ਜਗਤਾਰ ਸ਼ੇਰਗਿੱਲ ਜੀ ਦੀ ਕਿਤਾਬ ਮੇਰੇ ਕੋਲ ਜਦੋਂ ਪਹੁੰਚੀ ਤਾਂ ਕਿਤਾਬ ਦਾ ਸਿਰਲੇਖ “ਐਂ ਕਿਵੇਂ?” ਬੜਾ ਹੀ ਦਿਲਚਸਪ ਲੱਗਿਆ ਮੈਨੂੰ। ਕਿਤਾਬ ਦੇ ਸਿਰਲੇਖ ਅਤੇ ਉਸਦੇ ਕਵਰ ਵਿੱਚੋਂ ਮੈਂ ਹਮੇਂਸ਼ਾਂ ਕਿਤਾਬ ਦੇ ਵਿੱਚਲੀ ਲੇਖਣੀ ਦਾ ਅੰਦਾਜ਼ਾ ਲਗਾਉਣ ਦੀ ਕੋਸ਼ਸ਼ ਕਰਦੀ ਹਾਂ। ਇਸ ਕਿਤਾਬ ਵਿੱਚ ਮੈਨੂੰ ਲੱਗਿਆ ਕਿ ਲੇਖਕ ਨੇ ਜ਼ਰੂਰ ਉਨ੍ਹਾਂ ਹਲਾਤਾਂ ਨੂੰ ਬਿਆਨ ਕੀਤਾ ਹੋਵੇਗਾ, ਜਦੋਂ ਕੁਝ ਇਸ ਤਰਾਂ ਦਾ ਵਾਪਰ ਜਾਂਦਾ ਹੈ ਜਿਸ ਤੋਂ ਅਸੀਂ ਅਣਜਾਨ ਹੁੰਦੇ ਹਾਂ ਅਤੇ ਅਸੀਂ ਹੈਰਾਨ ਹੋ ਜਾਂਦੇ ਹਾਂ ਕਿ ਇਹ ਕਿਵੇਂ ਹੋ ਗਿਆ? ਸਾਨੂੰ ਪਤਾ ਹੀ ਨਹੀਂ ਲੱਗਾ।
ਕਿਤਾਬ ਨੂੰ ਖੋਲਦਿਆਂ “ਸਮਰਪਣ” ਪੜ੍ਹਦਿਆਂ ਇੰਜ ਲੱਗਾ ਕਿ ਕਿਤਾਬ ਜ਼ਰੂਰ ਮਿਹਨਤ ਕਸ਼ ਮਜ਼ਦੂਰ ਵਰਗ ਦੀਆਂ ਕਹਾਣੀਆਂ ਦਰਸਾਏਗੀ ਕਿਉਂਕਿ ਲੇਖਕ ਨੇ ਇਹ ਕਿਤਾਬ ਸਮਰਪਣ ਕੀਤੀ ਹੈ “ਆਪਣੀ ਹੋਂਦ ਨੂੰ ਤਲਾਸ਼ਦੇ ਕਿਰਤੀਆਂ ਦੇ ਨਾਂ”। ਤੱਤਕਰਾ ਪੜ ਕੇ ਪਤਾ ਲੱਗਾ ਕਿ ਇਸ ਕਿਤਾਬ ਵਿੱਚ ਤਕਰੀਬਨ 12 ਕਹਾਣੀਆਂ ਪੜਣ ਨੂੰ ਮਿਲਣ ਗਈਆਂ।
1. ਅਗਲੇ ਸਾਲ ਸਹੀ
2. ਹੱਥ ਨਾ ਵਢਾਈਂ
3. ਚੁਆਨੀ ਦਾ ਭਾਰ
4. ਕੱਖ ਨਾ ਰਹੇ
5. ਲਵ ਯੂ ਜ਼ਿੰਦਗੀ
6. ਕਿਉਂਕਿ ਮੈਂ ਖੁਦਕੁਸ਼ੀ ਨਹੀਂ ਕੀਤੀ
7. ਐਂ ਕਿਵੇਂ?
8. ਟੌਰੇ ਆਲੀ ਪੱਗ
9. ਪੰਜਾਲੀ
10. ਟੌਰੇ ਆਲੀ ਪੱਗ-2
11. ਲੰਕਾ ਦਾ ਚੋਰ
12. ਹਾਜ਼ਰ ਜੀ
ਕਹਾਣੀਆਂ ਦੇ ਸਿਰਲੇਖ ਬਹੁਤ ਰੌਚਕ ਲੱਗੇ ਮੈਨੂੰ। ਅਸ਼ਵਨੀ ਬਾਗੜੀਆਂ ਜੀ ਦੇ ਵਿਚਾਰ ਪੜ ਕੇ ਪਤਾ ਲੱਗਾ ਕਿ ਲੇਖਕ ਜਗਤਾਰ ਸ਼ੇਰਗਿੱਲ ਜੀ ਦੀ ਇਹ ਪਹਿਲੀ ਕਿਤਾਬ ਨਹੀਂ ਦੂਸਰੀ ਕਿਤਾਬ ਹੈ। ਪਹਿਲੀ ਕਿਤਾਬ ਜਗਤਾਰ ਸ਼ੇਰਗਿੱਲ ਜੀ ਦਾ ਨਾਵਲ “ਇੱਕ ਸੀ ਮੰਗਾ” ਹੈ। ਲੇਖਕ ਦੇ ਆਪਣੇ ਸ਼ਬਦ ਪੜ ਕੇ ਪਤਾ ਲੱਗਾ ਕਿ ਕਿਸ ਤਰਾਂ ਲੇਖਕ ਬਚਪਨ ਤੋਂ ਹੀ ਆਪਣੇ ਪਿਤਾ ਸਰਦਾਰ ਗੁਰਚਰਨ ਸਿੰਘ ਜੀ ਦੇ ਸਦਕਾ ਕਹਾਣੀਆਂ ਨਾਲ ਜੁੜਿਆ ਹੋਇਆ ਹੈ। ਪਹਿਲੀ ਕਹਾਣੀ “ਅਗਲੇ ਸਾਲ ਸਹੀ” ਇੱਕ ਕਿਸਾਨ ਦੀ ਜ਼ਿੰਦਗੀ, ਰਹਿਣੀ ਅਤੇ ਉਸਦੀ ਮਨੋਦਸ਼ਾਂ ਨੂੰ ਦਰਸਾਉਂਦੀ ਹੈ।
ਦੂਸਰੀ ਕਹਾਣੀ “ਹੱਥ ਨਾ ਵਢਾਈਂ” ਵੀ ਪਿੰਡਾਂ ਵਿੱਚ ਰਹਿਣ ਵਾਲੇ ਇੱਕ ਸਿੱਧਰੇ ਸ਼ਖ਼ਸ ਦੀ ਜ਼ਿੰਦਗੀ ਨੂੰ ਬਿਆਨ ਕਰਦੀ ਹੈ।
ਤੀਸਰੀ ਕਹਾਣੀ “ਚੁਆਨੀ ਦਾ ਭਾਰ” ਇੱਕ ਕਿਸਾਨ ਦੀ ਕਚਹਿਰੀਆਂ ਅਤੇ ਵਕੀਲਾਂ ਨਾਲ ਵਾਅ੍ਹ-ਵਾਸਤਾ ਦਰਸਾਉਂਦੀ ਹੈ।
ਚੌਥੀ ਕਹਾਣੀ “ਕੱਖ ਨਾ ਰਹੇ” ਇੱਕ ਮਾਂ ਦੇ ਹਉਕਿਆਂ ਨੂੰ ਬਿਆਨ ਕਰਦੀ ਹੋਈ ਦੇਸ਼ ਦੀ ਵੰਡ ਦਾ ਡਰਾਵਣਾ ਰੂਪ ਪੇਸ਼ ਕਰਦੀ ਹੈ।
ਪੰਜਵੀਂ ਕਹਾਣੀ “ਲਵ ਯੂ ਜ਼ਿੰਦਗੀ” ਨੇ ਤਾਂ ਅੱਜ ਦੇ ਸਮਾਜ ਦੀ ਸਹੀ ਮਾਇਣੇ ਵਿੱਚ ਪਰਿਭਾਸ਼ਾ ਬਿਆਨ ਕੀਤੀ ਹੈ।
ਛੇਵੀਂ ਕਹਾਣੀ “ਕਿਉਂਕਿ ਮੈਂ ਖੁਦਕੁਸ਼ੀ ਨਹੀਂ ਕੀਤੀ” ਅੱਜ ਦੇ ਨੋਜਵਾਨਾਂ ਲਈ ਇੱਕ ਪ੍ਰੇਰਣਾ ਹੈ। ਸੱਤਵੀਂ ਕਹਾਣੀ “ਐ ਕਿਵੇਂ?” ਪਿੰਡਾਂ ਦੇ ਵਿਹਾਰ, ਸੱਥਾਂ ਵਿੱਚ ਹੁੰਦੇ ਹਾਸੇ-ਠੱਠੇ, ਨਾਮ ਦੀਆਂ ਅੱਲਾਂ, ਜ਼ਿੰਦਗੀ ਦੀਆਂ ਹਕੀਕਤਾਂ ਅਤੇ ਅਣਖਾਂ ਨੂੰ ਬਿਆਨ ਕਰਦੀ ਹੈ।
ਅੱਠਵੀਂ ਕਹਾਣੀ “ਟੌਰੇ ਵਾਲੀ ਪੱਗ” ਨੇ ਤਾਂ ਅੱਖਾਂ ਵਿੱਚ ਅੱਥਰੂ ਹੀ ਲੈ ਆਂਦੇ।
ਨੋਵੀਂ ਕਹਾਣੀ “ਪੰਜਾਲੀ” ਕਿਸਾਨਾਂ ਦੀ ਹੱਡ ਭਣਵੀ ਮਿਹਨਤ, ਕਰਜ਼ੇ ਨਾਲ ਜੂਝਦੀਆਂ ਕਿਸਾਨਾਂ ਦੀਆਂ ਕਈ ਪੀੜੀਆਂ ਅਤੇ ਸਰਕਾਰਾਂ ਅੱਗੇ ਲੱਗਦੇ ਕਿਸਾਨਾਂ ਦੇ ਧਰਨਿਆਂ ਨੂੰ ਦਰਸਾਉਂਦੀ ਹੈ।
ਦੱਸਵੀਂ ਕਹਾਣੀ “ਟੌਰੇ ਵਾਲੀ ਪੱਗ-2” ਦੁਬਾਰਾ ਫਿਰ ਅੱਖਾਂ ਭਰ ਗਈ ਮੇਰੀ।
ਗਿਆਰਵੀਂ ਕਹਾਣੀ “ਲੰਕਾ ਦਾ ਚੋਰ” ਕਲੇਜਾ ਪਾੜਦੀ ਹੋਈ ਕਈ ਧੀਆਂ ਦੀਆਂ ਗਲਤੀਆਂ ਅਤੇ ਲਾਚਾਰੀ ਨੂੰ ਬਿਆਨ ਕਰ ਰਹੀ ਹੈ।
ਬਾਰਵੀਂ ਕਹਾਣੀ “ਹਾਜ਼ਰ ਜੀ” ਉਸ ਜ਼ਮਾਨੇ ਦੇ ਅਧਿਆਪਕ ਨੂੰ ਦਰਸਾਉਂਦੀ ਹੈ ਜੋ ਸਹੀ ਮਾਇਨੇ ਵਿੱਚ ਆਪਣੇ ਸ਼ਾਗਿਰਦਾਂ ਨੂੰ ਗੁਰੂ ਬਣ ਕੇ ਸਾਂਭ ਦੇ ਸੀ। ਅੱਜ ਦੇ ਜ਼ਮਾਨੇ ਵਿੱਚ ਤਾਂ ਗੁਰੂ ਵੀ ਵਿੱਕਦਾ ਹੈ ਤੇ ਗਿਆਨ ਵੀ।
ਕਿਤਾਬ ਵਿਚਲੀਆਂ ਕਹਾਣੀਆਂ ਲੇਖਕ ਨੇ ਆਪਣੇ ਆਸੇ-ਪਾਸੇ ਤੋਂ ਹੀ ਚੁਣੀਆਂ ਹਨ। ਜਿੱਥੇ ਲੇਖਕ ਨੇ ਪੇਂਡੂ ਜੀਵਨ ਨੂੰ ਦਰਸਾਇਆ ਹੈ ਉੱਥੇ ਹੀ ਦੋ ਕਹਾਣੀਆਂ ਸ਼ਹਿਰੀ ਜੀਵਨ ਨੂੰ ਵੀ ਦਰਸਾਉਂਦੀਆਂ ਹਨ। ਕਹਾਣੀਆਂ ਵਿੱਚੋਂ ਜਿੱਥੇ ਲੇਖਕ ਕੁਝ ਸਿੱਖਿਆ ਦੇ ਰਿਹਾ ਹੈ ਉੱਥੇ ਹੀ ਜ਼ਿੰਦਗੀ ਦੀਆਂ ਤਕਲੀਫਾਂ ਵੀ ਲਿਖ ਰਿਹਾ ਹੈ। ਮਨ ਪਸੀਜਦਾ ਹੈ ਲੇਖਕ ਦੀਆਂ ਕਹਾਣੀਆਂ ਪੜ੍ਹ ਕੇ। ਨੋਜਵਾਨ ਪੀੜੀ ਦੇ ਹੱਥਾਂ ਤੱਕ ਇਹ ਕਿਤਾਬ ਜ਼ਰੂਰ ਪਹੁੰਚਣੀ ਚਾਹਿਦੀ ਹੈ ਕਿਉਂਕਿ ਲੇਖਕ ਜਗਤਾਰ ਸ਼ੇਰਗਿੱਲ ਦੀਆਂ ਇਹ ਬਾਰਾਂ ਕਹਾਣੀਆਂ ਦੀ ਕਿਤਾਬ ਅਗਲੇਰੀ ਪੀੜੀ ਨੂੰ ਸਮਾਜਿਕ ਅਤੇ ਬੌਧਿਕ ਦੋਵੇਂ ਪੱਖ ਤੋਂ ਮਜ਼ਬੂਤ ਕਰਣ ਵਿੱਚ ਸਹਾਈ ਹੋਵੇਗੀ। ਬਹੁਤ ਖੁਸ਼ੀ ਹੋਈ ਜਗਤਾਰ ਸ਼ੇਰਗਿੱਲ ਜੀ ਦੀ ਕਿਤਾਬ ਪੜ੍ਹ ਕੇ। ਉਨ੍ਹਾਂ ਦੀ ਅਗਲੀ ਕਿਤਾਬ ਦੀ ਉਡੀਕ ਵਿੱਚ ਮੈਂ।

ਰਸ਼ਪਿੰਦਰ ਕੌਰ ਗਿੱਲ
ਲੇਖਕ, ਐਂਕਰ, ਸੰਪਾਦਕ, ਸੰਸਥਾਪਕ, ਪ੍ਰਧਾਨ- ਪੀਂਘਾਂ ਸੋਚ ਦੀਆਂ ਸਾਹਿਤ ਮੰਚ, ਪਬਲੀਕੇਸ਼ਨ, ਮੈਗਜ਼ੀਨ-ਅੰਮ੍ਰਿਤਸਰ +91-9888697078