ਸ਼ਾਮ ਹੋ ਗਈ ਸੀ। ਮਾਂ ਅਜੇ ਤੱਕ ਘਰ ਨਹੀਂ ਸੀ ਪਰਤੀ। ਰਵੀ ਪਰੇਸ਼ਾਨ ਹੋ ਗਿਆ। ਉਹਨੇ ਸੋਚਿਆ, ‘ਮਾਂ ਆਖ਼ਰ ਕਿੱਥੇ ਰਹਿ ਗਈ!’ ਉਨ੍ਹਾਂ ਦਾ ਮੋਬਾਈਲ ਫੋਨ ਵੀ ਕਾਫੀ ਦੇਰ ਤੋਂ ਸਵਿਚ ਆਫ਼ ਆ ਰਿਹਾ ਸੀ। ਹਨੇਰਾ ਹੁੰਦਾ ਵੇਖ ਕੇ ਰਵੀ ਨੇ ਮਾਂ ਦਾ ਮੋਬਾਈਲ ਟਰੇਸ ਕਰਵਾਇਆ ਅਤੇ ਉਨ੍ਹਾਂ ਕੋਲ ਪਹੁੰਚ ਗਿਆ। ਮਾਂ ਕਾਫੀ ਘਬਰਾਈ ਹੋਈ ਸੀ। ਰਵੀ ਨੂੰ ਵੇਖ ਕੇ ਡੁਸਕਣ ਲੱਗ ਪਈ।
ਰਵੀ ਮਾਂ ਨੂੰ ਬਿਨਾਂ ਕੁਝ ਕਹੇ-ਸੁਣੇ ਘਰ ਲੈ ਆਇਆ। ਉਨ੍ਹਾਂ ਨੂੰ ਪਾਣੀ ਪਿਆਇਆ। ਜਦੋਂ ਮਾਂ ਕੁਝ ਸ਼ਾਂਤ ਹੋਈ ਤਾਂ ਬੋਲੀ, “ਕੁਝ ਖਰੀਦਾਰੀ ਕਰਨ ਬਜ਼ਾਰ ਗਈ ਸਾਂ। ਜਿਉਂ ਹੀ ਆਟੋ ਤੋਂ ਉੱਤਰੀ, ਇੱਕ ਆਦਮੀ ਆਇਆ ਅਤੇ ਮੇਰਾ ਪਰਸ ਖੋਹ ਕੇ ਦੌੜ ਗਿਆ। ਘਬਰਾਹਟ ਵਿੱਚ ਪਤਾ ਨਹੀਂ ਮੋਬਾਈਲ ਦਾ ਕਿਹੜਾ ਬਟਨ ਨੱਪਿਆ ਗਿਆ ਕਿ ਬੰਦ ਹੀ ਹੋ ਗਿਆ। ਤੈਨੂੰ ਤਾਂ ਪਤਾ ਹੀ ਹੈ, ਮੈਨੂੰ ਮੋਬਾਈਲ ਦੀ ਜ਼ਿਆਦਾ ਜਾਣਕਾਰੀ ਨਹੀਂ ਹੈ। ਮੈਂ ਤਾਂ ਸਿਰਫ਼ ਹਰਾ ਅਤੇ ਲਾਲ ਬਟਨ ਹੀ ਪਹਿਚਾਣਦੀ ਹਾਂ। ਅਤੇ ਏਸੇ ਘਬਰਾਹਟ ਵਿੱਚ ਰਾਹ ਵੀ ਭੁੱਲ ਗਈ।”
ਰਵੀ ਨੇ ਮਾਂ ਦਾ ਹੱਥ ਫੜ ਕੇ ਮੋਬਾਈਲ ਨੂੰ ਆਨ-ਆਫ਼ ਕਰਨ ਤੋਂ ਲੈ ਕੇ ਹਰ ਫ਼ੀਚਰ ਨੂੰ ਚੰਗੀ ਤਰ੍ਹਾਂ ਸਮਝਾਇਆ। ਮਾਂ ਹਰ ਚੀਜ਼ ਸੌਖੀ ਤਰ੍ਹਾਂ ਸਮਝਦੀ ਗਈ। ਉਨ੍ਹਾਂ ਨੂੰ ਯਾਦ ਆਇਆ, ਬਚਪਨ ਵਿੱਚ ਉਨ੍ਹਾਂ ਨੇ ਵੀ ਰਵੀ ਨੂੰ ਹਰ ਗੱਲ ਏਸੇ ਤਰ੍ਹਾਂ ਸਮਝਾਈ ਸੀ। ਇਉਂ ਹੀ ਹੱਥ ਫੜ ਕੇ ਲਿਖਣਾ-ਪੜ੍ਹਨਾ ਸਿਖਾਇਆ ਸੀ ਅਤੇ ਉਹਦੇ ਜੀਵਨ ਦੀ ਨੀਂਹ ਮਜ਼ਬੂਤ ਕੀਤੀ ਸੀ। ਅੱਜ ਉਹੀ ਨੀਂਹ ਮੀਲ ਦਾ ਪੱਥਰ ਸਾਬਤ ਹੋ ਕੇ ਉਨ੍ਹਾਂ ਨੂੰ ਜ਼ਮਾਨੇ ਦੇ ਨਾਲ ਚੱਲਣਾ ਸਿਖਾ ਰਹੀ ਹੈ। ਉਨ੍ਹਾਂ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਸਨ।
****

~ ਮੂਲ : ਸ਼ੋਭਾ ਗੋਇਲ, ਜੈਪੁਰ (ਰਾਜਸਥਾਨ)
~ ਅਨੁ : ਪ੍ਰੋ. ਨਵ ਸੰਗੀਤ ਸਿੰਘ, ਪਟਿਆਲਾ-147002.
(9417692015)
