ਕਾਵਿ ਸੰਗ੍ਰਿਹ -ਮਨਦੀਪ ਭਦੌੜ ਮਨਦੀਪ ਭਦੌੜ ਪੰਜਾਬੀ ਦੀ ਪੱਕੀ ਉਮਰ ਦੀ ਨਵੀਂ ਸ਼ਾਇਰਾ ਹੈ।
ਉਸ ਦੀ ਬਿਰਤੀ ਪੜ੍ਹਨ ਚ ਜ਼ਿਆਦਾ ਰਹੀ ਹੈ ਇਸ ਲਈ ਉਸ ਦੀਆਂ ਰਚਨਾਵਾਂ ਵਿਚ ਡੂੰਘਾਈ ਅਤੇ ਚੇਤਨਾ ਦੀ ਦ੍ਰਿਸ਼ਟੀ ਹੈ।ਉਸ ਦੀ ਕਵਿਤਾ ਵਿਚ ਅਜੋਕੇ ਜੀਵਨ ਯਥਾਰਥ ਦੇ ਵਰਤਾਰਿਆਂ ਦੇ ਸਨਮੁੱਖ ਸੰਵਾਦ ਅਤੇ ਵੰਗਾਰ ਦੋਵੇਂ ਪੈਦਾ ਕਰਦੀ ਹੈ।ਉਸ ਦੇ ਵਿਚਾਰ ਸਮਾਜਿਕ ਬੰਧਨਾਂ ਤੋਂ ਮੁਕਤ ਹਨ। ਪਿਆਰ ਜੋ ਕਿ ਬੇੜੀਆਂ ਨਹੀਂ ਉਸਦੀ ਕਚ ਬਾਗੀਪੁਣਾ, ਨਿਡਰਤਾ ਅਤੇ ਮਾਸੂਮੀਅਤ ਹੈ। ਉਸ ਦੀ ਲਫਜ਼ਾਂ ਦੀ ਪਸੰਦ ਬਹੁਤ ਖੂਬਸੂਰਤ ਹੈ ਉਸ ਦੇ ਲਫਜ਼ ਸ਼ਬਦਾਂ ਦੀ ਕਿੱਕਲੀ ਪਾਉਂਦੇ ਹਨ।
ਉਸ ਦੀਆਂ ਲਿਖਤਾਂ ਵਿੱਚ
ਸਿੰਗਾਰ ਰਸ, ਰੁਸਵਾਈਆਂ, ਗਿਲੇ ਸ਼ਿਕਵੇ, ਸੁਪਨਿਆਂ ਦੀ ਕੈਦ, ਅਧੂਰੀਆਂ ਇੱਛਾਵਾਂ ,ਪ੍ਰਕਿਰਤੀ, ਪਿਆਰ ਰਿਸ਼ਤੇ, ਕੁਦਰਤ, ਮੋਹ ਆਦਿ ਦਾ ਚਿੰਤਨ ਕਰਦੀ ਨਜ਼ਰ ਆਉਂਦੀ ਹੈ
ਉਸ ਦੀ ਕਿਤਾਬ
“ਮਿੱਟੀ ਦੀ ਮਹਿਕ”
ਦਾ ਸਰਵਰਕ ਬਹੁਤ ਹੀ ਖੂਬਸੂਰਤ ਤੇ ਖਿੱਚ ਭਰਪੂਰ ਹੈ। ਪੰਜਾਬੀ ਸਾਹਿਤ ਵਿਚ ਤਸਵੀਰਾਂ ਅਤੇ ਕਵਿਤਾ ਨੂੰ ਜੋੜ ਕੇ ਪੇਸ਼ ਕਰਨ ਦਾ ਇਹ ਇੱਕ ਅਗਾਂਹਵਧੂ ਯਤਨ ਹੈ ਜ਼ੋ ਕਿ ਪੁਸਤਕ ਦੀ ਦਿੱਖ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਂਦਾ ਹੈ।ਭਾਵੇਂ ਇਹ ਉਸ ਦਾ ਪਲੇਠਾ ਕਾਵਿ ਸੰਗ੍ਰਹਿ ਹੈ ਪਰ ਫਿਰ ਵੀ ਉਸ ਦੀਆਂ ਰਚਨਾਵਾਂ ਸੁਲਝੀਆ ਹੋਈਆਂ ਹਨ। ਵੱਖ ਵੱਖ ਰਚਨਾਵਾਂ ਵੱਖ-ਵੱਖ ਵਿਸ਼ਿਆਂ ਦੇ ਨਾਲ ਆਪਣੇ ਭਾਵਾਂ ਦੀ ਤਰਜਮਾਨੀ ਵੀ ਨਿਭਾਉਂਦੀਆਂ ਹਨ।
ਉਸ ਦੀਆਂ ਕਵਿਤਾਵਾਂ ਚੋਂ ਕੁਝ ਕਵਿਤਾਵਾਂ ਦੇ ਬਾਰੇ ਚਰਚਾ ਕਰ ਰਹੀ ਹਾਂ ਹਾਂ। ਕਵਿਤਾ “ਆਦਮ”
ਸਮਾਜ ਦੇ ਵਰਤਾਰੇ ਤੇ ਹਿੰਸਾਵਾਦੀ ਸੋਚ ਤੇ ਅਤੇ ਆਮ ਆਦਮੀ ਦੀ ਇੱਕ ਦੂਜੇ ਨੂੰ ਖਤਮ ਕਰਨ ਦੀ ਬਿਰਤੀ ਉੱਤੇ ਲੱਗਿਆ ਹੋਇਆ ਪ੍ਰਸ਼ਨ ਚਿੰਨ ਹੈ। “ ਜਿਹਨੂੰ ਸਜਦਾ ਫਰਿਸ਼ਤੇ ਕਰਨ ਉਹ ਆਦਮ ਨਹੀਂ ਬਾਕੀ “ਦੁਨੀਆ ਵਿੱਚੋਂ ਅਸਲੀ ਇਨਸਾਨ ਖਤਮ ਹੋ ਰਹੇ। ਇਸ ਦੀ ਵੇਦਨਾ, ਚਿੰਤਾ, ਫਿਕਰ ਅਤੇ ਉਲਾਂਭਾ ਵੀ ਹੈ। ਉਹ ਇਨਸਾਨੀਅਤ ਨੂੰ ਇੱਕ ਕਟਹਿਰੇ ਵਿੱਚ ਖੜਾ ਕਰਦਿਆਂ ਹੋਇਆਂ ਇਸ ਕਵਿਤਾ ਨੂੰ ਸਿਰੇ ਨਿਭਾਉਂਦੀ ਹੈ ।
” ਆਹਟ” ਕਵਿਤਾ ਬੁਰਾਈ ‘ਚ ਬੀਤੇ ਪਲਾਂ ਨੂੰ ਯਾਦ ਕਰਦੀ ਚੇਤਨਾ ਦਾ ਦਰਦ ਹੰਢਾਉਂਦੀ ਹੈ ਆਹਟਾਂ ਨੂੰ ਖਿਆਲਾਂ ਚ ਜਿਉਂਦੀ ਹੈ ਕਬੂਲਦੀ ਹੈ ਤੇ ਨਾ ਕਬੂਲਣ ਦਾ ਯਤਨ ਵੀ ਪੇਸ਼ ਕਰਦੀ ਹੈ।
“ਅਜਾਬ” ਕਵਿਤਾ’ਚ ਉਹ ਲਿਖਦੀ ਹੈ ਕਿ ਜੇ ਗੱਲ ਹੱਸਣ ਦੀ ਹੋਵੇ ਤਾਂ
ਰੋਣਾ ਪੈ ਜਾਂਦਾ
ਅੱਖਾਂ ਜਿਵੇਂ ਹੰਝੂ
ਨਹੀਂ ਦਿਲ ਦੀ ਤੇਜ਼ਾਬ ਡਿੱਗਦਾ..
ਉਹ ਮਾਸੂਮੀਅਤ ਨਾਲ ਆਪਣੇ ਜ਼ਖ਼ਮੀ ਹੋਣ ਦਾ ਰੁਦਨ ਕਰਦੀ ਹੈ। ਮਨ ਦੇ ਭੋਲੇਪਨ ਦਾ ਸ਼ਿਕਾਰ ਹੋਇਆਂ ਮਹਿਸੂਸਦੀ ਟੁੱਟਣ ਦੇ ਦੁੱਖ ਨੂੰ ਹੰਡਾਉਦਿਆਂ ਮਤਲਬਪ੍ਰਸਤੀ ਦੀ ਰੜਕ ਨੂੰ ਮਹਿਸੂਸ ਕਰਦੀ ਹੈ।
“ਆਸਿਫਾ” ਸਾਡੀ ਇੱਕ ਸਮਾਜਿਕ ਬੁਰਾਈ ਅਤੇ ਕੌੜੇ ਸੱਚ ਨੂੰ ਪੇਸ਼ ਕਰਦੀ ਹੈ। ਉਸਦੀ ਸ਼ਬਦਾਂ ਦੀ ਚੋਣ ਨਵੀਂ ਹੈ ।ਉਹ ਇਸ ਵਰਤਾਰੇ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰਦੀ ਹੈ।
“ਵਡੇਰੀਆਂ ਬੈਠੀਆਂ” ਇਸ ਲਿਖਤ ‘ਚ ਵੀ ਉਹ ਬਹੁਤ ਹੀ ਦੂਰ ਦੀ ਸੋਚ ਲੈ ਕੇ ਤੁਰਦੀ ਹੈ ਕਿ ਵੱਡੇ ਚੁੱਪ ਚਾਪ ਬੈਠੇ ਹਨ। ਮਾਵਾਂ ਦਾ ਸਹਿਮ ਅਤੇ ਚੁੱਪ ਧੀਆਂ ਦੀ ਬਲੀ ਦਾ ਕਾਰਨ ਬਣਦੀ ਹੈ। ਇਹ ਬਹੁਤ ਹੀ ਅਦਭੁਤ ਬਿੰਬਾਂ ਦੀ ਪੇਸ਼ਕਾਰੀ ਨਾਲ ਲਿਖੀ ਹੋਈ ਰਚਨਾ ਹੈ ।
ਕਵਿਤਰੀ ਦੀ ਵਿਸ਼ਾ ਚੋਣ ਚ ਇੱਕ ਵੱਖਰੀ ਪਛਾਣ ਹੈ। ਸਮਾਜਕ ਮੁੱਦਿਆਂ , ਬਲਾਤਕਾਰ, ਬੇਦਾਵੇ ਹਥਿਆਰ, ਬਗਾਵਤ, ਰੁਦਨ, ਸੰਵੇਦਨਾ ,ਸਹਿਣਸ਼ੀਲਤਾ ,ਸਮਰਪਣ ਅਤੇ ਆਤਮ ਪਛਾਣ ਦੀ ਕਹਾਣੀ ਬਿਆਨਦੀ ਹੈ।
ਉਸਦੇ ਸ਼ਬਦਾਂ ਵਿੱਚ ਹੌਸਲਾ ਹੈ।ਉਹ ਸਮਾਜਿਕ ਅਸਮਾਨਤਾ ਦਾ ਜ਼ਿਕਰ ਵੀ ਕਰਦੀ ਹੈ। ਉਸ ਦੀ ਕਵਿਤਾਵਾਂ ਵਿੱਚ ਨਾਰੀ ਵੇਦਨਾ ਹੈ ਜਿਵੇਂ ਕਿ ਕੁਝ ਕਵਿਤਾਵਾਂ “ਚੌਖਟੇ”, “ਅਹਿਸਾਸ”, “ਬੇਵਸੀ”, “ਬੇਜਾਨ” ,”ਬਦਲਿਆ ਵਕਤ” ਆਦਿ। ਉਸ ਦੀਆਂ ਕਵਿਤਾਵਾਂ ਦੀ ਬਿਰਤੀ ਆਸਵੰਦ ਅਤੇ ਨਿਰਾਸ਼ਾ ਦੋਵਾਂ ਦੇ ਦਵੰਧ ਚ ਤੁਰਦੀ ਹੈ ਕਦੇ ਉਹ ਨਵੇਂ ਭਵਿੱਖ ਦੀ ਕਲਪਨਾ ਦੀ ਉੱਚੀ ਉਡਾਰੀ ਭਰਦਿਆਂ ਵੀ ਲੱਗਦੀ ਹੈ । ਉਸ ਦੇ
ਅੱਖਰਾਂ ਦੀ ਸੂਖਮਤਾ ਏਨੀ ਹੈ ਕਿ ਉਹ ਸਿੱਧੀ ਸਪਾਟ ਗੱਲ ਨੂੰ ਆਪਣੇ ਭਾਵਾਂ ਰਾਹੀਂ ਵਿਸ਼ੇਸ਼ ਮੈਟਾਫਰ ਨੂੰ ਚੁਣ ਕੇ ਪੇਸ਼ ਕਰਦੀ ਹੈ।
ਉਸਦੀ ਕਵਿਤਾ ਦੀ ਆਮਦ
ਲੈਅਬੱਧ ਹੈ, ਸੰਗੀਤਕ ਹੈ, ਸੁਰਾਂ ਚ ਹੈ ਕਿ ਆਪਣੇ ਆਪ ਨੂੰ ਗੁਣਗੁਣਾਉਣ ਨੂੰ ਜੀ ਕਰਦਾ ਹੈ। ਉਸਦੀ ਸ਼ਬਦਾਵਲੀ, ਭਾਵ, ਬਿੰਬ ਅਤੇ ਕੁਦਰਤੀ ਵਰਨਣ ਬਹੁਤ ਖੂਬਸੂਰਤ ਹੈ। ਇਸ ਵਰਗਾ ਸੋਹਣਾ ਸੁਮੇਲ ਆਮ ਨਹੀਂ ਮਿਲਦਾ। ਉਸ ਦੀ ਰਚਨਾ “ਚੋਖਟੇ” ਵਿੱਚ ਔਰਤ ਦਾ ਹੋਣਾ ਅਤੇ ਉਸ ਦੀ ਹੋਣੀ ਬਾਰੇ ਬਿਆਨ ਕਰਦੀ ਹੈ। ਉਸ ਮੁਤਾਬਕ ਕਿ ਔਰਤ ਹਰ ਹਾਲਾਤ ਵਿੱਚ ਮੁਸਕਰਾਉਂਦੀ ਰਹਿੰਦੀ ਹੈ। ਉਸਦੇ ਚੌਖਟੇ ਚਾਹੇ ਕਿਹੋ ਜਿਹੇ ਵੀ ਕਿਉਂ ਨਾ ਹੋਣ ।
“ਬਦਲ” ਰਿਸ਼ਤਿਆਂ ਦੇ ਅਲੱਗ ਹੋਣ ਦੀ ਕਹਾਣੀ ਹੈ ਦਸਤਖ਼ਤ ਕਰਨ ਤੋਂ ਬਾਅਦ ਜੋ ਇਕੱਲ ਮਹਿਸੂਸ ਹੁੰਦੀ ਹੈ ਤਾਂ ਉਹ ਅੰਦਰਲੀ ਟੁੱਟ ਭੱਜ ਉਸ ਦਾ ਬਦਲ ਨਹੀਂ ਹੈ । ਅੰਕਾਂ ਦਾ ਜਮਾਂ ਅਤੇ ਘਟਾਓ ਦੋਹਾਂ ਦੇ ਅੰਦਰੂਨੀ ਗਵਾਚੇ ਹੋਏ ਹਿੱਸੇ ਨਹੀਂ ਬੋਲਦਾ ।
“ਬਦਲਿਆ ਵਕਤ” ਇਹ ਇੱਕ ਆਸ਼ਾਵਾਦੀ ਭਵਿੱਖ ਚ ਬਦਲਾਅ ਦੀ ਸੋਚ ਲੈ ਕੇ ਤੁਰਨ ਵਾਲੀ ਨਵੀਂ ਚੇਤਨਾ ਵਾਲੀ ਕਵਿਤਾ ਹੈ।
ਮਨਦੀਪ ਕੌਰ ਭਦੌੜ ਦੀ ਰਚਨਾ “ਬੇਦਾਵਾ” ਇੱਕ ਬਹੁਤ ਹੀ ਸ਼ਾਨਦਾਰ ਰਚਨਾ ਹੈ ਜਿਸ ਵਿੱਚ ਨਵੀਂ ਸ਼ਬਦ ਚੋਣ ਨੂੰ ਕਮਾਲ ਦੇ ਮੈਟਾਫਰ ਵਜੋਂ ਵਰਤਿਆ ਹੈ। ਜਿਸ ਤਰ੍ਹਾਂ ਕਿ
ਤੀਰ ਨਾਲ ਸਫ਼ਰਨਾਮਾ ਲਿਖਣਾ।ਇਸ ਰਚਨਾ ਧਾਰਮਿਕ ਮਰਿਆਦਾ ਅਤੇ ਖੋਖਲੀਆਂ ਰਹੁਰੀਤਾਂ ਤੇ ਤਿੱਖਾ ਕਟਾਕਸ਼ ਕਰਦੀ ਹੈ। ਮਨੁੱਖ ਨੂੰ ਉਸਦਾ ਸ਼ੀਸ਼ਾ ਦਿਖਾਉਂਦੀ ਹੈ ਕਿ ਬੇਦਾਵਾ ਕਾਗਜ਼ੀ ਨਹੀਂ ਸੀ ਅੱਖਰ ਹੀ ਨਹੀਂ ਸੀ ਉਸ ਤੋਂ ਵੀ ਪਰੇ ਬਹੁਤ ਕੁਝ ਸੀ ।
ਇਸੇ ਤਰ੍ਹਾਂ
“ਬੇਰੰਗ” ਉਸਦੀ ਸ਼ਾਨਦਾਰ ਕਿਰਤ ਹੈ । ਉਸ ਦੀ ਮੁਹੱਬਤ ਦਾ ਸ਼ਿਕਾਰ ਹੈ ਪਿਆਰ ਦੀ ਚੋਣ ਤੇ ਪਿਆਰੇ ਵੱਲੋਂ ਕੀਤੀ ਹੋਈ ਚੋਣ ਵਿੱਚ ਮਨ ਹੀ ਮਨ ਤਰਕ ਵਿਤਰਕ ਰਾਹੀਂ ਦਵੰਦ ਪੈਦਾ ਕਰਦਿਆਂ ਉਹ ਕਹਿੰਦੀ ਹੈ ਕਿ ਮੇਰੀ ਚੋਣ ਨਹੀਂ ਹੈ ਪਰ ਮੈਂ ਕਿਉਂ ਚੁਣੀ ਗਈ ਮੈਂ ਰੰਗਾਂ ਨੂੰ ਨਹੀਂ ਚੁਣਿਆ ਤਾਂ ਰੰਗਾਂ ਨੇ ਮੈਨੂੰ ਕਿਉਂ ਚੁਣਿਆ ।
ਇਸੇ ਤਰਾਂ ਉਸਦੀ ਰਚਨਾ
ਭਟਕਣ, ਚੰਦਰੀ ਰੁੱਤ, ਛੱਟਾ, ਚਿਣਗ, ਦੌਰ ,ਦੀਵੇ ਦਾ ਦੁੱਖ, ਫਰਕ, ਹਾਲਾਤ, ਹਸਰਤ, ਬੋਧ ਕਥਾ ਆਦਿ
ਉਸ ਦੀ ਸ਼ਾਨਦਾਰ ਕਾਵਿ ਬਿਰਤੀ ਦਾ ਨਮੂਨਾ ਹੈ।
ਪੰਜਾਬੀ ਸਾਹਿਤ ਵਿਚ ਸੂਖਮਭਾਵੀ, ਦਲੇਰੀ ਅਤੇ ਅਣਛੋਹੇ ਵਿਸ਼ਿਆਂ ਤੇ ਕਵਿਤਾ ਲਿਖ ਕੇ ਮਨਦੀਪ ਭਦੌੜ ਆਪਣੇ ਅੰਦਰਲੀ ਚੇਤਨਾਵਾਦੀ ਚੁੱਪ ਦੀ ਕਥਾ ਨੂੰ ਆਪਣੇ ਸਮਕਾਲੀ ਲੇਖਕਾਂ ਵਿਚ ਪੇਸ਼ ਕਰਦੀ ਹੈ।
ਉਸ ਦਾ ਪਲੇਠਾ ਕਾਵਿ ਸੰਗ੍ਰਹਿ ਉਸ ਦੀ ਸਾਹਿਤਕ ਪ੍ਰਤਿਭਾ ਦੀ ਪੈੜ ਨੂੰ ਸਥਾਪਿਤ ਕਰਦਾ ਹੈ।
ਸ਼ੁਭ ਇੱਛਾਵਾਂ..
ਅੰਜਨਾ ਮੈਨਨ

