿਝੱਕ ਹੋ ਕੇ ਬੈਠੇ ਫੁੱਲਾਂ ਉਤੇ ਤਿਤਲੀ |
ਸੱਥਾਂ ਦੇ ਵਿਚ ਭੰਗੜੇ ਤੇ ਗਿੱਧਿਆਂ ਦੇ ਵਿਚ ਕਿਕਲੀ |
ਸੰਗੀਤਕ ਲੋਰੀ ਦਾ ਗੀਤ ਸੁਣਾ ਨਵੇਂ ਸਾਲ ‘ਤੇ |
ਜੋਗੀਆ ਐਸੀ ਕੋਈ ਬੀਨ ਵਜਾ ਨਵੇਂ ਸਾਲ ‘ਤੇ |
ਸ਼ੁਧਤਾ, ਬੁਧਤਾ, ਸਮਤਾ, ਭੌਤਿਕ, ਦੈਹਿਕ ਸੁੱਖਾਂ ਵਿਚੱ।
ਹੋਵੇ ਮਾਨਵਤਾ ਦੇ ਵਿਚ ਤਿਲਿਸਮ ਚੁੰਬਕੀਏ ਖਿੱਚ |
ਕਰਮਨ, ਧਰਮਨ, ਅਰਪਨ ਨਾਲ ਦੁਆ ਨਵੇਂ ਸਾਲ ‘ਤੇ |
ਜੋਗੀਆ ਐਸੀ ਕੋਈ ਬੀਨ ਵਜਾ ਨਵੇਂ ਸਾਲ ‘ਤੇ |
ਗੰਨੇ ਵਾਲੇ ਖੇਤਾਂ ‘ਚੋਂ ਉਡਦੀ ਹੈ ਜਿਉਂ ਮੁਰਗਾਬੀ |
ਏਦਾਂ ਸਾਰੇ ਹਾਸੇ ਹੋਵਣ, ਜਿੱਦਾਂ ਫੁੱਲ ਗੁਲਾਬੀ |
ਰੁੱਤਾਂ ਵਿਚ ਖ਼ੁਸ਼ਬੂ ਦੇ ਭਾਗ ਜਗਾ ਨਵੇਂ ਸਾਲ ‘ਤੇ |
ਜੋਗੀਆ ਐਸੀ ਕੋਈ ਬੀਨ ਵਜਾ ਨਵੇਂ ਸਾਲ ‘ਤੇ |
ਸੁੱਤੀਆਂ ਜਾਗੀਰਾਂ ਨੂੰ ਤੇ ਸੁੱਤੀਆਂ ਜਾਮੀਰਾਂ ਨੂੰ
ਪੈਰਾਂ ਵਿਚ ਪਈਆਂ ਹੋਈਆਂ ਖੂ਼ਨੀ ਜ਼ੰਜੀਰਾਂ ਨੂੰ |
ਤਦਬੀਰਾਂ, ਤਕਰੀਰਾਂ ਨਾਲ ਮੁਕਾ ਨਵੇਂ ਸਾਲ ‘ਤੇ
ਜੋਗੀਆ ਐਸੀ ਕੋਈ ਬੀਨ ਵਜਾ ਨਵੇਂ ਸਾਲ ‘ਤੇ |
ਦਿ੍ਸ਼-ਆਦਿ੍ਸ਼ ਤਨਾਅ ਦਿਲਾਂ ਵਿਚੋਂ ਸਾਰੇ ਮੁਕ ਜਾਣ |
ਆਤੰਕ, ਪੁਚੰਡ, ਪਤਿਤਪੁਣੇ ਤੇ ਪਾਖੰਡ ਸਭ ਰੁਕ ਜਾਣ |
ਆਤਮ ਤੁਸ਼ਟੀ ਦੇ ਸੰਵਾਦ ਰਚਾ ਨਵੇਂ ਸਾਲ ‘ਤੇ |
ਜੋਗੀਆ ਐਸੀ ਕੋਈ ਬੀਨ ਵਜਾ ਨਵੇਂ ਸਾਲ ‘ਤੇ |
ਇਕ ਚੀਜ਼ ਵਹੁਟੀ ਵਾਲੇ ਸੂਈ ਮੂਈ ਪੱਤ ਵਾਲੇ |
ਕਿਰਮਚੀ, ਨਾਰੰਗੀ, ਸੂਹੇ, ਲਾਲ, ਗੁਲਾਬੀ ਕਾਲੇ |
ਹਰ ਚੌਖਟ ‘ਤੇ ਬੰਦਨਵਾਰ ਸਜਾ ਨਵੇਂ ਸਾਲ ‘ਤੇ |
ਜੋਗੀਆ ਐਸੀ ਕੋਈ ਬੀਨ ਵਜਾ ਨਵੇਂ ਸਾਲ ‘ਤੇ |
ਨਵਯੁਵਕਾਂ ਦੇ ਵਿਚ ਭਰੀ ਜਾਵੇ ਰਚਨਾਤਮਿਕ ਸ਼ਕਤੀ |
ਮੰਗਲਕਾਰੀ ਹੋਵੇ ਘਰ-ਘਰ ਕਰਮਠਤਾ ਦੀ ਭਗਤੀ |
ਛੈਲ-ਛਬੀਲੇ ਗੁਲਜ਼ਾਰ ਖਿੜ੍ਹਾ ਨਵੇਂ ਸਾਲ ‘ਤੇ |
ਜੋਗੀਆ ਐਸੀ ਕੋਈ ਬੀਨ ਵਜਾ ਨਵੇਂ ਸਾਲ ‘ਤੇ |
ਹੱਕਾਂ ਨੂੰ ਲੈਣ ਲਈ ਜ਼ੁਰਰਤ ਤੇ ਸੱਚ ਵਾਲਾ ਨਾਮ ਦੇ |
ਛੇੜੇ ਹੋਵੇ ਆਗਾਜ਼ ਨੂੰ ਮੰਜ਼ਿਲ ਦਾ ਅੰਜ਼ਾਮ ਦੇ |
‘ਬਾਲਮ’ ਦੇ ਗੀਤਾਂ ਦੀ ਆਵਾਜ਼ ਉਠਾ ਨਵੇਂ ਸਾਲ ‘ਤੇ |
ਜੋਗੀਆ ਐਸੀ ਕੋਈ ਬੀਨ ਵਜਾ ਨਵੇਂ ਸਾਲ ‘ਤੇ |
ਬਲਵਿੰਦਰ ਬਾਲਮ
ਓਾਕਾਰ ਨਗਰ, ਗੁਰਦਾਸਪੁਰ (ਪੰਜਾਬ)9815625409
