ਮੇਰੀ ਸਥਾਈ ਕਾਲਜ ਅਧਿਆਪਕ ਵਜੋਂ ਨਿਯੁਕਤੀ ਇੱਕ ਕਸਬੇ ਵਿੱਚ ਹੋ ਗਈ ਤਾਂ ਮੈਨੂੰ ਆਪਣਾ ਸ਼ਹਿਰ ਛੱਡ ਕੇ ਓਥੇ ਜਾਣਾ ਪਿਆ। ਉੱਥੇ ਮੈਨੂੰ ਆਪਣਾ ਮਨਪਸੰਦ ਅਖ਼ਬਾਰ ਲਵਾਉਣ ਲਈ ਬੜੀ ਜੱਦੋ-ਜਹਿਦ ਕਰਨੀ ਪਈ। ਅਸਲ ਵਿੱਚ ਉੱਥੇ ਇੱਕੋ ਹੀ ਨਿਊਜ਼ ਏਜੰਸੀ ਸੀ। ਜਿਸਦਾ ਕਸਬੇ ਵਿੱਚ ਪੂਰਾ ਦਬਦਬਾ ਸੀ। ਉਹਦੇ ਹੁੰਦਿਆਂ ਕੋਈ ਹੋਰ ਉੱਥੇ ਟਿਕਣ ਦੀ ਹਿੰਮਤ ਨਹੀਂ ਸੀ ਕਰ ਸਕਦਾ। ਦੋ-ਤਿੰਨ ਜਣਿਆਂ ਨੇ ਉਹਦੇ ਮੁਕਾਬਲੇ ਵਿੱਚ ਆਪਣੀ ਏਜੰਸੀ ਖੋਲ੍ਹ ਕੇ ਅਖ਼ਬਾਰ ਵੇਚਣ ਦੀ ਕੋਸ਼ਿਸ਼ ਕੀਤੀ, ਪਰ ਉਹਦੇ ਸਾਹਮਣੇ ਉਨ੍ਹਾਂ ਦੀ ਕੋਈ ਪੇਸ਼ ਨਾ ਗਈ। ਜਾਂ ਤਾਂ ਉਸ ਨੇ ਉਨ੍ਹਾਂ ਨੂੰ ਖਰੀਦ ਲਿਆ, ਜਾਂ ਉਹ ਵਿਚਾਰੇ ਆਪ ਹੀ ਮੈਦਾਨ ਛੱਡ ਕੇ ਭੱਜ ਗਏ। ਮੈਂ ਨਿਊਜ਼ ਏਜੰਟ ਕੋਲ ਜਾ ਕੇ ਆਪਣਾ ਪਸੰਦੀਦਾ ਅਖ਼ਬਾਰ ਲਾਉਣ ਦੀ ਇੱਛਾ ਪ੍ਰਗਟ ਕੀਤੀ ਤਾਂ ਉਹਨੇ ਸਾਫ਼ ਸ਼ਬਦਾਂ ਵਿੱਚ ਦੱਸਿਆ, “ਸਾਡੇ ਕੋਲ ਤਾਂ ਜੀ ਆਹ ਤਿੰਨ ਅਖ਼ਬਾਰ ਆਉਂਦੇ ਹਨ, ਇਨ੍ਹਾਂ ‘ਚੋਂ ਵੇਖ ਲਓ ਕਿਹੜਾ ਲੈਣਾ ਹੈ।” ਅਸਲ ਵਿੱਚ ਜਿਹੜੇ ਅਖ਼ਬਾਰ ਉਹਦੇ ਕੋਲ ਆਉਂਦੇ ਸਨ, ਉਨ੍ਹਾਂ ਤੋਂ ਉਹਨੂੰ ਚੰਗਾ ਕਮਿਸ਼ਨ ਮਿਲਦਾ ਸੀ, ਫ਼ੇਰ ਭਲਾ ਉਹ ਹੋਰ ਅਖ਼ਬਾਰ ਕਿਉਂ ਮੰਗਵਾਉਂਦਾ!
ਖ਼ੈਰ, ਮਜਬੂਰਨ ਮੈਨੂੰ ਬਿਨਾਂ ਪਸੰਦ ਦਾ ਅਖ਼ਬਾਰ ਪ੍ਰਵਾਨ ਕਰਨਾ ਪਿਆ। ਮੈਂ ਅਖ਼ਬਾਰ ਵਾਲੇ ਨੂੰ ਆਪਣੇ ਘਰ ਦੀ ਲੋਕੇਸ਼ਨ ਸਮਝਾਈ ਤਾਂ ਉਹਨੇ ਹੱਥ ਖੜ੍ਹੇ ਕਰ ਦਿੱਤੇ, “ਓਧਰ ਤਾਂ ਜੀ ਸਾਡਾ ਹਾਕਰ ਨਹੀਂ ਜਾਂਦਾ!” ਮੈਂ ਕਿਹਾ, “ਨਹੀਂ ਜਾਂਦਾ, ਤਾਂ ਹੁਣ ਭੇਜ ਦਿਆ ਕਰੋ।” ਉਹ ਹੱਸਿਆ ਤੇ ਸਪਸ਼ਟ ਕੀਤਾ, “ਗੱਲ ਅਸਲ ਵਿੱਚ ਇਹ ਹੈ ਕਿ ਪੂਰੇ ਕਸਬੇ ਲਈ ਮੇਰੇ ਕੋਲ ਇੱਕ ਹੀ ਹਾਕਰ ਹੈ ਤੇ ਉਹ ਖਾਸ ਖਾਸ ਥਾਂਵਾਂ ਤੇ ਹੀ ਜਾ ਸਕਦਾ ਹੈ।” ਹੁਣ ਹੋਰ ਸਮੱਸਿਆ ਆ ਖੜ੍ਹੀ ਹੋਈ। ਤਿੰਨ ਚਾਰ ਮਹੀਨੇ ਮੈਂ ਆਪ ਉਹਦੀ ਦੁਕਾਨ ਤੇ ਅਖਬਾਰ ਲੈਣ ਜਾਂਦਾ ਰਿਹਾ। ਕਦੇ ਕਦਾਈਂ ਥੋੜ੍ਹਾ ਲੇਟ-ਫੇਟ ਹੋ ਜਾਂਦਾ ਤਾਂ ਅਖ਼ਬਾਰ ਖਤਮ ਹੋ ਗਿਆ ਹੁੰਦਾ ਜਾਂ ਫੇਰ ਅਖ਼ਬਾਰ ਵਾਲਾ ਦੁਕਾਨ ਬੰਦ ਕਰਕੇ ਚਲਾ ਗਿਆ ਹੁੰਦਾ। ਉਹ ਆਪਣੀ ਦੁਕਾਨ ਸਵੇਰੇ ਪੰਜ ਵਜੇ ਤੋਂ ਸਵੇਰੇ ਸਾਢੇ ਅੱਠ ਵਜੇ ਤੱਕ ਹੀ ਖੋਲ੍ਹਦਾ ਸੀ ਤੇ ਪਿੱਛੋਂ ਕੋਈ ਹੋਰ ਕੰਮ ਕਰਦਾ ਸੀ।
ਮੈਂ ਬੜੀ ਉਲ਼ਝਣ ਵਿੱਚ ਸਾਂ। ਇੱਕ ਦਿਨ ਮੈਂ ਆਪਣੇ ਇੱਕ ਵਿਦਿਆਰਥੀ ਕਰਮ ਸੂਦ (ਜੋ ਹੁਣ ਪੂਰੀ ਤਰ੍ਹਾਂ ਸਿੰਘ ਸਜ ਚੁੱਕਾ ਹੈ, ਉਦੋਂ ਕਲੀਨ ਸ਼ੇਵਨ ਹੁੰਦਾ ਸੀ) ਨੂੰ ਆਪਣੀ ਸਮੱਸਿਆ ਦੱਸੀ ਤਾਂ ਉਹਨੇ ਇੱਕ ਹੱਲ ਕੱਢਿਆ ਕਿ ਤੁਹਾਨੂੰ ਅਖ਼ਬਾਰ ਤਾਂ ਮਿਲ ਜਾਇਆ ਕਰੇਗਾ ਪਰ ਆਪਣੀ ਗਲ਼ੀ ਤੋਂ ਬਾਹਰ ਫਲਾਣੀ ਦੁਕਾਨ ਤੋਂ ਲੈ ਕੇ ਆਉਣਾ ਪਿਆ ਕਰੇਗਾ। ਮੈਂ ਸੋਚਿਆ ਕਿ ਚਲੋ ਕੁਝ ਤਾਂ ਦੂਰੀ ਘਟੀ। ਪਰ ਏਥੇ ਵੀ ਉਲ਼ਝਣ ਪੈਦਾ ਹੋ ਗਈ। ਉਹ ਦੁਕਾਨਦਾਰ ਐਤਵਾਰ ਵਾਲੇ ਦਿਨ ਦੁਕਾਨ ਬੰਦ ਰੱਖਦਾ ਸੀ। ਜਾਂ ਕਈ ਵਾਰ ਮੇਰੇ ਓਥੇ ਪਹੁੰਚਣ ਤੋਂ ਪਹਿਲਾਂ ਆਸਪਾਸ ਦਾ ਕੋਈ ਹੋਰ ਦੁਕਾਨਦਾਰ ਅਖ਼ਬਾਰ ਪੜ੍ਹਨ ਲਈ ਲੈ ਜਾਂਦਾ ਤੇ ਫਿਰ ਮੈਨੂੰ ਮਿਲਦਾ ਹੀ ਨਾ। ਤੇ ਮੈਨੂੰ ਖਾਲੀ ਹੱਥ ਮੁੜਨਾ ਪੈਂਦਾ। ਅਜੀਬ ਸਥਿਤੀ ਸੀ! ਪਤਨੀ ਨੇ ਕਈ ਵਾਰ ਸਮਝਾਇਆ, “ਕੀ ਲੈਣਾ ਹੈ ਜੀ ਅਖ਼ਬਾਰ ਪੜ੍ਹ ਕੇ! ਘਰੇ ਐਨੀਆਂ ਕਿਤਾਬਾਂ ਪਈਆਂ ਹਨ, ਉਹੀ ਪੜ੍ਹ ਲਿਆ ਕਰੋ! ਉਂਜ ਵੀ ਅਖ਼ਬਾਰ ਦੀਆਂ ਖ਼ਬਰਾਂ ਵਿੱਚ ਕੀ ਪਿਐ! ਸਾਰਾ ਦਿਨ ਤਾਂ ਟੀਵੀ ਤੇ ਖ਼ਬਰਾਂ ਆਈ ਜਾਂਦੀਆਂ ਨੇ…!” ਅਸਲ ਵਿੱਚ ਮੈਨੂੰ ਅਖ਼ਬਾਰ ਦੀਆਂ ਖ਼ਬਰਾਂ ਨਾਲੋਂ ਇਹਦੇ ਮੈਗਜ਼ੀਨ ਸੈਕਸ਼ਨ ਦੀ ਵਧੇਰੇ ਲੋੜ ਭਾਸਦੀ ਸੀ, ਜਿਸ ਵਿੱਚ ਕਦੇ ਕਦਾਈਂ ਮੇਰਾ ਆਰਟੀਕਲ ਵੀ ਛਪ ਜਾਂਦਾ ਸੀ…। ਖ਼ੈਰ…। ਕਈ ਮਹੀਨੇ ਏਵੇਂ ਹੀ ਚੱਲਦਾ ਰਿਹਾ।
ਇੱਕ ਦਿਨ ਮੈਂ ਕਾਲਜ ਵਿੱਚ ਇੱਕ ਕਰਮਚਾਰੀ ਨਾਲ਼ ਐਵੇਂ ਹੀ ਅਖ਼ਬਾਰ ਦੀ ਗੱਲ ਕਰ ਬੈਠਾ। ਉਹਨੇ ਦੱਸਿਆ ਕਿ ਹਾਕਰ (ਖੇਤਾ ਸਿੰਘ, ਮੈਨੂੰ ਪਿੱਛੋਂ ਉਹਦਾ ਨਾਂ ਪਤਾ ਲੱਗਿਆ) ਦਾ ਮੁੰਡਾ ਤਾਂ ਆਪਣੇ ਕਾਲਜ ਵਿੱਚ ਸੇਵਾਦਾਰ ਲੱਗਿਐ! ਆਪਾਂ ਉਹਨੂੰ ਕਹਿ ਦਿੰਨੇ ਆਂ…। ਮੈਨੂੰ ਲੱਗਿਆ ਕਿ ਹੁਣ ਗੱਲ ਬਣ ਜਾਵੇਗੀ। ਹਾਕਰ ਦੇ ਮੁੰਡੇ ਨਾਲ ਗੱਲ ਕੀਤੀ ਤਾਂ ਉਹਨੇ ਪੱਕਾ ਯਕੀਨ ਦਿਵਾਇਆ, “ਗੱਲ ਈ ਕੋਈ ਨੀ, ਸਰ ਜੀ! ਤੁਹਾਨੂੰ ਕੱਲ੍ਹ ਤੋਂ ਘਰੇ ਅਖ਼ਬਾਰ ਮਿਲ ਜਾਵੇਗਾ।” ਪਰ ਦਸ ਦਿਨਾਂ ਤੱਕ ਅਖ਼ਬਾਰ ਘਰੇ ਨਾ ਆਇਆ ਤੇ ਮੈਨੂੰ ਦੁਕਾਨਦਾਰ ਕੋਲ ਜਾ ਕੇ ਹੀ ਲਿਆਉਣਾ ਪੈਂਦਾ ਰਿਹਾ। ਮੈਂ ਰੋਜ਼ ਹਾਕਰ ਦੇ ਮੁੰਡੇ ਨੂੰ ਕਹਿੰਦਾ ਤੇ ਉਹ ਰੋਜ਼ ਮੈਨੂੰ ਯਕੀਨ ਦਿਵਾਉਂਦਾ। 11ਵੇਂ-12ਵੇਂ ਦਿਨ ਹਾਕਰ ਸਵੇਰੇ 6½ ਕੁ ਛੇ ਵਜੇ ਮੇਰੇ ਘਰ ਦੇ ਗੇਟ ਹੇਠੋਂ ਅਖ਼ਬਾਰ ਸੁੱਟ ਗਿਆ। ਮੈਂ ਸ਼ੁਕਰ ਮਨਾਇਆ ਅਤੇ ਗੇਟ ਖੋਲ੍ਹ ਕੇ ਹਾਕਰ ਦਾ ਧੰਨਵਾਦ ਕਰਨ ਲਈ ਬਾਹਰ ਆਇਆ ਤਾਂ ਉਹ ਆਪਣੇ ਸਾਈਕਲ ਤੇ ਸਵਾਰ ਹੋ ਕੇ ਅੱਖੋਂ ਓਹਲੇ ਹੋ ਚੁੱਕਾ ਸੀ। ਖ਼ੈਰ, ਇਸ ਤਰ੍ਹਾਂ ਮੈਨੂੰ ਅਖ਼ਬਾਰ ਤਾਂ ਆਪਣੇ ਘਰੇ ਬੈਠੇ-ਬਿਠਾਏ ਮਿਲਣ ਲੱਗ ਪਿਆ। ਪਰ ਮੀਂਹ-ਕਣੀ ਦੇ ਦਿਨੀਂ ਵੀ ਉਹ ਏਸੇ ਤਰ੍ਹਾਂ ਗੇਟ ਦੇ ਹੇਠੋਂ ਅਖ਼ਬਾਰ ਸੁੱਟ ਜਾਂਦਾ ਤੇ ਜਦੋਂ ਮੇਰਾ ਧਿਆਨ ਜਾਂਦਾ ਤਾਂ ਅਖ਼ਬਾਰ ਭਿੱਜ ਚੁੱਕਾ ਹੁੰਦਾ ਤੇ ਪੜ੍ਹਨਯੋਗ ਨਾ ਰਹਿੰਦਾ।
ਮੈਂ ਹਾਕਰ ਖੇਤਾ ਸਿੰਘ ਨੂੰ ਮਿਲ ਕੇ ਕਿਹਾ ਕਿ ਬਾਰਿਸ਼ ਦੇ ਦਿਨਾਂ ਵਿੱਚ ਗੇਟ ਖੜਕਾ ਦਿਆ ਕਰੇ ਜਾਂ ਫਿਰ ਗੇਟ ਦੇ ਉੱਪਰੋਂ ਜ਼ਰਾ ਜ਼ੋਰ ਨਾਲ ਸੁੱਟ ਦਿਆ ਕਰੇ ਤਾਂ ਕਿ ਅਖ਼ਬਾਰ ਬਰਾਂਡੇ ਵਿੱਚ ਪਹੁੰਚ ਜਾਵੇ ਤੇ ਭਿੱਜਣ ਤੋਂ ਬਚ ਜਾਇਆ ਕਰੇ! ਉਹਨੇ ਹਾਮੀ ਤਾਂ ਭਰ ਦਿੱਤੀ ਪਰ ਕਦੇ ਵੀ ਦੱਸੇ ਹੋਏ ਤੇ ਅਮਲ ਨਾ ਕੀਤਾ। ਮੈਂ ਅਜਿਹੇ ਦਿਨਾਂ ਵਿੱਚ ਸਵੇਰੇ ਹੀ ਗੇਟ ਦੇ ਨੇੜੇ ਬਹਿ ਕੇ ਅਖ਼ਬਾਰ ਉਡੀਕਣ ਲੱਗ ਪੈਂਦਾ। ਕਦੇ ਤਾਂ ਮਿਹਨਤ ਸਫ਼ਲ ਹੋ ਜਾਂਦੀ, ਕਦੇ ਹਾਕਰ ਲੇਟ-ਫੇਟ ਹੋ ਜਾਂਦਾ ਤਾਂ ਫੇਰ ਭਿੱਜਿਆ ਹੋਇਆ ਅਖ਼ਬਾਰ ਮਿਲਦਾ। ਮੈਂ 12 ਸਾਲ ਏਸੇ ਤਰ੍ਹਾਂ ਹੀ ਬਿਤਾਏ। ਹਾਂ, ਇੱਕ ਗੱਲ ਹੋਰ, ਨਿਊਜ਼ ਏਜੰਟ ਅਖ਼ਬਾਰ ਦੀ ਛਪੀ ਕੀਮਤ ਮੁਤਾਬਕ ਪੈਸੇ ਨਹੀਂ ਸੀ ਲੈਂਦਾ, ਸਗੋਂ ਉਸਤੋਂ ਕਰੀਬ 70-80 ਰੁਪਏ ਵੱਧ ਵਸੂਲਦਾ ਸੀ। ਸਾਰੇ ਗਾਹਕ ਹੀ ਇੰਨੀ ਅਦਾਇਗੀ ਕਰਦੇ ਸਨ। ਮੈਂ ਵੀ ਸੋਚ ਲਿਆ ਕਿ ਘਰੇ ਬੈਠੇ ਅਖ਼ਬਾਰ ਮਿਲ ਜਾਂਦਾ ਹੈ, ਕੋਈ ਗੱਲ ਨਹੀਂ ਜੇ ਥੋੜ੍ਹੇ ਵੱਧ ਪੈਸੇ ਲੱਗਦੇ ਹਨ ਤਾਂ…।
ਸੇਵਾਮੁਕਤੀ ਪਿੱਛੋਂ ਮੈਂ ਉਹ ਕਸਬਾ ਛੱਡ ਕੇ ਸਥਾਈ ਤੌਰ ਤੇ ਸ਼ਹਿਰ ਵਿੱਚ ਆ ਗਿਆ ਤਾਂ ਪਹਿਲੇ ਦੋ ਤਿੰਨ ਦਿਨ ਮੈਨੂੰ ਅਖ਼ਬਾਰ ਦਾ ਹਾਕਰ ਲੱਭਣ ਵਿੱਚ ਦਿੱਕਤ ਆਈ। ਪਰ ਜਦੋਂ ਇੱਕ ਦਿਨ ਹਾਕਰ (ਲਾਡੀ) ਮਿਲ ਗਿਆ ਤਾਂ ਉਹਨੇ ਅਗਲੇ ਹੀ ਦਿਨ ਤੋਂ ਮੇਰਾ ਪਸੰਦੀਦਾ ਅਖ਼ਬਾਰ ਘਰੇ ਦੇਣਾ ਸ਼ੁਰੂ ਕਰ ਦਿੱਤਾ। ਮੌਸਮ ਵੇਖ ਕੇ ਉਹ ਹਮੇਸ਼ਾ ਅਖ਼ਬਾਰ ਸੁੱਟਣ ਵੇਲੇ ਧਿਆਨ ਰੱਖਦਾ ਹੈ ਕਿ ਮੀਂਹ-ਕਣੀ ਦੇ ਦਿਨ ਹਨ ਜਾਂ ਮੀਂਹ ਪੈ ਰਿਹਾ ਹੈ ਤਾਂ ਉਹ ਪੂਰੇ ਵੇਗ ਨਾਲ ਅਖ਼ਬਾਰ ਸੁੱਟਦਾ ਹੈ ਜੋ ਅਰਾਮ ਨਾਲ ਬਰਾਂਡੇ ਵਿੱਚ ਪੁੱਜ ਜਾਂਦਾ ਹੈ। ਉਹਨੂੰ ਕਦੇ ਵੀ ਇਹ ਕਹਿਣ/ਸਮਝਾਉਣ ਦੀ ਲੋੜ ਨਹੀਂ ਪਈ ਕਿ ਇਸ ਤਰ੍ਹਾਂ ਕਰ ਲਿਆ ਕਰ। ਸ਼ਾਇਦ ਇਹ ਕਸਬੇ ਅਤੇ ਸ਼ਹਿਰ ਦੇ ਹਾਕਰਾਂ ਵਿੱਚ ਸਮਝ/ਸੂਝ ਦੇ ਫ਼ਰਕ ਕਰਕੇ ਹੈ। ਸ਼ਹਿਰੋਂ ਕਾਫੀ ਦੂਰ ਬਣੀ ਇਸ ਕਾਲੋਨੀ ਵਿੱਚ ਹਾਕਰ ਲਾਡੀ ਅਖ਼ਬਾਰ ਦਾ ਬਿਲ ਛਪੀ ਕੀਮਤ ਤੋਂ ਸਿਰਫ਼ ਇੱਕ ਰੁਪਿਆ ਵੱਧ ਲੈਂਦਾ ਹੈ। ਯਾਨੀ ਜੇ ਮਹੀਨੇ ਦੇ 150/- ਰੁਪਏ ਬਣਦੇ ਹਨ ਤਾਂ ਉਹ 180/- ਰੁਪਏ ਲੈਂਦਾ ਹੈ। ਇਹਦਾ ਕਾਰਨ ਇਹ ਵੀ ਹੋ ਸਕਦਾ ਹੈ ਕਿ ਓਥੇ ਕਸਬੇ ਵਿੱਚ ਸਿਰਫ਼ ਇੱਕ ਹੀ ਨਿਊਜ਼ ਏਜੰਸੀ ਸੀ ਤੇ ਉਹ ਆਪਣੀ ਮਨਮਰਜ਼ੀ ਦੀ ਕੀਮਤ ਵਸੂਲਦਾ ਸੀ। ਏਥੇ ਸ਼ਹਿਰ ਵਿੱਚ ਜੇ ਕੋਈ ਏਜੰਸੀ ਵਾਲਾ ਵੱਧ ਕੀਮਤ ਲਵੇਗਾ ਤਾਂ ਗਾਹਕ ਉਸਤੋਂ ਹਟ ਕੇ ਕਿਸੇ ਦੂਜੇ ਤੋਂ ਅਖ਼ਬਾਰ ਲੈਣ ਲੱਗ ਪਵੇਗਾ। ਏਥੇ ਸ਼ਹਿਰ ਦੀ ਸ਼ਾਂਤ ਕਾਲੋਨੀ ਵਿੱਚ ਕਿਧਰੇ ਆਉਣ-ਜਾਣ ਲਈ ਭਾਵੇਂ ਅਜੇ ਢੁਕਵੇਂ ਸਾਧਨ ਨਹੀਂ ਹਨ, ਤਾਂ ਵੀ ਇਹ ਉਸ ਕਸਬੇ ਨਾਲੋਂ ਕਈ ਕਦਮ ਅਗੇਰੇ ਜ਼ਰੂਰ ਹੈ।
~ ਪ੍ਰੋ. ਨਵ ਸੰਗੀਤ ਸਿੰਘ
1, ਲਤਾ ਗਰੀਨ ਐਨਕਲੇਵ, ਪਟਿਆਲਾ-147002. 9417692015