ਟਰਨ ਟਰਨ..ਅਚਾਨਕ ਫੋਨ ਦੀ ਘੰਟੀ ਵੱਜੀ
ਹੈਲੋ ਕੌਣ, ਮੈਂ ਫ਼ੋਨ ਚੁੱਕਦਿਆਂ ਕਿਹਾ।
ਮੈਂ ਰਾਵਣ ਬੋਲਦਾਂ, ਅੱਗੋਂ ਆਵਾਜ਼ ਆਈ,
ਐਨੀ ਰਾਤ ਨੂੰ ਕੌਣ ਮਜ਼ਾਕ ਕਰ ਰਿਹਾ।
ਮਜ਼ਾਕ ਨਹੀਂ ਮੈਂ ਸੱਚਮੁੱਚ ਰਾਵਣ ਹੀ ਬੋਲਦਾ,
ਤੂੰ ਤਾਂ ਸਦੀਆਂ ਪਹਿਲਾਂ ਮਰ ਗਿਆ ਸੀ,
ਮੈਂ ਤਾਂ ਸਦੀਆਂ ਪਹਿਲਾਂ ਮਰ ਗਿਆ ਸੀ, ਪ੍ਰੰਤੂ ਫ਼ਿਰ ਵੀ ਤੁਸੀਂ ਮੈਨੂੰ ਅੱਜ਼ ਵੀ ਫੂਕਦੇ ਹੋ, ਅਜਿਹਾ ਕਿਉਂ,
ਮੈਂ ਚੁੱਪ ਰਿਹਾ,
ਹੁਣ ਬੋਲਦਾ ਕਿਉਂ ਨਹੀਂ, ਅੱਗੋਂ ਫ਼ਿਰ ਆਵਾਜ਼ ਆਈ।
ਕਿਉਂ ਤੰਗ ਕਰੀ ਜਾਨਾ ਅੱਧੀ ਰਾਤ ਨੂੰ,
ਮੈਂ ਤਾਂ ਸਦੀਆਂ ਤੋਂ ਤੰਗ ਹੋ ਰਿਹਾ।
ਕਿਉਂ, ਮੈਂ ਪੁੱਛਿਆ।
ਮੈਨੂੰ ਮੇਰੀ ਗ਼ਲਤੀ ਲਈ ਆਏ ਸਾਲ ਫੂਕਦੇ ਹੋ,
ਪ੍ਰੰਤੂ ਆਪਣੀਆਂ ਗਲਤੀਆਂ ਤੇ ਪਰਦਾ ਪਾਉਂਦੇ ਹੋ।
ਕਿਹੜੀਆਂ ਗਲਤੀਆਂ ਮੈਂ ਕਿਹਾ?
ਜੋ ਤੁਸੀਂ ਅੱਖਾਂ ਬੰਦ ਕਰਕੇ ਕਰਦੇ ਅਤੇ ਜ਼ਰਦੇ ਰਹਿੰਦੇ ਹੋ।
ਤੁਹਾਡੇ ਸਮਾਜ਼ ਵਿੱਚ ਧੀਆਂ, ਭੈਣਾਂ ਸਰੁੱਖਿਅਤ ਨਹੀਂ ਪਰੰਤੂ ਮੈਂ ਸੀਤਾ ਨੂੰ ਕਦੇ ਵੀ ਗ਼ਲਤ ਕੰਮ ਲਈ ਮਜਬੂਰ ਨਹੀਂ ਕੀਤਾ, ਹਮੇਸ਼ਾ ਉਸਦੀ ਇੱਛਾ ਨੂੰ ਪਹਿਲ ਦਿੱਤੀ। ਬਿਗਾਨੀ ਔਰਤ ਵੀ ਮੇਰੀ ਕੈਦ ਵਿੱਚ ਸਰੁੱਖਿਅਤ ਸੀ, ਪ੍ਰੰਤੂ ਤੁਹਾਡੇ ਸਮਾਜ਼ ਵਿੱਚ ਤਾਂ ਧੀਆਂ ਭੈਣਾਂ ਆਪਣੇ ਘਰ ਵਿੱਚ ਸਰੁੱਖਿਅਤ ਨਹੀਂ, ਪ੍ਰੰਤੂ ਮਾੜਾ ਫ਼ਿਰ ਵੀ ਤੁਸੀਂ ਮੈਨੂੰ ਹੀ ਕਹਿੰਦੇ ਹੋ।ਅਸਲੀ ਰਾਵਣ ਤਾਂ ਤੁਹਾਡੇ ਅੰਦਰ ਹੈ ਜਿਸਨੂੰ ਤੁਸੀਂ ਕਦੇ ਨਹੀਂ ਫੂਕਿਆ, ਤੁਸੀਂ ਆਪਣੀ ਸੋਚ ਨਹੀਂ ਬਦਲਦੇ, ਆਪਣੇ ਕੰਮ ਕਰਵਾਉਣ ਲਈ ਛਲ ਕਪਟ ਦਾ ਸਹਾਰਾ ਲੈਂਦੇਂ ਹੋ,ਤੇ ਮਾੜਾ ਮੈਨੂੰ ਕਹਿੰਦੇ ਹੋ? ਗੱਲ ਤੇਰੀ ਠੀਕ ਹੈ ਰਾਵਣ ਜੀ, ਮੈਂ ਹੁੰਗਾਰਾ ਭਰਦੇ ਕਿਹਾ। ਗੱਲਾਂ ਠੀਕ ਹੀ ਨਹੀਂ ਸਗੋਂ ਸਹੀ ਹਨ। ਮੈਂ ਤਾਂ ਸਦੀਆਂ ਪਹਿਲਾਂ ਮਰ ਗਿਆ ਸੀ ਪਰੰਤੂ ਸਮਾਜ਼ ਵਿੱਚ ਜੋ ਰਾਵਣ ਰਾਜ਼ ਅੱਜ਼ ਦੇ ਰਾਵਣਾਂ ਨੇ ਕਾਇਮ ਕੀਤਾ ਹੈ ਉਸ ਬਾਰੇ ਕੀ ਸੋਚਿਆ। ਕਿਹੜੇ ਰਾਵਣ, ਮੈਂ ਕਿਹਾ।ਤੂੰ ਤਾਂ ਜਮਾਂ ਹੀ ਉੱਲੂ ਆ, ਅੱਗੋਂ ਆਵਾਜ਼ ਆਈ, ਤੈਨੂੰ ਕੋਈ ਸਮਝ ਨਹੀਂ, ਤੈਨੂੰ ਕੋਈ ਪਤਾ ਨਹੀਂ ਚਲਦਾ, ਅੱਗੋਂ ਲਗਾਤਾਰ ਮੈਨੂੰ ਲਾਹਨਤਾਂ ਪੈ ਰਹੀਆਂ ਸਨ।ਰਾਵਣ ਉਹ ਹਨ ਜ਼ੋ ਰਾਮ ਰਾਜ ਬਣਾਉਣ ਦੀਆਂ ਗੱਲਾਂ ਕਰਦੇ ਹਨ ਪਰੰਤੂ ਉਹਨਾਂ ਦਾ ਰਾਜ਼ ਮੈਥੋਂ ਵੀ ਮਾੜਾ ਹੈ,ਇਥੇ ਤਾਂ ਕੋਈ ਸੁਣਵਾਈ ਨਹੀਂ, ਅੰਨ੍ਹੀ ਪੀਸੀ ਜਾਂਦੀ ਆ ਕੁੱਤੇ ਖਾਈ ਜਾਂਦੇ ਆ। ਤੁਸੀਂ ਲੋਕ ਬੋਲਦੇ ਹੀ ਨਹੀਂ, ਗ਼ਲਤ ਨੂੰ ਗ਼ਲਤ ਹੀ ਨਹੀਂ ਕਹਿੰਦੇ। ਤੂੰ ਸੁਣ ਰਿਹਾ ਕਿ ਨਹੀਂ, ਹਾਂ ਜੀ ਸੁਣ ਰਿਹਾ, ਮੈਂ ਕਿਹਾ। ਮੈਂ ਤਾਂ ਮਰ ਚੁੱਕਿਆ ਹਾਂ ਪ੍ਰੰਤੂ ਤੁਹਾਡੀ ਵੀ ਜ਼ਮੀਰ ਮਰ ਚੁੱਕੀ ਹੈ। ਸ਼ਰਾਬ ਦੀ ਬੋਤਲ ਅਤੇ ਚੰਦ ਛਿੱਲੜਾਂ ਖਾਤਿਰ ਵੋਟਾਂ ਵੇਚ ਦਿੰਦੇ ਹੋਂ, ਫ਼ਿਰ ਜਦੋਂ ਤੁਹਾਡੀ ਕੋਈ ਸੁਣਦਾ ਨਹੀਂ ਫ਼ਿਰ ਤੁਸੀਂ ਕਹਿੰਦੇ ਹੋ ਕਿ ਹਾਕਮ ਮਾੜੇ ਹਨ,ਪੁੱਛਣ ਵਾਲਾ ਹੋਵੇ ਚੁਣਿਆ ਵੀ ਤਾਂ ਤੁਸੀਂ ਹੀ ਹੈ,ਚੰਗੇ ਚੁਣ ਲੈਂਦੇ,ਕਈ ਵਾਰ ਘਪਲਾ ਵੀ ਹੋ ਜਾਂਦਾ ਹੈ ਵੋਟਾਂ ਵਿੱਚ ਮੈਂ ਹੁੰਗਾਰਾ ਭਰਦੇ ਕਿਹਾ। ਜ਼ੇਕਰ ਘੁਟਾਲਾ ਹੁੰਦਾ ਹੈ ਤਾਂ ਤੁਸੀਂ ਆਵਾਜ਼ ਨਹੀਂ ਚੁੱਕਦੇ, ਆਵਾਜ਼ ਬੁਲੰਦ ਕਰੋ। ਬਿਨਾਂ ਰੋਏ ਤਾਂ ਮਾਂ ਦੁੱਧ ਵੀ ਨਹੀਂ ਦਿੰਦੀ। ਜ਼ੇਕਰ ਸਮਾਜ਼ ਵਿੱਚ ਕੋਈ ਬਦਲਾਵ ਲਿਆਉਣਾ ਚਾਹੁੰਦੇ ਹੋ ਤਾਂ ਉਹ ਘਰ ਤੋਂ ਆਪਣੇ ਆਪ ਤੋਂ ਲਿਆਉਣਾ ਹੋਵੇਗਾ। ਗਲਤ ਨੂੰ ਗ਼ਲਤ ਅਤੇ ਸਹੀ ਨੂੰ ਸਹੀ ਕਹਿਣ ਦੀ ਜੁਰਅੱਤ ਰੱਖੋ।ਚੰਗੇ ਸਮਾਜ਼ ਦੇ ਨਿਰਮਾਣ ਲਈ ਆਪਣੇ ਅੰਦਰਲੇ ਰਾਵਣ ਨੂੰ ਵੀ ਜ਼ਰੂਰ ਮਾਰੋ,ਜੋ ਸਾਡੇ ਕੋਲੋਂ ਲਾਲਚ ਵਿੱਚ ਆ ਕੇ ਗ਼ਲਤ ਦਿਸ਼ਾ ਦਿਖਾਉਂਦਾ ਹੈ। ਮੇਰੀਆਂ ਗੱਲਾਂ ਯਾਦ ਰੱਖੀਂ ਅਤੇ ਹੋ ਸਕਦਾ ਤਾਂ ਹੋਰਾਂ ਨੂੰ ਵੀ ਜ਼ਰੂਰ ਦੱਸੀਂ, ਮੈਂ ਤੈਨੂੰ ਫ਼ੋਨ ਕੀਤਾ ਕਿਸੇ ਨੇ ਯਕੀਨ ਨਹੀਂ ਕਰਨਾ,ਯਕੀਨ ਕਰਨ ਨਾ ਕਰਨ ਕੀ ਮਤਲਬ, ਮੈਂ ਤਾਂ ਚੰਗਾ ਬਣਨ ਲਈ ਹੀ ਕਹਿੰਦਾ ਹਾਂ। ਹਾਂ ਜੀ। ਚੰਗਾ ਫ਼ਿਰ,ਤੇਰੀ ਨੀਂਦ ਖ਼ਰਾਬ ਕੀਤੀ ਉਸ ਲਈ ਖ਼ਿਮਾ ਦਾ ਜਾਚਕ ਹਾਂ ਪ੍ਰੰਤੂ ਜਦੋਂ ਤੁਸੀਂ ਇਸ ਵਾਰ ਦੁਸਹਿਰੇ ਤੇ ਮੇਰਾ ਪੁਤਲਾ ਬਣਾ ਕੇ ਸਾੜੋਗੇ ਤਾਂ ਆਪਣੇ ਅੰਦਰਲੇ ਰਾਵਣ ਵੀ ਜ਼ਰੂਰ ਸਾੜਨਾ,ਫਿਰ ਹੀ ਮੇਰੀ ਆਤਮਾ ਨੂੰ ਸ਼ਾਂਤੀ ਮਿਲੇਗੀ ਨਹੀਂ ਤਾਂ ਮੈਂ ਲਾਲਚੀ ਅਤੇ ਸਵਾਰਥੀ ਲੋਕਾਂ ਵਿੱਚ ਹਮੇਸ਼ਾ ਜਿਉਂਦਾ ਰਹਾਂਗਾ ।ਸਤਿ ਸ੍ਰੀ ਆਕਾਲ, ਮੈਂ ਰੱਖਦਾ ਫ਼ਿਰ ਫ਼ੋਨ,ਜੇ ਮਨ ਕੀਤਾ ਤਾਂ ਫ਼ਿਰ ਕਦੇ ਗੱਲ ਕਰ ਲਵਾਂਗਾ। ਹੈਲੋ,ਹੈਲੋ, ਹੈਲੋ ਪ੍ਰੰਤੂ ਅੱਗੋਂ ਕੋਈ ਜ਼ਵਾਬ ਨਹੀਂ ਮਿਲਿਆ।
ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ
ਡਾਕਖਾਨਾ ਚੱਕ ਅਤਰ ਸਿੰਘ ਵਾਲਾ
ਤਹਿ ਅਤੇ ਜ਼ਿਲ੍ਹਾ ਬਠਿੰਡਾ
7087367969