ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚ ਕੁਦਰਤ ਦਾ ਖੂਬਸੂਰਤ ਵਰਣਨ ਮਾਨਵਤਾ ਲਈ ਪ੍ਰਤੀਕਾਤਮਿਕ ਸੰਦੇਸ਼ ਹੈ | ਗੁਰੂ ਜੀ ਨੇ ਮਾਨਵਤਾ ਦੇ ਸਿੱਧੇ ਰਸਤੇ ਪਾਉਣ ਲਈ, ਅਧਿਆਤਮਿਕਤਾ ਦੇ ਸੱਚੇ ਰਸਤੇ ਉਪਰ ਚੱਲਣ ਲਈ ਸ਼ਬਦਾਂ ਦੇ ਰੂਪ ਵਿਚ ਬਾਣੀ ਦੀ ਖੋਜ ਕੀਤੀ ਹੈ | ਕਵੀ ਬਾਬਾ ਨਾਨਕ ਨੇ ਆਪਣੀ ਕਵਿਤਾ ਵਿਚ (ਬਾਣੀ ਵਿਚ) ਅਨੇਕਾਂ ਹੀ ਛੋਟੀਆਂ ਵੱਡੀਆਂ ਬਹਿਰਾਂ (ਵਜ਼ਨ) ਦਾ ਪ੍ਰਯੋਗ ਕੀਤਾ ਹੈ | ਇਹ ਬਹਿਰਾਂ ਉਨ੍ਹਾਂ ਦੇ ਹਿਰਦੇ ‘ਚੋਂ ਆਪਣੇ ਆਪ ਵਾਹਿਗੁਰੂ ਦੀ ਦਾਤ ਬਣਕੇ ਉਤਰੀਆਂ |
ਕਵੀ ਬਾਬਾ ਨਾਨਕ ਨੇ ਧੁਰੋਂ ਉਤਰੀ ਬਾਣੀ ਨੂੰ ਆਪਣੇ ਸ਼ਬਦਾਂ ਵਿਚ ਪਿਰੋ ਕੇ ਮਾਨਵਤਾ ਲਈ ਸੂਰਜਤਾ ਪੈਦਾ ਕੀਤੀ ਹੈ | ਆਪਣੀ ਬਾਣੀ ਵਿਚ ਗੁਰੂ ਜੀ ਨੇ ਏਨੀਆਂ ਬਹਿਰਾਂ ਦਾ ਪ੍ਰਯੋਗ ਕੀਤਾ ਹੈ, ਜਿਨ੍ਹਾਂ ਦਾ ਜ਼ਿਕਰ ਹੋਰ ਕਿਸੇ ਗ੍ਰੰਥ ਵਿਚ ਨਹੀਂ ਮਿਲਦਾ | ਉਨ੍ਹਾਂ ਜੋ ਕੁਝ ਅੱਖੀਂ ਵੇਖਿਆ ਉਸਨੂੰ ਆਪਣੀ ਅੱਖਰ ਜਨਨੀ ਵਿਚ ਪਿਰੋ ਕੇ ਖੂਬਸੂਰਤ ਐਨ ਢੁਕਦੇ ਬਿੰਬਾਂ, ਪ੍ਰਤੀਕਾਂ, ਰਾਹੀਂ ਸਮਾਜ ਅੱਗੇ ਪੇਸ਼ ਕੀਤਾ ਹੈ | ਮਗਰ ਅਤਿ ਮੁਸ਼ਕਿਲ ਅਤੇ ਆਸਾਨ ਬਹਿਰਾਂ ਦੀ ਜਾਣਕਾਰੀ ਲੈਣੀ ਹੋਵੇ, ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਿਆ, ਘੋਖਿਆ ਜਾਵੇ |
ਕਵੀ ਬਾਬਾ ਨਾਨਕ ਨੇ ਆਪਣੀ ਬਾਣੀ ਵਿਚ ਕੁਦਰਤ ਅਤੇ ਸਿ੍ਸ਼ਟੀ ਦੇ ਕਣ-ਕਣ ਉਪਰ ਲਿਖਿਆ ਹੈ, ਪਰ ਅਸੀਂ ਇਥੇ ਸਿਰਫ਼ ਕਵੀ ਬਾਬਾ ਨਾਨਕ ਬਾਣੀ ਵਿਚ ਰੁੱਖ, ਮੌਸਮ, ਵਾਤਾਵਰਣ (ਕੁਦਰਤ) ਦੇ ਮਨਮੋਹਣੇ ਸੰਦੇਸ਼ਮਈ ਅਲੰਕਾਰਾਂ, ਪ੍ਰਤੀਕਾਂ, ਬਿੰਬਾਂ ਦਾ ਹੀ ਉਲੇਖ ਕੀਤਾ ਹੈ | ਜਿਸ ਖੂਬਸੂਰਤੀ ਅਤੇ ਅਧਿਆਤਮਿਕਤ ਸੱਚਖੰਡ ਦੀ ਸ਼ਕਤੀ ਨਾਲ ਬਾਣੀ ਲਿਖਕੇ ਮਾਨਵਤਾ ਨੂੰ ਜ਼ਿੰਦਗੀ ਦੇ ਸਹੀ ਅਰਥ ਸਮਝਾ ਦਿੱਤੇ ਹਨ |
ਗੁਰੂ ਜੀ ਆਖਦੇ ਹਨ, ”ਕੁਦਰਤਿ ਦਿਸੈ ਕੁਦਰਤਿ ਸੁਣੀਐ ਕੁਦਰਤਿ ਭਉ ਸੁਖਸਾਰੂ” ਕੁਦਰਿਤ ਪਾਤਾਲੀ ਆਕਾਸੀ ਕੁਦਰਤਿ ਸਰਬ ਆਕਾਰੁ” ਕੁਦਰਤਿ ਵੇਦ ਪੁਰਾਣ ਕਤੇਬਾ ਕੁਦਰਤਿ ਸਰਬ ਵੀਚਾਰੁ” ਕੁਦਰਤਿ ਖਾਣਾ ਪੀਣਾ ਪੈਨਣੁ ਕੁਦਰਤਿ ਸਰਬ ਪਿਆਰੁ | ਕੁਦਰਤਿ ਜਾਤੀ ਜਿਨਸੀ ਰੰਗੀ ਕੁਦਰਤਿ ਜੀਆ ਜਹਾਨ” ਕੁਦਰਤਿ ਨੇਕੀਆ ਕੁਦਰਤਿ ਬਦੀਆ ਕੁਦਰਤਿ ਮਾਨੁ ਅਭਿਮਾਨੁ” ਕੁਦਰਤਿ ਪਾਉਣ ਪਾਣੀ ਬੈਸੰਤਰ ਕੁਦਰਤਿ ਧਰਤੀ ਖਾਕੁ” ਸਭ ਤੇਰੀ ਕੁਦਰਤਿ ਤੂੰ ਕਾਦਿਰੁ ਕਰਦਾ ਪਾਕੀ ਨਾਈ ਪਾਕੁ” ਨਾਨਕ ਹੁਕਮੈ ਅੰਦਰਿ ਵੇਖੈ ਵਰਤੈ ਤਾਕੋ ਤਾਕ”
ਭਾਵ ਕਿ ਜੀਵਾਂ ਦਾ ਵੇਖਣਾ, ਸੁਣਨਾ, ਵਾਹਿਗੁਰੂ ਦੇ ਡਰ ਅੰਦਰ ਰਹਿਣਾ, ਸੁਖ ਭੋਗਣੇ ਸਭ ਵਾਹਿਗੁਰੂ ਜੀ ਦੀ ਕੁਦਰਤ ਹੈ | ਪਾਤਾਲ, ਆਕਾਸ਼, ਸਾਰੇ ਆਕਾਰਾਂ ਦੀ ਸਿਰਜਣਾ ਵਾਹਿਗੁਰੂ ਜੀ ਦੀ ਕੁਦਰਤ ਹੈ | ਵੇਦ ਆਦਿ ਧਰਮਾਂ ਗ੍ਰੰਥਾਂ ਦੀ ਰਚਨਾ ਹੋਈ ਅਤੇ ਇਨ੍ਹਾਂ ਦੇ ਵੀਚਾਰਾਂ ਦਾ ਫੈਲਾਉ ਹੋਣਾ ਵਾਹਿਗੁਰੂ ਜੀ ਤੇਰੀ ਕੁਦਰਤ ਹੈ | ਜੀਵਾਂ ਦਾ ਖਾਣ ਪੀਣ, ਕਪੜੇ ਆਦਿ ਪਾਉਣ ਦੇ ਢੰਗ ਤਰੀਕੇ ਅਤੇ ਤਰ੍ਹਾਂ ਤਰ੍ਹਾਂ ਦੇ ਪ੍ਰੇਮ ਆਦਿ ਪਰਮਾਤਮਾ ਦੀ ਕੁਦਰਤ ਦਾ ਹਿੱਸਾ ਹਨ | ਅਨੇਕਾਂ ਜਾਤਾਂ, ਜਿਨਸਾਂ, ਰੰਗਾਂ ਅਨੁਸਾਰ ਜੀਵਾਂ ਦੀ ਸਿਰਜਣਾ, ਸੰਸਾਰ ਵਿਚ ਨੇਕੀਆਂ ਬਦੀਆਂ, ਅਨੇਕਾਂ ਮਾਨ-ਮਰਿਆਦਾ, ਅਨੇਕਾਂ ਤਰ੍ਹਾਂ ਦੇ ਹੰਕਾਰ, ਹਵਾ ਪਾਣੀ ਅੱਗ ਧਰਤੀ ਦੀ ਬਣਤਰ ਆਦਿ | ਹੇ ਵਾਹਿਗੁਰੂ ਜੀ! ਸਭ ਤੇਰੀ ਕੁਦਰਤ ਹੈ ਅਤੇ ਤੂੰ ਇਸ ਕੁਦਰਤ ਦਾ ਕਰਤਾ ਮਾਲਿਕ ਹੈ ਅਤੇ ਤੇਰੀ ਵਡਿਆਈ ਬੜੀ ਪਾਕ-ਪਵਿੱਤਰ ਹੈ | ਇਹ ਸਾਰਾ ਕੁਝ ਤੇਰੇ ਹੁਕਮ ਅੰਦਰ ਹੈ ਅਤੇ ਤੂੰ ਇਸ ਸਾਰੇ ਵਰਤਾਰੇ ਨੂੰ ਇਕੱਲਾ ਖੁਦ ਹੀ ਦੇਖ, ਸੰਭਾਲ ਕਰ ਰਿਹਾ ਹੈ |
ਸੰਦੇਸ਼ :- ਉਹ ਵਾਹਿਗੁਰੂ, ਪਰਮਾਤਮਾ ਕਣ-ਕਣ ਵਿਚ ਬਿਰਾਜਮਾਨ ਹੈ ਅਤੇ ਕੁਦਰਤ ਦੀ ਸਾਰੀ ਹੋਂਦ ਉਸਦੀ ਕਿਰਪਾ ਸਦਕੇ ਹੀ ਹੈ | ਮਨੁੱਖ ਨੂੰ ਕੁਦਰਤ ਦੇ ਨਿਯਮਾਂ ਅਤੇ ਅਨੁਸ਼ਾਸਨ ਤੋਂ ਸਬਕ ਲੈਣਾ ਚਾਹੀਦਾ ਹੈ | ਕੁਦਰਤ ਦਾਨ ਕਰਦੀ ਹੈ, ਦਾਨ ਲੈਂਦੀ ਨਹੀਂ | ਆਕਾਸ਼, ਧਰਤੀ, ਪਾਣੀ, ਹਵਾ, ਅੱਗ ਆਦਿ ਮਨੁੱਖ ਨੂੰ ਦਾਨ ਕਰਦੇ ਹਨ | ਮਨੁੱਖ ਵੀ ਦੂਸਰਿਆਂ ਦੀ ਮਦਦ ਕਰੇ ਆਦਿ |
ਗੁਰੂ ਜੀ ਆਖਦੇ ਹਨ:- ”ਜਾ ਕੇ ਰੁਖ ਬਿਰਖ ਆਰਾਉ” ਜੇਹੀ ਧਾਤੁ ਤੇਹਾ ਤਿਨ ਨਾਉ” ਫੁਲੁ ਭਾਉ ਫਲੁ ਲਿਖਿਆ ਪਾਇ” ਆਪਿ ਬੀਜਿ ਆਪੇ ਹੀ ਖਾਇ”
ਭਾਵ ਕਿ ਜਿਸ ਮਾਲੀ ਨੇ ਰੁੱਖ, ਦਰਖਤ, ਬੂਟੇ ਲਗਾਏ ਹੁੰਦੇ ਨੇ, ਉਹ ਹੀ ਉਨ੍ਹਾਂ ਨੂੰ ਸੰਵਾਰਦਾ ਹੈ ਅਤੇ ਜਿਸ ਤਰ੍ਹਾਂ ਦਾ ਬੂਟੇ ਦਾ ਜੀਵਨ ਹੁੰਦਾ ਹੈ, ਉਸੇ ਹਿਸਾਬ ਨਾਲ, ਉਹੋ ਜਿਹਾ ਉਸਦਾ ਨਾਂਅ ਪੈ ਜਾਂਦਾ ਹੈ | ਮਨੁੱਖ ਦੇ ਜੀਵਨ ਦੇ ਜਿਸ ਤਰ੍ਹਾਂ ਫੁੱਲ ਹੁੰਦੇ ਹਨ, ਉਸੇ ਹੀ ਹਿਸਾਬ ਨਾਲ ਉਸਦਾ ਫਲੱ ਪੈਂਦਾ ਹੈ | ਜੋ ਕਰਮ ਕਰੇ ਉਸੇ ਹਿਸਾਬ ਨਾਲ ਫਲ ਮਿਲੇਗਾ | ਮਨੁੱਖ ਜੋ ਬੀਜਦਾ ਹੈ ਉਸਦਾ ਹੀ ਫਲ ਉਸਨੂੰ ਖਾਣਾ ਪੈਂਦਾ ਹੈ |
ਸੰਦੇਸ਼:-ਮਨੁੱਖ ਨੂੰ ਚੰਗੇ-ਮਾੜੇ ਕਰਮਾਂ ਦੇ ਹਿਸਾਬ ਨਾਲ ਹੀ ਸਭ ਕੁਝ ਮਿਲਦਾ ਹੈ | ਆਦਮੀ ਜਿਸ ਤਰ੍ਹਾਂ ਦਾ ਕਰਮ ਕਰਦਾ ਹੈ, ਉਸਨੂੰ ਫਲ ਵੀ ਉਸੇ ਤਰ੍ਹਾਂ ਨਾਲ ਮਿਲਦਾ ਜਾਂਦਾ ਹੈ | ਮਨੁੱਖ ਨੇਕ ਕਰਮ ਕਰੇ |
ਗੁਰੂ ਜੀ ਕਹਿੰਦੇ ਹਨ:- ”ਸੁਇਨੇ ਕਾ ਬਿਰਖੁ ਪਤ ਪਰਵਾਲਾ ਫੁਲ ਜਵੇਹਰ ਲਾਲ” ਤਿਤੁ ਫਲ ਰਤਨ ਲਗਹਿ ਮੁਖਿ ਭਾਖਿਤ ਹਿਰਦੈ ਰਿਦੈ ਨਿਹਾਲੁ” ਨਾਨਕ ਕਰਮੁ ਹੋਵੈ ਮੁਖਿ ਮਸਤਕਿ ਲਿਖਿਆ ਹੋਵੈ ਲੇਖੁ” ਅਠਿਸਿਠ ਤੀਰਥ ਗੁਰ ਕੀ ਚਰਣੀ ਪੁਜੈ ਸਦਾ ਵਿਸੇਖੁ”
ਭਾਵ ਕਿ ਗੁਰੂ ਇਕ ਸੋਨੇ ਦਾ ਰੁੱਖ ਹੈ, ਜਿਸਦੇ ਪੱਤੇ ਮੂੰਗੇ ਹਨ ਅਤੇ ਫੁੱਲ ਜਵਾਹਰ ਲਾਲ ਹਨ | ਅਮੋਲਕ ਬਚਨ ਫਲ ਹਨ, ਇਸ ਕਰਕੇ ਗੁਰੂ ਦੇ ਬਚਨਾਂ ਨੂੰ ਹੀ ਹਿਰਦੇ ਦੇ ਅੰਦਰ ਰੱਖ ਲੈ ਅਤੇ ਮੂੰਹ ਮੱਥੇ ਉਪਰ ਸ਼ੁੱਧ ਕਰਮ ਹੋਵੇ, ਤਾਂ ਗੁਰੂ ਦੇ ਚਰਨਾਂ ਨੂੰ ਹੀ 68 ਤੀਰਥ ਸਮਝ, ਵਿਸ਼ੇਸ ਜਾਣ |
ਸੰਦੇਸ਼:- ਤੀਰਥਾਂ ਆਦਿ ‘ਤੇ ਜਾਣ ਨਾਲੋਂ ਚੰਗਾ ਹੈ, ਕਿ ਗੁਰੂ ਦੇ ਚਰਨਾਂ ਨੂੰ ਹੀ ਸਭ ਕੁਝ ਸਮਝ | ਗੁਰੂ ਦੀ ਭਗਤੀ ਨਾਲ, ਵਾਹਿਗੁਰੂ ਦੀ ਸਾਧਨਾ ਨਾਲ ਜੁੜਣ ਵਾਲੇ ਮਨੁੱਖ ਹੀ ਸੱਚਾ ਮਾਰਗ ਲਭਦੇ ਹਨ | ਭਟਕਣਾ ਮਨੁੱਖ ਲਈ ਗਿਰਾਵਟ ਹੈ | ਗੁਰੂ ਸਾਹਿਬ ਨੇ ਗੁਰੂ ਨੂੰ ਰੱਖਾਂ ਵਾਂਗ ਕੁਦਰਤ ਦੀ ਕਿਰਪਾ ਵਾਂਗ ਦੱਸਿਆ ਹੈ | ਮਨੁੱਖ ਵਹਿਮਾਂ ਭਰਮਾਂ ਵਿਚ ਨਾ ਪਵੇ ਆਦਿ |
ਕਵੀ ਗੁਰੂ ਨਾਨਕ ਕਹਿੰਦੇ ਹਨ:- ” ਗਾਵਿਨ ਤੁਧਨੋ ਪਵਣੁ ਪਾਣੀ ਬੈਸੰਤਰੁ ਗਾਵੈ ਰਾਜਾ ਧਰਮੁ ਦੁਆਰੇ |”
ਭਾਵ ਕਿ ਪਰਮਾਤਮਾ ਦੀ ਉਸਤਤ ਤਾਂ ਹਵਾ ਪਾਣੀ ਅੱਗ ਵੀ ਗਾਉਂਦੇ ਹਨ, ਰਾਜੇ ਮਹਾਂਰਾਜੇ ਅਤੇ ਧਰਮ ਸਥਾਨਾਂ ‘ਤੇ ਵੀ ਉਸਦੀ ਮਹਿਮਾ ਹੈ |
ਸੰਦੇਸ਼:-ਮਨੁੱਖ ਨੂੰ ਵੀ ਕੁਦਰਤ ਦੀ ਉਸਤਤ ਕਰਦੀ ਚਾਹੀਦੀ ਹੈ, ਉਸਦੀ ਮਰਿਆਦਾ ਵਿਚ ਰਹੇ, ਉਸਦਾ ਨਾਮ ਜਪੇ ਜਿਸਨੇ ਸਾਰੀ ਸਿ੍ਸ਼ਟੀ ਥਾਪੀ ਹੈ |
ਗੁਰੂ ਜੀ ਕਹਿੰਦੇ ਹਨ:- ”ਤੁਧੁ ਆਪੇ ਸਿ੍ਸ਼ਟਿ ਸਭ ਉਪਾਈ ਜੀ ਤਧੁ ਆਪੇ ਸਿਰਜਿ ਸਭ ਗੋਈ” ਜਨੁ ਨਾਨਕੁ ਗੁਣ ਗਾਵੈ ਕਰਤੇ ਕੇ ਜੀ ਜੋ ਸਭਸੈ ਕਾ ਜਾਣੋਈ”
ਭਾਵ ਕਿ ਉਹ ਵਾਹਿਗੁਰੂ (ਪਰਮਾਤਮਾ) ਹੀ ਸਾਰੀ ਸਿ੍ਸ਼ਟੀ ਦਾ ਰਚਨਹਾਰ ਅਤੇ ਪਾਲਣਹਾਰ ਹੈ, ਜੋ ਪਰਮਾਤਮਾ ਦੇ ਗੁਣ ਗਾਉਂਦਾ ਹੈ, ਜਿਸਨੇ ਸਭ ਨੂੰ ਜਨਮ ਦਿੱਤਾ ਹੈ | ਸਭ ਨੂੰ ਉਸਦਾ ਹੀ ਆਸਾਰਾ ਹੈ | ਨਾਨਕ ਦਾਸ ਵੀ ਉਸ ਕਰਤੇ ਦੇ ਗੁਣ ਗਾਉਂਦਾ ਹੈ ਜੋ ਸਾਰਿਆਂ ਦੀ ਗੱਲ ਜਾਣਦਾ ਹੈ |
ਸੰਦੇਸ਼:- ਜਿਸ ਪਰਮਾਤਮਾ ਨੇ ਸਾਰੀ ਸਿ੍ਸ਼ਟੀ ਰਚੀ ਹੈ | ਸਭ ਦਾ ਪਾਲਣਹਾਰ ਹੈ, ਉਸਨੂੰ ਮਨੁੱਖ ਸਦਾ ਯਾਦ ਰੱਖੇ ਅਤੇ ਉਸਦੇ ਨਾਮ ਵਿਚ ਸਧਾ ਲੀਨ ਰਵੇ, ਤਾਂ ਹੀ ਮਨੁੱਖ ਦਾ ਜਨਮ ਸਫ਼ਲ ਹੋ ਸਕਦਾ ਹੈ |
ਗੁਰੂ ਜੀ ਕਹਿੰਦੇ ਹਨ:-”ਧਰਮੁ ਭੂਮਿ ਸਤੁ ਬੀਜੁ ਕਰਿ ਐਸੀ ਕਿਰਸ ਕਮਾਵਹੁ¨ ਤਾਂ ਵਾਪਾਰੀ ਜਾਣੀਅਹੁ ਲਾਹਾ ਲੈਜਾਵਹੁ”
ਭਾਵ ਕਿ ਧਰਮ ਨੂੰ ਧਰਤੀ ਦੀ ਤਰ੍ਹਾਂ ਬਣਾਓ, ਸੱਚਾਈ ਨੂੰ ਬੀਜ ਦੀ ਤਰ੍ਹਾਂ ਬਣਾਕੇ ਇਸ ਤਰ੍ਹਾਂ ਦੀ ਖੇਤੀ ਕਰੋ ਤਾਂ ਉਸ ਪ੍ਰਭੂ ਦੇ ਨਾਮ ਨੂੰ ਸਮਝ ਜਾਉਗੇ |
ਸੰਦੇਸ਼:-ਮਨੁੱਖ ਨੂੰ ਖੂਬਸੂਰਤ ਪ੍ਰਤੀਕਾਂ ਨਾਲ ਸਮਝਾਇਆ ਗਿਆ ਹੈ, ਕਿ ਧਰਤੀ ਵਰਗਾ ਧਰਮ ਹੋਵੇ, ਧਰਮ ਦਾਨੀ ਹੋਵੇ, ਨਿਸ ਸਵਾਰਥ ਹੋਵੇ, ਬਸ ਦੇਵੇ ਹੀ ਦੇਵੇ, ਲਵੇ ਕੁਝ ਨਾ, ਸੱਚ ਵਰਗਾ ਧਰਮ ਹੋਵੇ, ਧਰਤੀ ਵਾਂਗ ਇਸਦੀ ਪੂਜਾ ਹੋਵੇ | ਧਰਤੀ ਵਰਗੀ ਸ਼ਹਿਨਸ਼ਕਤੀ ਹੋਵੇ | ਸੱਚਾਈ ਨੂੰ ਬੀਜ ਦੀ ਤਰ੍ਹਾਂ ਸਮਝ, ਜਿਸ ਤਰ੍ਹਾਂ ਬੀਜ ਧਰਤੀ ‘ਚੋਂ ਉਗ ਕੇ ਹਰਿਆਵਲ ਦਿੰਦਾ ਹੈ, ਮਨੁੱਖ ਤੂੰ ਵੀ ਇੰਝ ਦਾ ਬਣ | ਇਸ ਤਰ੍ਹਾਂ ਦੀ ਕਰਮਰੂਪੀ ਖੇਤੀ ਕਰ, ਤਾਂ ਜੋ ਤੇਰਾ ਕਰਮ ਸ਼ੁੱਧ-ਸੁਖਦਾਇਕ ਹੋਵੇ |
”ਏਕੋ ਅੰਮਿ੍ਤ ਬਿਰਖੁ ਹੈ ਫਲੁ ਅੰਮਿ੍ਤ ਹੋਈ” ਅੰਮਿ੍ਤ ਫਲੁ ਜਿਨੀ ਚਾਖਿਆ ਸਚਿ ਰਹੇ ਅਘਾਈ |”
ਭਾਵ ਕਿ ਅੰਮਿ੍ਤ ਦਾ ਰੁੱਖ ਇਕ ਹੀ ਹੈ, ਜਿਸਦਾ ਫਲ ਵੀ ਅੰਮਿ੍ਤ ਵਰਗਾ ਹੈ | ਜੋ ਸੱਚ ਨਾਲ ਰੱਜ ਗਏ ਹਨ, ਜਿਨ੍ਹਾਂ ਅੰਮਿ੍ਤ ਫਲ ਦਾ ਸਵਾਦ ਚੱਖਿਆ ਹੈ, ਉਨ੍ਹਾਂ ਨੂੰ ਅਗਿਆਨ ਨਹੀਂ, ਨਾ ਹੀ ਕਿਸੇ ਨਾਲ ਮਤਭੇਦ ਜਾਂ ਫਰਕ ਹੈ, ਪਰਮਾਤਮਾ ਨਾਲ ਰਸਨਾ ਰੰਗੀ ਗਈ ਹੈ | ਭਾਵ ਕਿ ਜੋ ਮਨੁੱਖ ਉਸਦੇ ਸੱਚੇ ਨਾਮ ਨਾਲ ਜੁੜ ਜਾਂਦੇ ਹਨ, ਉਨ੍ਹਾਂ ਵਿਚ ਛੋਟਾ-ਵੱਡਾ, ਉਚਾ-ਨੀਵਾਂ ਕੁਝ ਨਈ ਰਹਿ ਜਾਂਦਾ, ਉਹ ਮਨੁੱਖ ਉਸ ਹਰੀ ਦੇ ਨਾਮ ਵਿਚ ਰੰਗੇ ਜਾਂਦੇ ਹਨ |
ਸੰਦੇਸ਼:-ਜੋ ਸਾਧਕ, ਜੋ ਮਨੁੱਖ ਉਸ ਪ੍ਰਭੂ ਨਾਲ ਇਕਮਿਕ ਹੋ ਜਾਂਦੇ ਹਨ, ਉਹ ਧੰਨ ਪੁਰਸ਼ ਹਨ | ਉਨ੍ਹਾਂ ਨੂੰ ਕਿਸੇ ਵਿਚ ਕੋਈ ਫਰਕ ਨਜ਼ਰ ਨਹੀਂ ਆਉਂਦਾ | ਸਭ ਬਰਾਬਰ ਨਜ਼ਰ ਆਉਂਦੇ ਹਨ | ਮਨੁੱਖ ਨੂੰ ਸੱਚ ਦੇ ਰਸਤੇ ਚਲ ਕੇ ਮਾਨਵਤਾ ਨੂੰ ਪਿਆਰ ਕਰਨਾ ਚਾਹੀਦਾ ਹੈ ਆਦਿ |
”ਸਿੰਮਲ ਰੁਖੁ ਸਰਾਇਰਾ ਅਤਿ ਦੀਰਘ ਅਤਿ ਮੁਚੁ” ਓਇ ਜਿ ਆਵਹਿ ਆਸ ਕਰ ਜਾਹਿ ਨਿਰਾਸੇ ਕਿਤੁ” ਫਲ ਫਿਕੇ ਫੁਲ ਬਕਬਕੇ ਕੰਮਿ ਨ ਆਵਹਿ ਪਤ” ਮਿਠਤੁ ਨੀਵੀ ਨਾਨਕਾ ਗੁਰਣ ਚੰਗਿਆਈਆ ਤਤੁ”
ਭਾਵ ਕਿ ਗੁਰੂ ਸਾਹਿਬ ਨੇ ਕਿੰਨੀ ਖੂਬਸੂਰਤ ਤਸਬੀਹ ਨਾਲ ਮਨੁੱਖ ਨੂੰ ਸਮਝਾਇਆ ਹੈ | ਸਿੰਮਲ ਦਾ ਰੁੱਖ ਸਿੱਧਾ ਲੰਬਾ ਅਤੇ ਗੁੱਛੇਦਾਰ ਹੁੰਦਾ ਹੈ | ਇਸ ਉਪਰ ਜੇਕਰ ਕੋਈ ਆਸ ਕਰਕੇ ਆਵੇ, ਤਾਂ ਉਹ ਨਿਰਾਸ਼ ਹੋ ਕੇ ਜਾਂਦਾ ਹੈ, ਕਿਉਂਕਿ ਇਸਦੇ ਫਲ ਫਿੱਕੇ ਅਤੇ ਫੁੱਲ ਬਕਬਕੇ ਹੁੰਦੇ ਹਨ ਅਤੇ ਪੱਤੇ ਕਿਸੇ ਵੀ ਕੰਮ ਨਹੀਂ ਆਉਂਦੇ |
ਸੰਦੇਸ਼:-ਭਾਵ ਕਿ ਕਦ-ਕਾਠ ਦੇ ਉਚੇ ਵਿਅਕਤੀ ਕੋਲ ਜੇ ਗੁਣ ਨਹੀਂ, ਉਹ ਕਿਸੇ ਦੇ ਕੰਮ ਨਹੀਂ ਆਉਂਦਾ, ਤਾ ਉਹ ਬੇਕਾਰ ਹੈ | ਸਮਾਜ ਵਿਚ ਉਸਦੀ ਕੋਈ ਕਦਰ ਨਹੀਂ | ਜਿਸਦਾ ਸੁੱਖ ਕੋਈ ਨਹੀਂ, ਉਹ ਵਿਅਕਤੀ ਵੀ ਕੀ ਏ? ਨੀਵੀਂ ਚੀਜ਼ ਮਿੱਠੀ ਹੈ, ਤਾਂ ਉਸ ਵਿਚ ਚੰਗਿਆਈ ਦੇ ਤੱਤ ਹੁੰਦੇ ਹਨ | ਨੀਵੇਂ (ਨਿਮਰਤਾ) ਅਤੇ ਗੁਣਾਂ ਵਾਲੇ ਇਨਸਾਨ ਵਿਚ ਚੰਗਿਆਈ ਦੇ ਸਾਰੇ ਤੱਤ ਹੁੰਦੇ ਹਨ ਆਦਿ |
”ਗਗਨ ਮੈ ਥਾਲੁ ਰਵਿ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ¨ ਧੂਪ ਮਲਆਨਲੋ ਪਵਣੁ ਚਵਰੋ ਕਰੇ ਸਗਲ ਬਨਰਾਇ ਫੂਲੰਤ ਜੋਤੀ | |”
ਭਾਵ ਕਿ ਅਸਮਾਨ ਰੂਪੀ ਥਾਲ ਹੈ ਜਿਸ ਵਿਚ ਸੂਰਜ ਚੰਨ ਦੀਵੇ ਧਰੇ ਹੋਏ ਹਨ ਅਤੇ ਤਾਰਿਆਂ ਦਾ ਸਮੂਹ ਮੋਤੀ ਹਨ | ਗੁਰੂ ਨਾਨਕ ਦੇਵ ਜੀ ਨੇ ਕੁਦਰਤ ਦਾ ਸੁਹਣਾ ਚਿਤਰਨ ਆਰਤੀ ਦੇ ਰੂਪ ਵਿਚ ਕੀਤਾ ਹੈ | ਇਸ ਆਰਤੀ ਵਿਚ ਏਨੇ ਸ਼ਕਤੀਸ਼ਾਲੀ ਸ਼ਬਦ ਹਨ, ਜਿਸ ਨਾਲ ਵਾਤਾਵਰਣ ਅਤੇ ਮਾਨਵ ਦਾ ਹਿਰਦਾ ਸ਼ਾਂਤਮਈ ਅਤੇ ਅਧਿਆਤਮਿਕ ਹੋ ਜਾਂਦਾ ਹੈ, ਕੁਦਰਤ ਨਾਲ ਓਤ-ਪ੍ਰੋਤ ਹੋ ਜਾਂਦਾ ਹੈ |
ਸੰਦੇਸ਼:- ਇਸ ਆਰਤੀ ਨਾਲ ਮਾਨਵਤਾ ਅਤੇ ਵਾਤਾਵਰਣ ਸ਼ੁੱਧ ਹੁੰਦੇ ਹਨ | ਇਸ ਵਿਚ ਬੈਠੇ ਸ਼ਕਤੀਸ਼ਾਲੀ ਸ਼ਬਦ ਹਨ, ਉਨ੍ਹਾਂ ਦੀ ਖੁਸ਼ਬੂ ਨਾਲ, ਉਨ੍ਹਾਂ ਦੇ ਉਚਾਰਣ ਨਾਲ ਸਭ ਕੁਝ ਸ਼ੁੱਧ ਹੋ ਜਾਂਦਾ ਹੈ | ਮਨੁੱਖ ਨੂੰ ਕੁਦਰਤ ਵਾਂਗੂ ਵਿਚਰਨਾ ਚਾਹੀਦਾ ਹੈ |
”ਸਿੰਮਲ ਰੁਖੁ ਸਰੀਰੁ ਮੈ ਮੈਜਨ ਦੇਖਿ ਭੁਲੰਨਿ” ਸੋ ਫਲ ਕੰਮਿ ਨਾ ਆਵਨੀ ਤੇ ਗੁਣ ਮੈ ਤਨਿ-ਹੰਨਿ”
ਭਾਵ ਕਿ ਮੇਰਾ (ਮਨੁੱਖ ਦਾ) ਸਰੀਰ ਸਿੰਮਲ ਦੇ ਰੁੱਖ ਵਰਗਾ ਹੈ, ਜਿਸਦੇ ਫਲ ਕਿਸੇ ਦੇ ਵੀ ਕੰਮ ਨਹੀਂ ਆਉਂਦੇ | ਮੈਨੂੰ ਵੇਖਕੇ ਲੋਕ ਭੁੱਲ ਜਾਂਦੇ ਹਨ, ਉਹੋ ਜਹੇ ਗੁਣ ਮੇਰੇ ਸਰੀਰ ਵਿਚ ਹਨ |
ਸੰਦੇਸ਼:-ਸਿੰਮਲ ਦਾ ਰੁੱਖ ਸੂਹੇ ਲਾਲ ਫੁੱਲਾਂ ਨਾਲ ਭਰਪੂਰ ਹੁੰਦਾ ਹੋਇਆ ਵੀ ਖੁਸ਼ਬੂ ਰਹਿਤ ਹੁੰਦਾ ਹੈ, ਜਿਸਦਾ ਕੋਈ ਸੁੱਖ ਨਹੀਂ ਹੁੰਦਾ | ਸਿੰਮਲ ਰੁੱਖ ਦੇ ਫੁੱਲਾਂ ਦੀ ਖੂਬਸੂਰਤੀ ਤੇ ਉਚਾਈ ਵੇਖ ਕੇ ਉਸ ਉਪਰ ਪੰਛੀ (ਤੋਤੇ) ਬੈਠਦੇ ਹਨ ਪਰ ਹਾਸਿਲ ਕੁਝ ਨਹੀਂ ਹੁੰਦਾ | ਆਦਮੀ ਆਪਣੇ ਹਰੀ ਨਾਮ ਨੂੰ ਲੋਕਾਂ ਤਕ ਵੰਡੇ, ਭਲਾਈ ਦੇ ਕਾਰਜ ਕਰੇ ਆਦਿ ਤਾਂ ਹੀ ਮਨੁੱਖ ਦਾ ਸੱਚਾ ਜੀਵਨ ਹੈ |
”ਪਉਣ ਪਾਣੀ ਅਗਨੀ ਬਿਸਰਾਊ” ਤਹੀ ਨਿਰੰਜਨੁ ਸਾਚੋ ਨਾਊ”
ਭਾਵ ਕਿ ਹਵਾ ਪਾਣੀ ਅੱਗ ਵਰਗੀਆਂ ਚੀਜ਼ਾਂ ਨੂੰ ਵਿਸਾਰ ਦਿਓ | (ਭਟਕਣ ਨੂੰ ਵਿਸਾਰ ਦਿਓ), ਤਾਂ ਉਥੇ ਹੀ ਹਰੀ ਦਾ ਸੱਚਾ ਨਾਮ ਵੱਸਦਾ ਹੈ |
ਸੰਦੇਸ਼:-ਮਨੁੱਖ ਆਪਣੀਆਂ ਇਛਾਵਾਂ ਨੂੰ ਕਾਬੂ ਵਿਚ ਰੱਖੇ, ਤਾਂ ਹੀ ਸੁੱਖ ਪ੍ਰਾਪਤ ਹੋ ਸਕਦਾ ਹੈ | ਕ੍ਰਿਤ ਨੂੰ ਛੱਡ ਕਰਤੇ ਯਾਦ ਰੱਖ |
”ਫਲੋਹਰ ਕੀਏ ਫੁਲ ਜਾਇ” ਰਸ ਕਸ ਖਾਏ ਸਾਦੁ ਗਵਾਇ”
ਭਾਵ ਕਿ ਕਈ ਨਿਰੇ ਫਲ ਹੀ ਖਾਂਦੇ ਹਨ, ਪਰ ਇਸ ਵਰਤ ਦਾ ਫਲ ਨਹੀਂ ਮਿਲਦਾ | ਕਈ ਰਸਦਾਰ ਚੀਜ਼ਾਂ, ਸਵਾਦੀ ਚੀਜ਼ਾਂ ਖਾਂਦੇ ਹਨ, ਪਰ ਫਿਰ ਵੀ ਆਪਣਾ ਸਵਾਦ ਗੁਆ ਲੈਂਦੇ ਹਨ |
ਸੰਦੇਸ਼:- ਹਰੀ ਪ੍ਰਭੂ ਦਾ ਨਾਮ ਲੈਣ ਵਾਲੇ ਮਹਾਂ ਪੁਰਸ਼ਾਂ ਨੂੰ ਸਵਾਦਾਂ ਦਾ ਸ਼ੌਂਕ ਨਹੀਂ ਹੁੰਦਾ | ਉਹ ਤਾਂ ਹਰੀ ਦੇ ਨਾਮ ਵਿਚ ਚੰਗੇ ਰਹਿੰਦੇ ਹਨ | ਸਵਾਦਾਂ ਤੋਂ ਉਪਰ ਸਰਵੋਤਮ ਸਵਾਦ ਹੈ ਹਰੀ ਸਿਮਰਨ | ਮਨੁੱਖ ਨੂੰ ਹਰੀ ਦੇ ਨਾਮ ਵਿਚ ਰੰਗੇ ਰਹਿਣਾ ਚਾਹੀਦਾ ਹੈ | ਸਵਾਦਾਂ ਤੋਂ ਉਪਰ ਸਰਵੋਤਮ ਸਵਾਦ ਹੈ ਹਰੀ ਸਿਮਰਨ | ਮਨੁੱਖ ਨੂੰ ਹਰੀ ਦੇ ਨਾਮ ਵਿਚ ਰੰਗੇ ਰਹਿਣਾ ਚਾਹੀਦਾ ਹੈ | ਸਵਾਦਾਂ ਤੋਂ ਉਪਰ ਉਠਕੇ ਚੰਗੇ ਕਰਮ ਕਰ ਮਨੁੱਖ ਆਦਿ |
”ਤੇਰਸਿ ਤਰਵਰ ਸਮੁਦ ਕਨਾਰੈ” ਅੰਮਿ੍ਤ ਮੁਲੁ ਸਿਖਰਿ ਲਿਵ ਤਾਰੇ”
ਭਾਵ ਕਿ ਮਨੁੱਖ ਦੀ ਜ਼ਿੰਦਗੀ ਸਮੁੰਦਰ ਦੇ ਕੰਢੇ ਉਤੇ ਰੁੱਖ ਦੀ ਤਰ੍ਹਾਂ ਹੈ (ਜੋ ਛੇਤੀ ਹੀ ਉਖੜ ਕੇ ਪਾਣੀ ਵਿਚ ਡਿਗ ਪਵੇਗਾ), ਪਰ ਉਸ ਦੀ ਜੜ੍ਹ ਅਮਰ ਹੋ ਸਕਦੀ ਹੈ ਉਸ ਦੀ ਚੋਟੀ ਲਿਵ ਦੀ ਤਾਰ ਨਾਲ ਬੱਧੀ ਰਹੇ | (ਇਹ ਸੁੰਦਰ ਪ੍ਰਤੀਕ ਦੱਸਦੇ ਹਨ)
ਸੰਦੇਸ਼:-ਇਹ ਸੁੰਦਰ ਪ੍ਰਤੀਕ ਦੱਸਦੇ ਹਨ, ਕਿ ਮਨੁੱਖ ਜੇ ਪ੍ਰਭੂ ਨਾਲ ਜੁੜਿਆ ਰਵੇ, ਤਾਂ ਉਸਦੀ ਜ਼ਿੰਦਗੀ ਸੰਵਰ ਜਾਂਦੀ ਹੈ | ਮਨੁੱਖ ਦੀ ਜ਼ਿੰਦਗੀ ਤਾਂ ਸਾਗਰ ਕੰਢੇ ਰੁੱਖ ਵਾਂਗੂ ਹੈ, ਕੱਦ ਨੇਰ੍ਹੀ, ਤੂਫ਼ਾਨ, ਝੱਖੜ (ਦੁੱਖਾਂ-ਤਕਲੀਫ਼ਾਂ ਨਾਲ ਡਿੱਗ ਜਾਵੇ) ਇਸ ਦੇ ਲਈ ਸਦਾ ਹਰੀ ਨੂੰ ਯਾਦ ਰੱਖੋ, ਮਾਨਵਤਾ ਦੇ ਕੰਮ ਆਵੇ |
”ਪਾਣੀ ਪ੍ਰਾਣ ਪਵਣਿ ਬੰਧਿ ਰਾਖੇ ਚੰਦੁ ਸੁਰਜੁ ਮੁਖਿ ਦੀਏ | ਮਰਣ-ਜੀਵਨ ਕਉ ਧਰਤੀ ਦੀਨੀ ਏਤੇ ਗੁਣ ਵਿਸਰੇ”
ਭਾਵ ਕਿ ਪ੍ਰਾਣਾਂ ਨੂੰ ਹਵਾ ਪਾਣੀ ਆਦਿ ਨਾਲ ਬੰਨ੍ਹ ਰੱਖਿਆ ਹੈ, ਚੰਨ ਅਤੇ ਸੂਰਜ ਦੋ ਵੱਡੇ ਦੀਵੇ ਦਿੱਤੇ ਹਨ | ਧਰਤੀ ਦੇ ਬਹੁਤ ਉਪਕਾਰ ਹਨ, ਜਿਸ ਨਾਲ ਮਰਣ-ਜੀਵਨ ਜੁੜਿਆ ਹੋਇਆ ਹੈ |
ਸੰਦੇਸ਼:-ਮਨੁੱਖ ਦੀ ਜ਼ਿੰਦਗੀ ਦੀ ਸਾਰੀ ਕਾਰਗੁਜਾਰੀ ਹਵਾ, ਪਾਣੀ ਚੰਨ, ਸੂਰਜ ਦੇ ਨਾਲ ਹੈ | ਧਰਤੀ ਦੇ ਬਹੁਤ ਉਪਕਾਰ ਹਨ, ਜਿਸ ਨਾਲ ਜੀਵਨ-ਮਰਨ ਜੁੜਿਆ ਹੋਇਆ ਹੈ | ਮਨੁੱਖ ਨੂੰ ਪਾਣੀ, ਚੰਨ, ਸੂਰਜ, ਹਵਾ, ਧਰਤੀ ਨੂੰ ਨਮਸਕਾਰ ਕਰਨਾ ਚਾਹੀਦਾ, ਜਿਸਦੀ ਬਦੌਲਤ ਉਹ ਹੈ | ਉਸ ਪ੍ਰਭੂ ਦੀ ਬਦੌਲਤ ਜੀਵਨ ਹੈ, ਜਿਸਨੂੰ ਸ਼ੁੱਭ ਅਮਲਾਂ, ਚੰਗੇ ਕਰਮਾਂ ਨਾਲ ਗੁਜ਼ਾਰਿਆ ਜਾਵੇ |
”ਬਰਸੈ ਅੰਮਿ੍ਤ ਧਾਰ ਬੂੰਦ ਸੁਹਾਵਣੀ” ਸਾਜਣ ਮਿਲੇ ਸਹਜਿ ਸੁਭਾਇ ਹਰਿ ਸਿਉ ਪ੍ਰੀਤਿ ਬਣੀ |”
ਭਾਵ ਕਿ ਧੁਰ ਅੰਦਰ ਠੰਡ ਵਰਤ ਗਈ ਹੈ, ਗੁਰਬਾਣੀ ਰੂਪ ਅੰਮਿ੍ਤ ਦੇ ਵੱਸਣ ਨਾਲ | ਬੂੰਦ ਸੁਹਾਵਣੀ ਪੈਣ ਨਾਲ ਠੰਡ ਪੈ ਗਈ ਹੈ | ਹਰੀ ਨਾਲ ਇਸ ਤਰ੍ਹਾਂ ਮਿਲਾਪ ਹੈ ਜਿਸ ਤਰ੍ਹਾ ਸਾਜਣ ਦੇ ਮਿਲਣ ਵਾਂਗ, ਜਿਸਦੀ ਬਾਣੀ ਨਾਲ ਪ੍ਰੀਤ ਹੈ, ਉਹ ਹੀ ਉਸਦੀ ਪ੍ਰਾਪਤੀ ਪਾਉਂਦਾ ਹੈ |
ਸੰਦੇਸ਼:- ਕਵੀ ਗੁਰੂ ਨਾਨਕ ਨੇ ਬਹੁਤ ਹੀ ਸੁੰਦਰ ਕੁਦਰਤੀ ਪ੍ਰਤੀਕ ਲੈ ਕੇ ਮਨੁੱਖ ਨੂੰ ਸਮਝਾਇਆ ਹੈ, ਕਿ ਜਿਸ ਤਰ੍ਹਾਂ ਸੁਹਾਵਣੀ ਬੂੰਦ ਠੰਡ ਪਾ ਦਿੰਦੀ ਹੈ, ਹਰੀ ਦਾ ਨਾਮ ਵੀ ਇਵੇਂ ਹਿਰਦੇ ਵਿਚ ਠੰਡ ਪਾ ਦੇਂਦਾ ਹੈ | ਜਿਸ ਤਰ੍ਹਾਂ ਸੱਜਣ ਦੇ ਮਿਲਣ ਨਾਲ ਸੱਚੀ ਪ੍ਰੀਤ ਹੁੰਦੀ ਹੈ, ਇਵੇਂ ਹਰੀ ਦੇ ਦਰਸ਼ਨਾਂ ਨਾਲ ਮਨੁੱਖ ਦੀ ਅਧਿਆਤਮਿਕ ਤਿ੍ਪਤੀ ਹੁੰਦੀ ਹੈ | ਮਨੁੱਖ ਨੂੰ ਉਸ ਪ੍ਰਭੂ ਦੇ ਨਾਮ ਨਾਲ ਸੱਚਾ ਲਗਾਓ ਹੋਣਾ ਚਾਹੀਦਾ ਹੈ |
”ਉਨ ਵਿਘਨ ਛਾਏ ਬਰਸੁ ਸੁਭਾਏ ਮਨਿ-ਤਨਿ ਪ੍ਰੇਮੁ ਸੁਖਾਵੈ | ਨਾਨਕ ਵਰਸੈ ਅੰਮਿ੍ਤ ਬਾਣੀ ਕਰਿ ਕਿਰਪਾ ਘਰਿ ਆਵੈ”
ਭਾਵ ਕਿ ਝੁਝ-ਝੁਕ ਕੇ ਬੱਦਲ ਛਾਏ ਹਨ, ਵਰਖਾ ਸ਼ੋਭਮਾਨ ਹੋਈ ਹੈ ਅਤੇ ਮਨ ਤਨ ਪ੍ਰੇਮ ਸੁਖਾਂਦਾ ਹੈ | ਕਿਰਪਾ ਹੋਣ ‘ਤੇ ਉਹ ਹਰੀ ਮਨ ਵਿਚ ਆ ਜਾਂਦਾ ਹੈ |
ਸੰਦੇਸ਼:- ਚਾਰੇ ਪਾਸੇ ਬੱਦਲ ਛਾਏ ਹੋਏ ਹਨ, ਇਵੇਂ ਹਰੀ ਹਿਰਦੇ ਵਿਚ ਬਰਸਦਾ ਹੈ | ਉਸਦੇ ਨਾਮ ਨਾਲ ਠੰਡ ਵਰਤ ਜਾਂਦੀ ਹੈ, ਮਨ ਵਿਚ ਸਕੂਨ ਉਤਪਨ ਹੋ ਜਾਂਦਾ ਹੈ |
”ਬਨ ਫੂਲੇ ਮੰਝ ਬਾਰਿ ਮੈ ਪਿਰੁ ਘਰਿ ਬਾਹੁੜੈ” ਪਿਰ ਘਰਿ ਨਹੀਂ ਆਵੈ ਘਨ ਕਿਉ ਸੁਖੁ ਪਾੈ ਬਿਰਹਿ ਬਿਰੋਧ ਤਨੁ ਛੀਜੈ” ਕੋ ਦਿਲ ਅੰਬਿ ਸੁਹਾਵੀ ਬੋਲੈ ਕਿਉ ਦੁਖੁ ਅੰਕਿ ਸਹੀਜੈ | | ਭਵਰੁ ਭਵੰਤਾ ਫੂਲੀ ਡਾਲੀ ਕਿਉ ਜੀਵਾ ਮਰੁ ਮਾਏ”
ਭਾਵ ਕਿ ਬਾਹਰ ਦੇ ਇਲਾਕੇ ਵਿਚ ਜੰਗਲ ਫੁੱਲ ਪਵੇ, ਜੇ ਮੇਰੇ ਘਰ ਪਤੀ ਵਾਪਸ ਆਏ; ਜਿਸ ਤਰ੍ਹਾਂ ਮਾਰੂਥਲ ਵਿਚ, ਉਜਾੜ ਵਿਚ ਜੰਗਲ ਹਰਿਆ-ਭਰਿਆ ਹੋ ਜਾਂਦਾ ਹੈ, ਤਾਂ ਬਹਾਰਾਂ ਹੀ ਬਹਾਰਾਂ ਆ ਜਾਂਦੀਆਂ ਹਨ, ਤਿਵੇਂ ਪਤੀ ਦੇ ਘਰ ਪੈਰ੍ਹ ਪਾਉਣ ਨਾਲ ਘਰ ਵਿਚ ਖੁਸ਼ੀਆਂ ਹੀ ਖੁਸ਼ੀਆਂ ਆ ਜਾਂਦੀਆਂ ਹਨ | ਵਿਛੋੜੇ ਕਰਕੇ ਸਰੀਰ ਟੁੱਟ ਰਿਹਾ ਹੈ, ਕਿਵੇਂ ਦੁੱਖ ਨੂੰ ਦਿਲ ਅੰਦਰ ਸਹਾਰਾ | ਅੰਬਾਂ ਉਤੇ ਕੋਇਲ ਸੁਹਾਣੇਂ ਬੋਲ-ਕੂਕਦੀ ਹੈ | ਹੇ ਮਾਈ! ਮੈਂ ਕਿਵੇਂ ਜੀਵਾਂ, ਭੋਰਾ ਫੁੱਲਾਂ ਲੱਦੀ ਟਹਿਣੀ ਉਤੇ ਘੁੰਮ ਰਿਹਾ ਹੈ | ਬਸੰਤੀ ਦੀ ਖੁਸ਼ੀ ਦਾ ਸੁੰਦਰ ਦਿ੍ਸ਼ ਵਰਣਨ ਹੈ |
ਸੰਦੇਸ਼:- ਮਨਮੋਹਣੇ ਪ੍ਰਤੀਕਾਂ ਦੇ ਨਾਲ ਕਵੀ ਗੁਰੂ ਸਮਝਾਂਦੇ ਹਨ ਮਨੁੱਖ ਨੂੰ ਪ੍ਰਭੂ ਨਾਲ ਜੋੜਣ ਦੀ ਵਿਧੀ ਦੱਸਦੇ ਹਨ | ਪ੍ਰਭੂ ਦੇ ਮੇਲ ਨਾਲ ਹਿਰਦੇ ਦੇ ਜੰਗਲ ਹਰੇ ਭਰੇ ਹੋ ਜਾਂਦੇ ਹਨ | ਉਸਦੇ ਮਿਲਣਨਾਲ ਤਿ੍ਸ਼ਨਾਵਾਂ ਪੂਰੀਆਂ ਹੋ ਜਾਂਦੀਆਂ ਹਨ | ਪ੍ਰਭੂ ਦੇ ਨਾਮ ਵਿਚ ਅਥਾਹ ਸ਼ਕਤੀ ਹੈ |
”ਭਾਦਉ ਭਰਮਿ ਭੁਲੀ ਭਰਿ ਜੋਬਿਨ ਪਛੁਤਾਣੀ | | ਜਲ-ਥਲ ਨੀਰਿ ਭਰੇ ਬਰਸ ਰੁਤੇ ਰੰਗ ਮਾਣੀ” ਬਰਸੈ ਨਿਸਿ ਕਾਲੀ ਕਿਉ ਸੁਖੁ ਬਾਲੀ ਦਾਦਰ ਮੋਰ ਲਵੰਤੇ” ਪਿ੍ਉ ਪਿ੍ਉ ਚਵੈ ਬਬੀਹਾ ਬੋਲੇ ਭੁਇਅੰਗਮ ਫਿਰਹਿ ਤਸੰਤੇ” ਮਛਰ ਡੰਗ ਸਾਇਰ ਭਰ ਸੁਤਰ ਬਿਨੁ ਹਰਿ ਕਿਉ ਸੁਖੁ ਪਾਈਐ” ਨਾਨਕ ਪੂਛਿ ਚਲਉ ਗੁਰ ਅਪੁਨੇ ਜਹ ਪ੍ਰਭੁ ਤਹ ਹੀ ਜਾਈਐ”
ਭਾਵ ਕਿ ਭਾਦਰੋਂ ਮਾਹ ਵਿਚ ਬੱਦਲ ਧੜਾ-ਧੜ ਆਉਂਦੇ ਹਨ, ਪਰ ਜਲਦੀ ਹੀ ਉਡ ਜਾਂਦੇ ਹਨ, ਇਹ ਮੌਸਮ ਹੋਰ ਹੀ ਤਰ੍ਹਾਂ ਦਾ ਹੈ ਅਤੇ ਭੁਲੇਖਾ ਮਈ ਹੁੰਦਾ ਹੈ, ਇਸੇ ਤਰ੍ਹਾਂ ਹੀ ਜੀਵ ਰੂਪੀ ਇਸਤਰੀ ਵੀ ਭਰਮ ਵਿਚ ਭੁੱਲੀ ਹੋਈ ਆਪਣੇ ਹਾਰ ਸ਼ਿੰਗਾਰ ਵਿਚ ਲੱਗੀ ਹੋਈ ਹੈ | ਚਾਰ-ਚੁਫੇਰੇ ਜਲ ਥਲ ਪਾਣੀ ਨਾਲ ਭਰੇ ਅਤੇ ਮੌਜ ਮਾਣਨ ਵਾਲੀ ਬਾਰਿਸ਼ ਦੀ ਰੁੱਤ ਹੈ, ਕਾਲੀ ਰੁੱਤ ਨੂੰ ਮੀਂਹ ਵਰਦਾ ਹੈ, ਡੱਡੂ ਗੁੜੈਂ-ਗੁੜੈਂ ਕਰਦੇਹਨ, ਮੋਰ ਕੁਹਕਦੇ ਹਨ, ਪਪੀਹਾ ਵੀ ਪਿ੍ਉ-ਪਿ੍ਉ ਕਰਦਾ ਹੈ, ਪਰ ਪਤੀ ਤੋਂ ਵਿਛੜੀ ਨਾਰ ਨੂੰ ਇਸ ਸੁਹਾਵਣੇ ਰੰਗ ਤੋਂ ਆਨੰਦ ਨਹੀਂ ਮਿਲਦਾ, ਉਸਨੂੰ ਤਾਂ ਇਹੀ ਲੱਗਦਾ ਹੈ, ਕਿ ਮੱਛਰ ਡੰਗ ਮਾਰਦੇ ਹਨ, ਸੱਪ ਡੱਸਦੇ ਫਿਰਦੇ ਹਨ | ਇਸੇ ਤਰ੍ਹਾਂ ਜੀਵ ਰੂਪੀ ਇਸਤਰੀ ਨੂੰ ਵੀ ਪ੍ਰਭੂ ਪਤੀ ਦੇ ਵਿਛੋੜੇ ਦਾ ਅਹਿਸਾਸ ਹੋ ਜਾਂਦਾ ਹੈ ਅਤੇ ਉਸਨੂੰ ਹੋਰ ਰੰਗ ਤਮਾਸ਼ਿਆਂ ਵਿਚੋਂ ਆਤਮਿਕ ਆਨੰਦ ਨਹੀਂ ਮਿਲਦਾ, ਸਗੋਂ ਰੰਗ ਤਮਾਸ਼ੇ ਮੱਛਰ ਤੇ ਸੱਪਾਂ ਵਾਂਗੂ ਡੰਗ ਮਾਰਦੇ ਪ੍ਰਤੀਤ ਹੁੰਦੇ ਹਨ | ਹੇ ਨਾਨਕ! ਤੂੰ ਆਖ ਕਿ ਮੈਂ ਤੇ ਆਪਣੇ ਗੁਰੂ ਦੇ ਦੱਸੇ ਹੋਏ ਰਾਹ ‘ਤੇ ਤੁਰਾਂਗੀ ਤੇ ਉਥੇ ਹੀ ਜਾਵਾਂਗੀ ਜਿੱਥੇ ਮੇਰਾ ਪ੍ਰਭੂ ਪਤੀ ਮਿਲ ਸਕਦਾ ਹੈ |
ਸੰਦੇਸ਼:-ਬਾਹਰੀ ਸੁੱਖਾਂ ਦੀ ਭਾਲ ਨਾਲੋਂ ਹਰੀ ਨਾਮ ਦਾ ਸੁੱਖ ਉਤਮ ਹੈ | ਕਵੀ ਨਾਨਕ ਜੀ ਨੇ ਕਮਾਲ ਦੇ ਪ੍ਰਤੀਕ ਲੈ ਕੇ ਸਮਝਾਇਆ ਹੈ | ਜਿਸ ਤਰ੍ਹਾਂ ਇਕ ਨਾਰੀ ਪਤੀ ਪ੍ਰੇਮ ਲਈ ਵਿਆਕੁਲ ਹੋ ਜਾਂਦੀ ਹੈ | ਇਸੇ ਤਰ੍ਹਾਂ ਹੀ ਹਰੀ-ਪ੍ਰਭੂ ਦਾ ਭਗਤ, ਉਸਦੀ ਸ਼ਰਨ, ਉਸਦੀ ਪ੍ਰਾਪਤੀ ਲੋਚਦਾ ਹੈ | ਉਸਨੂੰ ਪ੍ਰਭੂ ਦੇ ਸਿਮਰਨ ‘ਚ ਆਨੰਦ ਮਿਲਦਾ ਹੈ |
‘ਆਗੈ ਘਾਮ ਪਿਛੈ ਰੁਤਿ ਜਾਡਾ ਦੇਖਿ ਚਲਤ ਮਨੁ ਡੋਲੇ” ਦਹ ਦਿਸਿ ਸਾਖ ਹਰੀ ਹਰੀ ਆਵਲ ਸਹਿਜ ਪਕੈ ਸੋ ਮੀਠਾ” ਨਾਨਕ ਅਸੁਨਿ ਮਿਲਹੁ ਪਿਆਰੇ ਸਤਿਗੁਰੂ ਭਏ ਬਸੀਠਾ”
ਭਾਵ ਕਿ ਜਿਵੇਂ ਭਾਦਰੋਂ ਦੇ ਘੁੰਮੇ ਦੇ ਦਿਨ ਅਤੇ ਅੱਸੂ ਦੇ ਰੁੱਤੇ ਇਸਤਰੀ ਦੇ ਮਨ ਵਿਚ ਪਤੀ ਨੂੰ ਮਿਲਣਜ਼ ਦੀ ਤਾਂਘ ਹੁੰਦੀ ਹੈ, ਤਿਵੇਂ ਜਿਸ ਜੀਵ ਰੂਪੀ ਇਸਤਰੀ ਨੇ ਪ੍ਰਭੂ ਦੇ ਵਿਛੋੜੇ ਵਿਚ ਕਾਮਦਾਇਕ ਵੈਰੀਆਂ ਦੇ ਹੱਲਿਆਂ ਦੇ ਦੁਖ ਦੇਖ ਲਏ ਹਨ, ਉਹ ਅਰਦਾਸ ਕਰਦੀ ਹੈ, ਕਿ ਹੇ ਪ੍ਰਭੂ ! ਪਤੀ ਜੀ ਮੇਰੇ ਹਿਰਦੇ ਵਿਚ ਆ ਵੱਸੋ ਦੁਨੀਆ ਦੇ ਝੂਠੇ ਮੋਹ ਵਿਚ ਮੈਂ ਫਸ ਕੇ ਖੁਆਰ ਹੋ ਰਹੀ ਹਾਂ | ਸਰੀਰਕ ਕਮਜ਼ੋਰੀ ਤੇ ਕੇਸ ਚਿੱਟੇ ਹੋਣ ਕਰਕੇ ਮੇਰਾ ਮਨ ਡੋਲਦਾ ਹੈ, ਕਿ ਅਜੇ ਤਕ ਪ੍ਰਭੂ ਪਤੀ ਦਾ ਦੀਦਾਰ ਨਹੀਂ ਹੋ ਸਕਿਆ, ਪਰ ਹਰ ਪਾਸੇ ਹਰੀਆਂ ਸ਼ਾਖਾਂ ਦੀ ਹਰਿਆਵਲ ਵੇਖ ਕੇ ਮਨ ਨੂੰ ਧੀਰਜ ਬੱਝਦਾ ਹੈ, ਕਿ ਜਿਹੜਾ ਜੀਵ ਅਡੋਲ ਅਵਸਥਾ ਵਿਚ ਦਿ੍ੜ ਰਹਿੰਦਾ ਹੈ, ਉਸਨੂੰ ਪ੍ਰਭੂ ਮਿਲਾਪ ਦੀ ਖੁਸ਼ੀ ਮਿਲਦੀ ਹੈ | ਹੇ ਨਾਨਕ! ਤੂੰ ਵੀ ਆਖ ਤੇ ਅਰਦਾਸਾ ਕਰ ਕਿ ਹੇ ਪਿਆਰੇ ਪ੍ਰਭੂ ਤੂੰ ਮਿਹਰ ਕਰ ਤੇ ਗੁਰੂ ਵਿਚੋਲੇ ਰਾਹੀਂ ਮੈਨੂੰ ਆਪਣਾ ਮਿਲਾਪ ਬਖ਼ਸ਼ |
ਸੰਦੇਸ਼:-ਕਵੀ ਗੁਰੂ ਨਾਨਕ ਜੀ ਨੇ ਰੁੱਤਾਂ ਮਹੀਨਿਆਂ ਦੇ ਪ੍ਰਤੀਕ ਲੈ ਕੇ ਮਨੁੱਖ ਨੂੰ ਕਿਹਾ ਹੈ, ਕਿ ਝੂਠੇ ਮੋਹ ਸੰਸਾਰ ਤੋਂ ਉਪਰ ਹੈ ਉਸ ਪ੍ਰਭੂ ਦਾ ਨਾਮ | ਉਸਦੀ ਮਿਹਰ ਸਦਕਾ ਹੀ ਸਭ ਕੁਝ ਹੁੰਦਾ ਹੈ | ਜਿਸ ਮਨੁੱਖ ਵਿਚ ਧੀਰਜ, ਹੌਸਲਾ ਸ਼ਕਤੀਆਂ ਹਨ, ਉਸਨੂੰ ਹੀ ਪ੍ਰਭੂ ਮਿਲਣ ਦੀ ਬਖਸ਼ਿਸ਼ ਹੁੰਦੀ ਹੈ |
”ਮਨਿ ਤਨਿ ਰਵਿ ਰਹਿਆ ਜਗਜੀਵਨੁ ਗੁਰ ਸਬਦੀ ਰੰਗੁ ਮਾਣੀ” ਅੰਡਜ ਜੇਰਜ ਸੇਤਜ ਉਤਭੁਜ ਘਟਿ ਘਟਿ ਜੋਤਿ ਸਮਾਣੀ”
Êਭਾਵ ਕਿ ਜਿਸ ਜੀਵ ਦੇ ਮਨ ਅਤੇ ਤਨ ਵਿਚ ਸਾਰੇ ਜਗਤ ਨੂੰ ਜੀਵਨ ਦੇਣ ਵਾਲਾ ਪ੍ਰਭੂ ਆ ਕੇ ਵੱਸ ਜਾਂਦਾ ਹੈ ਉਹ ਗੁਰੂ ਦੇ ਸ਼ਬਦ ਵਿਚ ਜੁੜ ਕੇ ਪ੍ਰਭੂ ਦੇ ਮਿਲਾਪ ਦਾ ਆਨੰਦ ਮਾਣਦਾ ਹੈ ਤੇ ਉਸਨੂੰ ਚੌਹਾਂ ਪਾਸੇ (ਚਾਰੇ ਪਾਸੇ) ਦੇ ਜੀਵਾਂ ਵਿਚ ਉਸ ਪ੍ਰਭੂ ਦੀ ਜੋਤ ਸਮਾਈ ਹੋਈ ਦਿਸਦੀ ਹੈ | ਅੰਡਜ: ਆਂਡੇ ਤੋਂ ਪੈਦਾ ਹੋਣ ਵਾਲੇ ਜੀਵ, ਜੇਰਜ: ਜ਼ੇਰ ਤੋਂ ਪੈਦਾ ਹੋਣ ਵਾਲੇ ਜੀਵ, ਸੇਤਜ: ਮੁੜਕੇ ਤੋਂ ਪੈਦਾ ਹੋਣ ਵਾਲੇ ਜੀਵ, ਉਤਭੁਜ: ਧਰਤੀ ਤੋਂ ਪੈਦਾ ਹੋਈ ਉਤਪਤੀ |
ਸੰਦੇਸ਼:-ਕਣ-ਕਣ ਵਿਚ ਉਸ ਪ੍ਰਭੂ ਦਾ ਵਾਸਾ ਹੈ | ਹਰ ਜੀਵ-ਪ੍ਰਾਣੀ ਨਾਲ ਮੋਹ-ਪਿਆਰ ਨਾਲ ਰਿਹਾ ਜਾਵੇ |
”ਰਵਿ ਰਹਿਆ ਸੋਈ ਅਵਰੁ ਨ ਕੋਈ ਮਨ ਹੀ ਤੇ ਮਨੁ ਮਾਨਿਆ” ਜਿਨਿ ਜਲ ਥਲ ਤਿ੍ਭਵਣ ਘਟੁ ਘਟੁ ਥਾਪਿਆ ਸੋ ਪ੍ਰਭ ਗੁਰਮਖਿ ਜਾਨਿਆ”
ਭਾਵ ਕਿ ਸਾਰੀ ਸਿ੍ਸ਼ਟੀ ਵਿਚ ਵਾਹਿਗੁਰੂ ਜੀ ਹੀ ਵਿਆਪਕ ਹਨ, ਹੋਰ ਕੋਈ ਨਹੀਂ, ਇਹ ਸਮਝ ਉਸਨੂੰ ਪੈਂਦੀ ਹੈ ਜੋ ਅੰਤਰ-ਆਤਮੇ ਦੇ ਨਾਮ ਵਿਚ ਪਰੋਤਾ ਰਹਿੰਦਾ ਹੈ | ਜਿਸ ਪ੍ਰਭੂ ਨੇ ਪਾਣੀ, ਧਰਤੀ, ਤਿ੍ਲੋਕੀ ਤੇ ਹਰੇਕ ਸਰੀਰ ਬਣਾਇਆ ਹੈ, ਉਸਦੀ ਸਮਝ ਉਸ ਜੀਵ ਨੂੰ ਗੁਰੂ ਰਾਹੀਂ ਸਹੀ ਪੈ ਜਾਂਦੀ ਹੈ |
ਸੰਦੇਸ਼:-ਗੁਰੂ ਰਾਹੀਂ ਹੀ ਮਨੁੱਖ ਨੂੰ ਸਹੀ ਰਸਤਾ ਮਿਲਦਾ ਹੈ | ਜੋ ਵਿਅਕਤੀ ਸਾਧਕ ਅੰਤਰ-ਆਤਮਾ ਦੇ ਨਾਮ ਨਾਲ ਭਿੱਜਿਆ ਹੈ, ਉਹ ਹੀ ਸੱਚੇ ਨਾਮ ਦਾ ਮਾਲਿਕ ਹੈ |
”ਸਤਿਗੁਰੂ ਸਬਦੀ ਮਿਲੈ ਵਿਛੁਨੀ ਤਨੁ-ਮਨੂ ਆਗੈ ਰਾਖੈ”
ਨਾਨਕ ਅੰਮਿ੍ਤ ਬਿਰਖੁ ਮਹਾਰਸ ਫਲਿਆ ਮਿਲਿ ਪ੍ਰੀਤਮ ਰਸੁ ਚਾਖੈ”
ਭਾਵ ਕਿ ਹੇ ਨਾਨਕ! ਆਪ ਕਿ ਜਿਹੜੀ ਜੀਵ ਰੂਪੀ ਇਸਤਰੀ ਗੁਰੂ ਦੇ ਸ਼ਬਦ ਰਾਹੀਂ ਆਪਣਾ ਤਨ ਤੇ ਮਨ ਉਸ ਪ੍ਰਭੂ ਦੇ ਹਵਾਲੇ ਕਰ ਦਿੰਦੀ ਹੈ, ਉਸਨੂੰ ਉਸ ਪ੍ਰਭੂ ਦੇ ਮੇਲ ਹੋ ਜਾਂਦੇ ਹਨ | ਪਰਮਾਤਮਾ ਦਾ ਨਾਮ ਜੀਵ ਨੂੰ ਆਤਮਿਕ ਜੀਵਨ ਦੇਣ ਵਾਲਾ ਐਸਾ ਰੁੱਖ ਹੈ ਜਿਸਨੂੰ ਉਚੇ ਆਤਮਿਕ ਗੁਣਾਂ ਦੇ ਫਲ ਲੱਗੇ ਰਹਿੰਦੇ ਹਨ ਅਤੇ ਗੁਰੂ ਸ਼ਬਦ ਰਾਹੀਂ ਪ੍ਰਭੂ ਅੱਗੇ ਆਪਣਾ ਤਨ-ਮਨ ਭੇਂਟ ਕਰਨ ਵਾਲੀ ਜੀਵ ਰੂਪੀ ਇਸਤਰੀ ਇਸ ਅੰਮਿ੍ਤ ਰੁੱਖ ਦੇ ਫੁੱਲਾਂ ਦਾ ਸੁਆਦ ਚੱਖਦੀ ਰਹਿੰਦੀ ਹੈ |
ਸੰਦੇਸ਼:-ਗੁਰੂ ਸ਼ਬਦ ਰਾਹੀਂ ਹੀ ਮਨੁੱਖ ਉਸ ਪ੍ਰਭੂ ਦੀ ਪ੍ਰਾਪਤੀ ਤਕ ਚੰਗੇ ਕੰਮਾਂ ਦੀ ਬੁਨਿਆਦੀ ਤਕ ਪਹੁੰਚ ਸਕਦਾ ਹੈ |
”ਗੁਰ ਰੂਪ ਮੁਰਾਰੇ ਤਿ੍ਭਵਣ ਧਾਰੇ ਤਾ ਕਾ ਅੰਤੁ ਨ ਪਾਇਆ”
ਰੰਗੀ ਜਿਨਸੀ ਜੰਤ ਉਪਾਏ ਨਿਤ ਦੇਵੈ ਚੜੇ ਸਵਾਇਆ |”
ਭਾਵ ਕਿ ਵੱਡੀ ਹਸਤੀ ਵਾਲੇ ਪਰਮਾਤਮਾ ਨੇ ਤਿੰਨਾਂ ਭਵਨਾਂ (ਧਰਤੀ, ਆਕਾਸ਼, ਪਾਤਾਲ) ਨੂੰ ਆਪਣਾ ਆਸਰਾ ਦੇ ਕੇ ਰੱਖਿਆ ਹੋਇਆ ਹੈ, ਉਸ ਦੇ ਗੁਣਾਂ ਦਾ ਅੱਜ ਤਕ ਕਿਸੇ ਨੇ ਅੰਤ ਨਹੀਂ ਪਾਇਆ ਅਤੇ ਉਸਨੇ ਕਈ ਰੰਗਾਂ ਅਤੇ ਕਈ ਜਿਨਸਾਂ ਦੇ ਜੀਵ ਪੈਦਾ ਕੀਤੇ ਹੋਏ ਹਨ ਅਤੇ ਉਨ੍ਹਾਂ ਨੂੰ ਨਿੱਤ ਦਾਨ ਦੇਂਦਾ ਰਹਿੰਦਾ, ਉਸਦਾ ਭੰਡਾਰ ਮੁੱਕਦਾ ਨਹੀਂ, ਸਦਾ ਵਧਦਾ ਰਹੀ ਰਹਿੰਦਾ ਹੈ |
ਸੰਦੇਸ਼:-ਸਾਰੀ ਕਾਇਨਾਤ ਧਰਤੀ, ਆਕਾਸ਼, ਪਾਤਾਲ ਨੂੰ ਉਸ ਪ੍ਰਭੂ ਦਾ ਹੀ ਆਸਰਾ ਹੈ | ਉਸਦੇ ਬੇਅੰਤ ਗੁਣਾਂ ਕਰਕੇ ਸਭ ਨੂੰ ਕੁਝ ਨਾ ਕੁਝ ਮਿਲ ਰਿਹਾ ਹੈ | ਜੀਵ-ਪ੍ਰਾਣੀ ਜੋ ਪੈਦਾ ਕੀਤੇ ਹਨ, ਉਨ੍ਹਾਂ ਦਾ ਉਹੋ ਹੀ ਪਾਲਣਹਾਰ ਹੈ | ਮਨੁੱਖ ਨੂੰ ਆਪਣੇ ਕੀਤੇ ਕਰਮਾਂ ‘ਤੇ ਘੁਮੰਡ ਨਹੀਂ ਹੋਣਾ ਚਾਹੀਦਾ, ਕਿਉਂਕਿ ਸਭ ਕੁਝ ਪਰਮਾਤਮਾ ਕਰ ਰਿਹਾ ਹੈ |
”ਹਰਿ ਸਿਮਰਿ ਏਕੰਕਾਰੁ ਸਾਚਾ ਸਭ ਜਗਤੁ ਜਿੰਨਿ ਉਪਾਇਆ” ਪਉਣੁ ਪਾਣੀ ਅਗਨਿ ਬਾਧੇ ਗੁਰਿ ਖੇਲੁ ਜਗਤਿ ਦਿਖਾਇਆ”
ਭਾਵ ਕਿ ਹੇ ਮੇਰੇ ਮਨ ਉਸ ਸਰਬ-ਵਿਆਪਕ ਤੇ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਸਿਮਰਦਾ ਰਹੋ, ਜਿਸ ਨੇ ਸਾਰਾ ਜਗਤ ਪੈਦਾ ਕੀਤਾ ਹੈ ਅਤੇ ਹਵਾ ਪਾਣੀ ਅੱਗ (ਆਦਿਕ ਤੱਤਾਂ) ਨੂੰ ਨਿਯਮ ਬੱਧ ਕੀਤਾ ਹੋਇਆ ਹੈ, ਵਾਹਿਗੁਰੂ ਜੀ ਦੇ ਇਸ ਖੇਲ ਦੀ ਸਮਝ ਗੁਰੂ ਰਾਹੀਂ ਹੀ ਜੀਵ ਨੂੰ ਪੈਂਦੀ ਹੈ |
ਸੰਦੇਸ਼:- ਜਿਸ ਪ੍ਰਭੂ ਨੇ ਸਭ ਕੁਝ ਨਿਯਮ ਬੱਧ ਕੀਤਾ ਹੈ, ਤੂੰ ਉਸ ਦਾ ਨਾਮ ਸਿਮਰਦਾ ਰਹੋ | ਇਹੋ ਤੇਰੇ ਸੁੱਖ ਦਾ ਰਸਤਾ ਹੈ |
”ਏ ਮਨ ਮੇਰਿਆ ਬਿਨੁ ਬੇੜੀ ਪਾਰਿ ਨਾ ਅੰਬੜੈ ਰਾਮ”
ਪਾਰਿ ਸਾਜਨੁ ਅਪਾਰੁ ਪ੍ਰੀਤਮੁ ਗੁਰ ਸ਼ਬਦ ਸੁਰਤਿ ਲੰਘਾਵਏ”
ਮਿਲਿ ਸਾਧ ਸੰਗਤਿ ਕਰਹਿ ਰਲੀਆ ਫਿਰਿ ਨ ਪਛੋਤਾਵਏ”
ਜਿਵੇਂ ਬੇੜੀ ਤੋਂ ਬਗੈਰ ਪਾਰ ਨਹੀਂ ਜਾਇਆ ਜਾ ਸਕਦਾ ਤਿਵੇਂ ਰਾਮ ਦੇ ਨਾਮ ਤੋਂ ਬਿਨਾਂ ਪਾਰ ਉਤਾਰਾ ਨਹੀਂ ਹੋ ਸਕਦਾ | ਜਿਵੇਂ ਬੇੜੀ ਤੋਂ ਬਿਨਾਂ ਮਨੁੱਖ ਨਦੀ ਤੋਂ ਪਾਰ ਨਹੀਂ ਹੋ ਸਕਦਾ | ਇਸ (ਸੰਸਾਰ-ਸਮੁੰਦਰ) ਦੀਆਂ ਵਿਸ਼ੇ-ਵਿਕਾਰ ਰੂਪੀ ਲਹਿਰਾਂ ਪੈ ਰਹੀਆਂ, ਨਾਲ ਭਰਪੂਰ ਸੰਸਾਰ ਸਮੁੰਦਰ ਤੋਂ ਪਾਰਲੇ ਪਾਸੇ ਸੱਜਣ ਪ੍ਰਭੂ ਵੱਸਦਾ ਹੈ, ਗੁਰੂ ਸ਼ਬਦ ਦੀ ਸੁਰਤਿ ਹੀ ਇਸ ਸਮੁੰਦਰ ਤੋਂ ਪਾਰ ਕਰ ਸਕਦੀ ਹੈ | ਹੇ ਮਨ ਤੂੰ ਸਾਧ ਸੰਗਤ ਵਿਚ ਮਿਲਕੇ ਵਾਹਿਗੁਰੂ ਨੂੰ ਸਿਮਰ ਕੇ ਆਨੰਦ ਮਾਣਦਾ ਰਹੇ ਤਾਂ ਤੂੰ ਵੀ ਪਾਰ ਹੋ ਜਾਏਗਾ ਅਤੇ ਫਿਰ ਤੈਨੂੰ ਪਛਤਾਣਾ ਨਹੀਂ ਪਵੇਗਾ |
ਸੰਦੇਸ਼ :- ਵਾਹਿਗੁਰੂ ਦੇ ਸੱਚੇ ਸ਼ਬਦ ਨਾਲ ਹੀ ਤੂੰ ਭਵਸਾਗਰ ਪਾਰ ਕਰ ਸਕਦਾ ਏਾ | ਨਾਮ ਸਿਮਰਨ ਤੋਂ ਬਿਨਾਂ ਤੂੰ ਮੰਜ਼ਿਲ ਨਹੀਂ ਪਾ ਸਕਦਾ |
”ਮਾਹਾ ਰੁਤੀ ਆਵਣਾ ਵੇਖਹੁ ਕਰਮ ਕਮਾਇ | | ਨਾਨਕ ਹਰੇ ਨ ਸੂਕ ਹੀ ਜਿ ਗੁਰਮੁਖਿ ਰਹੇ ਸਮਾਇ”
ਭਾਵ ਕਿ ਹੇ ਭਾਈ ਇਹ ਦੁਨੀਆ ਦੀਆਂ ਰੁੱਤਾਂ ਤੇ ਮਹੀਨੇ ਆਂਵਦੇ-ਜਾਂਵਦੇ ਹਨ, ਪਰ ਤੁਸੀਂ ਹਊਮੈ ਨੂੰ ਵਿਸਾਰਨ ਵਾਲੇ ਕਰਮ ਕਰਕੇ ਵੇਖੋ, ਉਹ ਸਦਾ ਖੇੜੇ ਵਾਲੀ ਰੁੱਤ ਕਦੇ ਅਲੋਪ ਨਹੀਂ ਹੋਵੇਗੀ | ਹੇ ਨਾਨਕ! ਜਿਹੜੇ ਮਨੁੱਖ ਗੁਰੂ ਦੇ ਦੱਸੇ ਰਾਹ ‘ਤੇ ਤੂਰ ਕੇ ਪ੍ਰਭੂ ਯਾਦ ਵਿਚ ਟਿਕ ਜਾਂਦੇ ਹਨ, ਉਨ੍ਹਾਂ ਦੀ ਆਤਮਾ ਸਦਾ ਖਿੜ੍ਹੀ ਰਹਿੰਦੀ ਹੈ ਅਤੇ ਉਹ ਖੇੜਾ ਕਦੇ ਸੁੱਕਦਾ ਨਹੀਂ |
ਸੰਦੇਸ਼:- ਐ ਮਨੱਖ ਇਹ ਖੂਬਸੂਰਤ ਰੁੱਤਾਂ-ਮਹੀਨੇ ਆਉਂਦੇ ਜਾਂਦੇ ਰਹਿੰਦੇ ਹਨ | ਮਨੁੱਖ ਹਉਮੈ ਨੂੰ ਤਿਆਗੇ | ਪ੍ਰਭੂ ਦੇ ਨਾਮ ਵਾਲੀ ਖੇੜੇ ਦੀ ਰੁੱਤ ਸਦਾ ਹੀ ਰਹਿੰਦੀ ਹੈ |
”ਰੁਤਿ ਆਈਲੇ ਸਰਸ ਬਸੰਤ ਮਾਹਿ” ਰੰਗ ਰਾਤੇ ਰਵਹਿ ਸਿ ਤੇਰੈ ਚਾਇ”
ਭਾਵ ਕਿ ਹੇ ਵਾਹਿਗੁਰੂ | ਜੀ ਜਿਹੜੇ ਬੰਦੇ ਤੇਰੇ ਪਿਆਰ ਦੇ ਰੰਗ ਵਿਚ ਰੰਗੇ ਜਾਂਦੇ ਹਨ ਅਤੇ ਜਿਹੜੇ ਤੈਨੂੰ ਸਿਮਰਦੇ ਹਨ, ਉਹ ਤੇਰੇ ਮਿਲਾਪ ਦੀ ਖੁਸ਼ੀ ਵਿਚ ਰਹਿੰਦੇ ਹਨ ਮਾਨੋ ਮਨੱਖਾ ਜਨਮ ਉਨ੍ਹਾਂ ਵਾਸਤੇ ਬਸੰਤ ਰੁੱਤ ਆਈ ਹੋਈ ਹੈ |
ਸੰਦੇਸ਼:- ਮਨੱਖ ਜਨਮ ਕੀਮਤੀ ਜਨਮ ਹੈ, ਜਿਸਨੇ ਦੁਬਾਰਾ ਨਹੀਂ ਆਉਣਾ | ਇਸ ਜੀਵਨ ਨੂੰ ਬਸੰਤ ਰੁੱਤ ਵਾਂਗ ਹੀ ਉਹ ਮਨੁੱਖ ਸਮਝਦੇ ਹਨ, ਜਿਨ੍ਹਾਂ ਨੂੰ ਪ੍ਰਭੂ ਨਾਮ ਦੀ ਸੋਝੀ ਹੈ |
”ਜੇਹੀ ਰੁਤਿ ਕਾਇਆ ਸੁਖੁ ਤੇਹਾ ਤੇਹੋ ਜੇਹੀ ਦੇਹੀ” ਨਾਨਕ ਰੁਤਿ ਸੁਹਾਵੀ ਸਾਈ ਬਿਨੁ ਨਾਵੈ ਰੁਤਿ ਕੇਹੀ”
ਭਾਵ ਕਿ ਇਨਸਾਨੀ ਜੀਵਨ ਵਾਸਤੇ ਦੋ ਹੀ ਰੁੱਤਾਂ ਹਨ, ਸਿਮਰਨ ਅਤੇ ਨਾਮਹੀਨਤਾ, ਇਨ੍ਹਾਂ ਵਿਚੋਂ ਜਿਹੜੀ ਰੁੱਤ ਦੇ ਪ੍ਰਭਾਵ ਹੇਠ ਜੀਵ ਆਪਣਾ ਜੀਵਨ ਗੁਜ਼ਾਰਦਾ ਹੈ, ਇਸ ਦੇ ਸ਼ਰੀਰ ਨੂੰ ਉਹੋ ਜਿਹਾ ਹੀ ਸੁੱਖ ਜਾਂ ਦੁੱਖ ਮਿਲਦਾ ਹੈ, ਉਸੇ ਪ੍ਰਭਾਵ ਹੇਠ ਹੀ ਇਸ ਦਾ ਸਰੀਰ ਅਤੇ ਗਿਆਨ ਇੰਦਰੀਆਂ ਚੱਲਦੀਆਂ ਹਨ
ਸੰਦੇਸ਼:- ਹੇ ਨਾਨਕ! ਮਨੁੱਖ ਵਾਸਤੇ ਉਹੀ ਰੁੱਤ ਸੋਹਣੀ ਹੈ ਜਦੋਂ ਇਹ ਨਾਮ ਸਿਮਰਦਾ ਹੈ, ਨਾਮ ਸਿਮਰਨ ਤੋਂ ਬਿਨਾਂ ਕੁਦਰਤ ਦੀ ਬਦਲਦੀ ਹੋਈ ਕੋਈ ਰੁੱਤ ਵੀ ਇਸਨੂੰ ਆਤਮਿਕ ਸੁੱਖ ਨਹੀਂ ਦੇ ਸਕਦੀ | ਆਦਮੀ ਦੇ ਚਾਲ ਚਲਣ ਦੇ ਮੁਤਾਬਿਕ ਹੀ ਉਸਦੇ ਸੁੱਖ ਦੁੱਖ ਹੁੰਦੇ ਹਨ | ਸਿਮਰਨ ਕਰਨ ਵਾਲੇ ਮਨੁੱਖ ਸੁੱਖਾਂ ਦੇ ਭਾਗੀ ਹੁੰਦੇ ਹਨ |
”ਨਾਨੀ ਸੀ ਬੂੰਦ ਪਵਨੁ ਪਤਿ ਖੋਵੈ ਜਨਮਿ ਮਰੈ ਖਿਨੁ ਤਾਈ” ਨਦੀ ਉਪਕੰਨਿ ਜੈਸੇ ਘਰੁ ਤਰਵਰੁ ਸਰਪਨਿ ਘਰੁ ਘਰ ਮਾਹੀ | | ਉਲਟੀ ਨਦੀ ਕਹਾਂ ਘਰੁ ਤਰਵਰੁ ਸਰਪਨਿ ਡਸੈ ਦੂਜਾ ਮਨ ਮਾਂਹੀ”
ਭਾਵ ਕਿ ਇਹ ਜਗਤ ਮਾਨੋ ਕਾਗਜ਼ਾਂ ਦਾ ਕਿਲ੍ਹਾ ਹੈ, ਜਿਸਨੂੰ ਪ੍ਰਭੂ ਨੇ ਆਪਣੀ ਸਿਆਣਪ ਨਾਲ ਸਜਾਵਟ ਅਤੇ ਰੂਪ ਰੇਖਾ ਦਿੱਤੀ ਹੋਈ ਹੈ, ਪਰ ਜਿਵੇਂ ਇਕ ਨਿੱਕੀ ਜਿਹੀ ਬੂੰਦ ਜਾਂ ਹਵਾ ਦਾ ਝੌਂਕਾ ਕਾਗਜ਼ ਦੇ ਕਿਲ੍ਹੇ ਦੀ ਸ਼ੋਭਾ ਗਵਾ ਦੇਂਦਾ ਹੈ, ਤਿਵੇਂ ਇਹ ਜਗਤ ਪਲ ਵਿਚ ਜੰਮਦਾ ਅਤੇ ਮਰਦਾ ਹੈ | ਜਿਵੇਂ ਕਿਸੇ ਨਦੀ ਦੇ ਕੰਢੇ ‘ਤੇ ਕੋਈ ਘਰ ਹੋਵੇ ਜਾਂ ਰੁੱਖ ਹੋਵੇ, ਜਦੋਂ ਨਦੀ ਦਾ ਵੇਗ ਉਲਟਦਾ ਹੈ ਤਾਂ ਫਿਰ ਨਾ ਘਰ ਰਹਿੰਦਾ ਹੈ ਅਤੇ ਨਾ ਹੀ ਉਹ ਰੁੱਖ | ਜਿਵੇਂ, ਜੇ ਕਿਸੇ ਮਨੁੱਖ ਦੇ ਘਰ ਵਿਚ ਸਪਣੀ ਦਾ ਘਰ ਹੋਵੇ ਤਾਂ ਜਦੋਂ ਵੀ ਮੌਕਾ ਮਿਲਦਾ ਹੈ, ਸਪਣੀ ਉਸਨੂੰ ਡੰਗ ਮਾਰੇਗੀ, ਇਸੇ ਤਰ੍ਹਾਂ ਮਨੁੱਖ ਦੇ ਮਨ ਵਿਚ ਪਰਮਾਤਮਾ ਤੋਂ ਬਿਨਾਂ ਕਿਸੇ ਹੋਰ ਦਾ ਆਸਰਾ ਉਸ ਨਦੀ ਦੇ ਉਲਟੇ ਹੜ੍ਹ ਵਾਂਗ ਅਤੇ ਉਸ ਘਰ ਵਿਚ ਵੱਸਦੀ ਸਪਣੀ ਵਾਂਗ ਹੈ, ਇਹ ਦੂਜੀ ਝਾਕ ਆਤਮਿਕ ਮੌਤ ਲਿਆਉਂਦੀ ਹੈ |
ਸੰਦੇਸ਼:-ਮਨੁੱਖ ਜੀਵਨ ਦਾ ਕੋਈ ਭਰੋਸਾ ਨਹੀਂ, ਕਦ ਦੁਨੀਆ ਤੋਂ ਰੁਖਸਤ ਹੋ ਜਾਏ | ਗੁਰੂ ਜੀ ਨੇ ਬਹੁਤ ਵਧੀਆ ਤਸ਼ਬੀਹਾਂ ਦੇ ਕੇ ਸਮਝਾਇਆ ਕਿ ਮਨੁੱਖੀ ਜੀਵਨ ਕਾਗਜ਼ੀ ਕਿਲ੍ਹਾ ਭਾਵ ਕਿ ਮਨੁੱਖ ਤੇ ਲੱਗਾ ਦਾਗ਼ ਉਸਦੀ ਸ਼ਖਸੀਅਤ ਖ਼ਤਮ ਕਰ ਦਿੰਦੀ ਹੈ | ਪ੍ਰਭੂ ਦਾ ਨਾਮ ਹੀ ਉਸਨੂੰ ਪਾਕ-ਪਵਿੱਤਰ ਰੱਖਦਾ ਹੈ |
”ਚਾਤਿ੍ਕ ਮੀਨ ਜਲ ਹੀ ਤੇ ਸੁਖੁ ਪਾਵਹਿ ਸਾਰਿੰਗ ਸਬਦਿ ਸੁਹਾਈ¨ ਰੈਨਿ ਬਬੀਹਾ ਬੋਲਿਓ ਮੇਰੀ ਮਾਈ”
ਭਾਵ ਕਿ ਹੇ ਮੇਰੀ ਮਾਂ! ਸਵਾਂਤੀ ਬੂੰਦ ਦੀ ਤਾਂਘ ਵਿਚ ਰਾਤੀਂ ਬਬੀਹਾ ਬੜੇ ਵੈਰਾਗ ਵਿਚ ਬੋਲਿਆ, ਉਸਦੀ ਵਿਲਕਦੀ ਆਵਾਜ਼ ਸੁਣ ਕੇ ਮੇਰੇ ਅੰਦਰ ਵੀ ਧੂਹ ਪਈ ਹੈ | ਮੇਰੀ ਮਾਂ! ਬਬੀਹੇ ਦੀ ਕੂਕ ਸੁਣਕੇ ਮੈਨੂੰ ਸਮਝ ਆਈ ਕਿ ਬਬੀਹਾ ਤੇ ਮੱਛੀ ਪਾਣੀ ਤੋਂ ਹੀ ਸੁੱਖ ਪਾਂਦੇ ਹਨ | ਸੰਦੇਸ਼:-ਜਿਸ ਤਰ੍ਹਾਂ ਮੱਛੀ ਤੇ ਬਬੀਹਾ ਪਾਣੀ ਤੋਂ ਸੁੱਖ ਲੈਂਦੇ ਹਨ, ਏਸੇ ਤਰ੍ਹਾਂ ਹੀ ਮਨੁੱਖ ਦੀ ਆਤਮਿਕ ਖੁਰਾਕ ਪ੍ਰਭੂ ਦਾ ਸੱਚਾ ਨਾਮ ਹੈ | ਪ੍ਰਭੂ ਦੇ ਨਾਮ ਵਿਚ ਹੀ ਮਨੁੱਖ ਦੀਆਂ ਹੋਰ ਪ੍ਰਾਪਤੀਆਂ ਦੀ ਜਿੱਤ ਹੁੰਦੀ ਹੈ |
”ਅਖਲੀ ਊਡੀ ਜਲੁ ਭਰ ਨਾਲਿ” ਡੁਗਰੁ ਊਚਉ ਗੜੁ ਪਾਤਾਲਿ” ਸਾਗਰ ਸੀਤਲੁ ਗੁਰ ਸ਼ਬਦ ਵੀਚਾਰਿ” ਮਾਰਗ ਮੁਕਤਾ ਹਉਮੈ ਮਾਰਿ”
ਭਾਵ ਕਿ ਲਮਢੀਗ (ਪੰਛੀ) ਉਚੇ ਆਕਾਸ਼ ਵਿਚ ਉਡ ਰਿਹਾ ਹੈ ਤਾਂ ਉਥੇ ਉਡਦੇ ਨੂੰ ਪਾਣੀ ਨਹੀਂ ਮਿਲ ਸਕਦਾ, ਕਿਉਂਕਿ ਪਾਣੀ ਸਮੁੰਦਰ ਵਿਚ ਹੈ | ਆਤਮਿਕ ਸ਼ਾਂਤੀ ਸ਼ੀਤਲਤਾ ਨਿਮਰਤਾ ਵਿਚ ਹੈ ਉਸ ਮਨੁੱਖ ਨੂੰ ਨਹੀਂ ਪ੍ਰਾਪਤ ਹੋ ਸਕਦੀ, ਜਿਸਦਾ ਦਿਮਾਗ ਮਾਇਆ ਆਦਿ ਦੇ ਅਹੰਕਾਰ ਵਿਚ ਅਸਮਾਨੀ ਚੜ੍ਹਿਆ ਹੋਵੇ | ਜੇ ਕੋਈ ਮਨੁੱਖ ਸਤਸੰਗ ਆਦਿ ਦਾ ਆਸਰਾ ਲੋੜਦਾ ਹੈ, ਪਰ ਚੜ੍ਹਿਆ ਹੋਵੇ ਅਹੰਕਾਰ ਦੇ ਪਹਾੜ ਉਤੇ ਤਾਂ ਉਸ ਰਾਹੇ ਪੈ ਕੇ ਵੈਰੀਆਂ ਦੀ ਚੋਟ ਤੋਂ ਬਚ ਨਹੀਂ ਸਕਦਾ | ਗੁਰੂ ਦੇ ਸ਼ਬਦ ਦੀ ਵਿਚਾਰ ਕੀਤਿਆਂ ਗੁਰ ਸ਼ਬਦ ਦੀ ਸਹਾਇਤਾ ਸਦਾ ਜੀਵਨ ਦਾ ਰਸਤਾ ਖੁੱਲਾ ਹੋ ਜਾਂਦਾ ਹੈ ਅਤੇ ਸੰਸਾਰ ਸਮੁੰਦਰ ਜੋ ਵਿਸ਼ੇ-ਵਿਕਾਰਾਂ ਨਾਲ ਤਪ ਰਿਹਾ ਹੈ, ਠੰਡਾ ਠਾਰ ਹੋ ਜਾਂਦਾ ਹੈ |
ਸੰਦੇਸ਼:-ਹੰਕਾਰੀ ਆਦਮੀ ਨੂੰ ਪ੍ਰਭੂ ਦਾ ਸੁੱਖ ਪ੍ਰਾਪਤ ਨਹੀਂ ਹੁੰਦਾ ਹੈ | ਕਿਸੇ ਵੀ ਕਿਸਮ ਦਾ ਹੰਕਾਰ ਮਨੁੱਖ ਦੇ ਰਸਤੇ ਵਿਚ ਰੁਕਾਵਟਾਂ ਪੈਦਾ ਕਰਦਾ ਹੈ | ਮਨੁੱਖ ਆਪਣੇ ਹੰਕਾਰ ਨੂੰ ਪ੍ਰਭੂ ਨਾਮ ਨਾਲ ਖ਼ਤਮ ਕਰੇ | ਭਲਾਈ ਦੇ ਕੰਮ ਕਰੇ |
”ਸੂਰਜ ਚੰਦੁ ਉਪਾਇ ਜੋਤਿ ਸਮਾਣਿਆ | ਕੀਤੇ ਰਾਤਿ ਦਿਨੰਤੁ ਚੋਜ ਵਿਡਾਣਿਆ | |”
ਭਾਵ ਕਿ ਸਾਰੀ ਰਚਨਾ ਸੰਸਾਰ ਦੀ ਰਚ ਕੇ ਆਪਣੇ ਵੱਡੇ ਚੋਜ ਨਾਲ ਰਾਤ ਦਿਨ ਵੀ ਵਾਹਿਗੁਰੂ ਨੇ ਬਣਾਏ ਅਤੇ ਸੂਰਜ, ਚੰਦਰਮਾ ਆਦਿ ਦੀ ਰਚਨਾ ਕੀਤੀ, ਇਸ ਸਭ ਕਾਸੇ ਵਿਚ ਵਾਹਿਗੁਰੂ ਜੀ ਆਪ ਜੋਤ ਰੂਪ ਹੋ ਕੇ ਸਮਾਏ ਹੋਏ ਹਨ |
ਸੰਦੇਸ਼:- ਸਾਰੀ ਸਿ੍ਸ਼ਟੀ ਵਿਚ ਵਾਹਿਗੁਰੂ ਆਪ ਹੈ |
”ਸੁਰਿ ਮਿਲਿਐ ਮਨੁ ਰਹਸੀਐ ਜਿਉ ਵੁਠੈ ਧਰਣਿ ਸੀਗਾਰੁ”
ਸਭ ਦਿਸੈ ਹਰੀਆਵਲੀ ਸਰ ਭਰੇ ਸੁਭਰ ਤਾਲ¨ ਅੰਦਰੁ ਰਚੈ ਸਚ ਰੰਗਿ ਜਿਉ ਮੰਜੀਠੈ ਲਾਲੁ |”
ਭਾਵ ਕਿ ਜੇ ਗੁਰੂ ਮਿਲ ਪਵੇ ਤਾਂ ਮਨ ਖਿਲ ਪੈਂਦਾ ਹੈ, ਜਿਵੇਂ ਮੀਂਹ ਪੈਣ ਨਾਲ ਧਰਤੀ ਦੀ ਸਜਾਵਟ ਬਣਕੇ ਸਾਰੀ ਧਰਤੀ ਹਰੀ-ਭਰੀ ਦਿਸ ਆਂਵਦੀ ਹੈ, ਸਰੋਵਰ ਤੇ ਤਲਾਬ ਨੱਕੋ-ਨੱਕ ਪਾਣੀ ਨਾਲ ਭਰ ਜਾਂਦੇ ਹਨ | ਇਸ ਤਰ੍ਹਾਂ ਜਿਸਨੂੰ ਗੁਰੂ ਮਿਲਦਾ ਹੈ, ਉਸਦਾ ਮਨ ਸਦਾ ਥਿਰ ਰਹਿਣ ਵਾਲੇ ਪ੍ਰਭੂ ਦੇ ਪਿਆਰ ਵਿਚ ਰਚ ਜਾਂਦਾ ਹੈ ਅਤੇ ਮਜੀਠ (ਰੰਗ) ਵਾਂਗ ਰੱਤਾ ਪੱਕੇ ਪਿਆਰ ਵਾਲਾ ਹੋ ਜਾਂਦਾ ਹੈ | ਉਸਦਾ ਹਿਰਦਾ ਖਿੜ੍ਹ ਜਾਂਦਾ ਹੈ | ਵਾਹਿਗੁਰੂ ਸਦਾ ਉਸਦੇ ਹਿਰਦੇ ਵਿਚ ਆ ਵੱਸਦਾ ਹੈ |
ਸੰਦੇਸ਼:- ਗੁਰੂ ਦੀ ਪ੍ਰਾਪਤੀ ਸਭ ਤੋਂ ਉਚੀ ਤੇ ਸੱਚੀ | ਜਿਸ ਤਰ੍ਹਾਂ ਮੀਂਹ ਪੈਣ ਨਾਲ ਕੁਦਰਤ ਖੁਸ਼ਹਾਲ ਹੋ ਜਾਂਦੀ ਹੈ, ਖਿੜ੍ਹ ਜਾਂਦੀ ਹੈ, ਪ੍ਰਭੂ ਦੇ ਮਿਲਣ ਨਾਲ ਵੀ ਮਨੁੱਖ ਦਾ ਤਨ ਮਨ ਰੂਹ ਖਿੜ੍ਹ ਜਾਂਦੇ ਹਨ | ਪ੍ਰਭੂ ਦੀ ਪ੍ਰਾਪਤੀ ਵਿਚ ਖੇੜਾ ਹੀ ਖੇੜਾ ਹੁੰਦਾ ਹੈ |
”ਉਪਰਿ ਕੂਪ ਗਗਨ ਪਨਿਹਾਰੀ ਅੰਮਿ੍ਤ ਪੀਵਣਹਾਰਾ” ਜਿਸ ਕੀ ਰਚਨਾ ਸੋ ਬਿਧਿ ਜਾਣੈ ਗੁਰਮੁਖਿ ਗਿਆਨੁ ਵੀਚਾਰਾ”
ਭਾਵ ਕਿ ਨਾਮ ਅੰਮਿ੍ਤ ਦਾ ਸੌਖਾ ਪਰਮਾਤਮਾ ਸਭ ਤੋਂ ਉਚਾ ਹੈ | ਉਚੀ ਬਿਰਤੀ ਵਾਲਾ ਜੀਵ ਹੀ ਉਸਦੀ ਮਿਹਰ ਨਾਲ ਨਾਮ ਅੰਮਿ੍ਤ ਪੀ ਸਕਦਾ ਹੈ | ਨਾਮ ਅੰਮਿ੍ਤ ਪਿਲਾਣ ਦਾ ਤਰੀਕਾ ਵੀ ਉਹ ਪਰਮਾਤਮਾ ਆਪ ਹੀ ਜਾਣਦਾ ਹੈ, ਜਿਸਦੀ ਰਚੀ ਹੋਈ ਇਹ ਸਿ੍ਸ਼ਟੀ ਹੈ | ਜੀਵ ਗੁਰੂ ਦੀ ਸ਼ਰਨ ਪੈਕੇ ਪਰਮਾਤਮਾ ਨਾਲ ਡੂੰਘੀ ਸਾਂਝ ਪਾਉਂਦਾ ਹੈ ਅਤੇ ਉਸਦੇ ਗੁਣਾਂ ਦੀ ਵੀਚਾਰ ਕਰਦਾ ਹੈ |
ਸੰਦੇਸ਼:- ਉਚੀ ਬਿਰਤੀ ਵਾਲਾ ਮਨੁੱਖ ਹੀ ਉਸ ਪ੍ਰਭੂ ਨੂੰ ਪਾ ਸਕਦਾ ਹੈ | ਸੱਚਾ, ਸੁੱਚਾ ਨੇਕ ਮਨੁੱਖ ਹੀ ਚੰਗਾ ਇਨਸਾਨ ਕਹਾਉਂਦਾ ਹੈ | ਉਚ ਪ੍ਰਾਪਤੀਆਂ ਉਸਦੀ ਹੀ ਝੋਲੀ ਵਿਚ ਪੈਂਦੀਆਂ ਹਨ ਜੋ ਮਿਹਨਤ ਕਰਦੇ ਹਨ ਅਤੇ ਪ੍ਰਭੂ ਨਾਲ ਸਾਂਝ ਰੱਖਦੇ ਹਨ ਆਦਿ |
”ਜੇ ਤੂੰ ਤਾਰੂ ਪਾਣਿ ਤਾਹੂ ਪੁਛੁ ਤਿੜੰਨ ਕਲ” ਤਾਹੂ ਖਰੇ ਸੁਜਾਣ ਵੰਙ ਏਨੀ ਕਪਰੀ” ਝੜ ਝਖੜ ਓਹਾੜ ਲਹਰੀ ਵਹਿਨ ਲਖੇਸਰੀ”
ਭਾਵ ਕਿ ਹੇ ਭਾਈ! ਜੇ ਤੂੰ ਸੰਸਾਰ ਸਮੁੰਦਰ ਦੇ ਪਾਣੀ ਦਾ ਤਾਰੂ ਬਣਨਾ ਚਾਹੁੰਦਾ ਹੈ ਤਾਂ ਤਰਨ ਦੀ ਜਾਚ, ਉਨ੍ਹਾਂ ਨੂੰ ਪੁੱਛ, ਜਿਨ੍ਹਾਂ ਨੂੰ ਇਸ ਸੰਸਾਰ ਸਮੁੰਦਰ ਵਿਚੋਂ ਪਾਰ ਲੰਘਣ ਦੀ ਜਾਚ ਹੈ | ਹੇ ਭਾਈ! ਉਹ ਮਨੁੱਖ ਹੀ ਸਿਆਣੇ ਹਨ ਜੋ ਇਸ ਸੰਸਾਰ ਸਮੁੰਦਰ ਦੀਆਂ ਵਿਕਾਰਾਂ ਰੂਪੀ ਲਹਿਰਾਂ ਵਿਚੋਂ ਪਾਰ ਲੰਘਦੇ ਹਨ, ਮੈਂ ਭੀ ਉਨ੍ਹਾਂ ਦੀ ਸੰਗਤ ਵਿਚ ਹੀ ਇਨ੍ਹਾਂ ਲਹਿਰਾਂ ਤੋਂ ਪਾਰ ਲੰਘ ਸਕਦਾ ਹਾਂ | ਹੇ ਭਾਈ! ਇਸ ਸੰਸਾਰ ਸਮੁੰਦਰ ਵਿਚ ਵਿਕਾਰਾਂ ਦੀਆਂ ਲਹਿਰਾਂ ਪੈ ਰਹੀਆਂ ਹਨ |
ਸੰਦੇਸ਼:-ਮਨੁੱਖ ਲਈ ਸਦੇਸ਼ ਬਣਦਾ ਹੈ ਕਿ ਮਨੁੱਖ ਵਿਕਾਰਾਂ ਤੋਂ ਦੂਰ ਰਹੇ | ਜਿਹੜੇ ਮਨੁੱਖ ਵਿਕਾਰਾਂ ਤੋਂ ਪਾਰ ਹੋ ਜਾਂਦੇ ਹਨ, ਉਨ੍ਹਾਂ ‘ਤੇ ਪਰਮਾਤਮਾ ਦੀ ਮਿਹਰ ਰਹਿੰਦੀ ਹੈ |
ਸੰਦੇਸ਼:-ਮਨੁੱਖ ਲਈ ਸੰਦੇਸ਼ ਬਣਦਾ ਹੈ ਕਿ ਵਿਕਾਰਾਂ ਤੋਂ ਦੂਰ ਰਹੇ | ਜਿਹੜੇ ਮਨੁੱਖ ਵਿਕਾਰਾਂ ਤੋਂ ਪਾਰ ਹੋ ਜਾਂਦੇ ਹਨ, ਉਨ੍ਹਾਂ ‘ਤੇ ਪਰਮਾਤਮਾ ਦੀ ਮਿਹਰ ਰਹਿੰਦੀ ਹੈ |
”ਨਿਰਮਲੁ ਨਾਵਣੁ ਨਾਨਕਾ ਗੁਰੁ ਤੀਰਥ ਦਰੀਆਉ” ਜਨਮੇ ਕਾ ਫਲੁ ਕਿਆ ਗਣੀ ਜਾਂ ਹਰਿ ਭਗਤਿ ਨ ਭਾਉ”
ਭਾਵ ਕਿ ਇਸ ਸੰਸਾਰ ਵਿਚ ਵਿਕਾਰਾਂ ਨਾਲ ਜੋ ਮੈਲ ਮਨੁੱਖ ਨੂੰ ਲਗਾਤਾਰ ਲੱਗਦੀ ਰਹਿੰਦੀ ਹੈ: ਉਸਨੂੰ ਲਹੁਣ ਵਾਸਤੇ (ਗੁਰੂ ਦਰੀਆਉ) ਹੀ ਸੱਚਾ ਤੀਰਥ ਹੈ ਜਿਸਦੀ ਸੰਗਤ ਵਿਚ ਚੁੱਭੀ ਲਾਉਣ ਨਾਲ ਪਵਿੱਤਰ ਹੋ ਜਾਈਦਾ ਹੈ | ਹੇ ਭਾਈ! ਜਦ ਤਕ ਮਨੁੱਖ ਦੇ ਮਨ ਵਿਚ ਪ੍ਰਭੂ ਦੀ ਭਗਤੀ ਨਹੀਂ, ਪਰਮਾਤਮਾ ਦਾ ਪ੍ਰੇਮ ਨਹੀਂ, ਤਦ ਤਕ ਉਸਦੇ ਮੁਨੱਖਾ ਜਨਮ ਹਾਸਿਲ ਕੀਤੇ ਦਾ ਕੋਈ ਲਾਭ ਨਹੀਂ ਹੈ |
ਸੰਦੇਸ਼ :- ਪ੍ਰਭੂ ਦਾ ਨਾਮ ਹੀ ਸੱਚਾ ਤੀਰਥ ਹੈ | ਮਨ ਨੂੰ ਸ਼ੁੱਧ ਕਰਨ ਲਈ ਪ੍ਰਭੂ ਦਾ ਨਾਮ ਜਰੂਰੀ ਹੈ | ਪ੍ਰਭੂ ਦੇ ਨਾਮ ਨਾਲ ਮਨੁੱਖ ਸੱਚਾ ਸੁੱਚਾ ਬਣਦਾ ਹੈ, ਜਿਸ ਨਾਲ ਉਸਦਾ ਜੀਵਨ ਸਫ਼ਲ ਚੱਲਦਾ ਹੈ |
”ਬਲਿਹਾਰੀ ਕੁਦਰਤਿ ਵਸਿਆ” ਤੇਰਾ ਅੰਤੁ ਨ ਜਾਈ ਲਖਿਆ”
ਭਾਵ ਕਿ ਹੇ ਵਾਹਿਗੁਰੂ! ਜੀ ਤੇਰੇ ਅੰਤ ਦੀ ਲਖਤਾ ਨਹੀਂ ਹੋ ਸਕਦੀ, ਭਾਵ ਤੂੰ ਬੇਅੰਤ ਹੇ ਅਤੇ ਮੈਂ ਤੇਰੇ ਇਸ ਗੁਣ ਕਿ ਕੁਦਰਤਿ ਸਾਜ ਕੇ ਇਸ ਵਿਚ ਤੂੰ ਆਪਣਾ ਵਾਸਾ ਕੀਤਾ ਹੈ, ਤੋਂ ਬਲਿਹਾਰ ਜਾਂਦਾ ਹੈ |
ਇਕ ਮਹਾਨ ਖੋਜੀ ਅਧਿਆਤਮਿਕ ਅਤੇ ਨੈਤਿਕ ਉਪਦੇਸ਼ਕ ਹੋਣ ਦੇ ਨਾਲ-ਨਾਲ ਗੁਰੂ ਨਾਨਕ ਦੇਵ ਜੀ ਇਕ ਸਰਵੋਤਮ ਪੱਧਰ ਦੇ ਮਹਾਨ ਕਵੀ ਸਨ |
ਬਲਵਿੰਦਰ ਬਾਲਮ ਗੁਰਦਾਸਪੁਰ
ਉਂਕਾਰ ਨਗਰ, ਗੁਰਦਾਸਪੁਰ (ਪੰਜਾਬ)
ਮੋ. 98156-25409