ਸਾਲ ਪਹਿਲਾਂ ਮੇਰੀ ਨੂੰਹ ਦੇ ਮਾਮੇ ਦੇ ਮੁੰਡੇ ਅਮਰੀਕ ਦਾ ਮੋਟਰਸਾਈਕਲ ਫੋਰ ਵੀਲਰ ਨਾਲ ਟਕਰਾ ਗਿਆ ਸੀ। ਉਸ ਦੀ ਸੱਜੀ ਬਾਂਹ ਤੇ ਕਾਫੀ ਸੱਟ ਲੱਗ ਗਈ ਸੀ। ਉਸ ਦੀ ਸੱਜੀ ਬਾਂਹ ਦੀਆਂ ਦੋ, ਤਿੰਨ ਨਾੜਾਂ ਵੱਢ ਹੋ ਗਈਆਂ ਸਨ। ਇਸ ਕਰਕੇ ਉਸ ਦੇ ਸੱਜੇ ਹੱਥ ਦੀਆਂ ਉਂਗਲਾਂ ਹਿਲਜੁਲ ਨਹੀਂ ਸੀ ਕਰ ਰਹੀਆਂ। ਕਈ ਹਸਪਤਾਲਾਂ ਵਿੱਚ ਇਲਾਜ ਕਰਵਾਉਣ ਪਿੱਛੋਂ ਉਸ ਦੇ ਸੱਜੇ ਹੱਥ ਦੀਆਂ ਉਂਗਲਾਂ ਹਿਲਜੁਲ ਕਰਨ ਲੱਗੀਆਂ ਸਨ। ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਅੱਜ ਮੇਰੀ ਨੂੰਹ ਦੇ ਮਾਮੇ ਨੇ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਵਿੱਚ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਉਣਾ ਸੀ। ਮੈਨੂੰ ਵੀ ਇਸ ਪਾਠ ਵਿੱਚ ਸ਼ਾਮਲ ਹੋਣ ਲਈ ਕਿਹਾ ਗਿਆ ਸੀ। ਪਾਠ ਸਵੇਰੇ ਨੌਂ ਵਜੇ ਸ਼ੁਰੂ ਹੋਣਾ ਸੀ। ਇਸ ਕਰਕੇ ਮੈਂ ਸਵੇਰੇ ਸਮੇਂ ਸਿਰ ਉੱਠ ਕੇ ਆਪਣੀ ਨੂੰਹ ਦੇ ਮਾਮੇ ਦੇ ਪਿੰਡ ਮੀਰ ਪੁਰ ਲੱਖਾ ਨੂੰ ਸਕੂਟਰ ਤੇ ਚੱਲ ਪਿਆ। ਨਵਾਂ ਸ਼ਹਿਰ ਤੋਂ ਔੜ ਵਾਲੀ ਸੜਕ ਤੇ ਜਿੱਥੋਂ ਇਸ ਪਿੰਡ ਦੀ ਲਿੰਕ ਰੋਡ ਨੂੰ ਮੁੜਨਾ ਸੀ, ਪਿੰਡ ਦੇ ਨਾਂ ਦਾ ਬੋਰਡ ਲੱਗਾ ਨਾ ਹੋਣ ਕਰਕੇ ਮੈਂ ਮੁੜ ਨਾ ਸਕਿਆ ਤੇ ਦੋ ਕਿਲੋਮੀਟਰ ਅੱਗੇ ਲੰਘ ਗਿਆ। ਜਿਉਂ ਹੀ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ, ਮੈਂ ਸਕੂਟਰ ਪਿੱਛੇ ਵੱਲ ਮੋੜ ਲਿਆ। ਕੁੱਝ ਸਮੇਂ ਪਿੱਛੋਂ ਇੱਕ
ਮੋਟਰਸਾਈਕਲ ਵਾਲਾ ਸੜਕ ਪਾਰ ਕਰਕੇ ਮੇਰੇ ਅੱਗੇ ਹੋ ਗਿਆ। ਪਿੱਛੇ ਤੋਂ ਮੈਂ ਉਸ ਨੂੰ ਪੁੱਛਿਆ,” ਮੀਰ ਪੁਰ ਲੱਖੇ ਪਿੰਡ ਨੂੰ ਕਿੱਥੋਂ ਕੁ ਮੁੜ ਹੋਣਾ?”
” ਮੈਂ ਵੀ ਉਸੇ ਪਿੰਡ ਜਾਣਾ ਆਂ। ਮੇਰੇ ਪਿੱਛੇ ਪਿੱਛੇ ਆ ਜਾਉ। ਕੀ ਤੁਸੀਂ ਉੱਥੇ ਸ਼ਹੀਦਾਂ ਦੇ ਗੁਰਦੁਆਰੇ ਜਾਣਾ ਆਂ?” ਉਸ ਨੇ ਆਖਿਆ।
” ਨਹੀਂ, ਗੁਰੂ ਰਵਿਦਾਸ ਦੇ ਗੁਰਦੁਆਰੇ,” ਮੈਂ ਆਖਿਆ।
ਮੇਰੇ ਇਹ ਲਫਜ਼ ਸੁਣ ਕੇ ਉਸ ਨੂੰ ਪਤਾ ਨਹੀਂ ਕੀ ਹੋਇਆ। ਉਸ ਨੇ ਆਪਣਾ ਮੋਟਰਸਾਈਕਲ ਤੇਜ਼ ਕਰ ਲਿਆ ਅਤੇ ਮੈਥੋਂ ਕਾਫੀ ਅੱਗੇ ਨਿਕਲ ਗਿਆ।

ਮਹਿੰਦਰ ਸਿੰਘ ਮਾਨ
ਕੈਨਾਲ ਰੋਡ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਨਵਾਂ ਸ਼ਹਿਰ-144514
ਫੋਨ 9915803554