ਮੈਨੂੰ ਆਪਣੀ ਕਰੋਨਿਕ ਬਿਮਾਰੀ ਕੈਂਸ਼ਰ ਦੇ ਇਲਾਜ਼ ਲਈ ਸਮੇਂ ਸਮੇਂ ਸਿਰ ਲੈਬ ਟੈਸ਼ਟ ਕਰਾਉਣੇ ਪੈਂਦੇ ਹਨ । ਮਹੀਨਾ ਵਾਰ ਲੱਗਦਾ ਟੀਕਾ ਡਾਕਟਰ ਸਾਬ੍ਹ ਨੇ ਬੰਦ ਕਰ ਦਿੱਤਾ । ਅੱਗੇ ਥਰੇਪੀ ਦੀ ਲੋੜ ਸੀ ਜੋ ਕਿ ਦਵਾਈ ਦੀ ਘਾਟ ਹੋਣ ਕਾਰਨ ਮਰੀਜ਼ਾਂ ਦੀ ਵੇਟਿੰਗ ਲਿਸਟ ਛੇ ਮਹੀਨੇ ਦੀ ਚਲ ਰਹੀ ਸੀ , ਮੇਰਾ ਵੀ ਨਾਂ ਲਿਸਟ ‘ਚ ਸਾਮਲ ਕਰ ਲਿਆ ਗਿਆ , ਮੈਨੂੰ ਪਤਾ ਸੀ ਕਿ ਦਵਾਈ ਬਾਹਰੋਂ ( ਜਰਮਨ ) ਤੋਂ ਵੀ ਮਿਲ ਜਾਂਦੀ ਹੈ ਪਰ ਹਰ ਕੋਈ ਮਹਿੰਗੀ ਹੋਣ ਕਾਰਨ ਪੀ.ਜੀ.ਆਈ. ‘ਚ ਸਬਸਿਡੀ ਤੇ ਆ ਰਹੀ ਤਕਰੀਬਨ ਤੀਹ ਕੁ ਹਜ਼ਾਰ ( ਸਿਰਫ ਦਵਾਈ , ਬਾਕੀ ਸਮਾਨ ਵੱਖਰਾ ) ਦੀ ਇੱਕ ਡੋਜ਼ ਪੈਂਦੀ ਹੈ ਪਰ ਬਾਹਰਲੀ ਤਕਰੀਬਨ ਸਵਾ ਦੋ ਲੱਖ ਤੋਂ ਉੱਪਰ ਪੈਂਦੀ ਹੈ । ਡਾਕਟਰ ਸਾਬ੍ਹ ਨਾਲ ਗੱਲਬਾਤ ਕੀਤੀ , ਜੇਕਰ ਥਰੇਪੀ ਕਰਨੀ ਹੀ ਹੈ ਕਿਉਂ ਨਾ ਬਾਹਰੋਂ ਹੀ ਦਵਾਈ ਮੰਗਵਾ ਲਈਏ । ਲੇਟ ਕਿਉਂ ਹੋਣਾ ਹੈ ।ਡਾਕਟਰ ਸਾਬ੍ਹ ਕਹਿੰਦੇ ਜੇ ਮੰਗਵਾ ਸਕਦੇ ਹੋ ਮੰਗਵਾ ਲਵੋ ,ਤਿੰਨ ਮਰੀਜ਼ਾਂ ਦੀ ਪਹਿਲਾਂ ਹੀ ਆਂਉਣੀ ਹੈ ਉਨ੍ਹਾਂ ਨਾਲ ਇਕੱਠੀ ਆ ਜਾਵੇਗੀ । ਦਿੱਲੀ ਦੀ ਇੱਕ ਕੰਪਨੀ ਨਾਲ ਗੱਲ ਬਾਤ ਕੀਤੀ , ਅਡਵਾਂਸ ‘ਚ ਪੂਰੀ ਰਕਮ ਬੈਂਕ ਰਾਹੀਂ ਦੇ ਕੇ ਦਸ ਦਿਨ ਪਹਿਲਾਂ ਬੁੱਕ ਕਰਵਾ ਦਿੱਤੀ ।ਕੰਪਨੀ ਤੋਂ ਹਫਤੇ ਕੁ ਬਾਅਦ ਫੋਨ ਆ ਗਿਆ ਕਿ ਤੁਹਾਡੀ ਦਵਾਈ ਪੀ.ਜੀ.ਆਈ. 13 ਸਤੰਬਰ 2024 ਨੂੰ ਪਹੁੰਚ ਜਾਵੇਗੀ , ਉਸ ਦਿਨ ਸਵੇਰੇ ਪਹੁੰਚ ਜਾਣਾ । ਦੋ ਦੋਸਤਾਂ ਮਾਸਟਰ ਗੁਰਮੇਲ ਸਿੰਘ ਅਤੇ ਮਾਸਟਰ ਅਮਰੀਕ ਸਿੰਘ ਨੂੰ ਨਾਲ ਜਾਣ ਲਈ ਤਿਆਰ ਕਰ ਲਿਆ ।ਦੋ ਦਿਨ ਪਹਿਲਾਂ ਕੰਪਨੀ ਦਾ ਫੋਨ ਆ ਗਿਆ ਕਿ ਫਲਾਈਟ ਕਿਸੇ ਕਾਰਨ ਲੇਟ ਹੋਣ ਕਾਰਨ ਹੁਣ 14 ਸਤੰਬਰ ਆਉਣਾ । ਚਲੋ ਅਸੀਂ ਅਗਲੇ ਦਿਨ ਚਲੇ ਗਏ ਸਨਿਚਵਾਰ ਹੋਣ ਕਾਰਨ ਪੀ.ਜੀ.ਆਈ. ਵਿੱਚ ਅੱਧਾ ਦਿਨ ਕੰਮਕਾਜ਼ ਹੁੰਦਾ । ਇੱਕ ਦਿਨ ਪਹਿਲਾਂ ਸਾਮ ਨੂੰ ਡਾਕਟਰ ਦਾ ਫੋਨ ਆ ਗਿਆ ਸਵੇਰੇ ਸਾਢੇ ਅੱਠ ਵਜੇ ਪਹੁੰਚ ਜਾਣਾ , ਤੁਹਾਡੀ ਥਰੇਪੀ ਲਈ ਪਹਿਲਾਂ ਪ੍ਰਕ੍ਰਿਆ ਸੁਰੂ ਕਰਾਂਗੇ । ਥਰੇਪੀ ਦਾ ਸਮਾਨ , ਦਵਾਈਆਂ ਆਦਿ ਡਾਕਟਰ ਨੇ ਪਹਿਲਾਂ ਦੀ ਤਰ੍ਹਾਂ ਨਾਲ ਹੀ ਲੈ ਕੇ ਆਉਣ ਨੂੰ ਕਹਿ ਦਿੱਤਾ । ਪਿਛਲੀ ਥਰੇਪੀ ਦੇ ਸਮਾਨ ਦੀ ਸਲਿਪ ਮੇਰੇ ਪਾਸ ਕੁਦਰਤੀ ਸੀ , ਮੈਂ ਵਟ੍ਹਸਅੱਪ ਤੇ ਭੇਜ ਕੇ ਕਨਫਰਮ ਕਰ ਲਿਆ ।ਅਸੀਂ ਸਨਿਚਰਵਾਰ ਨੂੰ ਸਵੇਰੇ ਪੌਣੇ ਅੱਠ ਵਜੇ ਪੀ.ਜੀ.ਆਈ. ਨਾਲ ਲੱਗਦੀ ਦਵਾਈਆਂ ਵਾਲੀ ਮਾਰਕੀਟ ਪਹੁੰਚ ਗਏ ਸਮਾਨ ਖਰੀਦਿਆ ਅਤੇ ਅਮਰੀਕ ਸਿੰਘ ਗੇਟ ਮੂਹਰੇ ਉਤਾਰ ਕੇ ਗੱਡੀ ਪਾਰਕਿੰਗ ‘ਚ ਲਾਉਣ ਚਲਾ ਗਿਆ । ਅਸੀਂ ਮੈਡੀਸਨ ਨਿਊਕਲਰ ਵਿਭਾਗ ਦੇ ਸ਼ੀਸ਼ੇ ਵਾਲੇ ਬੰਦ ਗੇਟ ਅੱਗੇ ਪਹੁੰਚ ਗਏ । ਸਿਰਫ ਇੱਕ ਕਰਮਚਾਰੀ ਅੰਦਰ ਵਰਾਂਡੇ ‘ਚ ਪੋਚਾ ਲਾ ਰਿਹਾ ਦਿੱਖ ਰਿਹਾ ਸੀ ।ਐਨੇ ਕੁਝ ਸਟਾਫ ਵੀ ਆ ਗਿਆ ਉਹ ਵੀ ਗੇਟ ਬੰਦ ਹੋਣ ਕਾਰਨ ਵੇਟ ਕਰਨ ਲੱਗਾ , ਸਫਾਈ ਕਰਮਚਾਰੀ ਹੁਣ ਸਾਹਮਣੇ ਨਹੀਂ ਸਗੋਂ ਕਮਰੇ ‘ਚ ਸਫਾਈ ਕਰਨ ਲੱਗਾ । ਜਦੋਂ ਵਰਾਂਡੇ ‘ਚ ਆਇਆ ਤਾਂ ਸਟਾਫ ਮੈਂਬਰ ਦੇਖ ਕੇ ਉਸ ਨੇ ਸਿਰਫ ਉਨ੍ਹਾਂ ਦੀ ਐਂਟਰੀ ਕਰਨ ਦਿੱਤੀ ਸਾਨੂੰ ਰੋਕ ਲਿਆ ਕਿ ਨੌਂ ਵਜੇ ਤੋਂ ਪਹਿਲਾਂ ਨਹੀਂ ਜਾ ਸਕਦੇ। ਮੈਂ ਡਾਕਟਰ ਸਾਬ੍ਹ ਨੂੰ ਫੋਨ ਮਿਲਾਇਆ , ਕਹਿੰਦੇ , “ਮੈਂ ਆ ਰਹੀ ਆਂ” । ਮੈਂ ਕਰਮਚਾਰੀ ਨੂੰ ਫੋਨ ਫੜ੍ਹਾ ਦਿੱਤਾ , ਉਹ ਉਨ੍ਹਾਂ ਨੂੰ ਕਹਿ ਰਿਹਾ ਸੀ ਕਿ ਵੱਡੇ ਡਾਕਟਰ ਨੇ ਮਨ੍ਹਾਂ ਕੀਤਾ ਹੋਇਆ , ਚਲੋ ਸਾਨੂੰ ਅੰਦਰ ਜਾ ਕੇ ਵੇਟਿੰਗ ਰੂਮ ‘ਚ ਬੈਠਣ ਲਈ ਜਾਣ ਦੇ ਦਿੱਤਾ । ਥੋੜ੍ਹੇ ਦੇਰ ਬਾਅਦ ਹੀ ਨਰਸ ਮੈਨੂੰ ਬੁਲਾ ਕੇ ਦੋਵਾਂ ਬਾਹਵਾਂ ਉੱਪਰ ਡਿੱਪ ਦੇਣ ਲਈ ਸੂਈਆਂ ਬੜੀ ਮੁਸ਼ਕਲ ਲਾਈਆਂ ਕਿਉਂ ਕਿ ਸੂਈਆਂ ਨੇ ਬਹੁਤੀਆਂ ਨਾੜਾਂ ਬਲਾਕ ਕਰ ਦਿੱਤੀਆਂ ਹਨ ।ਚਲੋ ਹਾਫ ਡੇ ਹੋਣ ਕਾਰਨ ਇਸ ਵਾਰ ਸਾਰਾ ਸਟਾਫ ਕਾਹਲੀ ਨਾਲ ਕੰਮ ਕਰ ਰਿਹਾ ਸੀ ਤਾਂ ਕਿ ਉਹ ਸਮੇਂ ਸਿਰ ਫਾਰਗ ਹੋ ਸਕਣ ਕਿਉਂ ਕਿ ਥਰੇਪੀ ਦਾ ਕੰਮ ਲੰਬਾ ਹੁੰਦਾ ਹੈ । ਦੁਪਿਹਰ ਤੋਂ ਬਾਅਦ ਥਰੇਪੀ ਹੋ ਗਈ , ਅਗਲੇ ਦਿਨ ਸਕੇਨ ਹੋਣਾ ਹੁੰਦਾ ਹੈ , ਪਰ ਐਤਵਾਰ ਕਾਰਨ ਸੋਮਵਾਰ ਅਸੀਂ ਗਏ ਅਤੇ ਸਕੇਨ ਹੋ ਗਿਆ । ਮੈਡੀਕਲ ਬਿਲ ਲੌੜੀਂਦੇ ਕਾਗਜ਼ ਮੇਰੇ ਕੋਲ ਸੀ ਜੋ ਬਿਲਾਂ ਦੇ ਖਰਚੇ ਸੀ ਉਹ ਲੌੜੀਂਦੇ ਕਾਗਜ਼ਾਂ ‘ਚ ਨਾਲੋ ਨਾਲ ਫੁਰਸਤ ਸਮੇਂ ਭਰ ਲਏ ਸਨ । ਡਾਕਟਰ ਸਾਬ੍ਹ ਨੇ ਜੋ ਸਰਟੀਫਿਕੇਟ ਐਮਰਜੈਂਸੀ ਦਵਾਈ ਬਾਹਰੋਂ ਮੰਗਵਾਉਣ ਦਾ ਦੇਣਾ ਸੀ ਆਪ ਖੁਦ ਹੀ ਕੰਪਿਊਟਰ ਤੇ ਤਿਆਰ ਕਰ ਕੇ ਦੇ ਦਿੱਤਾ । ਸਾਰੇ ਕਾਗਜ਼ਾਤ ਮੈਂ ਹਸਤਾਖਰ ਕਰਵਾ ਕੇ ਮੋਹਰਾਂ ਲਗਵਾ ਲਈਆਂ ।
ਘਰੇ ਨਾਭੇ ਪਹੁੰਚ ਗਿਆ ਖਾਣਾ ਖਾਧਾ ਕੁਝ ਫਾਰਮ ਭਰ ਲਏ । ਸਵੇਰੇ ਬਰੇਕ ਫਾਸਟ ਕੀਤਾ ਬਾਕੀ ਫਾਰਮ ਵੀ ਭਰ ਲਏ । ਘੌਸ਼ਣਾ ਪੱਤਰ ਤਿਆਰ ਕੀਤਾ ,ਪ੍ਰਿੰਟ ਕੱਢ ਲਿਆ ।ਸਾਰਾ ਸਮਾਨ ਘਰ ਹੀ ਸੀ । ਇੱਕ ਫੋਟੋ ਕਾਪੀ ਮੁਕੰਮਲ ਕੇਸ ਦੀ ਤਿਆਰ 11 ਵਜੇ ਤੱਕ ਹੋ ਗਈ । ਸਾਰੀ ਫਾਈਲ ਨੂੰ ਮੋਬਾਇਲ ਵਿੱਚ ਸਕੈਨ ਕਰ ਲਿਆ ।ਮਨ ‘ਚ ਆਇਆ ਅੱਜ ਹੀ ਕਿਉਂ ਨਾ ਸਕੂਲੋਂ ਹਸਤਾਖਰ ਕਰਵਾ ਕੇ ਖੁਦ ਹੀ ਸਿਵਲ ਸਰਜਨ ਦਫਤਰ ਦੇ ਆਵਾਂ । ਸਕੂਲ ਇੰਚਾਰਜ਼ ਨਾਲ ਸੰਪਰਕ ਕੀਤਾ ਤਾਂ ਕਹਿੰਦੇ ‘ ਸਰ ਆ ਜਾਓ’ । ਮੈਂ ਸਕੂਲ ਦੇ ਡੀ.ਡੀ.ੳ. ਜੋ ਕਿ ਸ.ਸ.ਸ.ਸ. ਭਵਾਨੀਗੜ੍ਹ ਸਕੂਲ ਦੇ ਪਿੰ੍ਰਸੀਪਲ ਨੇ , ਉਨ੍ਹਾਂ ਦੇ ਵੀ ਸਕੂਲ ‘ਚ ਹੋਣ ਬਾਰੇ ਕਨਫਰਮ ਕਰ ਲਿਆ । ਤਕਰੀਬਨ 12 ਵਜੇ ਮੈਂ ਫਟਾ ਫਟ ਕਪੜੇ ਬਦਲੇ , ਦਸਤਾਰ ਪਹਿਲਾ ਸ਼ਜਾਈ ਹੋਈ ਸੀ , ਗੱਡੀ ਬਾਹਰ ਕੱਢੀ ਅਤੇ ਮਾਝੀ ਸਕੂਲ ਪਹੁੰਚ ਗਿਆ । ਮਾਪਿਆਂ ਨਾਲ ਸਕੂਲ਼ ਇੰਚਾਰਜ਼ ਦਫਤਰ ਵਿੱਚ ਮੀਟਿੰਗ ਕਰ ਰਿਹਾ ਸੀ । ਥੋੜ੍ਹਾ ਚਿਰ ਦੀ ਉਡੀਕ ਬਾਅਦ ਮੈਂ ਸਕੂਲ ‘ਚ ਸੇਵਾਦਾਰ ਦਾ ਕੰਮ ਕਰ ਲੜਕੀ ਨੂੰ ਸਕੂਲ ਦਾ ਲੈਟਰ ਪੈਡ ਲਿਆਉਣ ਲਈ ਕਿਹਾ । ਉਸਨੇ ਲਿਆ ਦਿੱਤੀ ਤਾਂ ਮੈਂ ਬਿਲ ਦੇ ਸਬੰਧ ‘ਚ ਫਾਰਵਾਰਡਿੰਗ ਪੱਤਰ ਬਣਾ ਦਿੱਤਾ ।ਸਕੂਲ ਇੰਚਾਰਜ ਸ੍ਰੀ ਕੁਲਦੀਪ ਸਿੰਘ ਨੇ ਆਪਣੇ ਸਾਥੀ ਅਧਿਆਪਕ ਸ੍ਰੀ ਪਵਨ ਕੁਮਾਰ ਦੀ ਮਦਦ ਨਾਲ ਦੋਹਾਂ ਕਾਪੀਆਂ ਉੱਪਰ ਲੌੜੀਂਦੀਆਂ ਥਾਵਾਂ ਉੱਪਰ ਮੋਹਰਾਂ ਲਾ ਦਿੱਤੀਆਂ । ਡਿਸਪੈਚ ਰਜਿਸਟਰ ਉੱਪਰ ਚਾੜ੍ਹ ਕੇ ਨੰਬਰ ਲਾ ਦਿੱਤਾ । ਮੈਂ ਬਿਲ ਲੈ ਕੇ ਭਵਾਨੀਗੜ੍ਹ ਨੂੰ ਚਲ ਪਿਆ । ਮੈਂ ਭਵਾਨੀਗੜ੍ਹ ਸਕੂਲ਼ ਜਾ ਪ੍ਰਿੰਸੀਪਲ ਪਾਸੋਂ ਹੱਥੋਂ ਹੱਥੀ ਹਸਤਾਖਰ ਕਰਵਾ ਕੇ ਸੰਗਰੂ੍ਰਰ ਨੂੰ ਚਲ ਪਿਆ । ਪਹਿਲਾਂ ਨਾਭੇ ਚਲਣ ਵੇਲੇ ਦੋ ਦੋਸਤਾਂ ਨੂੰ ਨਾਲ ਜਾਣ ਲਈ ਪੁਛਿਆ , ਮਾਝੀ ਸਕੂਲੋਂ ਭਵਾਨੀਗੜ੍ਹ ਦੇ ਦੋ ਦੋਸਤਾਂ ਨਾਲ ਗੱਲ ਕੀਤੀ , ਇੱਕ ਨੇ ਫੋਨ ਨਾ ਚੁੱਕਿਆ , ਦੂਜੇ ਦੀ ਕੋਈ ਮਜਬੂਰੀ ਸੀ । ਮੈਂ ਇਕੱਲਾ ਹੀ ਸੰਗਰੂਰ ਨੂੰ ਚਲ ਪਿਆ , ਅੱਗੋਂ ਦੋਸਤ ਗੁਰਜੰਟ ਨੂੰ ਸੰਗਰੂਰ ਫੋਨ ਕੀਤਾ ਜੋ ਕਿ ਦਢਤਰ ਦੇ ਨੇੜੇ ਹੀ ਕਿਸੇ ਕਲੱਬ ‘ਚ ਸੀ । ਉਹ ਅੱਗੋਂ ਆ ਗਿਆ । ਗੱਡੀ ਉਥੇ ਹੀ ਕਲੱਬ ਸਾਹਮਣੇ ਖੜ੍ਹਾ ਦਿੱਤੀ । ਉਸ ਦੀ ਐਕਟਿਵਾ ਉੱਪਰ ਅਸੀਂ ਦਫਤਰ ਮੂਹਰੇ ਚਲੇ ਗਏ । ਲਿਫਟ ਰਾਹੀਂ ਦਫਤਰ ਪੁੱਜੇ ਤਾਂ ਲੰਚ ਸਮਾਪਤੀ ਦਾ ਸਮਾਂ ਹੋ ਚੁੱਕਾ ਸੀ । ਦਫਤਰ ਅੱਗੇ ਬਿਲਾਂ ਦੀ ਪੁੱਛ-ਗਿੱਛ ਦਾ ਸਮਾਂ ਵੀ ਬਾਅਦ ਦੁਹਿਪਰ ਲਿਖਿਆ ਹੋਇਆ ਸੀ । ਅਸੀਂ ਬਿੱਲ ਜਮ੍ਹਾਂ ਕਰਵਾ ਕੇ ਰਸੀਟ ਲੈ ਉਸ ਦਿਨ ਦੀ ਮਿਤੀ ਨਾਲ ਕਰਮਚਾਰੀ ਦੇ ਇਨੀਸਲ ਲੈ ਲਏ ।ਰਸੀਟ ਨੰਬਰ ਚਾਰ-ਪੰਜ ਦਿਨਾਂ ਬਾਦ ਪਤਾ ਕਰਨ ਲਈ ਉਨ੍ਹਾਂ ਕਹਿ ਦਿੱਤਾ ।ਮੈਂ ਉਥੋਂ ਵਾਪਸੀ ਕਰ ਦਿੱਤੀ ਸਮਾਂ ਸਾਢੇ ਤਿੰਨ ਵਾਂਗ ਸੀ । ਮੇਰੀ ਮਾਝੀ ਸਕੂਲ ਦੇ ਕੁਲੀਗ ਅਧਿਆਪਕਾਂ ਨੂੰ ਮਿਲਣ ਲਈ ਪਿਛਲੇ ਸਮੇਂ ਤੋਂ ਤਮੰਨਾ ਸੀ । ਜਸਵਿੰਦਰ ਮੈਡਮ ਨੂੰ ਫੋਨ ਕਰਕੇ ਉਨ੍ਹਾਂ ਦੇ ਘਰ ਸਭ ਤੋਂ ਪਹਿਲਾਂ ਗਿਆ ।ਚਾਹ ਪੀਤੀ ਕੁਝ ਸਮਾਂ ਯਾਦਾਂ ਸਾਂਝੀਆਂ ਕੀਤੀਆਂ , ਅਗਲਾ ਪੜ੍ਹਾਅ ਲੈਕ: ਕੁਲਦੀਪ ਸਰ ਦਾ ਸੀ , ਉਹ ਫੋਨ ਚੁੱਕ ਨਹੀਂ ਰਹੇ ਸੀ । ਜਸਵਿੰਦਰ ਮੈਡਮ ਨੇ ਉਨ੍ਹਾਂ ਦੇ ਘਰ ਦੀ ਲੋਕੇਸ਼ਨ ਦੱਸ ਦਿੱਤੀ , ਮੈਂ ਸੋਚਿਆ ਘਰ ਹੀ ਹੋਣਗੇ ਕਿਸੇ ਤੋਂ ਘਰ ਬਾਰੇ ਪੁੱਛ ਲਵਾਂਗਾ । ਮੈਂ ਉਸ ਗਲੀ ‘ਚ ਚਲਿਆ ਗਿਆ , ਅੱਗੇ ਚੌਰਸਤਾ ਆ ਗਿਆ , ਫੇਰ ਮੈਡਮ ਨੂੰ ਪੁੱਛਿਆ , ਐਨੇ ਨੂੰ ਕੁਲਦੀਪ ਸਰ ਦੀ ਕਾਲ ਆ ਗਈ ਜਦੋਂ ਗੱਲ ਕੀਤੀ ਤਾ ਉਨ੍ਹਾਂ ਦੱਸਿਆ ਕਿ ਉਹ ਆਪਣੀ ਮਾਤਾ ਜੀ ਨੂੰ ਢਿੱਲੇ ਹੋਣ ਕਾਰਨ ਪਟਿਆਲੇ ਕਿਸੇ ਪ੍ਰਾਈਵੇਟ ਡਾਕਟਰ ਕੋਲ ਲੈ ਕੇ ਗਏ ਹੋਏ ਹਨ । ਚਲੋ ਮੈਂ ਕਿਹਾ ਕਦੇ ਫੇਰ ਸਹੀ । ਉਥੋਂ ਮਨ ‘ਚ ਭਵਾਨੀਗੜ੍ਹ ਜਾ ਕੇ ਸੰਦੀਪ ਮੈਡਮ ਨੂੰ ਮਿਲਣ ਦਾ ਪ੍ਰੋਗਰਾਮ ਸੀ , ਫੋਨ ਕੀਤਾ ਸੰਦੀਪ ਹੋਰੀਂ ਘਰੇ ਹੀ ਸੀ । ਗੱਡੀ ਦੀ ਸਪੀਡ ਸਮੇਂ ਦੀ ਥੁੜ੍ਹ ਕਾਰਨ ਆਪੇ ਹੀ ਵੱਧਦੀ ਗਈ , ਸੜਕ ਪੱਧਰੀ ਸੀਮਿੰਟਿਡ ਹੋਣ ਕਾਰਨ ਗੱਡੀ ਆਰਾਮ ਨਾਲ ਕੰਟਰੋਲ ਹੇਠ ਚਲ ਰਹੀ ਸੀ । ਜਦ ਸਪੀਡ ਮੀਟਰ ਵੱਲ ਦੇਖਿਆ ਤਾਂ ਮੈਂ ਹੈਰਾਨ ਸੀ ਕਿ ਐਨੀ ਜ਼ਿਆਦਾ ਸਪੀਡ ਤੇ ਗੱਡੀ ਤਾਂ ਅੱਜ ਤੱਕ ਮੈਂ ਨਹੀਂ ਚਲਾਈ ।ਇੱਕ ਦਮ ਸਪੀਡ ਹੇਠਾਂ ਲਿਆਂਦੀ , ਥੌੜੇ ਸਮੇਂ ‘ਚ ਹੀ ਭਵਾਨੀਗੜ੍ਹ ਅਇਆ ਦਿੱਖਿਆ । ਸੰਦੀਪ ਦੇ ਘਰ ਗੱਲਾਂ੍ਹ ਸਾਂਝੀਆਂ ਕੀਤੀਆਂ , ਚਾਹ ਪੀਤੀ ਅਤੇ ਸਮਾਂ ਕੁਝ ਕੰਟਰੋਲ ‘ਚ ਰਹਿਣ ਕਾਰਨ ਅੱਗੇ ਸੁਖਦੀਪ ਨੂੰ ਫੋਨ ਕੀਤਾ , ਉਹ ਫੋਨ ਨਾ ਚੱਕਣ ਪਰ ਘੰਟੀ ਜਾਵੇ , ਇਸੀ ਤਰ੍ਹਾਂ ਉਨ੍ਹਾਂ ਦੇ ਪਤੀ ਜਗਸੀਰ ਸਿੰਘ ਕਾਨੂੰਗੋ ਵੀ ਫੋਨ ਨਾ ਚੁੱਕਣ । ਚਲੋ ਮੈਂ ਸਿੱਧਾ ਘਰੇ ਚਲਾ ਗਿਆ ਤਾ ਘੰਟੀ ਦੱਬੀ , ਸੁਖਦੀਪ ਦਾ ਬੇਟਾ ਅਤੇ ਨਣਦ ਗੇਟ ਵੱਲ਼ ਆਏ ਤਾਂ ਗੇਟ ਖੁੱਲਣ ਤੇ ਸੁਖਦੀਪ ਬਾਰੇ ਪੁੱਛਿਆ ਜੋ ਕਿ ਘਰੇ ਹੀ ਸੀ । ਸੁਖਦੀਪ ਨੇ ਫੋਨ ਬੇਟੇ ਤੋਂ ਦੂਰ ਰੱਖਿਆਂ ਹੋਇਆ ਸੀ , ਜਗਸੀਰ ਸਰ ਮੀਟਿੰਗ ‘ਚ ਸਨ ਜਿਸ ਕਾਰਨ ਇਹ ਗੱਲ੍ਹ ਹੋ ਗਈ ।ਸਮੇਂ ਮੁਤਾਬਕ ਸਕੂਲ ਦੀਆਂ , ਪਰਿਵਾਰਕ ਗੱਲ੍ਹਾਂ ਕਰਕੇ ਮੈਂ ਨਾਭੇ ਨੂੰ ਚਾਲੇ ਪਾ ਦਿੱਤੇ । ਮਾਸਟਰ ਲ਼ਛਮਣ ਸਿੰਘ ਦਾ ਘਰ ਸੜਕ ਦੇ ਦੂਜੇ ਪਾਸੇ ਸੀ । ਉਨ੍ਹਾਂ ਕੋਲ ਜਾਣਾ ਸਮੇਂ ਦੀ ਘਾਟ ਕਾਰਨ ਰਹਿ ਗਿਆ । ਘਰ ਆ ਕੇ ਗੁਰਦੁਆਰਾ ਸਾਹਿਬ ਨਤਮਸਤਕ ਹੋਣ ਉਪਰੰਤ ਨਿੱਤਨੇਮ ਕਰਕੇ ਮਨ ਨੂੰ ਐਨਾ ਸਕੂਨ ਮਿਲਿਆ ਕਿ ਵਾਹਿਗੁਰੂ ਜੀ ਦੀ ਆਪਾਰ ਕ੍ਰਿਪਾ ਸਦਕਾ ਐਨੇ ਘੱਟ ਸਮੇਂ ‘ਚ ਕਿੰਨਾ ਕੁਝ ਕਵਰ ਕਰ ਲਿਆ । ਸਾਇਦ ਜ਼ਿੰਦਗੀ ‘ਚ ਐਨੇ ਥਾਵੀਂ ਹਾਜ਼ਰੀ ਅਤੇ ਦਫਤਰ ‘ਚ ਹਸਪਤਾਲੋਂ ਡਿਸਚਾਰਜ਼ ਹੋਣ , ਥਰੇਪੀ ਦੀ ਪ੍ਰਕ੍ਰਿਆ ਉਪਰੰਤ ਅਗਲੇ ਦਿਨ ਮੈਡੀਕਲ ਬਿਲ ਮੁਕੰਮਲ ਕਰਕੇ ਕਈ ਪੜ੍ਹਾਵਾਂ ‘ਚੋਂ ਲੰਘਾ ਕੇ ਸਿਵਲ ਸਰਜਨ ਦੇ ਪਹੁੰਚਿਆ ਹੋਵੇ , ਮੈਨੂੰ ਪੂਰਾ ਯਕੀਨ ਹੈ ਕਿ ਇਸ ਤਰ੍ਹਾਂ ਨਹੀਂ ਹੋਇਆ ਹੋਣਾ ।ਇਹ ਦਿਨ ਮੇਰੇ ਲਈ ਅਭੁੱਲ ਯਾਦ ਬਣ ਗਿਆ । ਇਹ ਸਾਰਾ ਦ੍ਰਿੜ ਇਰਾਦਾ , ਜਜ਼ਬਾ ,ਊਰਜ਼ਾ , ਮਨੋਬਲ ਦੀ ਬਖਸ਼ਿਸ਼ ਵਾਹਿਗੁਰੂ ਜੀ ਪਾਸੋਂ ਹੀ ਮਿਲੀ ਹੈ । ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀਕਲਾ ਅਤੇ ਤੰਦਰੁਸਤੀ ਇਸੇ ਤਰ੍ਹਾਂ ਬਖਸ਼ਦੇ ਰਹਿਣ।
–ਮੇਜਰ ਸਿੰਘ ਨਾਭਾ