ਜ਼ਿਲਾ ਮਾਨਸਾ ਵਿੱਚ ਦਰਸ਼ਨ ਸਿੰਘ ਨਾਂ ਦੇ ਪੰਜ ਵਿਅਕਤੀ ਚਰਚਿਤ ਹਨ – ਦਰਸ਼ਨ ਸਿੰਘ ਢਿੱਲੋਂ, ਦਰਸ਼ਨ ਸਿੰਘ ਭੰਮੇ, ਦਰਸ਼ਨ ਜੋਗਾ, ਪ੍ਰਿੰਸੀਪਲ ਦਰਸ਼ਨ ਸਿੰਘ ਅਤੇ ਦਰਸ਼ਨ ਸਿੰਘ ਬਰੇਟਾ। ਇਨ੍ਹਾਂ ‘ਚੋਂ ਦਰਸ਼ਨ ਸਿੰਘ ਭੰਮੇ ਦਾ ਵੱਖਰਾ ਰੰਗ ਹੈ। ਉਹ ਭਾਵੇਂ ਮੂਲ ਤੌਰ ਤੇ ਮਾਨਸੇ ਜ਼ਿਲ੍ਹੇ (ਪਿੰਡ ਭੰਮੇ) ਨਾਲ ਸੰਬੰਧਿਤ ਹੈ ਪਰ ਹੁਣ ਲੰਮੇ ਸਮੇਂ ਤੋਂ ਗੁਰੂ ਕੀ ਕਾਸ਼ੀ, ਤਲਵੰਡੀ ਸਾਬੋ, ਦਮਦਮਾ ਸਾਹਿਬ (ਜ਼ਿਲ੍ਹਾ ਬਠਿੰਡਾ) ਦਾ ਵਾਸੀ ਹੈ। ਮਾਲਵੇ ਵਿੱਚ ਕਵੀਸ਼ਰੀ ਦੇ ਥੰਮ੍ਹ ਵਜੋਂ ਜਾਣੇ ਜਾਂਦੇ ਦਰਸ਼ਨ ਸਿੰਘ ਭੰਮੇ ਨੂੰ ਕਾਵਿ ਨਿਯਮਾਂ ਦੀ ਬਰੀਕ ਸੋਝੀ ਹੈ। ਸਿਹਤ ਵਿਭਾਗ ‘ਚੋਂ ਸੇਵਾਮੁਕਤ ਹੋਏ ਭੰਮੇ ਨੇ ਗੁਰੂ-ਸ਼ਿਸ਼ ਪਰੰਪਰਾ ਤੋਂ ਕਵੀਸ਼ਰੀ ਦੀਆਂ ਬਰੀਕੀਆਂ ਨੂੰ ਜਾਣਿਆ ਹੈ। ਉਹਨੇ ਆਪਣੇ ਉਸਤਾਦ ਪੰਡਤ ਰੇਵਤੀ ਪ੍ਰਸ਼ਾਦ ਸ਼ਰਮਾ (ਰੇਵਤੀ ਰਮਨ) ਜੀ ਤੋਂ ਕਾਵਿ ਕਲਾ ਦੀਆਂ ਰਮਜ਼ਾਂ ਨੂੰ ਸਮਝਿਆ ਤੇ ਫਿਰ ਉਨ੍ਹਾਂ ਦੇ ਪੈਰ-ਚਿੰਨ੍ਹਾਂ ਤੇ ਚੱਲਦਿਆਂ ਕਵੀਸ਼ਰੀ ਵਿੱਚ ਆਪਣਾ ਲੋਹਾ ਮਨਵਾਇਆ। ਉਹਦੀਆਂ ਹੁਣ ਤੱਕ 11 ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਤੇ ਇਹ ਸਾਰੀਆਂ ਹੀ ਛੰਦਾਬੰਦੀ ਦੇ ਨਿਯਮਾਂ ਵਿੱਚ ਵਿਉਂਤਬੱਧ ਕੀਤੀਆਂ ਹੋਈਆਂ ਹਨ। ਇਨ੍ਹਾਂ ਕਿਤਾਬਾਂ ਵਿੱਚ ਸ਼ਾਮਲ ਹਨ – ਸੁਖਾਂ ਲੱਦੇ ਸੁਨੇਹੇ (2008), ਦੋ ਪ੍ਰੀਤ ਕਿੱਸੇ (2010), ਛੰਦ ਬਗੀਚਾ (2015), ਮਾਤਾ ਗੰਗਾ ਜੀ (2016), ਛੰਦ ਗਠੜੀ (2018), ਕਿੱਸਾ ਰੂਪ ਬਸੰਤ (2018), ਪਰਮ ਗਾਥਾਵਾਂ ਭਾਗ-I (2019), ਪਰਮ ਗਾਥਾਵਾਂ ਭਾਗ-II (2019), ਛੰਦ ਪਿਟਾਰੀ (2021), ਜੁਗਨੀ ਜੜੇ ਨਗੀਨੇ (2024) ਤੇ ਛੰਦ ਬੁਖਾਰੀ (2025)। ਭਾਵੇਂ ਇਹ ਸਾਰੀਆਂ ਕਿਤਾਬਾਂ ਛੰਦ-ਵਿਧਾਨ ਮੁਤਾਬਕ ਲਿਖੀਆਂ ਗਈਆਂ ਹਨ, ਪਰ ਸੂਚੀ ਅਨੁਸਾਰ ਨਿਰੋਲ ਛੰਦਾਂ ਨਾਲ ਸੰਬੰਧਿਤ ਉਹਦੀਆਂ ਚਾਰ ਕਿਤਾਬਾਂ ਛਪ ਚੁੱਕੀਆਂ ਹਨ। ਭੰਮੇ ਮੁਤਾਬਕ ਕਵਿਤਾ ਛੰਦਾਬੰਦੀ ਦੇ ਨੇਮਾਂ ਵਿੱਚ ਹੀ ਲਿਖਣੀ ਚਾਹੀਦੀ ਹੈ। ਉਹ ਸਿਰਫ ਕਵਿਤਾ/ਕਵੀਸ਼ਰੀ ਲਿਖਦਾ ਹੀ ਨਹੀਂ, ਸਗੋਂ ਮੇਲਿਆਂ, ਤਿਉਹਾਰਾਂ, ਇਕੱਠਾਂ ਆਦਿ ਵਿੱਚ ਇਹਦੀ ਭਾਵਪੂਰਤ ਪੇਸ਼ਕਾਰੀ ਵੀ ਕਰਦਾ ਹੈ। ਹੋਰ ਤਾਂ ਹੋਰ, ਉਹਨੇ ਇਸ ਵਿਧਾ ਵਿੱਚ ਲਿਖਣ ਵਾਲੇ ਅਨੁਯਾਈਆਂ ਨੂੰ ਲੋੜੀਂਦੀ ਸੇਧ ਵੀ ਦਿੱਤੀ ਹੈ ਤੇ ਇਸ ਤਰ੍ਹਾਂ ਛੰਦਬੱਧ ਕਵੀਆਂ ਦੀ ਨਵੀਂ ਪਨੀਰੀ ਤਿਆਰ ਕਰਨ ਵਿੱਚ ਉਹਦਾ ਵੱਡਾ ਯੋਗਦਾਨ ਹੈ।
ਰੀਵਿਊ ਅਧੀਨ (11ਵੀਂ) ਪੁਸਤਕ (ਛੰਦ ਬੁਖਾਰੀ, ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ, ਪੰਨੇ 155, ਮੁੱਲ 250/- ₹) ਵਿੱਚ ਭੰਮੇ ਨੇ ਬੜੀ ਮਿਹਨਤ ਨਾਲ ਕੁਝ ਖਾਸ ਛੰਦਾਂ ਬਾਰੇ ਜਾਣਕਾਰੀ ਦਿੱਤੀ ਹੈ। ਪਰ ਇਸਤੋਂ ਵੀ ਪਹਿਲਾਂ ਮੰਗਲਾਚਰਣ, ਮੁਹਾਰਨੀ, ਗਣ, ਰਸ, ਛੰਦ, ਵਰਣ, ਤੁਕਾਂਤ, ਤੁਕਾਂਗ ਆਦਿ ਬਾਰੇ ਮੁੱਢਲੀ ਜਾਣਕਾਰੀ ਮੁਹੱਈਆ ਕਰਵਾਈ ਹੈ। ਕਵੀ ਨੇ ਇਸ ਪੁਸਤਕ ਵਿੱਚ 15 ਛੰਦਾਂ ਬਾਰੇ ਵਿਸਤਾਰ ਸਹਿਤ ਲਿਖਿਆ ਹੈ। ਜਿਸਦੇ ਅੰਤਰਗਤ ਪਹਿਲਾਂ ਹਰੇਕ ਛੰਦ ਦੀ ਪਰਿਭਾਸ਼ਾ ਤੇ ਲਿਖਣ-ਵਿਧੀ ਸਮਝਾਈ ਹੈ। ਇਸ ਪਿੱਛੋਂ ਮੌਲਿਕ ਸਿਰਜਣਾ ਰਾਹੀਂ ਉਹਦੀਆਂ ਕਈ ਕਈ ਉਦਾਹਰਣਾਂ ਦਿੱਤੀਆਂ ਗਈਆਂ ਹਨ। ਪੁਸਤਕ ਵਿੱਚ 8 ਮਾਤ੍ਰਿਕ, 6 ਵਰਣਿਕ ਤੇ ਇੱਕ ਮਿਸ਼ਰਿਤ ਛੰਦ ਨੂੰ ਸ਼ਾਮਲ ਕੀਤਾ ਗਿਆ ਹੈ।
ਮਾਤ੍ਰਿਕ ਛੰਦਾਂ ਵਿੱਚ ਨਵੀਨ ਸ਼ੁਭਟੇਂਦ੍ਰ, ਕਕੁਭਾ/ਪ੍ਰਮੋਦਨ, ਕਮੰਦ, ਕਾਫ਼ੀ, ਦੋਤਾਰਾ/ਸ਼ਾਂਤ/ਤਰਵਰ, ਬੈਂਤ, ਲਲਿਤਪਦ/ਸਾਰ ਅਤੇ ਲੀਲਾਵਤੀ ਜਿਹੇ ਮੁਸ਼ਕਿਲ ਅਤੇ ਘੱਟ ਸੁਣੇ ਛੰਦਾਂ ਦਾ ਵੇਰਵਾ ਹੈ; ਵਰਣਿਕ ਛੰਦਾਂ ਵਿੱਚ ਕਬਿਤ, ਕੋਰੜਾ/ਕੇਸਰੀ/ਮੁਕੰਦ, ਕ੍ਰਿਤੀ, ਧ੍ਰਿਤੀ, ਨਰਾਜ਼/ਨਾਗਰਾਜ/ਪੰਚਚਮਾਰਾ/ਵਿਚਿਤ੍ਰਾ, ਮੀਤ ਨੂੰ ਸਪਸ਼ਟ ਕੀਤਾ ਗਿਆ ਹੈ ਤੇ ਅੰਤ ਵਿੱਚ ਮਿਸ਼ਰਿਤ ਛੰਦ ਨੂੰ ਸਮਝਾਇਆ ਗਿਆ ਹੈ।
ਪੁਸਤਕ ਦੀ ਭੂਮਿਕਾ ਭਾਸ਼ਾ ਵਿਭਾਗ ਪੰਜਾਬ ਦੇ ਡਿਪਟੀ ਡਾਇਰੈਕਟਰ ਸਤਨਾਮ ਸਿੰਘ ਵੱਲੋਂ ਹੈ ਤੇ ਲੇਖਕ/ਪੁਸਤਕ ਦੀ ਜਾਣ-ਪਛਾਣ ਵਜੋਂ ਪੰਡਤ ਰੇਵਤੀ ਪ੍ਰਸ਼ਾਦ ਸ਼ਰਮਾ ਨੇ ਨਜ਼ਰਸਾਨੀ ਕੀਤੀ ਹੈ। ਕਰਮਜੀਤ ਸਿੰਘ ਢਿੱਲੋਂ ਨੇ ਸਮੁੱਚੀ ਪੁਸਤਕ ਬਾਰੇ ਕਾਵਿ ਰੂਪ ਵਿੱਚ ਆਪਣਾ ਨਜ਼ਰੀਆ ਰੇਖਾਂਕਿਤ ਕੀਤਾ ਹੈ।
ਪੁਸਤਕ ਵਿਚਲੇ ਕਥਨਾਂ ਵਿੱਚ ਇੱਕ-ਦੋ ਥਾਂਈਂ ਜ਼ਰੂਰੀ ਸੋਧ ਦੀ ਲੋੜ ਮਹਿਸੂਸ ਹੁੰਦੀ ਹੈ। ਜਿਵੇਂ ਵਰਣਿਕ ਛੰਦ ਬਾਰੇ ਦੱਸਿਆ ਹੈ – ਉਹ ਛੰਦ, ਜਿਸਨੂੰ ਕਵੀ ਰਚਨਾ ਸਮੇਂ ਕੇਵਲ ਅੱਖਰਾਂ/ਵਰਣਾਂ ਦੀ ਗਿਣਤੀ ਕਰਦਾ ਹੈ; ਮਾਤ੍ਰਿਕ ਛੰਦ ਬਾਰੇ – ਉਹ ਛੰਦ, ਜਿਸਦੀ ਰਚਨਾ ਕਰਨ ਸਮੇਂ ਕਵੀ ਕੇਵਲ ਮਾਤਰਾਵਾਂ ਦੀ ਗਿਣਤੀ ਕਰਦਾ ਹੈ। ਮੇਰੇ ਵਿਚਾਰ ਵਿੱਚ ਇਨ੍ਹਾਂ ਬਾਰੇ ਇਹ ਲਿਖਣਾ ਚਾਹੀਦਾ ਹੈ ਕਿ ਵਰਣਿਕ ਛੰਦ ਵਿੱਚ ਸਿਰਫ਼ ਅੱਖਰਾਂ/ਵਰਣਾਂ ਦੀ ਹੀ ਗਿਣਤੀ ਕੀਤੀ ਜਾਂਦੀ ਹੈ, ਮਾਤਰਾਵਾਂ ਦੀ ਨਹੀਂ, ਭਾਵੇਂ ਕਿਸੇ ਅੱਖਰ ਨੂੰ ਕਿੰਨੀਆਂ ਵੀ ਮਾਤਰਾਵਾਂ ਲੱਗੀਆਂ ਹੋਣ, ਇਨ੍ਹਾਂ ਮਾਤਰਾਵਾਂ ਨੂੰ ਗਿਣਿਆ ਨਹੀਂ ਜਾਂਦਾ। ਮਾਤ੍ਰਿਕ ਛੰਦ ਬਾਰੇ ਇਹ ਲਿਖਣਾ ਚਾਹੀਦਾ ਹੈ ਕਿ ਇਨ੍ਹਾਂ ਵਿੱਚ ਵਰਣਾਂ/ਅੱਖਰਾਂ ਸਮੇਤ ਮਾਤਰਾਵਾਂ ਦੀ ਗਿਣਤੀ ਵੀ ਕੀਤੀ ਜਾਂਦੀ ਹੈ। ਯਾਨੀ ਸਿਰਫ਼ ਮਾਤਰਾਵਾਂ ਹੀ ਨਹੀਂ ਗਿਣੀਆਂ ਜਾਂਦੀਆਂ। ਭਾਵੇਂ ਛੰਦ ਦਾ ਨਾਂ ਮਾਤ੍ਰਿਕ ਹੈ, ਪਰ ਇਹਦਾ ਮਤਲਬ ਇਹ ਨਹੀਂ ਕਿ ਇੱਥੇ ਵਰਣਾਂ/ਅੱਖਰਾਂ ਦੀ ਗਿਣਤੀ ਨਹੀਂ ਹੁੰਦੀ।
ਕਿਤੇ ਕਿਤੇ ਸ਼ਬਦ ਜੋੜਾਂ ਦੀਆਂ ਉਕਾਈਆਂ ਕਰਕੇ ਅਰਥਬੋਧ ਅਸਪਸ਼ਟ ਰਹਿ ਜਾਂਦਾ ਹੈ, ਜਿਵੇਂ ਕਵਿਸ਼ਰੀ (ਕਵੀਸ਼ਰੀ, 4), ਪੁਸਕਤ (ਪੁਸਤਕ, 8), ਪ੍ਰਪਾਤ (ਪ੍ਰਾਪਤ, 28), ਪੀ, ਐਚ, ਡੀ (ਪੀਐਚ.ਡੀ., 28), ਕਰਾਜ਼ (ਕਾਰਜ, 28), ਮਾਤਰਾ (ਮਾਤਰਾਵਾਂ, 28) ਆਦਿ। ਇਵੇਂ ਹੀ ਕਿਤਾਬ ਵਿੱਚ ਵਿਸ਼ਰਾਮ/ਵਿਸ਼੍ਰਾਮ/ਬਿਸ੍ਰਾਮ ਦੇ ਇੱਕ ਤੋਂ ਵੱਧ ਅੱਖਰਜੋੜ ਲਿਖੇ ਗਏ ਹਨ। ਪਾਠਕ ਨੂੰ ਟਪਲਾ ਲੱਗਦਾ ਹੈ ਕਿ ਇਹ ਸ਼ਾਇਦ ਤਿੰਨ ਵੱਖ ਵੱਖ ਸ਼ਬਦ ਹਨ। ਯਾਨੀ ਇਨ੍ਹਾਂ ਸ਼ਬਦਜੋੜਾਂ ਵਿੱਚ ਇਕਸਾਰਤਾ ਚਾਹੀਦੀ ਹੈ।
ਪੁਸਤਕ ਦੀ ਵਿਉਂਤਬੰਦੀ ਵਿੱਚ ਵੀ ਕੁਝ ਘਾਟ ਰੜਕਦੀ ਹੈ, ਜਿਵੇਂ ਨਵੀਨ ਸ਼ੁਭਟੇਂਦ੍ਰ ਛੰਦ ਨੂੰ ਪੰਨਾ 30 ਤੇ ਸ਼ੁਰੂ ਕੀਤਾ ਗਿਆ ਹੈ, ਜਦਕਿ ਇਹਨੂੰ ਪੰਨਾ 31 ਤੋਂ ਸ਼ੁਰੂ ਕਰਨਾ ਚਾਹੀਦਾ ਸੀ। ਇਸੇ ਤਰ੍ਹਾਂ ਪੰਨਾ 155 ਤੇ ਸਿਰਲੇਖ ਬਣਾਇਆ ਹੈ – ਰਾਹ ਦਸੇਰੇ; ਜਦਕਿ ਇਹਨੂੰ ਪੰਨਾ 156 ਉੱਤੇ ਅੰਕਿਤ ਕੀਤਾ ਜਾਣਾ ਚਾਹੀਦਾ ਸੀ।
ਮੇਰਾ ਇੱਕ ਗਿਲਾ ਇਹ ਵੀ ਹੈ ਕਿ ਕਵੀ ਦਰਸ਼ਨ ਸਿੰਘ ਭੰਮੇ ਨੇ ਆਪਣੀ ਰਚਨਾਵਲੀ ਦਾ ਕੋਈ ਵੇਰਵਾ ਨਹੀਂ ਦਿੱਤਾ। ਇਹ ਜ਼ਰੂਰ ਦਿੱਤਾ ਜਾਣਾ ਚਾਹੀਦਾ ਸੀ। ਪਾਠਕ ਨੂੰ ਲੇਖਕ ਦੀਆਂ ਪਹਿਲਾਂ ਲਿਖੀਆਂ ਪੁਸਤਕਾਂ ਬਾਰੇ ਜਾਣਕਾਰੀ ਹਾਸਲ ਕਰਨ ਦਾ ਪੂਰਾ ਹੱਕ ਹੈ।
ਅੱਜ ਦੇ ਸਮੇਂ ਵਿੱਚ ਕਵਿਤਾ ਜ਼ਿਆਦਾ ਕਰਕੇ ਵਿਚਾਰ-ਪ੍ਰਧਾਨ ਹੋ ਗਈ ਹੈ, ਜਿਸ ਕਰਕੇ ਖੁੱਲ੍ਹੀ ਕਵਿਤਾ ਦਾ ਪ੍ਰਚਲਨ ਦਿਨੋ-ਦਿਨ ਵਧ ਰਿਹਾ ਹੈ। ਪਰ ਪੰਡਤ ਰੇਵਤੀ ਪ੍ਰਸ਼ਾਦ ਦੇ ਇਨ੍ਹਾਂ ਕਥਨਾਂ ਨਾਲ ਸਹਿਮਤ ਹੁੰਦਾ ਹੋਇਆ ਮੈਂ ਆਪਣੇ ਵਿਚਾਰਾਂ ਨੂੰ ਸਮੇਟਦਾ ਹਾਂ – “ਛੰਦਬੱਧ ਰਚਨਾ ਸੁਹਜ, ਕਲਾਤਮਕ, ਰਸ, ਅਲੰਕਾਰ ਅਤੇ ਗਾਇਕ ਸ਼ੈਲੀ ਰਾਹੀਂ ਧੁਰ ਅੰਦਰ ਤੱਕ ਪ੍ਰਭਾਵ ਪਾਉਣ ਦੇ ਸਮਰੱਥ ਹੈ। ਵਿਸ਼ੇਸ਼ ਤੌਰ ਤੇ ਕਵੀਸ਼ਰੀ, ਕਲੀਆਂ, ਵਾਰਾਂ – ਵਿਦਵਾਨਾਂ ਦੇ ਨਾਲ ਨਾਲ ਖੁੰਢ ਸੱਥਾਂ ਵਾਲੇ ਅਨਪੜ੍ਹ ਬਜ਼ੁਰਗਾਂ, ਨੌਜਵਾਨਾਂ ਅਤੇ ਸਕੂਲੀ ਬੱਚਿਆਂ ਨੂੰ ਵੀ ਅਨੰਦਿਤ ਕਰਦੀਆਂ ਹਨ।” ਅਜਿਹੇ ਵਿਲੱਖਣ ਗੁਣਾਂ ਦੀ ਧਾਰਨੀ ਹੈ ਦਰਸ਼ਨ ਸਿੰਘ ਭੰਮੇ ਦੀ ਇਹ ਕਿਤਾਬ, ਜਿਸਦਾ ਛੰਦਬੱਧ ਕਾਵਿ ਵਿੱਚ ਸਵਾਗਤ ਕਰਨਾ ਬਣਦਾ ਹੈ। ਬਕੌਲ ਲਿਖਤਮ :
ਗੁਰੂ ਕਾਸ਼ੀ ਵਿੱਚ ਰਹਿੰਦਾ, ਭੰਮੇ ਇੱਕ ਲਿਖਾਰੀ ਐ।
ਮੰਚ ਕਵੀਸ਼ਰੀ ਦੀ ਸ਼ਖ਼ਸੀਅਤ, ਬੜੀ ਪਿਆਰੀ ਐ।
ਕਵੀਆਂ ਦੇ ਵਿੱਚ ਉਹਦੀ, ਕਹਿੰਦੇ ਨੇ ਸਰਦਾਰੀ ਐ।
ਆਓ ਪੜ੍ਹੀਏ ਪੁਸਤਕ, ਜਿਹੜੀ ਛੰਦ ਬੁਖਾਰੀ ਐ।
~ ਪ੍ਰੋ. ਨਵ ਸੰਗੀਤ ਸਿੰਘ
1, ਲਤਾ ਗਰੀਨ ਐਨਕਲੇਵ, ਪਟਿਆਲਾ-147002.
(9417692015)