ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਲੁਧਿਆਣਾ ਵੱਲੋਂ ਪਰਵਾਸੀ ਪੰਜਾਬੀ ਲੇਖਕ ਮਿਲਣੀ  ਦਾ ਆਯੋਜਨ।

ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਲੁਧਿਆਣਾ ਵੱਲੋਂ ਪਰਵਾਸੀ ਪੰਜਾਬੀ ਲੇਖਕ ਮਿਲਣੀ  ਦਾ ਆਯੋਜਨ।



ਲੁਧਿਆਣਾ,10 ਦਸੰਬਰ,(ਅੰਜੂ ਅਮਨਦੀਪ ਗਰੋਵਰ/ਵਰਲਡ ਪੰਜਾਬੀ ਟਾਈਮਜ਼) ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਲੁਧਿਆਣਾ ਦੇ ਪਰਵਾਸੀ ਸਾਹਿਤ ਅਧਿਐਨ ਕੇਂਦਰ ਵੱਲੋਂ ਪਰਵਾਸੀ ਪੰਜਾਬੀ ਲੇਖਕ ਮਿਲਣੀ  ਦਾ ਆਯੋਜਨ ਕੀਤਾ ਗਿਆ,ਜਿਸ ਵਿੱਚ ਅਮਰੀਕਾ ਤੋਂ ਐਸ਼ਕੁਮ ਐਸ਼ ,ਇੰਗਲੈਂਡ ਤੋਂ ਨਛੱਤਰ ਸਿੰਘ ਭੋਗਲ, ਕੈਨੇਡਾ ਦੇ ਸ਼ਹਿਰ ਸਰੀ ਤੋਂ ਬਿੰਦੂ ਦਲਵੀਰ ਕੌਰ, ਅਤੇ ਕੈਲਗਰੀ ਤੋਂ ਗੁਰਚਰਨ ਕੌਰ ਥਿੰਦ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ ।ਗੁਜਰਾਂਵਾਲਾ ਖਾਲਸਾ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਤੇ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਡਾ. ਸ‌. ਪ. ਸਿੰਘ ਨੇ ਇਸ ਮੌਕੇ ਆਏ ਹੋਏ ਮਹਿਮਾਨਾਂ ਨੂੰ ਰਸਮੀ ਤੌਰ ਤੇ ਜੀ ਆਇਆਂ ਕਿਹਾ ਅਤੇ ਪਰਵਾਸੀ ਸਹਿਤ ਅਧਿਐਨ ਕੇਂਦਰ ਦੀਆਂ ਗਤੀਵਿਧੀਆਂ ਤੋਂ ਜਾਣੂ ਕਰਵਾਇਆ। ਲੇਖਕ ਐਸ਼ਕੁਮ ਐਸ਼ ਨੇ ਇਸ ਮੌਕੇ ਉਹਨਾਂ ਵੱਲੋਂ ਪੰਜਾਬੀ ਵਿੱਚ ਇੱਕ ਨਵੀਂ ਕਾਵਿ ਵਿਧਾ ਅੱਖਰਵਿਤਾ‌ ਜਿਹੜੀ ਕਿ ਅੰਗਰੇਜ਼ੀ ਵਿਧਾ ਦੇ ਸਮਾਂਤਰ ਹੈ, ਬਾਰੇ ਸਰੋਤਿਆਂ ਨੂੰ ਜਾਣੂ ਕਰਵਾਇਆ। ਐਸ਼ਕੁਮ ਐਸ਼ ਪੰਜਾਬੀ ਵਿੱਚ ਇਸ ਖੋਜ ਵਿਧਾ ਦੇ ਮੁਢਲੇ ਲੇਖਕ ਵਜੋਂ ਜਾਣੇ ਜਾਂਦੇ ਹਨ। ਉਹਨਾਂ ਨੇ ਅੱਖਰਵਿਤਾ ਨੂੰ ਲਿਖਣ ਦੇ ਢੰਗ ਤੋਂ ਜਾਣੂ ਕਰਵਾਉਂਦੇ ਹੋਏ ਕਿਹਾ ਕਿ ਇਹ ਵਿਦਿਆਰਥੀਆਂ ਅਤੇ ਸਰੋਤਿਆਂ ਲਈ ਇੱਕ ਦਿਮਾਗੀ ਕਸਰਤ ਦੀ ਤਰ੍ਹਾਂ ਹੈ।ਇਸ ਕਾਵਿ ਵਿਧਾ ਨੂੰ ਲੈ ਕੇ ਇੱਕ ਉਸਾਰੂ ਵਿਚਾਰ ਚਰਚਾ ਵੀ ਹੋਈ ਜਿਸ ਵਿੱਚ ਉੱਘੇ ਅਲੋਚਕ ਡਾ਼ ਗੁਰਇਕਬਾਲ ਸਿੰਘ ਪ੍ਰੋਫੈਸਰ ਮਨਜੀਤ ਸਿੰਘ ਛਾਬੜਾ ਡਾਇਰੈਕਟਰ ਜੀ਼ ਜੀ ਐਨ ਆਈ ਐਮ ਟੀ ਅਤੇ ਅੰਗਰੇਜ਼ੀ ਵਿਭਾਗ ਦੇ ਮੁਖੀ
ਡਾ. ਸੁਸ਼ਮਿੰਦਰਜੀਤ ਕੌਰ ਨੇ ਹਿੱਸਾ ਲਿਆ। ਇੰਗਲੈਂਡ ਤੋਂ ਆਏ ਲੇਖਕ ਨਛੱਤਰ ਸਿੰਘ ਭੋਗਲ ਨੇ ਆਪਣੀ ਸਾਹਿਤ ਸਿਰਜਣਾ ਦੇ ਸਫਰ ਬਾਰੇ, ਪਰਵਾਸ ਦੇ ਅਨੁਭਵ ਬਾਰੇ‌ ਅਤੇ ਇੰਗਲੈਂਡ ਤੇ ਕੈਨੇਡਾ ਵਿੱਚ ਸਰਗਰਮ ਸਾਹਿਤ ਸਭਾਵਾਂ ਬਾਰੇ ਵਿਚਾਰਾਂ ਦੀ ਸਾਂਝ ਪਾਈ। ਬਿੰਦੂ ਦਲਵੀਰ ਕੌਰ ਨੇ ਇਸ ਮੌਕੇ ਸਰੋਤਿਆਂ ਨਾਲ ਆਪਣੀਆਂ ਦੋ ਗਜ਼ਲਾਂ ਸਾਂਝੀਆਂ ਕੀਤੀਆਂ। ਜਿਕਰਯੋਗ ਹੈ ਕਿ ਬਿੰਦੂ ਦਲਵੀਰ ਕੌਰ ਦੀ ਪਿਛਲੇ ਸਾਲ ਪ੍ਰਕਾਸ਼ਿਤ ਪੁਸਤਕ ‘ਹਰਫ਼ ਇਲਾਹੀ’ ਵੀ ਪਰਵਾਸੀ ਸਾਹਿਤ ਅਧਿਅਨ ਕੇਂਦਰ ਵੱਲੋਂ ਲੋਕ ਅਰਪਿਤ ਕੀਤੀ ਗਈ ਸੀ। ਲੇਖਕਾ ਗੁਰਚਰਨ ਕੌਰ ਥਿੰਦ ਨੇ ਇਸ ਮੌਕੇ ਆਪਣੀ ਪਾਕਿਸਤਾਨ ਫੇਰੀ ਦੇ ਦਿਲ ਟੁੰਬਵੇਂ ਅਨੁਭਵ ਸਾਂਝੇ ਕੀਤੇ ਉਨਾਂ ਨੇ ਆਪਣੇ ਇਹ ਅਨੁਭਵ ਇੱਕ ਪੁਸਤਕ ਰੂਪ ਵਿੱਚ ਵੀ ਪ੍ਰਕਾਸ਼ਿਤ ਕਰਵਾਏ ਹਨ । ਕਾਲਜ ਦੇ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਨੇ ਇਸ ਮੌਕੇ ਬਾਹਰੋਂ ਆਏ ਹੋਏ ਮਹਿਮਾਨਾਂ ਦਾ ਰਸਮੀ ਤੌਰ ਤੇ ਧੰਨਵਾਦ ਕੀਤਾ ਅਤੇ ਉਹਨਾਂ ਨੇ ਕਿਹਾ ਕਿ ਅੱਜ  ਦੀ ਪਰਵਾਸੀ ਲੇਖਕ ਮਿਲਣੀ  ਇੱਕ ਉਸਾਰੂ ਵਿਚਾਰ ਚਰਚਾ ਦਾ ਮਾਧਿਅਮ ਬਣੀ ਹੈ ਜਿਸ ਵਿੱਚ   ਵੱਖ ਵੱਖ  ਦੇਸ਼ਾਂ ਤੋਂ ਆਏ ਲੇਖਕਾਂ  ਨੇ ਸ਼ਿਰਕਤ ਕਰਕੇ ਸਾਡੀ ਇਸ ਸੰਸਥਾ ਨੂੰ ਮਾਣ ਬਖਸ਼ਿਆ ਹੈ। ਪਰਵਾਸੀ ਸਹਿਤ ਅਧਿਐਨ ਕੇਂਦਰ ਵੱਲੋਂ ਇਹਨਾਂ ਚਾਰਾਂ ਲੇਖਕਾਂ ਨੂੰ ਸਨਮਾਨ ਚਿੰਨ ਭੇਟਾ ਕੀਤੇ ਗਏ ।ਇਸ ਮੌਕੇ ਗੁਜਰਾਂਵਾਲਾ ਖਾਲਸਾ ਐਜੂਕੇਸ਼ਨਲ ਕੌਂਸਲ ਦੇ ਆਨਰੇਰੀ ਜਨਰਲ ਸਕੱਤਰ ਹਰਸ਼ਰਨ ਸਿੰਘ ਨਰੂਲਾ ,ਮੈਂਬਰ ਸ. ਹਰਦੀਪ ਸਿੰਘ ,ਡਾ਼ ਗੁਰਚਰਨ ਕੌਰ ਕੋਚਰ, ਪੰਜਾਬੀ ਦੇ ਉੱਘੇ ਸ਼ਾਇਰ ਤੈ੍ਲੋਚਨ ਲੋਚੀ, ਪੰਜਾਬੀ ਵਿਭਾਗ ਦੇ ਮੁਖੀ ਪ੍ਰੋ. ਸ਼ਰਨਜੀਤ ਕੌਰ, ਡਾ. ਹਰਗੁਣਜੋਤ ਕੌਰ, ਡਾ਼ ਭੁਪਿੰਦਰ ਕੌਰ ,ਡਾ.ਮਨਦੀਪ ਕੌਰ ਰੰਧਾਵਾ, ਰਜਿੰਦਰ ਸਿੰਘ ਸੰਧੂ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ ਪ੍ਰੋਗਰਾਮ ਦਾ ਸੰਚਾਲਨ ਪਰਵਾਸੀ ਸਹਿਤ ਅਧਿਐਨ ਕੇਂਦਰ ਦੇ ਕੋਆਰਡੀਨੇਟਰ ਡਾ. ਤਜਿੰਦਰ ਕੌਰ ਵੱਲੋਂ ਕੀਤਾ ਗਿਆ।

Comments

No comments yet. Why don’t you start the discussion?

Leave a Reply

Your email address will not be published. Required fields are marked *

This site uses Akismet to reduce spam. Learn how your comment data is processed.