ਨਵੇਂ ਸਾਲ ਦੇ ਚੜ੍ਹਦਿਆਂ ਹੀ ਪਤੰਗਾਂ ਅਤੇ ਚਾਈਨਾ ਡੋਰ ਨਾਲ ਦਰਦਨਾਇਕ ਘਟਨਾਵਾਂ ਵਾਪਰ ਰਹੀਆਂ ਹਨ ।ਲੋਹੜੀ ਤੋਂ ਇੱਕ ਦਿਨ ਪਹਿਲਾਂ ਸੁਨਾਮ ਨੇੜੇ ਤੁੰਗਾਂ ਪਿੰਡ ‘ਚ ਪਰਿਵਾਰ ਦੇ 12 ਸਾਲ ਦੇ ਇਕਲੋਤੇ ਬੇਟੇ ਹਰਜੋਤ ਸਿੰਘ ਦੀ ਛੱਤ ‘ਤੇ ਪਤੰਗ ਉਡਾਉਂਦੇ ਦੀ ਅਚਾਨਕ ਹੇਠਾਂ ਡਿੱਗ ਕਾਰਨ ਦੁੱਖਦਾਇਕ ਮੌਤ ਹੋ ਗਈ ।ਪਤੰਗ ਉਡਾਉਂਦੇ ਸਮੇਂ ਮਕਾਨਾਂ ਦੀਆਂ ਛੱਤਾਂ ‘ਤੋਂ ਡਿੱਗ ਕੇ ਮੌਤਾਂ ਹੋਣ ਦੀਆਂ ਘਟਨਾਵਾਂ ਕਈ ਵਾਰ ਹੁੰਦੀਆਂ ਰਹਿੰਦੀਆਂ ਹਨ ।ਪਟਿਆਲਾ ਵਿੱਚ ਪਿਛਲੇ ਚੜ੍ਹਦੇ ਸਾਲ ਵੀ ਇੱਕ ਬੱਚਾ ਛੱਤ ਉੱਪਰ ਪਤੰਗ ਉਡਾਉਂਦਾ ਛੱਤ ਤੋਂ ਡਿੱਗ ਕੇ ਸਾਹਾਂ ਦੀ ਡੋਰ ਪੂਰੀ ਕਰ ਗਿਆ ਸੀ ।ਹੁਣ ਗੱਲ ਗੰਭੀਰਤਾ ਨਾਲ ਸੋਚਣ ਦੀ ਆਉਂਦੀ ਹੈ ਕਿ ਸਾਡਾ ਸਮਾਜ ਇਹੋ ਜਿਹੇ ਕੰਮਾਂ ਨੂੰ ਉਤਸ਼ਾਹਿਤ ਕਿਉਂ ਕਰਦਾ ਹੈ ਜਿਨ੍ਹਾਂ ਨਾਲ ਕੀਮਤੀ ਜਾਨਾਂ ਅਜਾਈਂ ਚਲੀਆਂ ਜਾਂਦੀਆਂ ।ਇਹੋ ਜਿਹੇ ਦੁੱਖ ਮਾਪੇ ਜ਼ਿੰਦਗੀ ਭਰ ਨਹੀਂ ਭੁੱਲ ਸਕਦੇ।ਪਰ ਸਾਰੇ ਮਾਪੇ ਇਹੋ ਜਿਹੀਆਂ ਘਟਨਾਵਾਂ ਤੋਂ ਕੋਈ ਸਬਕ ਨਹੀਂ ਸਿੱਖਦੇ । ਇਹ ਹਾਦਸੇ ਕਿਸੇ ਵੀ ਬੱਚੇ ਨਾਲ ਵਾਪਰ ਸਕਦੇ ਹਨ ਇਹ ਮਨ ‘ਚ ਜਰੂਰ ਮਾਪਿਆਂ ਨੂੰ ਧਾਰ ਲੈਣਾ ਚਾਹੀਦਾ ਹੈ । ਬੱਚੇ ਬਸੰਤ ਪੰਚਮੀ ਤੋਂ ਪਹਿਲਾਂ ਹੀ ਪਤੰਗ ਉਡਾਉਣ ਲੱਗ ਜਾਂਦੇ ਹਨ । ਐਨੀ ਜਿਆਦਾ ਠੰਡ ਦੀ ਪ੍ਰਵਾਹ ਨਹੀਂ ਕਰਦੇ , ਜਿਸ ਨਾਲ ਠੰਡ ਲਗਾ ਬਹਿੰਦੇ ਹਨ । ਬਸੰਤ ਪੰਚਮੀ ਵਾਲੇ ਦਿਨ ਤਾਂ ਹਰੇਕ ਬੱਚੇ ਦੀ ਪਤੰਗ ਉਡਾਉਣ ਦੀ ਖਾਹਿਸ਼ ਹੁੰਦੀ ਹੈ ਜੋ ਕਿ ਛੋਟੇ ਬੱਚਿਆਂ ਲਈ ਉਨ੍ਹਾਂ ਦੀ ਖੁਸ਼ੀ ਲਈ ਮਾਪੇ ਆਪ ਬਾਜ਼ਾਰੋਂ ਬੱਚਿਆਂ ਨੂੰ ਨਾਲ ਲਿਜਾ ਕੇ ਉਨ੍ਹਾਂ ਦੀ ਪਸ਼ੰਦ ਦੇ ਪਤੰਗ ਖਰੀਦ ਕੇ ਲਿਅਉਂਦੇ ਆਮ ਹੀ ਦੇਖੇ ਜਾ ਸਕਦੇ ਹਨ । ਪਰ ਛੋਟੇ ਬੱਚਿਆਂ ਦੀ ਪਤੰਗ ਉਡਾਉਣ ਸਮੇਂ ਮਾਪਿਆਂ ਦੀ ਨਿਗਰਾਨੀ ਬਹੁਤ ਜਰੂਰੀ ਹੈ ।ਪਤੰਗ ਉਡਾਉਂਦੇ ਸਮੇਂ ਰੋਜ਼ਾਨਾ ਅਨੇਕਾਂ ਵਾਪਰ ਰਹੀਆਂ ਖਤਰਨਾਕ ਘਟਨਾਵਾਂ ਦੀਆਂ ਖਬਰਾਂ ਅਖਬਾਰਾਂ ਦੀਆਂ ਸੁਰਖੀਆਂ ਬਣੀਆਂ ਹੁੰਦੀਆਂ ਹਨ । ਰਾਹਗੀਰਾਂ ਦੀਆਂ ਗਰਦਨਾਂ , ਮੂੰਹ ਆਦਿ ‘ਚ ਖਤਰਨਾਕ ਚਾਇਨਾ ਡੋਰ ਨਾਲ ਜਖਮੀ ਹੋਇਆਂ ਦੇ ਕਈ-ਕਈ ਟਾਂਕੇ ਲੱਗਣ ਦੀਆਂ ਖਬਰਾਂ ਮਿਲਦੀਆਂ ਰਹੀਆਂ ਹਨ । ਪਿਛਲੇ ਦਿਨੀਂ ਨਾਭੇ ਦੇ ਵਸਨੀਕ ਦੀ ਚਾਈਨਾ ਡੋਰ ਨਾਲ ਗਰਦਨ ‘ਤੇ ਕੱਟ ਲੱਗ ਕਾਰਨ ਟਾਂਕੇ ਲੱਗੇ ਹਨ । ਇਸ ਸਬੰਧੀ ਨਾਭਾ ਹਲਕੇ ਦੇ ਵਿਧਾਇਕ ਗੁਰਦੇਵ ਮਾਨ ਨੇ ਪੰਜਾਬ ਵਿੱਚ ਨਿਵੇਕਲੀ ਪਹਿਲ ਕਰਦੇ ਹੋਏ ਚਾਈਨਾ ਡੋਰ ਵੇਚਣ ਵਾਲੇ ਦੀ ਸੂਚਨਾ ਦੇਣ ਵਾਲੇ ਨੂੰ ਆਪਣੇ ਵਲੋਂ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਹੈ , ਸੂਵਨਾ ਦੇਣ ਵਾਲੇ ਦਾ ਨਾਂ ਗੁਪਤ ਰੱਖਿਆ ਜਾਵੇਗਾ । ਇਹ ਬਹੁਤ ਹੀ ਵਧੀਆ ਉਪਰਾਲਾ ਹੈ ਜਿਸ ਲਈ ਲੋਕਾਂ ਨੂੰ ਵੀ ਸਹਿਯੋਗ ਦੇਾ ਚਾਹੀਦਾ ਹੈ । ਇਸ ਫੈਸਲੇ ਨਾਲ ਘੱਟੋ-ਘੱਟ ਨਾਭਾ ਹਲਕੇ ਵਿੱਚ ਬੱਚਿਆਂ ਦੇ ਹੱਥ ‘ਚ ਚਾਈਨਾ ਡੋਰ ਦੇ ਆਉਣ ਲਈ ਜਰੂਰ ਠੱਲ੍ਹ ਪਵੇਗੀ । ਭਾਵੇਂ ਇਹ ਸਾਰਾ ਕੁਝ ਚਾਈਨਾ ਡੋਰ ਦੇ ਵੇਚਣ ‘ਤੇ ਪਾਬੰਦੀ ਹੋਣ ਦੇ ਬਾਵਜੂਦ ਹਰੇਕ ਸਾਲ ਹੁੰਦਾ ਆ ਰਿਹਾ ਹੈ । ਇਹ ਡੋਰ ਆਮ ਤੌਰ ਤੇ ਛੋਟੀਆਂ ਦੁਕਾਨਾਂ ਤੇ ਵੀ ਆਮ ਵਿੱਕਦੀ ਹੈ । ਬਸੰਤ ਪੰਚਮੀ ਵਾਲੇ ਦਿਨ ਪਤੰਗ ਉਡਾਉਣਾ ਬੱਚਿਆਂ ਨੂੰ ਭਾਵੇਂ ਬਹੁਤ ਵਧੀਆ ਤਾਂ ਲੱਗਦਾ ਹੈ ਪਰ ਜਿਸ ਤਰ੍ਹਾਂ ਅੱਜ ਚਾਈਨਾ ਡੋਰ ਨਾਲ ਪਤੰਗ ਉਡਾਇਆ ਜਾਂਦਾ ਹੈ , ਇਸ ਤਰ੍ਹਾਂ ਕਈ ਤਰ੍ਹਾਂ ਦੇ ਮਾੜੇ ਪ੍ਰਭਾਵ ਦੇਖਣ ਨੂੰ ਮਿਲਦੇ ਹਨ।ਇਸ ਡੋਰ ਨਾਲ ਪੰਛੀਆਂ ਅਤੇ ਮਨੁੱਖਾਂ ਦੀ ਜਾਨ ਨੂੰ ਖਤਰੇ ‘ਚ ਪਾਉਣ ਵਾਲੀਆਂ ਘਟਨਾਵਾਂ ਅਕਸਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ।ਇਹ ਡੋਰ ਪ੍ਰਦੂਸ਼ਨ ਫੈਲਾਉਣ ਦਾ ਕਾਰਨ ਵੀ ਬਣਦੀ ਹੈ।ਇਸੇ ਕਾਰਨ ਪ੍ਰਸ਼ਾਸ਼ਨ ਨੇ ਚਾਈਨਾ ਡੋਰ ਰੱਖਣ , ਵੇਚਣ, ਸਟੋਰ ਕਰਨ ਤੇ ਪਾਬੰਦੀ ਤਾਂ ਜਰੂਰ ਲਾਈ ਹੋਈ ਹੈ , ਕਿਤੇ ਕਿਤੇ ਮਾੜੀ ਮੋਟੀ ਪਾਬੰਦੀਸ਼ੁਦਾ ਡੋਰ ਨੂੰ ਫੜ੍ਹਨ ਦੀ ਕਾਰਵਾਈ ਭਾਵੇਂ ਦਿਖਾਵੇ ਲਈ ਕਰ ਵੀ ਲਈ ਜਾਂਦੀ ਹੈ , ਪੂਰਨ ਪਾਬੰਦੀ ਕਿਊਂ ਨਹੀਂ ਲੱਗ ਰਹੀ ਇਸ ਪਿੱਛੇ ਕੀ ਕਾਰਨ ਹੈ ,ਇਹ ਤਾਂ ਪ੍ਰਸ਼ਾਸ਼ਨ ਹੀ ਦੱਸ ਸਕਦਾ ਹੈ ।ਪਰ ਇਹ ਜਾਨਲੇਵਾ ਡੋਰ ਸ਼ਰੇਆਮ ਦੁਕਾਨਾਂ ਤੋਂ ਮਿਲ ਰਹੀ ਹੈ ਅਤੇ ਪਤੰਗ ਉਡਾ ਰਹੇ ਬੱਚਿਆਂ ਦੇ ਹੱਥਾਂ ਵਿੱਚ ਦੇਖੀ ਜਾ ਸਕਦੀ ਹੈ ।ਬਸੰਤ ਪੰਚਮੀ ਵਾਲੇ ਦਿਨ ਸ਼ਹਿਰਾਂ ਅੰਦਰ ਰੰਗ ਬਰੰਗੇ ਪਤੰਗਾਂ ਦੀਆਂ ਧਾੜਾਂ ਆਮ ਵੇਖਣ ਨੂੰ ਮਿਲਦੀਆਂ ਹਨ ਕਿੰਨੇ ਪਤੰਗ ਕੱਟੇ ਜਾਂਦੇ ਹਨ ਜਿਨ੍ਹਾਂ ਦੀਆਂ ਡੋਰਾਂ ਹੇਠਾਂ ਆਉਂਦੀਆਂ ਬਿਜਲੀ ਦੀਆਂ ਤਾਰਾਂ,ਦਰੱਖਤਾਂ ਆਦਿ ‘ਚ ਫੱਸ ਕੇ ਲਟਕ ਜਾਂਦੀਆਂ ਹਨ ਜੋ ਕਿ ਦੁਰਘਟਨਾਵਾਂ ਦਾ ਕਾਰਣ ਬਣਦੀਆਂ ਹਨ।ਗਲੀਆਂ , ਸੜਕਾਂ , ਆਦਿ ਤੋਂ ਪੈਦਲ ਚਲਣ ਵੇਲੇ ਬੜੀ ਸਾਵਧਾਨ ਵਰਤਣੀ ਪੈਂਦੀ ਹੈ ਪਤਾ ਨਹੀਂ ਕਿਸ ਵੇਲੇ ਕੋਈ ਡੋਰ ਪੈਰਾਂ ‘ਚ ਉਲਝ ਕੇ ਤੁਹਾਨੂੰ ਮੂਧੇ ਮੂੰਹ ਡੇਗ ਦੇਵੇ । ਬਸੰਤ ਪੰਚਮੀ ਨੂੰ ਤਿਉਹਾਰ ਵਾਲੇ ਦਿਨ ਜਦ ਬੱਚੇ ਖੁਸ਼ੀਆਂ ਮਨਾ ਰਹੇ ਹੁੰਦੇ ਹਨ, ਪਤਾ ਨਹੀਂ ਕਿੰਨ੍ਹੇ ਜਾਨਵਰ,ਪੰਛੀ ਆਦਿ ਇਨ੍ਹਾਂ ਡੋਰਾਂ ‘ਚ ਉਲਝ ਕੇ ਜਖ਼ਮੀ ਹੋ ਕੇ ਤੜਫੇ ਜਾਂ ਮਰੇ ਹੋਣਗੇ ।ਇਹ ਚਾਈਨਾ ਡੋਰਾਂ ਰਸਤਿਆਂ ‘ਚ ਆਮ ਉਲਝੀਆਂ ਹੋਈਆਂ ਪਈਆਂ ਮਿਲਦੀਆਂ ਹਨ , ਜੋ ਪੈਦਲ ਤੁਰੇ ਜਾਂਦਿਆਂ ਦੇ ਪੈਰਾਂ ‘ਚ ਫਸ ਕੇ ਡੇਗਣ ਦਾ ਕੰਮ ਕਰਦੀਆਂ ਹਨ।ਕਈ ਵਾਰੀ ਤੇਜ਼ ਰਫਤਾਰ ਦੋ ਪਹੀਆ ਵਾਹਨ ਚਾਲਕਾਂ ਦੇ ਗਲਾਂ ਵਿੱਚ ਫੱਸ ਕੇ ਗਰਦਨ ਦੀਆਂ ਕੋਮਲ ਨਾੜਾਂ ਨੂੰ ਵੀ ਕੱਟ ਦੇਣ ਦੀਆਂ ਜਾਨਲੇਵਾ ਘਟਨਾਵਾਂ ਵੀ ਵਾਪਰ ਚੁੱਕੀਆਂ ਹਨ।ਇਨ੍ਹਾਂ ਦੁਰਘਨਾਵਾਂ ਤੋਂ ਬਚਣ ਲਈ ਪਤੰਗ ਖੁਲ੍ਹੀ ਜਗ੍ਹਾ , ਗਰਾਊਂਡ , ਪਾਰਕ ਆਦਿ ਵਿੱਚ ਉਡਾਉਣ ਨੂੰ ਤਰਜੀਹ ਦੇਣੀ ਚਾਹੀਦੀ ਹੈ । ਪਿੰਡਾਂ ਵਾਲੇ ਬੱਚੇ ਖੇਤਾਂ ਵੱਲ ਜਾ ਕੇ ਪਤੰਗ ਉਡਾਉਣ’ਚ ਸੁਰੱਖਿਅਤ ਰਹਿ ਸਕਦੇ ਹਨ । ਸੋ ਮਾਪਿਆਂ ਨੂੰ ਛੋਟੇ ਬੱਚਿਆਂ ਦੇ ਮਨਾਂ ਵਿੱਚ ਇਹੋ ਜਿਹੀਆਂ ਖਤਰਨਾਕ ਖੇਡਾਂ ਪ੍ਰਤੀ ਨਫਰਤ ਭਰਨੀ ਚਾਹੀਦੀ ਹੈ ਤਾਂ ਕਿ ਇਨ੍ਹਾਂ ਦੇ ਮਾੜੇ ਪ੍ਰਭਾਵਾਂ ਤੋਂ ਬਚਿਆ ਜਾ ਸਕੇ।ਸਕੂਲੀ ਸਿਲੇਬਸ਼ ਵਿੱਚ ਵੀ ਇਸ ਸਬੰਧੀ ਛੋਟੇ ਬੱਚਿਆਂ ਨੂੰ ਜਾਗਰੂਕ ਕਰਨ ਲਈ ਕਵਿਤਾਵਾਂ , ਕਹਾਣੀਆਂ , ਆਦਿ ਨੂੰ ਸ਼ਾਮਲ ਕਰ ਕੇ ਸ਼ੁਰੂ ਤੋਂ ਹੀ ਉਨ੍ਹਾਂ ਦੇ ਮਨਾਂ ਵਿੱਚ ਚਾਈਨਾ ਡੋਰ ਦੇ ਬੁਰੇ ਪ੍ਰਭਾਵਾਂ ਤੋਂ ਸੁਚੇਤ ਕਰਨਾ ਚਾਹੀਦਾ ਹੈ ।
—-ਮੇਜਰ ਸਿੰਘ ਨਾਭਾ ਮੋ: 9463553962

