ਜਿਨਾਂ ਨੇ ਕੋਈ ਪਿਆਰ ਦੀ ਖੁਸ਼ਬੂ ਦੇਣੀ ਨਹੀਂ,,
ਸੋਹਣੀ ਕੋਈ ਗੱਲਬਾਤ ਕਿਸੇ ਨੂੰ ਕਹਿਣੀ ਨਹੀਂ,,
ਉੱਚਾ ਨਾ ਕਿਰਦਾਰ ਤੇ ਉੱਠਣੀ ਬਹਿਣੀ ਨਹੀਂ,,
ਮੈਂ ਕਹਾਂਗਾ ਉਹਨਾਂ ਨੂੰ ਤੁਸੀਂ ਵੱਸਦੇ ਰਹੋ।।
ਜਿਨਾਂ ਨੇ ਕੁਝ ਕਰਨਾ ਨਹੀਂ ਇਸ ਦੁਨੀਆਂ ਤੇ,,
ਨਾ ਹੀ ਕੋਈ belive ਗਿਆਨੀ ਗੁਣੀਆਂ ਤੇ,,
ਨਿਰਾ ਪੁਰਾ ਵਿਸ਼ਵਾਸ ਜਿਨਾਂ ਨੂੰ ਸੁਣੀਆਂ ਤੇ,,
ਮੈਂ ਕਹਾਂਗਾ ਉਹਨਾਂ ਨੂੰ ਤੁਸੀਂ ਵੱਸਦੇ ਰਹੋ।।
ਸਾਰੀ ਜ਼ਿੰਦਗੀ ਟੀਚਰ ਨੂੰ ਸਨਮਾਨਿਆਂ ਨਾ,,
ਆਪਣੇ ਆਪ ਨੂੰ ਜਿਹਨੇ ਕਦੇ ਵੀ ਜਾਣਿਆ ਨਾ,,
ਲੋਕਾਂ ਵਿੱਚੋਂ ਰੱਬ ਨੂੰ ਕਦੇ ਪਛਾਣਿਆ ਨਾ,,
ਮੈਂ ਕਹਾਂਗਾ ਉਹਨਾਂ ਨੂੰ ਤੁਸੀਂ ਵੱਸਦੇ ਰਹੋ ।।
ਜਿਨਾਂ ਨੇ ਬਸ ਧੋਖੇ ਦਗੇ ਕਮਾਉਣੇ ਨੇ,,
ਸਬਰ ਸਿਦਕ ਸੰਤੋਖ ਨ ਗਲ ਨਾਲ ਲਾਉਣੇ ਨੇ,,
ਜਿਨਾਂ ਨੇ ਬਸ ਵੈਰ ਵਿਰੋਧ ਵਧਾਉਣੇ ਨੇ,,
ਮੈਂ ਕਹਾਂਗਾ ਉਹਨਾਂ ਨੂੰ ਤੁਸੀਂ ਵੱਸਦੇ ਰਹੋ।।
ਦੂਸਰਿਆਂ ਦੇ ਔਗੁਣ ਹੀ ਬੱਸ ਵੇਖਣ ਜੋ,,
ਦੁਨੀਆ ਮੂਹਰੇ ਕਰਦੇ ਨੇ ਬੱਸ ਖੇਖਣ ਜੋ,,
ਦੂਸਰਿਆਂ ਦੇ ਸਿਵੇ ਬਾਲ ਕੇ ਸੇਕਣ ਜੋ,,
ਮੈਂ ਕਹਾਂਗਾ ਉਹਨਾਂ ਨੂੰ ਤੁਸੀਂ ਵੱਸਦੇ ਰਹੋ।।
ਮਾਣ ਜਿਨਾਂ ਨੂੰ ਆਪਣੀ ਪਾਪ ਕਮਾਈ ਦਾ,,
ਲੋਕਾਂ ਦੇ ਸਿਰ ਚਿਣ ਕੇ ਮਹਿਲ ਬਣਾਈ ਦਾ,,
ਡਾਲੀ ਖਾਂਦੇ ਖਾਂਦੇ ਪੇੜ ਗਟਕਾਈ ਦਾ,,
ਮੈਂ ਕਹਾਂਗਾ ਉਹਨਾਂ ਨੂੰ ਤੁਸੀਂ ਵੱਸਦੇ ਰਹੋ।।
ਸਬਰ ਦਾ ਗਹਿਣਾ ਜਿੰਨਾ੍ ਗਲ ਵਿੱਚ ਪਾਇਆ ਏ,,
ਆਪਣੇ ਕਾਲਜ ਗੁਰੂ ਦਾ ਮਾਣ ਵਧਾਇਆ ਏ,,
ਪੈਰੀ ਹੱਥ ਲਗਾ ਕੇ ਮੱਥੇ ਲਾਇਆ ਲਾਇਆ ਏ,,
ਮੈਂ ਕਹਾਂਗਾ ਉਹਨਾਂ ਨੂੰ ਤੁਸੀਂ ਉੱਜੜ ਜਾਓ ।।
ਜਿਨਾਂ ਨੇ ਬੱਸ ਪ੍ਰੇਮ ਦੀ ਬਾਤ ਚਲਾਈ ਐ,,
ਗੁਰੂ ਬਿਨਾ ਸਭ ਆਲੇ ਦਾਲੇ ਖਾਈ ਐ,,
ਵਿਦਿਆ ਨਾਲ ਮੁਹੱਬਤ ਸੱਚੀ ਪਾਈ ਐ,,
ਮੈਂ ਕਹਾਂਗਾ ਉਹਨਾਂ ਨੂੰ ਤੁਸੀਂ ਉੱਜੜ ਜਾਓ।।
ਧੋਖਾ ਦਗਾ ਫਰੇਬ ਜਿਨਾਂ ਨੇ ਕੀਤਾ ਨਹੀਂ,,
ਸਾਰੀ ਜ਼ਿੰਦਗੀ ਨਸ਼ਾ ਜ਼ਹਿਰ ਕੋਈ ਪੀਤਾ ਨਹੀਂ,,
ਟਾਉਂਟ ਮਾਰ ਕੇ ਦਿਲ ਵੀ ਜਖਮੀ ਕੀਤਾ ਨੀ,,
ਮੈਂ ਕਹਾਂਗਾ ਉਹਨਾਂ ਨੂੰ ਤੁਸੀਂ ਉੱਜੜ ਜਾਓ।।
ਅਧਿਆਪਕ ਦਾ ਸਤਿਕਾਰ ਸਦਾ ਹੀ ਕਰਦੇ ਜੋ,,
ਬਿਪਤਾ ਪਈ ਤੋ ਸਭ ਤੋਂ ਮੂਹਰੇ ਖੜਦੇ ਜੋ,,
ਇਥੋਂ ਤੱਕ ਕਿ ਗੁਰੂ ਤੋਂ ਪਹਿਲਾਂ ਮਰਦੇ ਜੋ,,
ਮੈਂ ਕਹਾਂਗਾ ਉਹਨਾਂ ਨੂੰ ਤੁਸੀਂ ਉੱਜੜ ਜਾਓ।।
ਟੀਚਰ ਦੇ ਅਹਿਸਾਨਮੰਦ ਜੋ ਰਹਿੰਦੇ ਨੇ,,
ਉੱਚਾ ਨੀਵਾਂ ਬੋਲ ਨਾ ਕੋਈ ਕਹਿੰਦੇ ਨੇ,,
ਅਧਿ ਆਪਕ ਦੇ ਚਰਨਾਂ ਦੇ ਵਿੱਚ ਬਹਿੰਦੇ ਨੇ,,
ਮੈਂ ਕਹਾਂਗਾ ਉਹਨਾਂ ਨੂੰ ਤੁਸੀਂ ਉੱਜੜ ਜਾਓ।।

ਮੰਗਤ ਸਿੰਘ ਲੌਂਗੋਵਾਲ