ਭਾਸ਼ਣ ਦੇਣਾ ਹਰੇਕ ਦੇ ਵਸ ਦੀ ਗੱਲ ਨਹੀਂ , ਭਾਸ਼ਣ ਦੇਣਾ ਵੀ ਇੱਕ ਕਲਾ ਹੈ । ਕਈਆਂ ਅੰਦਰ ਇਹ ਕਲਾ ਕੁਦਰਤੀ ਹੁੰਦੀ ਹੈ , ਕਈਆਂ ਨੂੰ ਮੌਕੇ ਮਿਲ ਜਾਂਦੇ ਹਨ , ਕਈਆਂ ਨੂੰ ਮਜਬੂਰੀ ਵਸ ਕਰਨਾ ਪੈਂਦਾ ਹੈ ।ਵੈਸੇ ਇਹ ਕਲਾ ਹਰੇਕ ਅੰਦਰ ਹੁੰਦੀ ਕਈ ਉਜਾਗਰ ਕਰ ਦਿੰਦੇ ਹਨ , ਕਈਆਂ ਅੰਦਰ ਇਹ ਛੁੱਪੀ ਰਹਿੰਦੀ ਹੈ । ਮੈਂ ਬਤੌਰ ਆਰਟ / ਕਰਾਫਟ ਟੀਚਰ ਰੈਗੂਲਰ ਤੌਰ ਤੇ 30 ਅਪ੍ਰੈਲ 1997 ਨੂੰ ਸ.ਹ.ਸ. ਊਲਾਣਾ ( ਘਨੌਰ) ਵਿਖੇ ਹਾਜ਼ਰੀ ਦਿੱਤੀ । ਇਹ ਸਕੂਲ ਮੇਰੇ ਘਰ ਨਾਭਾ ਤੋਂ 55 ਕਿਲੋਮੀਟਰ ਦੂਰ ਸੀ । ਪਟਿਆਲਾ ਗੇਟ ਤੋਂ ਪਹਿਲੀ ਬਸ ਚੜ੍ਹਨਾ ਅਤੇ ਪਟਿਆਲੇ ਤੋਂ ਘਨੌਰ ਦੀ ਪਹਿਲੀ ਬਸ ਲੈਣੀ ਤਾਂ ਜੋ ਅੱਗੇ ਘਨੌਰ ਤੋਂ ਚੰਡੀਗੜ੍ਹ ਵਾਲੀ ਪਹਿਲੀ ਬਸ ਮਿਲ ਸਕੇ ਜੋ ਕਿ ਕਾਮੀ ਕਲਾਂ ਦੇ ਅੱਡੇ ਤੇ ਪਹੁੰਚਾ ਦਿੰਦੀ ,ਉਥੋਂ ਡੇਢ ਦੋ ਕਿ:ਮੀ: ਦੂਰੀ ਤੇ ਸਕੂਲ ਪੈਦਲ ਜਾਣਾ, ਫਿਰ ਵੀ ਲੇਟ ਹੋ ਜਾਣਾ । ਪਰ ਮਜਬੂਰੀ ਕਾਰਨ ਹੋਰ ਕੋਈ ਹੱਲ ਨਹੀਂ ਸੀ।ਮੈਂ ਸਕੂਲ਼ ਦੇ ਕੰਮ ਜੋ ਸਕੂਲ਼ ਟਾਈਮ ਤੋਂ ਬਾਅਦ ਹੋਣ ਵਾਲੇ ਹੁੰਦੇ ਮੈਂ ਬਾਅਦ ਹੀ ਕਰਦਾ , ਆਨ ਡਿਊਟੀ ਹੋਣ ਦੀ ਆਦਤ ਨਹੀਂ ਸੀ । ਇੱਕ ਦਿਨ ਵਧੀਕ ਡਿਪਟੀ ਕਮਿਸ਼ਨਰ ਦੇ ਦਫਤਰ ਦੀ ਸਕੂਲੋਂ ਸਾਖਰਤਾ ਸਬੰਧੀ ਡਾਕ ਦੇਣੀ ਸੀ ਤਾਂ ਵਾਪਸੀ ਤੇ ਸਮਾਂ ਦੇਖ ਮੈਂ ਗੁ: ਦੁੱਖ ਨਿਵਾਰਨ ਸਹਿਬ ਦੇ ਬਸ ਸਟਾਪ ਉੱਪਰ ਉੱਤਰ ਗਿਆ ਕਿਉਂ ਕਿ ਦਫਤਰ ਨਾਭਾ ਰੋਡ ਤੇ ਇਸ ਬਸ ਸਟਾਪ ਦੇ ਨਾਲ ਹੀ ਸੀ । ਮੇਰਾ ਦੋਸਤ ਗੁਰਮੇਲ ਸਿੰਘ ਸਾਖਰਤਾ ਮਹਿੰਮ ਦੇ ਪ੍ਰੋਜੈਕਟ ਵਿੱਚ ਡੈਪੂਟੇਸਨ ਉੱਪਰ ਕੰਮ ਕਰ ਰਿਹਾ ਸੀ । ਨਾਭੇ ਸਬ –ਡਵੀਜ਼ਨ ‘ਚ ਸਾਖਰਤਾ ਇੰਚਾਰਜ ਦੀ ਲੋੜ ਸੀ ।ਉਸ ਨੇ ਮੇਰੇ ਨਾਲ ਗੱਲ ਕੀਤੀ ਮੈਂ ਹਾਂ ਕਰ ਦਿੱਤੀ । ਉਸ ਨੇ ਮੈਨੂੰ ਸਬ-ਡਵੀਜ਼ਨ ਨਾਭਾ ਦੇ ਸਾਖਰਤਾ ਮਿਸ਼ਨ ਦੇ ਕੰਮ ਲਈ ਜਿਲ੍ਹਾ ਸਿੱਖਿਆ ਅਫਸਰ ਪਟਿਆਲਾ ਤੋਂ ਇੱਕ ਮਹੀਨੇ ਦੀ ਡਿਊਟੀ ਤੇ ਕਰਵਾ ਦਿੱਤਾ ।
ਮੈਂ ਸਕੂਲ ਦੀ ਡਾਕ ਆਨ ਡਿਊਟੀ ਲੈ ਕੇ ਨਹੀਂ ਸੀ ਆਇਆ । ਮੈਂ ਬਹੁਤ ਘੱਟ ਆਨ-ਡਿਊਟੀ ਸਕੂਲ ਦਾ ਕੰਮ ਕੀਤਾ, ਉਹ ਵੀ ਜਿਸ ਦਾ ਕੰੰਮ ਪੂਰੇ ਦਿਨ ‘ਚ ਹੋਣ ਵਾਲਾ ਹੁੰਦਾ , ਉਹੀ ਡਿਊਟੀ ਲੈਂਦਾ , ਨਹੀਂ ਤਾਂ ਸਕੂਲ ਟਾਈਮ ਤੋਂ ਬਾਦ ਹੀ ਕਰ ਦਿੰਦਾ ਸੀ ।
ਮੈਂ ਐਸ.ਡੀ.ਐਮ.ਦਫਤਰ ਨਾਭੇ 18 ਅਗਸਤ 1997 ਨੂੰ ਹਾਜ਼ਰ ਹੋ ਗਿਆ ਅਤੇ ਮੇਰੀ ਡਿਊਟੀ ‘ਚ ਅੱਗੋਂ ਹੋਰ ਵਾਧਾ ਵਾਰ-ਵਾਰ ਹੋਣ ਕਰਕੇ ਮੈਂ 27 ਅਪ੍ਰੈਲ 2000 ਤੱਕ ਕੰਮ ਕੀਤਾ । ਇਥੇ ਮੈਂ ਪਹਿਲਾਂ ਐਸ.ਡੀ.ਐਮ. ਸ੍ਰ. ਸ਼ਿਵਦੁਲਾਰ ਸਿੰਘ ਢਿੱਲੋਂ ਨਾਲ ਕੰਮ ਕੀਤਾ । ਬਾਅਦ ‘ਚ ਐਸ.ਡੀ.ਐਮ. ਸ੍ਰ.ਜ਼ੋਰਾ ਸਿੰਘ ਥਿੰਦ ਨਾਲ ਵੀ ਕੰਮ ਕੀਤਾ ।ਮੇਰੇ ਨਾਲ ਕਈ ਤਹਿਸੀਲਦਾਰਾਂ ਨਾਲ ਵੀ ਵਾਹ ਪਿਆ ਕਿਉਂ ਕਿ ਜੋ ਫੰਡ ਆਉਂਦਾ ਸੀ ਉਹ ਐਸ.ਡੀ.ਐਮ.ਸਾਹਿਬ ਨੇ ਤਹਿਸੀਲਦਾਰ ਦੇ ਨਾਂ ਅਕਾਊਂਟ ਖੁਲ੍ਹਵਾ ਦਿੱਤਾ ਸੀ । ਇਸ ਕਰਕੇ ਕੋਈ ਚੀਜ ਦੀ ਖਰੀਦੋ-ਫਰੋਖਤ ਕਰਨ ਲਈ ਪ੍ਰਪੋਜਲ ਬਣਾ ਕੇ ਐਸ.ਡੀ.ਐਮ.ਤੋਂ ਮਾਰਕ ਕਰਵਾ ਕੇ ਤਹਿਸੀਲਦਾਰ ਨੇ ਫਾਈਨਲ ਕਰਨੀ ਹੁੰਦੀ ਸੀ ।ਸਾਖਰਤਾ ਨਾਲ ਸਬੰਧਤ ਪ੍ਰੋਗਰਾਮ ਵੀ ਤਹਿਸੀਦਾਰ ਨੂੰ ਕਰਵਾਉਣੇ ਪੈਂਦੇ ਸੀ । ਇਥੇ ਦਫਤਰ ‘ਚ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਿਆ ।ਮੇਰੇ ਕੋਲ ਪੂਰੀ ਤਹਿਸੀਲ਼ ਦੇ ਪਿੰਡਾਂ ਅਤੇ ਨਾਭੇ ਦੀ ਅਨਪੜ੍ਹਾਂ ਦੀਆਂ ਲਿਸਟਾਂ ਚੋਂ ਮੁਹੱਲਿਆਂ ਮੁਤਾਬਕ ਉਨ੍ਹਾਂ ਨੂੰ ਪੜ੍ਹਾਉਣ ਲਈ ਵਲੰਟੀਅਰ ਲੱਭ ਕੇ ਅਨਪੜ੍ਹਾਂ ਨੂੰ ਪੜ੍ਹਾਉਣ ਦਾ ਕੰਮ ਸੀ । ਲੋਕਾਂ ਨੂੰ ਜਾਗਰੂਕ ਕਰਨ ਲਈ ਪਿੰਡਾਂ .ਸ਼ਹਿਰ ‘ਚ ਨਾਟਕਾਂ , ਬੁਲਾਰਿਆਂ ਸੰਗੀਤ ਮੰਡਲੀ ਨਾਲ ਪ੍ਰੋਗਰਾਮ ਵੀ ਜਿਲ੍ਹਾ ਪੱਧਰ ਵਲੋਂ ਰੱਖੇ ਜਾਂਦੇ ਸੀ । ਉਪਰੋਂ ਹਦਾਇਤਾਂ ਮੁਤਾਬਕ ਸ਼ਹਿਰ ਵਿੱਚ ਪਹਿਲਾ ਪ੍ਰੋਗਰਾਮ ਨਗਰ ਕੌਂਸ਼ਲ ਦੇ ਸਹਿਯੋਗ ਨਾਲ ਪਟੇਲ ਨਗਰ ਦੇ ਸ.ਪ੍ਰ.ਸਕੂਲ ਵਿੱਚ ਰੱਖਿਆ ਗਿਆ ਜਿਸ ਵਿੱਚ ਅਧਿਆਪਕਾਂ ਤੋਂ ਇਲਾਵਾ ਮੁਹੱਲ਼ੇ ਦੇ ਲੋਕ ਤੇ ਖਾਸ ਕਰਕੇ ਉਥੋਂ ਦੀ ਮਹਿਲਾ ਕੌਂਸ਼ਲਰ ਵੀ ਮੌਜੂਦ ਸਨ ।ਨਗਰ ਕੌਂਸਲ ਦੇ ਸਾਖਰਤਾ ਦੇ ਕੰਮ ਨਾਲ ਸਬੰਧਤ ਕਰਮਚਾਰੀ ਸ੍ਰੀ ਗੁਰਦੀਪ ਸਿੰਘ ਮੈਨੂੰ ਪਹਿਲਾਂ ਤੋਂ ਜਾਣਦਾ ਸੀ । ਸਟੇਜ ਸਕੱਤਰ ਨੇ ਉਸ ਨੂੰ ਮੇਰਾ ਨਾਮ ਪੁੱਛ ਕੇ ਐਸ.ਡੀ.ਐਮ. ਦਫਤਰ ਵਲੋਂ ਸਾਖਰਤਾ ਬਾਰੇ ਬੋਲਣ ਲਈ ਨੋਟ ਕਰ ਲਿਆ ।ਗੁਰਦੀਪ ਸਿੰਘ ਨੇ ਮੈਨੂੰ ਦੱਸ ਦਿੱਤਾ ਕਿ ਮੈਨੂੰ ਵੀ ਬੋਲਣ ਲਈ ਜਾਣਾ ਪੈਣਾ ਹੈ। ਕਹਿੰਦੇ ਨੇ ‘ਫਸੀ ਨੂੰ ਫਟਕਣ ਕੀ’। ਹੁਣ ਬੋਲਣਾ ਹੀ ਪੈਣਾ ਸੀ ਪਰ ਮੈਂ ਕਦੇ ਕਿਸੇ ਸਟੇਜ਼ ਤੋਂ ਪਹਿਲਾਂ ਬੋਲਿਆ ਨਹੀਂ ਸੀ ।ਸਕੂਲ ਸਮੇਂ ਤੋਂ ਹੀ ਮੈਨੂੰ ਬੋਲਣ ਦੀ ਝਿਜਕ ਪਈ ਹੋਈ ਸੀ । ਅੱਜ ਦੇ ਬੱਚਿਆਂ ਨੂੰ ਬਹੁਤ ਸਾਰੇ ਸਕੂਲ ਸਮੇਂ ‘ਚ ਹੀ ਸਟੇਜ਼ ਤੇ ਬੋਲਣ ਦੇ ਮੌਕੇ ਦਿੱਤੇ ਜਾਂਦੇ ਹਨ ਜੋ ਕਿ ਹਰੇਕ ਬੱਚੇ ਲਈ ਜਰੂਰੀ ਵੀ ਹੁੰਦੇ ਹਨ । ਇਸ ਗਲੋਂ ਅੱਜ ਦੇ ਬੱਚੇ ਮਾਰ ਨਹੀਂ ਖਾਂਦੇ । ਮੈਂ ਮਨ ਵਿੱਚ ਕਾਫੀ ਵਿਚਾਰ ਬੋਲਣ ਲਈ ਸੋਚ ਲਏ ਪਰ ਜਦੋਂ ਮੇਰਾ ਨਾਮ ਬੋਲਿਆ ਮੈਂ ਸਟੇਜ਼ ਤੇ ਜਾ ਕੇ ਜਦੋਂ ਬੋਲਣ ਦੀ ਸ਼ੁਰੂਆਤ ਕੀਤੀ ਤਾਂ ਜੋ ਸੋਚਿਆ ਸੀ ਉਹ ਸਾਰਾ ਹੀ ਵਿਸਰ ਗਿਆ ਅਤੇ ਮੈਨੂੰ ਨਹੀਂ ਪਤਾ ਲੱਗਾ ਕਿ ਮੈਂ ਕਿਥੋਂ ਸ਼ੁਰੂ ਕਰਕੇ ਕੀ ਕੀ ਬੋਲ ਦਿੱਤਾ ਪਰ ਹੈ ਸੀ ਸਾਰਾ ਸਾਖਰਤਾ ਨਾਲ ਸਬੰਧਤ ।ਇਸ ਤੋਂ ਬਾਅਦ ਮੈਨੂੰ ਕਈ ਥਾਵਾਂ ਉੱਪਰ ਬੋਲਣਾ ਪਿਆ । ਬਾਅਦ ਵਿੱਚ ਜਦ ਮੈਂ ਸਕੂਲ ਗਿਆ ਤਾਂ ਜਿਲ੍ਹਾ ਸਿੱਖਿਆ ਦਫਤਰ ਵਲੋਂ ਮੈਨੂੰ ਰਿਸੋਰਸ ਪਰਸਨ ਦੀ ਚੋਣ ਕਰਕੇ ਚੰਡੀਗੜ੍ਹ ਵਿਖੇ ਟ੍ਰੇਨਿੰਗ ਲੈਣ ਲਈ ਪੱਤਰ ਜਾਰੀ ਕਰ ਦਿੱਤਾ ।ਮੈਨੂੰ ਚੰਡੀਗੜ੍ਹ ਟ੍ਰੇਨਿੰਗ ਲੈਣ ਉਪਰੰਤ ਅਧਿਆਕਾਂ ਦੇ ਸੈਮੀਨਾਰਾਂ ‘ਚ ਟ੍ਰੇਨਿੰਗ ਦੇਣ ਕਰਕੇ ਬੋਲਣ ਦਾ ਮੌਕਾ ਵੀ ਮਿਲਿਆ ਜੋ ਮੈਂ ਤਿਆਰੀ ਕਰਕੇ ਸਫਲਤਾ ਪੂਰਵਕ ਨਿਭਾ ਸਕਿਆ ਪਰ ਲੱਗਦਾ ਔਖਾ ਹੀ ਸੀ ।
–ਮੇਜਰ ਸਿੰਘ ਨਾਭਾ ਮੋ. 9463553962