ਮੈਨੂੰ ਲੱਗਦਾ ਏ ਹੁਣ ਤੂੰ ਚੁੱਪ ਰਹਿਣਾ ਸਿੱਖ ਲਿਆ ਏ
ਬਿਨਾਂ ਬੋਲੇ ਵੀ ਬਹੁਤ ਕੁੱਝ ਕਹਿਣਾ ਸਿੱਖ ਲਿਆ ਏ
ਹੁਣ ਤੂੰ ਕੋਈ ਹੱਕ ਵੀ ਜਤਾਉਂਦਾ ਹੀ ਨਹੀਂ
ਕਿਉਂ ਕਿਸੇ ਦਾ ਸਾਥ ਤੈਨੂੰ ਭਾਉਂਦਾ ਹੀ ਨਹੀਂ
ਅੱਖਾਂ ਬੰਦ ਕਰਕੇ ਤੀਰ ਨਿਸ਼ਾਨੇ ਲਾਉਣਾ ਮਿੱਥ ਲਿਆ ਏ
ਮੈਨੂੰ ਲੱਗਦਾ ਏ ਹੁਣ ਤੂੰ ਚੁੱਪ ਰਹਿਣਾ ਸਿੱਖ ਲਿਆ ਏ
ਚੇਹਰੇ ਤੇ ਉਦਾਸੀ ਹੁਣ ਤੇਰੇ ਚੇਹਰੇ ਤੇ ਨਜ਼ਰ ਨਹੀਂ ਆਉਂਦੀ
ਨਾਰਾਜ਼ਗੀ ਦੀ ਪੀੜਾ ਕਿਉਂ ਰੱਤੀ ਭਰ ਵੀ ਨਹੀਂ ਸਤਾਉਂਦੀ
ਦੁੱਖਾਂ ਨੂੰ ਸੱਪਾਂ ਨੂੰ ਕੀਲ ਕੇ ਖੁਸ਼ੀ ਮਨਾਉਣ ਸਿੱਖ ਲਿਆ ਏ
ਮੈਨੂੰ ਲੱਗਦਾ ਏ ਹੁਣ ਤੂੰ ਚੁੱਪ ਰਹਿਣਾ ਸਿੱਖ ਲਿਆ ਏ
ਖਦਸ਼ਾ ਹੈ ਮੈਨੂੰ, ਟੁੱਟਿਆ ਨਹੀਂ ਤੂੰ, ਚਕਨਾਚੂਰ ਹੋਇਆ ਏ
ਕਰ ਕੇ ਮਾਫ਼ ਕਿਸੇ ਨੂੰ, ਤੈਨੂੰ ਰੱਬੀ ਸ਼ੈ ਦਾ ਸਰੂਰ ਹੋਇਆ ਏ
ਯਾਦਾਂ ਕੌੜੀਆਂ ਦਾ ਸਵਾਦ ,ਮਿੱਠੇ ਸ਼ਹਿਦ ਵਾਂਗੂੰ ਚੱਖ ਗਿਆ ਏ
ਮੈਨੂੰ ਲੱਗਦਾ ਏ ਹੁਣ ਤੂੰ ਚੁੱਪ ਰਹਿਣਾ ਸਿੱਖ ਲਿਆ ਏ
ਹੁਣ ਤੇਰੀ ਫ਼ਿਕਰ ਪਹਿਲਾਂ ਨਾਲੋਂ ਜ਼ਿਆਦਾ ਹੋਣ ਲੱਗ ਪਈ ਏ
ਬਾਹਰੋਂ ਜਾਪੇ ਠੰਡਾ ਪਾਣੀ, ਅੰਦਰ ਜਿਵੇਂ ਲੱਗੀ ਅੱਗ ਪਈ ਏ
ਚਲਾਕ ਦੁਨੀਆਂ ਤੋਂ ਕੱਢ ਕੇ ਹੁਣ ਤੈਨੂੰ ਦਿਲ ਵਿੱਚ ਰੱਖ ਲਿਆ ਏ
ਮੈਨੂੰ ਲੱਗਦਾ ਏ ਹੁਣ ਤੂੰ ਚੁੱਪ ਰਹਿਣਾ ਸਿੱਖ ਲਿਆ ਏ
ਚੱਲ ਹੁਣ ਬੰਦਾ ਬਣ ਜਾ, ਛੱਡ ਦੇ ਫ਼ਰਿਸ਼ਤਾ ਜੱਗ ਵਿੱਚ ਬਣਨਾ
ਸਹਿਆ ਨਹੀਂ ਜਾਂਦਾ ਸੱਜਣਾ,ਤੇਰਾ ਧੁੱਖਦੀ ਅੱਗ ਵਿੱਚ ਸੜਨਾ
ਇੱਕ ਨਾਂਹ ਦੇ ਬਦਲੇ, ਤੂੰ ਖ਼ੁਦ ਨੂੰ ਸਭ ਤੋਂ ਕਰ ਵੱਖ ਲਿਆ ਏ
ਮੈਨੂੰ ਲੱਗਦਾ ਏ ਹੁਣ ਤੂੰ ਚੁੱਪ ਰਹਿਣਾ ਸਿੱਖ ਲਿਆ ਏ
ਸਾਡੀ ਕਿਸੇ ਭੁੱਲ ਨੂੰ, ਭੁੱਲ ਕੇ ਦਿਲ ਤੇ ਲਾ ਗਿਆ ਏ
ਕਿਹੜਾ ਮਿਹਣਾ ਮਾਰਿਆ ਜੋ ਤੈਨੂੰ ਅੰਦਰੋਂ ਖ਼ਾ ਗਿਆ ਏ
ਤੇਰੇ ਤੋਂ ਵਾਰ ਦੇਈਏ ਦੁਨੀਆਂ ਜੋ ਤੂੰ ਸਹਿਣਾ ਸਿੱਖ ਲਿਆ ਏ
ਮੈਨੂੰ ਲੱਗਦਾ ਏ ਹੁਣ ਤੂੰ ਚੁੱਪ ਰਹਿਣਾ ਸਿੱਖ ਲਿਆ ਏ

ਪਰਸ਼ੋਤਮ ਸਿੰਘ, ਪਿੰਡ ਬਖੋਰਾ ਕਲਾਂ (ਸੰਗਰੂਰ)
9417504934