ਨਾ ਉਹ ਕਿਧਰੇ ਪੀਂਘਾਂ ਦਿਸਦੀਆਂ ਨਾ ਉਹ ਬੋਹੜ ਨਾ ਛਾਵਾਂ।
ਸਾਉਣ ਮਹੀਨਾ ਵਿਰਸੇ ਵਾਲਾ ਬਣ ਗਿਆ ਦੰਦ ਕਥਾਵਾਂ।
ਬਾਪੂ ਵਰਗੇ ਖੇਤ ਪਿਆਰੇ ਕਰ ਦਿੱਤੇ ਕਰਜ਼ਾਈ।
ਵਿਚ ਪਦਰੇਸ਼ਾਂ ਪੁੱਤਰ ਭੇਜੇ ਮੁੜਕੇ ਸਾਰ ਨਾ ਆਈ।
ਘਰ ਤਾਂ ਖਾਲਮ ਖਾਲੀ ਹੋ ਗਏ ਮਿਲ ਦਾ ਨਾ ਸਿਰਨਾਵਾਂ।
ਨਾ ਉਹ ਕਿਧਰੇ ਪੀਂਘਾਂ ਦਿਸਦੀਆਂ ਨਾ ਉਹ ਬੋਹੜ ਨਾ ਛਾਵਾਂ।
ਹੋਟਲਾਂ ਵਿੱਚ ਮਨਾਇਆ ਜਾਂਦਾ ਬਾਗ਼ਾਂ ਦਾ ਤਿਉਹਾਰ।
ਨਕਲੀ ਗਹਿਣੇਂ ਨਕਲੀ ਕਪੜੇ ਨਕਲੀ ਹਾਰ ਸ਼ਿੰਗਾਰ।
ਨਕਲੀ ਰੁੱਖਾਂ ਦੇ ਵਿਚ ਚੱਲਣ ਮੋਟਰ ਨਾਲ ਹਵਾਵਾਂ।
ਨਾ ਉਹ ਕਿਧਰੇ ਪੀਂਘਾਂ ਦਿਸਦੀਆਂ ਨਾ ਉਹ ਬੋਹੜ ਨਾ ਛਾਵਾਂ।
ਹਾਕਿਮ ਤੇਰੀ ਨੀਤੀ ਕਰਕੇ ਨਸ਼ਿਆਂ ਵਿੱਚ ਬੁਲੰਦੀ।
ਬਦਬੂ ਬਣ ਕੇ ਫੈਲ ਗਈ ਹੈ ਚਹੁੰ ਪਾਸੇ ਸੁਗੰਧੀ।
ਅਰਥੀ ਵਿੱਚੋਂ ਪੁੱਤਰ ਲੱਭਣ ‘ਵਾਜ਼ਾਂ ਮਾਰ ਕੇ ਮਾਵਾਂ।
ਨਾ ਉਹ ਕਿਧਰੇ ਪੀਂਘਾਂ ਦਿਸਦੀਆਂ ਨਾ ਉਹ ਬੋਹੜ ਨਾ ਛਾਵਾਂ।
ਨਾ ਹੁਣ ਕਿਧਰੇ ਪੂੜੇ ਪਕਦੇ ਨਾ ਖੀਰਾਂ ਨਾ ਹਾਸੇ।
ਨਾ ਹੀ ਸਖੀਆਂ ਕਠੀਆਂ ਹੋਵਣ ਨਾ ਹੀ ਘੁਲਣ ਪਤਾਸੇ।
ਸਿਰਫ਼ ਸਵਾਰਥ ਦੇ ਵਿਚ ਉਠਣ ਇਕ ਦੂਜੇ ਦੀਆਂ ਬਾਵ੍ਹਾਂ।
ਨਾ ਉਹ ਕਿਧਰੇ ਪੀਂਘਾਂ ਦਿਸਦੀਆਂ ਨਾ ਉਹ ਬੋਹੜ ਨਾ ਛਾਵਾਂ।
ਬੰਦੇ ਨੂੰ ਹੀ ਮਾਰਨ ਦੇ ਲਈ ਹਥਿਆਰ ਬਣਾਏ ਜਾਂਦੇ।
ਹੱਦਾਂ ਬੰਨੇ ਖੋਵਣ ਦੇ ਲਈ ਬੰਬ ਚਲਾਏ ਜਾਂਦੇ।
ਆਧੁਨਿਕਤਾ ਦੇ ਦੌਰ ’ਚ ਵਧੀਆ ਵੱਖੋ-ਵੱਖ ਘਟਨਾਵਾਂ।
ਨਾ ਉਹ ਕਿਧਰੇ ਪੀਂਘਾਂ ਦਿਸਦੀਆਂ ਨਾ ਉਹ ਬੋਹੜ ਨਾ ਛਾਵਾਂ।
ਘਰ-ਘਰ ਦੇ ਵਿਚ ਇਕ ਹੀ ਬੱਚੇ ਦੀ ਸੁਣਦੀ ਕਿਲਕਾਰੀ।
ਭੂਆ ਚਾਚੇ ਤਾਏ ਵਾਲੀ ਮੁੱਕ ਚੱਲੀ ਸਰਦਾਰੀ।
ਲੋਕੀਂ ਉਡਦੇ ਫ਼ਿਰਦੇ ਲਭਦੇ, ਲਭਦਾ ਨਈਂ ਸਿਰਨਾਵਾਂ।
ਨਾ ਉਹ ਕਿਧਰੇ ਪੀਂਘਾਂ ਦਿਸਦੀਆਂ ਨਾ ਉਹ ਬੋਹੜ ਨਾ ਛਾਵਾਂ।
ਆਧੁਨਿਕਤਾ ਨੇ ਉਨਤੀ ਕੀਤੀ ਹੋਈ ਹੈ ਬਰਬਾਦੀ।
ਪਰਦੇਸ਼ਾਂ ਵਿਚ ਪਾਈ ਮਗਰ ਗੁਲਾਮੀ ਵਿਚ ਆਜ਼ਾਦੀ।
ਸੰਜੀਵ ਦਿਸ਼ਾ ਤੋਂ ਹੋਂਦ ਬਣਾਉਂਦਾ ਜਿੱਦਾਂ ਇਕ ਪਰਛਾਵਾਂ।
ਨਾ ਉਹ ਕਿਧਰੇ ਪੀਂਘਾਂ ਦਿਸਦੀਆਂ ਨਾ ਉਹ ਬੋਹੜ ਨਾ ਛਾਵਾਂ।
ਸਿਰਫ਼ ਬਣਾਉਟੀ ਰਿਸ਼ਤੇ ਰਹਿ ਗਏ ਪੈਸੇ ਦੀ ਵੰਡਿਆਈ।
ਮੋਹ ਮਮਤਾ ਤੋਂ ਵਖਰੀ ਹੋ ਕੇ ਵੱਜਦੀ ਹੈ ਸ਼ਹਿਨਾਈ।
ਸੁੱਖਾਂ ਦੇ ਘਰ ਅੰਦਰ ਵੜ੍ਹ ਕੇ ਸੰਨ ਲਗਾਈ ਚਾਵ੍ਹਾਂ।
ਨਾ ਉਹ ਕਿਧਰੇ ਪੀਂਘਾਂ ਦਿਸਦੀਆਂ ਨਾ ਉਹ ਬੋਹੜ ਨਾ ਛਾਵਾਂ।
ਜਿੰਨ੍ਹਾਂ ਦੇ ਵਿਚ ਜੰਨਤ ਵਰਗੀ ਹੁੰਦੀ ਸੀ ਇਕ ਰੀਤ।
ਸਾਝਾਂ ਵਾਲੀ ਉਲਫ਼ਤ ਵਾਲੀ ਜੱਫੀ ਵਾਲੀ ਪ੍ਰੀਤ।
ਲੈਂਪ ਦੀਵੇ ਦੀ ਲੋਅ ਵਾਲੀਆਂ ਕਿੱਥੇ ਨੇ ਉਹ ਥਾਵਾਂ।
ਨਾ ਉਹ ਕਿਧਰੇ ਪੀਂਘਾਂ ਦਿਸਦੀਆਂ ਨਾ ਉਹ ਬੋਹੜ ਨਾ ਛਾਵਾਂ।
ਲੈਪਟੋਪ ਮੋਬਾਈਲ ਦੇ ਵਿਚ ਵੜ੍ਹ ਗਏ ਬੱਚੇ ਸਾਰੇ।
ਰਿਸ਼ਤੇ ਨਾਤੇ ਬੋਲ਼ੇ ਹੋ ਗਏ ਮਸਤਕ ਹੋ ਗਏ ਭਾਰੇ।
ਚਾਵਾਂ ਦੀ ਪਰਿਭਾਸ਼ਾ ਬਦਲੀ ਪਹੀਏ ਨਾਲ ਇੱਛਾਵਾਂ।
ਨਾ ਉਹ ਕਿਧਰੇ ਪੀਂਘਾਂ ਦਿਸਦੀਆਂ ਨਾ ਉਹ ਬੋਹੜ ਨਾ ਛਾਵਾਂ।
ਯੁਗ ਪਰਿਵਰਤਨ ਸ਼ੀਲ ਰਿਹਾ ਹੈ ਯੁਗ ਨਾਲ ਚਲਣਾ ਪੈਂਦਾ।
ਬੰਦੇ ਨੂੰ ਵੀਂ ਸੂਰਜ ਵਾਂਗੂੰ ਚੜ੍ਹਣਾ ਢਲਣਾ ਪੈਂਦਾ।
ਬਾਲਮ ਆਖੇ ਇਸ ਯੁਗ ਕੋਲੋਂ ਜਿੱਤਾਂ ਜਾ ਹਰ ਜਾਵਾਂ।
ਨਾ ਉਹ ਕਿਧਰੇ ਪੀਂਘਾਂ ਦਿਸਦੀਆਂ ਨਾ ਉਹ ਬੋਹੜ ਨਾ ਛਾਵਾਂ।
ਬਲਵਿੰਦਰ ਬਾਲਮ ਗੁਰਦਾਸਪੁਰ
ਉਂਕਾਰ ਨਗਰ ਗੁਰਦਾਸਪੁਰ ਪੰਜਾਬ
ਮੋ. 98156-25409