ਜਦੋਂ ਗੁੱਸੇ ਦਾ ਜਿੰਨ ਆਪਣਾ ਬਾਣ ਚਲਾਉਂਦਾ ਹੈ।
ਚੰਗੇ ਚੰਗਿਆਂ ਨੂੰ ਅਰਸ਼ ਤੋਂ ਫਰਸ਼ ਤੇ ਲਾਹੁੰਦਾ ਹੈ।
ਗੁੱਸਾ ਬੁੱਧੀ ਤੇ ਕਾਲੀ ਧੁੰਧ ਦਾ ਮੀਂਹ ਵਰਾਉਂਦਾ ਹੈ।
ਬੁੱਧੀ ਨੂੰ ਜਕੜ ਕੇ ਭਿਆਨਕ ਰੂਪ ਵਿਖਾਉਂਦਾ ਹੈ।
ਵਰਿਆਂ ਕਮਾਈ ਇੱਜ਼ਤ ਦੀ ਖਿੱਲੀ ਉਡਾਉਂਦਾ ਹੈ।
ਕਦੇ ਨਾ ਭੁੱਲਣ ਵਾਲੇ ਜਖ਼ਮ ਦਿਲਾਂ ਤੇ ਲਾਉਂਦਾ ਹੈ।
ਗੁੱਸਾ ਖੂਨ ਦੇ ਰਿਸ਼ਤਿਆਂ ਨੂੰ ਸਫ਼ੈਦ ਬਣਾਉਂਦਾ ਹੈ।
ਗੁੱਸਾ ਚੰਗੇ ਭਲਿਆਂ ਨੂੰ ਵੀ ਚੰਡਾਲ ਬਣਾਉਂਦਾ ਹੈ।
ਗੁੱਸਾ ਪੰਚ ਵਿਕਾਰਾਂ ਵਿੱਚ ਦੂਜੇ ਥਾਂ ਤੇ ਆਉਂਦਾ ਹੈ।
ਗੁੱਸਾ ਜ਼ਹਿਰ ਘੋਲ ਪਾਣੀਆਂ ਨੂੰ ਅੱਗ ਲਾਉਂਦਾ ਹੈ।
ਗੁੱਸਾ ਸੱਪੋਂ ਭੈੜਾ ਡੰਗ ਸੋਚ ਨੂੰ ਮੱਦ ਪਿਆਉਂਦਾ ਹੈ।
ਗੁੱਸੇ ਦਾ ਹੜ੍ਹ ਚੰਗਿਆਈਆਂ ਨੂੰ ਖੂੰਜੇ ਲਾਉਂਦਾ ਹੈ।
ਗੁੱਸੇ ਦਾ ਹੜ੍ਹ ਅਮੁੱਲ ਦਿਲਾਂ ਨੂੰ ਢਾਅ ਲਾਉਂਦਾ ਹੈ।
ਗੁੱਸਾ ਖੁਸ਼ੀਆਂ ਦੀ ਖਾਰੀ ਨੂੰ ਲਾਂਬੂ ਲਗਾਉਂਦਾ ਹੈ।
ਗੁੱਸੇ ਦਾ ਔਗੁਣ ਕਾਇਆ ਨੂੰ ਖਾਕ ਬਣਾਉਂਦਾ ਹੈ।
ਅਸਾਂ ਗੁੱਸੇ ਨੂੰ ਪਿਆਰ ਕੁਰਬਾਨੀ ਰਾਹ ਪਾਣਾ ਹੈ।
ਜ਼ਬਾਨੋਂ ਨਿਕਲਿਆ ਬੋਲ ਨਾ ਵਾਪਿਸ ਆਉਂਦਾ ਹੈ।
ਸਕਿੰਟਾਂ ਦਾ ਗੁੱਸਾ ਰਿਸ਼ਤੇ ਤਾਰ ਤਾਰ ਕਰਾਉਂਦਾ ਹੈ।
ਇਕਬਾਲ ਗੁੱਸੇ ਦਾ ਸੜਿਆ ਤਾਬ ਨਾ ਆਉਂਦਾ ਹੈ।
ਗੁੱਸਾ ਸਿਰ ਖੇਹ ਪੁਆਵੇ ਕੱਖਾਂ ਵਾਂਗ ਰੁਲਾਉਂਦਾ ਹੈ।

ਇਕਬਾਲ ਸਿੰਘ ਪੁੜੈਣ
8872897500