
ਔਰਤਾਂ ਲਈ ਸਲਾਈ ਸੈਂਟਰ ਸੇਵਾ
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥
ਉਸ ਨੂੰ ਬੁਰਾ ਕਿਉਂ ਕਹੀਏ, ਜਿਸ ਤੋਂ ਪਾਤਸ਼ਾਹ ਪੈਦਾ ਹੁੰਦੇ ਹਨ ਦੇ ਮਹਾਂਵਾਕ ਅਨੁਸਾਰ ਗੁਰੂ ਕੀ ਰਸੋਈ ਨਵਾਂ ਸ਼ਹਿਰ ਜਿੱਥੇ ਲੋੜਵੰਦਾ ਦੀ ਭੋਜਨ ਪਾਣੀ ਤੋਂ ਲੈ ਕੇ ਦਵਾਈ ਦਾਰੂ ਦੀ ਮਦਦ ਕਰਦੀ ਹੈ ਉੱਥੇ ਨਾਲ ਹੀ ਔਰਤਾਂ ਦੇ ਸਹੀ ਵਿਕਾਸ ਦਾ ਵੀ ਪੂਰਾ ਖਿਆਲ ਰੱਖਦੀ ਹੈ। ਔਰਤਾਂ ਵਿੱਚ ਆਤਮ ਨਿਰਭਰਤਾ ਦਾ ਗੁਣ ਪੈਂਦਾ ਕਰਨ ਲਈ 2024 ਦੇ ਸੁਰੂਆਤ ਤੋਂ ਹਰ ਤਿੰਨ ਮਹੀਨੇ ਵਿੱਚ ਪੰਜਾਬ ਦੇ ਦੋ ਵੱਖ ਵੱਖ ਪਿੰਡਾਂ ਵਿੱਚ ਔਰਤਾਂ ਲਈ ਸਲਾਈ ਸੈਂਟਰ ਖੋਲਣ ਦਾ ਫੈਸਲਾ ਲਿਆ ਗਿਆ ਹੈ।
01/01/2024 ਤੋਂ 30/03/2024 ਤੱਕ ਪਿੰਡ ਭੂਤਾਂ ਤੇ ਪਿੰਡ ਜਲਵਾਹ ਨਵਾਂ ਸ਼ਹਿਰ ਵਿਖੇ ਦੋ ਸੈਂਟਰ ਚਲਾਏ ਗਏ, ਇਸੇ ਤਰਾਂ ਪਿੰਡ ਚੇਲਾ, ਹੁਸ਼ਿਆਰਪੁਰ ਵਿਖੇ ਮਿਤੀ 01/04/24 ਤੋਂ 30/06/24 ਤੱਕ ਸਲਾਈ ਸੈਂਟਰ ਚਲਾ ਕੇ ਲੜਕੀਆਂ ਨੂੰ ਸਿਲਾਈ ਸਿਖਲਾਈ ਦਿੱਤੀ ਗਈ,
01/07/2024 ਤੋਂ 30/09/2024 ਤੱਕ ਪਿੰਡ ਉਸਮਾਨਪੁਰ ਅਤੇ ਪਿੰਡ ਜਾਫਰਪੁਰ ਨਵਾਂ ਸ਼ਹਿਰ ਵਿਖੇ ਸਲਾਈ ਸੈਂਟਰ ਚਲਾਏ ਗਏ, ਠੀਕ ਇਸੇ ਤਰਾਂ 01/11/24 ਤੋਂ 31/01/25 ਤੱਕ ਪਿੰਡ ਚੂਹੜ ਪੁਰ ਨਵਾਂ ਸ਼ਹਿਰ ਵਿਖੇ ਸਲਾਈ ਸੈਂਟਰ ਚਲਾਇਆ ਗਿਆ।
ਇਹਨਾਂ ਤਿੰਨ ਮਹੀਨੀਆਂ ਵਿੱਚ ਸਲਾਈ ਸਿੱਖਣ ਵਾਲੀਆਂ ਔਰਤਾਂ ਨੂੰ ਕੋਰਸ ਸਮਾਪਤ ਹੋਣ ਤੇ ਸਰਟੀਫਿਕੇਟ ਵੰਡਣ ਦਾ ਸੁਭਾਗ ਵਾਹਿਗੁਰੂ ਜੀ ਦੀ ਅਪਾਰ ਕਿਰਪਾ ਸਦਕਾ ਤੇ ਵੱਡੇ ਵੀਰ ਜੀ ਭਾਈ ਅਮਰੀਕ ਸਿੰਘ ਜੀ ਦੇ ਦਿੱਤੇ ਸਤਿਕਾਰ ਸਦਕਾ ਮੇਰੇ ਹਿੱਸੇ ਆਇਆ। ਲੋੜਵੰਦ ਔਰਤਾਂ ਨੂੰ ਸਲਾਈ ਮਸ਼ੀਨਾਂ ਵੀ ਦਾਨ ਕੀਤੀਆਂ ਗਈਆਂ। ਪਿੰਡ ਪੰਚਾਇਤ ਵੱਲੋਂ ਭਾਈ ਸਾਹਿਬ ਜੀ ਦੇ ਨਾਲ ਨਾਲ ਮੇਰਾ ਤੇ ਮੇਰੇ ਬਾਪੂ ਜੀ ਦਾ ਵੀ ਸਿਰੋਪਾ ਸਾਹਿਬ ਦੇ ਕੇ ਸਤਿਕਾਰ ਕੀਤਾ ਗਿਆ। ਸਲਾਈ ਸਿੱਖਣ ਵਾਲੀਆਂ 21 ਭੈਣਾਂ ਵੱਲੋਂ ਮੈਨੂੰ ਖ਼ਾਸ ਤੋਹਫ਼ਾ ਦੇ ਕੇ ਨਿਵਾਜਿਆ ਗਿਆ। ਜੋ ਮੇਰੇ ਲਈ ਅਭੁੱਲ ਯਾਦ ਹੋ ਨਿਬੜਿਆ।
ਪੰਜਾਬ ਦਾ ਕੋਈ ਵੀ ਪਿੰਡ ਆਪਣੇ ਪਿੰਡ ਵਿੱਚ ਸਲਾਈ ਸੈਂਟਰ ਖੋਲਣ ਲਈ ਸੂਬੇਦਾਰ ਭਾਈ ਅਮਰੀਕ ਸਿੰਘ ਜੀ (ਫੋਨ ਨੰਬਰ +91 6239 410 177) ਮੁੱਖ ਸੇਵਾਦਾਰ ਗੁਰੂ ਕੀ ਰਸੋਈ ਨਾਲ ਸੰਪਰਕ ਕਰ ਸਕਦਾ ਹੈ।
ਇਸ ਤੋਂ ਅਗਲੇ ਸਲਾਈ ਸੈਂਟਰ ਲਈ ਪਿੰਡ ਲੱਲੀਆਂ, ਨੇੜੇ ਗੜ੍ਹਸ਼ੰਕਰ ਅਤੇ ਪਿੰਡ ਮਹਿਤਪੁਰ ਉਲ਼ੱਦਣੀ ਨੇੜੇ ਬਲਾਚੋਰ ਵਿੱਚ ਸਲਾਈ ਸੈਂਟਰ ਚਲਾਏ ਜਾਣ ਲਈ ਪਿੰਡ ਵਾਸੀ ਆਪਣਾ ਨਾਮ ਦਰਜ ਕਰਵਾ ਚੁੱਕੇ ਹਨ।
ਇਹਨਾਂ ਸਾਰੇ ਸਲਾਈ ਸੈਂਟਰਾ ਵਿੱਚ ਸਲਾਈ ਸਿਖਾਉਣ ਵਾਲੀ ਭੈਣ ਜੀ ਨੂੰ 10,000 ਰੁਪਏ ਮਹੀਨਾ ਭੱਤਾ ਗੁਰੂ ਕੀ ਰਸੋਈ ਵੱਲੋਂ ਦਿੱਤਾ ਜਾਂਦਾ ਹੈ ਤੇ ਲੋੜਵੰਦ ਲੜਕੀਆਂ ਨੂੰ ਸਲਾਈ ਮਸ਼ੀਨਾਂ ਵੀ ਦਿੱਤੀਆਂ ਜਾਂਦੀਆਂ ਹਨ। ਕੋਰਸ ਪੁਰਾ ਹੋਣ ਤੇ ਲੜਕੀਆਂ ਨੂੰ ਸਨਮਾਨ ਪੱਤਰ ਵੀ ਦਿੱਤੇ ਜਾਂਦੇ ਹਨ।
ਭਾਈ ਸਾਹਿਬ ਵੱਲੋਂ ਕੀਤੇ ਇਸ ਉਪਰਾਲੇ ਦੀ ਮੈਂ ਇੱਕ ਔਰਤ ਹੋਣ ਨਾਤੇ ਰੱਜ ਕੇ ਸਿਫ਼ਤ ਕਰਦੀ ਹਾਂ ਕਿਉਂਕਿ ਮੈਂ ਪੰਜਾਬ ਵਿੱਚ ਅੱਜ ਦੀਆਂ ਕੁਝ ਇਸ ਤਰਾਂ ਦੀਆਂ ਔਰਤਾਂ ਨੂੰ ਨਿੱਜੀ ਤੌਰ ਤੇ ਜਾਣਦੀ ਹਾਂ ਜ਼ਿਹਨਾਂ ਨੂੰ ਨਵੇਂ ਕੱਪੜੇ ਸਲਾਈ ਕਰਨੇ ਤਾਂ ਦੂਰ ਦੀ ਗੱਲ ਹੈ, ਊਧੜੇ ਪਾਟੇ ਕੱਪੜੇ ਵੀ ਸਿਊਣੇ, ਠੀਕ ਕਰਨੇ ਨਹੀਂ ਆਉਂਦੇ । ਇਹਨਾਂ ਸਲਾਈ ਸੈਂਟਰਾ ਵਿੱਚ ਸਲਾਈ ਸਿੱਖ ਕੇ ਜਿੱਥੇ ਔਰਤਾਂ ਆਪਣੇ ਕੱਪੜੇ ਸਲਾਈ ਕਰ ਸਕਣਗੀਆਂ ਉੱਥੇ ਆਪਣੇ ਰੋਜ਼ਗਾਰ ਦਾ ਸਾਧਨ ਵੀ ਬਣਾ ਸਕਣਗੀਆਂ
ਸਲਾਈ ਸਿੱਖਣ ਦੇ ਕਈ ਲਾਭ ਹਨ ਜਿਵੇਂ ਕਿ :-
ਔਰਤਾਂ ਦਾ ਮਾਨਸਿਕ ਵਿਕਾਸ ਹੁੰਦਾ ਹੈ। ਸਲਾਈ ਦਾ ਕਾਰਜ ਮਨ ਨੂੰ ਸ਼ਾਂਤ ਕਰਦਾ ਹੈ ਅਤੇ ਤਨਾਅ ਨੂੰ ਘਟਾਉਂਦਾ ਵਿੱਚ ਮਦਦ ਕਰਦਾ ਹੈ। ਬਹੁਤ ਸਾਰੀਆਂ ਔਰਤਾਂ ਵਿੱਚ ਪਾਏ ਜਾਂਦੇ ਡਿਪ੍ਰੈਸ਼ਨ ਵਰਗੀ ਬਿਮਾਰੀ ਦੇ ਲੱਛਣਾਂ ਨੂੰ ਖਤਮ ਕਰਨ ਵਿੱਚ ਦਵਾਈ ਨਾਲੋਂ ਵੀ ਤੇਜ਼ ਕਾਰਜ ਕਰਦਾ ਹੈ।
ਸਲਾਈ ਸਿੱਖਣ ਤੇ ਸਲਾਈ ਕਰਨ ਨਾਲ ਔਰਤਾਂ ਦੀ ਕਾਬਲੀਅਤ ਵਿੱਚ ਵਾਧਾ ਹੁੰਦਾ ਹੈ। ਜਦੋਂ ਔਰਤਾਂ ਸਿਲਾਈ ਕਰਦੀਆਂ ਹਨ ਤਾਂ ਅਕਸਰ ਵੱਖ ਵੱਖ ਰੰਗਾਂ ਤੇ ਨਮੂਨਿਆਂ ਦੇ ਕੱਪੜੇ ਬਣਾਉਂਦੀਆਂ ਹਨ ਜਿਸ ਨਾਲ ਉਹਨਾਂ ਦੇ ਅੰਦਰ ਹੋਰ ਕਈ ਤਰਾਂ ਦੇ ਗੁਣ ਉਤੇਜਿੱਤ ਹੁੰਦੇ ਹਨ ਤੇ ਔਗੁਣ ਖਤਮ ਹੋਣ ਲੱਗਦੇ ਹਨ।
ਸਲਾਈ ਕਰਨ ਦਾ ਕਾਰਜ ਜਿੱਥੇ ਦਿਮਾਗੀ ਹੈ ਉੱਥੇ ਨਾਲ ਹੀ ਸਹਿਜਤਾ ਭਰਿਆ ਵੀ ਹੈ। ਆਮ ਤੌਰ ਤੇ ਸਲਾਈ ਕਰਨ ਵਾਲੀਆਂ ਔਰਤਾਂ ਵਿੱਚ ਧੀਰਜ ਤੇ ਸੰਤੁਸ਼ਟੀ ਬਹੁਤ ਹੁੰਦੀ ਹੈ ਜੋ ਸਮੇਂ ਦੇ ਨਾਲ ਨਾਲ ਸਲਾਈ ਕਰਨ ਕਰਕੇ ਆਉਂਦੀ ਹੈ।
ਸਲਾਈ ਕਰਨ ਨਾਲ ਔਰਤਾਂ ਦੇ ਹੱਥਾਂ ਦਾ ਬਹੁਤ ਵਿਕਾਸ ਹੁੰਦਾ ਹੈ ਤੇ ਮਸ਼ੀਨੀ ਜਾਣਕਾਰੀ ਵਿੱਚ ਵਾਧਾ ਹੁੰਦਾ ਹੈ, ਜੋ ਕਿ ਹੋਰ ਕੰਮਾਂ ਨੂੰ ਤੇਜ਼ੀ ਨਾਲ ਕਰਨ ਵਿੱਚ ਵੀ ਬਹੁਤ ਲਾਭਦਾਇਕ ਸਿੱਧ ਹੁੰਦਾ ਹੈ।
ਸਲਾਈ ਕਰਨ ਨਾਲ ਜਿੱਥੇ ਔਰਤਾਂ ਆਪਣਾ ਪੈਸਾ ਬਚਾ ਸਕਦੀਆਂ ਹਨ ਉੱਥੇ ਨਾਲ ਹੀ ਹੋਰ ਪੈਸਾ ਕਮਾ ਵੀ ਸਕਦੀਆਂ ਹਨ।
ਸਲਾਈ ਕਰਨ ਨਾਲ ਔਰਤਾਂ ਦਾ ਸਮਾਂ ਬਹੁਤ ਵਧੀਆ ਬਤੀਤ ਹੁੰਦਾ ਹੈ। ਸਲਾਈ ਹਰ ਵਿਹਲੇ ਵਕਤ ਨੂੰ ਸਾਰਥਕ ਬਣਾਉਣ ਦਾ ਬਹੁਤ ਵਧੀਆ ਸਾਧਨ ਹੈ।
ਸਲਾਈ ਸੈਂਟਰ ਵਿੱਚ ਜਾਣ ਜਾਂ ਔਰਤਾਂ ਦੇ ਗਰੁੱਪਾਂ ਵਿੱਚ ਸ਼ਾਮਲ ਹੋਣ ਨਾਲ ਔਰਤਾਂ ਨੂੰ ਨਵੀਆਂ ਸਹੇਲੀਆਂ ਬਣਾਉਣ, ਸਮਾਜਿਕ ਸਬੰਧ ਬਣਾਉਣ, ਸਮਾਜਿਕ ਕਦਰਾਂ ਕੀਮਤਾਂ ਨੂੰ ਜਾਨਣ ਵਿੱਚ ਬਹੁਤ ਮਦਦ ਮਿਲਦੀ ਹੈ।
ਜੇ ਔਰਤ ਸਲਾਈ ਵਿੱਚ ਨਿਪੁੰਨ ਹੋ ਜਾਵੇ, ਤਾਂ ਉਹ ਆਪਣੇ ਸਲਾਈ ਕੀਤੇ ਹੋਏ ਕੱਪੜਿਆਂ ਦੀ ਵਿਕਰੀ ਕਰਕੇ ਬਹੁਤ ਸਾਰਾ ਪੈਸਾ ਕਮਾ ਸਕਦੀ ਹੈ ਜੋ ਕਿ ਅੱਜ ਦੇ ਸਮੇਂ ਦੀ ਬਹੁਤ ਵੱਡੀ ਲੋੜ ਹੈ।
ਮੇਰੀਆਂ ਭੈਣਾਂ ਗੁੱਸਾ ਨਾ ਕਰਨ ਪਰ ਆਮ ਤੌਰ ਤੇ ਪੰਜਾਬ ਵਿੱਚ ਦੇਖਣ ਵਿੱਚ ਆਉਂਦਾ ਹੈ ਕਿ ਲਗਭਗ ਹਰ ਦਰਜੀ ਜਾ ਹਰ ਬੁਟੀਕ ਤੇ ਸਲਾਈ, ਕਢਾਈ ਕਰਨ ਵਾਲਾ ਹਮੇਸ਼ਾ ਇੱਕ ਮਰਦ ਹੀ ਹੁੰਦਾ ਹੈ। ਭਾਵੇਂ ਕਿ ਇਹ ਕੰਮ ਜ਼ਿਆਦਾ ਔਰਤਾਂ ਦੇ ਕਰਨ ਦਾ ਹੈ ਨਾ ਕਿ ਮਰਦਾਂ ਦੇ। ਹੋ ਸਕਦਾ ਅੱਜ ਦੀਆਂ ਕੁਝ ਔਰਤਾਂ ਇਸ ਕੰਮ ਵਿੱਚ ਨਿਪੁੰਨਤਾ ਹਾਸਲ ਕਰਨ ਵਿੱਚ ਸ਼ਰਮ ਮਹਿਸੂਸ ਕਰਦੀਆਂ ਹੋਣ। ਅੱਜ ਵੱਡੇ ਵੱਡੇ ਬੁਟੀਕ ਦੀ ਮਾਲਕਣ ਇੱਕ ਔਰਤ ਜ਼ਰੂਰ ਹੁੰਦੀ ਹੈ ਪਰ ਕਾਰੀਗਰ ਕਦੇ ਵੀ ਔਰਤ ਆਪ ਨਹੀਂ ਹੁੰਦੀ, ਜ਼ਿਆਦਾਤਰ ਕਾਰੀਗਰ ਮਰਦ ਹੀ ਵਿਖਾਈ ਦਿੰਦੇ ਹਨ। ਔਰਤਾਂ ਨੂੰ ਵੀ ਸਲਾਈ ਦਾ ਕਾਰਜ ਸਿੱਖ ਕੇ ਨਿਪੁੰਨਤਾ ਹਾਸਲ ਕਰਕੇ ਨਾਮ ਕਮਾਉਣਾ ਚਾਹੀਦਾ ਹੈ।
ਗੁਰੂ ਕੀ ਰਸੋਈ ਸਮੇਂ ਸਮੇਂ ਸਲਾਈ ਸੈਂਟਰ ਚਲਾ ਕੇ ਔਰਤਾਂ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾਉਂਦੀ ਰਹੇਗੀ। ਆਉ ਅਸੀਂ ਵੀ ਗੁਰੂ ਕੀ ਰਸੋਈ ਨਵਾਂ ਸ਼ਹਿਰ ਨਾਲ ਜੁੜੀਏ ਤੇ ਆਪਣਾ ਬਣਦਾ ਯੋਗਦਾਨ ਦੇਈਏ ਜੀ।
ਸਰਬਜੀਤ ਸਿੰਘ ਜਰਮਨੀ