ਧੂਮ ਧੜਾਕਾ ਢੋਲ ਨਗਾਰੇ ਰੰਗਾਂ ਦੀ ਬਰਸਾਤ।
ਹੋਲੀ ਦੇ ਵਿਚ ਖ਼ੁਸ਼ੀਆਂ ਲੈ ਕੇ ਆਈ ਹੈ ਪ੍ਰਭਾਤ।
ਤਿਉਹਾਰ ਪਿਆਰੇ ਭਾਰਤ ਮਾਂ ਦੇ ਸੱਚੇ-ਸੁੱਚੇ ਗਹਿਣੇ।
ਉਦਮ ਦੇ ਵਿਚ ਮਾਨਵਤਾ ਦੇ ਚੰਨ ਸਿਤਾਰੇ ਰਹਿਣੇ।
ਫੁੱਲਾਂ ਦੇ ਵਿਚ ਖ਼ੁਸ਼ਬੂਆਂ ਦੀ ਆਈ ਹੈ ਸੌਗਾਤ।
ਹੋਲੀ ਦੇ ਵਿਚ ਖ਼ੁਸ਼ੀਆਂ ਲੈ ਕੇ ਆਈ ਹੈ ਪ੍ਰਭਾਤ।
ਵੱਖੋ-ਵੱਖਰੇ ਪਹਿਰਾਵੇ ਵਿਚ ਰੰਗਾਂ ਦੀ ਵਡਿਆਈ।
ਧਰਤੀ ਉਤੇ ਰੰਗਾਂ ਵਾਲੀ ਪੀਂਘ ਜਿਵੇਂ ਲਹਿਰਾਈ।
ਇਕ ਸੂਤਰ ਦੇ ਵਿੱਚ ਪਿਰੋਏ ਹਰ ਇਕ ਦੇ ਜਜ਼ਬਾਤ।
ਹੋਲੀ ਦੇ ਵਿਚ ਖ਼ੁਸ਼ੀਆਂ ਲੈ ਕੇ ਆਈ ਹੈ ਪ੍ਰਭਾਤ।
ਕੋਸੀ-ਕੋਸੀ ਧੁੱਪ ਦੇ ਅੰਦਰ ਨਿੱਘ ਦੀ ਹੈ ਅੰਗੜਾਈ।
ਮੌਸਮ ਦੇ ਪਰਿਵਰਤਨ ਅੰਦਰ ਗੂੰਜ ਰਹੀ ਸ਼ਹਿਨਾਈ।
ਚੁਹਲ-ਮੁਹਲ ਦੇ ਮੰਜ਼ਰ ਵਿਚ ਅਠਖੇਲੀ ਦੀ ਗਲਬਾਤ।
ਹੋਲੀ ਦੇ ਵਿਚ ਖ਼ੁਸ਼ੀਆਂ ਲੈ ਕੇ ਆਈ ਹੈ ਪ੍ਰਭਾਤ।
ਭਾਈਚਾਰੇ ਦੀ ਮਮਤਾ ਵਿਚ ਸੁੰਦਰਤਾ ਦਾ ਵਾਸਾ।
ਅੱਲਾ ਵਾਹਿਗੁਰੂ ਰਾਮ ਫਕੀਰਾਂ ਦਾ ਸਿਰ ਤੇ ਭਰਵਾਸਾ।
ਵੱਖੋ-ਵੱਖ ਸੁਗੰਧੀਆਂ ਦੀ ਹੈ ਗੁਲਸ਼ਨ ਵਿਚ ਖ਼ੈਰਾਤ।
ਹੋਲੀ ਦੇ ਵਿਚ ਖ਼ੁਸ਼ੀਆਂ ਲੈ ਕੇ ਆਈ ਹੈ ਪ੍ਰਭਾਤ।
ਸ਼ੁੱਭ ਅਸੀਸਾਂ ਦੇ-ਦੇ ਕੇ ਖ਼ੁਸ਼ਹਾਲੀ ਵਿੱਚੋਂ ਕਹਿਣ।
ਮੇਲੇ ਪਰਵ ਤਿਉਹਾਰ ਸਦਾ ਹੀ ਜੁਗ-ਜੁਗ ਵਸਦੇ ਰਹਿਣ।
ਬਾਲਮ ਦੇ ਗੀਤਾਂ ਵਿਚ ਦਿਸਦੀ ਬਾਲਮ ਦੀ ਔਕਾਤ।
ਹੋਲੀ ਦੇ ਵਿਚ ਖ਼ੁਸ਼ੀਆਂ ਲੈ ਕੇ ਆਈ ਹੈ ਪ੍ਰਭਾਤ।
ਬਲਵਿੰਦਰ ਬਾਲਮ ਗੁਰਦਾਸਪੁਰ
ਉਂਕਾਰ ਨਗਰ, ਗੁਰਦਾਸਪੁਰ (ਪੰਜਾਬ)
ਮੋ. 98156-25409