ਸ ਸ ਮੀਸ਼ਾ ਵੱਡਾ ਸ਼ਾਇਰ ਸੀ ਦੋਸਤੋ।
ਸ ਸ ਮੀਸ਼ਾ ਵੱਡਾ ਸ਼ਾਇਹ ਸੀ। ਬਹੁਤ ਬਾਰੀਕ ਬੁੱਧ। ਉਸ ਦੀਆਂ ਤਿੰਨ ਮੌਲਿਕ ਕਿਤਾਬਾਂ ਚੁਰਸਤਾ, ਦਸਤਕ ਤੇ ਕੱਚ ਦੇ ਵਸਤਰ ਜਿਉਂਦੇ ਜੀਅ ਛਪੀਆਂ। ਇੱਕ ਕਿਤਾਬ ਧੀਮੇ ਬੋਲ ਸੰਪਾਦਿਤ ਹੋਈ। ਇਸ ਦਾ ਮੁੱਖ ਬੰਦ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਨੇ ਲਿਖਿਆ ਸੀ।
ਸ. ਬਰਜਿੰਦਰ ਸਿੰਘ ਹਮਦਰਦ ਨਾਲ ਮੀਸ਼ਾ ਜੀ ਦੀ ਦਿਲੀ ਮੁਹੱਬਤ ਸੀ। ਇੱਕ ਜਿੰਦ ਇੱਕ ਜਾਨ। ਮੀਸ਼ਾ ਜੀ ਦੇ ਜਾਣ ਮਗਰੋਂ ਪਿੱਛੇ ਰਹਿ ਗਈਆਂ ਕਵਿਤਾਵਾਂ ਦਾ ਸੰਗ੍ਰਹਿ ਚਪਲ ਚੇਤਨਾ ਨਾਮ ਹੇਠ ਚੇਤਨਾ ਪ੍ਰਕਾਸ਼ਨ ਤੋਂ ਮੀਸ਼ਾ ਜੀ ਦੀ ਜੀਵਨ ਸਾਥਣ ਪ੍ਰਿੰਸੀਪਲ ਸੁਰਿੰਦਰ ਕੌਰ ਮੀਸ਼ਾ ਤੋਂ ਸੰਪਾਦਿਤ ਕਰਕੇ ਛਪਵਾਇਆ। ਜਲੰਧਰ ਵਿੱਚ ਬਹੁਤ ਪ੍ਰਭਾਵਸ਼ਾਲੀ ਸਮਾਗਮ ਕਰਕੇ ਇਸ ਕਿਤਾਬ ਨੂੰ ਲੋਕ ਅਰਪਣ ਕੀਤਾ। ਮੈਂ ਵੀ ਹਾਜ਼ਰ ਸਾਂ ਇਥੇ। ਮੈ ਵੀ ਮੀਸ਼ਾ ਜੀ ਦਾ ਪਿਆਰ ਪਾਤਰ ਰਿਹਾ ਹੋਣ ਕਰਕੇ ਕੁਝ ਸ਼ਬਦ ਕਹੇ।
ਗੁਲਜ਼ਾਰ ਸਿੰਘ ਸੰਧੂ ਜੀ ਨੇ ਦੋਸਤੀ ਨਿਭਾਉਂਦਿਆਂ ਸ ਸ ਮੀਸ਼ਾ ਦਾ ਸੰਪੂਰਨ ਕਾਵਿ ਪ੍ਰਿੰਸੀਪਲ ਸੁਰਿੰਦਰ ਕੌਰ ਮੀਸ਼ਾ ਜੀ ਦੀ ਸਹਾਇਤਾ ਨਾਲ ਸੰਪਾਦਿਤ ਕਰਕੇ ਸੱਤ ਕੁ ਸਾਲ ਪਹਿਲਾਂ 2017 ਵਿੱਚ ਲੋਕ ਗੀਤ ਪ੍ਰਕਾਸ਼ਨ ਤੋਂ ਪ੍ਰਕਾਸ਼ਿਤ ਕਰਵਾਇਆ ਸੀ।
ਮੀਸ਼ਾ ਜੀ ਨੇ ਬੰਗਲਾ ਦੇਸ਼ ਬਣਨ ਵੇਲੇ ਹਿੰਦ ਪਾਕਿ ਕੁੜੱਤਣ ਨੂੰ ਕੇਂਦਰ ਚ ਰੱਖ ਕੇ ਮੁਹੱਬਤ ਦੀ ਬਾਤ ਛੋਹੀ ਸੀ। ਉਹ ਵੱਡੀ ਕਵਿਤਾ ਅੱਜ ਅਚਾਨਕ ਯਾਦ ਆਈ ਤਾਂ ਦਿਲ ਕੀਤਾ ਕਿ ਤੁਸੀਂ ਵੀ ਪੜ੍ਹੋ ਜਨਾਬ।
ਹਾਜ਼ਰ ਹੈ ਉਹ ਕਵਿਤਾ।
ਦੁਸ਼ਮਣੀ ਦੀ ਦਾਸਤਾਨ
ਸ ਸ ਮੀਸ਼ਾ
ਗੱਲ ਤਾਂ ਨਿੱਕੀ ਜਿਹੀ ਹੈ
ਮੈਂ ਹੀ ਭਾਵੁਕ ਹੋ ਗਿਆ ਹਾਂ
ਕਾਬਲੀ ਅੰਗੂਰ
ਲੰਘ ਕੇ ਆ ਗਿਆ ਹੈ ਵਾਹਘੱਉਂ
ਤੂੰ ਸੀ ਜਿਹੜੇ ਰਾਹ ਗਿਉਂ
ਬਹੁਤ ਖ਼ੁਸ਼ ਹੋਇਆ ਹਾਂ ਮੈਂ
ਅੱਖੀਆਂ ਵਿੱਚ ਆ ਗਏ ਨੇ ਅੱਥਰੂ
ਭਰ ਗਿਆ ਹੈ ਮੇਰੇ ਮੂੰਹ ਵਿੱਚ ਮਾਖਿਓਂ
ਗੱਲ ਤਾਂ ਨਿੱਕੀ ਜਿਹੀ ਹੈ
ਮੈਂ ਹੀ ਭਾਵੁਕ ਹੋ ਗਿਆ ਹਾਂ।
ਗੱਲ ਤਾਂ ਨਿੱਕੀ ਜਿਹੀ ਹੈ
ਮੇਰੇ ਬੱਚੇ ਨੂੰ ਸਮਝ ਆਉਂਦੀ ਨਹੀਂ
ਕਿਸ ਤਰ੍ਹਾਂ
ਇੱਕੋ ਵੇਲੇ
ਕੋਈ ਹੋ ਸਕਦਾ ਬਿਗਾਨਾ ਆਪਣਾ
ਲੰਘ ਕੇ ਸਰਹੱਦ ਨੂੰ
ਭਟਕਦੀ ਰਹਿੰਦੀ ਹੈ ਅਕਸਰ ਕਲਪਣਾ
ਕਿਸ ਤਰ੍ਹਾਂ ਦਾ ਯਾਰ
ਵੱਸਦਾ ਹੈ ਪਰਾਏ ਮੁਲਕ ਵਿੱਚ
ਜਿਸ ਲਈ ਇੰਝ ਲੁੱਛਦਾ ਰਹਿੰਦਾ ਹਾਂ ਮੈਂ
ਪੁਰੇ ਲੜ ਬੰਨ੍ਹਦਾ ਸਲਾਮਾਂ
ਪੱਛੋਂ ਤੋਂ ਵੀ ਹਾਲ ਪੁੱਛਦਾ ਰਹਿੰਦਾ ਹਾਂ ਮੈਂ
ਨਾ ਕਦੀ ਆਉਂਦਾ ਨਾ ਮਿਲਦਾ
ਨਾ ਕੋਈ ਚਿੱਠੀ ਕਦੀ ਨਾ ਸੁਖ ਸੁਨੇਹਾ
ਦੱਸਦਾ ਨਾ ਹਾਲ ਦਿਲ ਦਾ
ਗੱਲ ਤਾਂ ਨਿੱਕੀ ਜਿਹੀ ਹੈ
ਮੇਰੇ ਬੱਚੇ ਨੂੰ ਸਮਝ ਆਉਂਦੀ ਨਹੀਂ।
ਗੱਲ ਤਾਂ ਨਿੱਕੀ ਜਿਹੀ ਹੈ
ਸਮਝ ਨਹੀਂ ਆਉਂਦੀ
ਸਿਆਸਤਦਾਨ ਨੂੰ
ਦੇਸ਼-ਭਗਤੀ ਵਿੱਚ
ਵਿਘਨ ਪੈਂਦਾ ਕਿਵੇਂ?
ਆਪ ਆਪਣੇ ਜਜ਼ਬਿਆਂ ਤੋਂ
ਝਿਜਕਦਾ ਸੰਗਦਾ ਸਾਂ ਮੈਂ।
ਯਾਦ ਹੈ
ਚਾਨਣ-ਵਿਗੁੱਚੀ
ਘੁੱਪ ਹਨ੍ਹੇਰੀ ਰਾਤ ਵਿੱਚ
ਦੇਸ਼ ਮੇਰੇ ਦੇ ਲੜਾਕੂ ਸੂਰਮੇ
ਸੀਰਮੇ ਪੀਂਦੇ ਸੀ ਅੱਗੇ ਵਧ ਰਹੇ
ਛਿੜਕਦੇ ਸੀ ਅੱਗ ਤੇਰੇ ਸ਼ਹਿਰ ‘ਤੇ
ਉਹਨਾਂ ਦੀ ਸੂਰਮਗਤੀ ਨੂੰ
ਸਿਰ ਝੁਕਾਂਦਾ ਚੁੱਪ-ਚੁਪੀਤਾ
ਤੇਰੀ,ਤੇਰੇ ਮਾਪਿਆਂ ਤੇ ਬੱਚਿਆਂ ਦੀ ਖ਼ੈਰ ਕਿਉਂ ਮੰਗਦਾ ਸਾਂ ਮੈਂ?
ਯਾਦ ਕਰ ਕੇ ਅੱਲਾ ਨੂੰ
ਭਗਵਾਨ ਨੂੰ
ਗੱਲ ਤਾਂ ਨਿੱਕੀ ਜਿਹੀ ਹੈ
ਸਮਝ ਨਹੀਂ ਆਉਂਦੀ
ਸਿਆਸਤਦਾਨ ਨੂੰ।
ਅਜਬ ਹੈ ਇਹ ਦੁਸ਼ਮਣੀ ਦੀ ਦਾਸਤਾਨ
ਗ਼ੈਰ ਨੂੰ ਦੱਸੀਏ ਤਾਂ ਹੋ ਜਾਏ ਹੈਰਾਨ
ਮੇਰੀਆਂ ਫੌਜਾਂ ਦੇ ਅੱਗੇ
ਤੇਰੀਆਂ ਫੌਜਾਂ ਨੇ ਜਦ ਹਥਿਆਰ ਸੁੱਟੇ
ਗਿਲੇ ਵਰਗੀ ਗੱਲ ਸੀ
ਕੁਝ ਰੋਸ ਵੀ ਸੀ
ਤੂੰ ਤਾਂ ਰੋਇਆ ਹੋਏਂਗਾ
ਰੋਣਾ ਹੀ ਸੀ।
ਮੇਰੇ ਕਿਉਂ ਅੱਥਰੂ ਸੀ ਵਗੇ
ਮੈਨੂੰ ਆਪਣੀ ਜਿੱਤ ਦਾ
ਚਾਅ ਤਾਂ ਭਲਾ ਹੋਣਾ ਹੀ ਸੀ
ਨਾਲ ਹੀ ਕਿਉਂ
ਕੁਝ ਤੇਰੀ ਹਾਰ ਦਾ ਅਫਸੋਸ ਵੀ ਸੀ
ਆਪ ਹੁੰਦਾ ਹਾਂ ਹੈਰਾਨ
ਕਿਹੋ ਜਿਹੀ ਹੈ ਦੁਸ਼ਮਣੀ ਦੀ ਦਾਸਤਾਨ।
ਗੱਲ ਤਾਂ ਨਿੱਕੀ ਜਿਹੀ ਹੈ
ਕੌਣ ਸਮਝਾਏ ਸਿਆਸਤਦਾਨ ਨੂੰ
ਕਿੰਜ ਸਮਝੇਗਾ ਮੇਰਾ ਬੱਚਾ ਨਾਦਾਨ
ਕਦ ਖ਼ਤਮ ਹੋਏਗੀ ਆਖ਼ਰ
ਅਜਬ ਹੈ ਇਹ
ਦੁਸ਼ਮਣੀ ਦੀ ਦਾਸਤਾਨ।

ਗੁਰਭਜਨ ਗਿੱਲ
