ਆਪ ਸਭ ਭਲੀ ਭਾਂਤ ਜਾਣਦੇ ਹੋਵੋਗੇ ਕਿ ਮਹਾਨ ਰਾਸ਼ਟਰਵਾਦੀ ਸੋਚ ਦੇ ਮਾਲਿਕ, ਨਾਮਧਾਰੀ ਪੰਥ ਦੇ ਬਾਨੀ ਸਤਿਗੁਰੂ ਰਾਮ ਸਿੰਘ ਜੀ ਨੇ ਆਜ਼ਾਦੀ ਸੰਗਰਾਮ ਲਈ ਨਾਮਿਲਵਰਤਨ ਲਹਿਰ ਚਲਾ ਕੇ, ਇਸਤਰੀਆਂ ਨੂੰ ਪਹਿਲੀ ਵਾਰ ਅੰਮ੍ਰਿਤ ਦੀ ਦਾਤ ਬਖਸ਼ ਕੇ ਅਤੇ ਸਮਾਜਿਕ ਸੁਧਾਰ ਲਿਆ ਕੇ ਮਹਾਨ ਕ੍ਰਾਂਤੀਕਾਰੀ ਉਪਰਾਲੇ ਕੀਤੇ। ਉਪਰੰਤ ਪੰਥਕ ਏਕਤਾ ਅਤੇ ਗੁਰੂ ਨਾਨਕ ਨਾਮ ਲੇਵਾ ਜਿਹੇ ਉਪਰਾਲੇ ਦੇਸ਼ ਨੂੰ ਅਜਾਦ ਕਰਾਉਣ ਵਿੱਚ ਸਹਾਇਕ ਸਿੱਧ ਹੋਏ। ਅੱਜ ਉਸੇ ਲੜੀ ਅਨੁਸਾਰ, ਸਤਿਗੁਰੂ ਰਾਮ ਸਿੰਘ ਜੀ ਦੇ ਹੀ ਵੰਸ਼ਜ, ਵਰਤਮਾਨ ਨਾਮਧਾਰੀ ਮੁੱਖੀ ਸ੍ਰੀ ਠਾਕੁਰ ਦਲੀਪ ਸਿੰਘ ਜੀ ਭਾਰਤੀ ਸੰਸਕ੍ਰਿਤੀ ਦੇ ਰੱਖਿਅਕ, ਏਕਤਾ ਦੇ ਬਾਣੀ, ਤਿਆਗ ਦੀ ਮੂਰਤ, ਅਤੇ ਬਹੁਪੱਖੀ ਪ੍ਰਤਿਭਾਵਾਂ ਦੇ ਮਾਲਕ ਹਨ। ਉਨ੍ਹਾਂ ਨੇ ਸਮਾਜ ਅਤੇ ਦੇਸ਼ ਦੀ ਭਲਾਈ ਲਈ ਬਹੁਤ ਸਾਰੇ ਮਹਾਨ ਕ੍ਰਾਂਤੀਕਾਰੀ ਕਾਰਜ ਕਰਨ ਦੀ ਪਹਿਲ ਕੀਤੀ ਹੈ। ਜਿਨ੍ਹਾਂ ਦਾ ਸੰਖੇਪ ਵੇਰਵਾ ਇਸ ਪ੍ਰਕਾਰ ਹੈ:
* ਪੰਥਕ ਏਕਤਾ ਦੀ ਖ਼ਾਤਰ, ਉਨ੍ਹਾਂ ਨੇ 2012 ਵਿੱਚ ਗੁਰੂ ਗੱਦੀ ਦਾ ਤਿਆਗ ਕਰਕੇ ਗੁਰੂ ਮਾਤਾ ਚੰਦ ਕੌਰ ਜੀ ਨੂੰ ਗੁਰਗੱਦੀ ਸੌਂਪ ਦਿੱਤੀ, ਜਿਸ ਨਾਲ ਸਿੱਖ ਪੰਥ ਵਿੱਚ ਪਹਿਲੀ ਵਾਰ ਇੱਕ ਇਸਤਰੀ ਨੂੰ ‘ਗੁਰੂ’ ਹੋਣ ਦਾ ਮਾਣ ਪ੍ਰਾਪਤ ਹੋਇਆ।
* ਉਨ੍ਹਾਂ ਨੇ ਪਹਿਲੀ ਵਾਰ 2017 ਵਿੱਚ ਆਪਣੇ ਦੇਸ਼ ਉੱਤੇ ਮਾਣ ਕਰਦੇ ਹੋਏ ਇਸਦਾ ਅਸਲ ਨਾਮ “ਭਾਰਤ” ਅਪਣਾਉਣ ਅਤੇ ਇੰਡੀਆ ਗੇਟ ਦੀ ਥਾਂ ‘ਤੇ ਆਪਣੇ ਦੇਸ਼ ਦਾ ਗੌਰਵ ਚਿੰਨ੍ਹ “ਭਾਰਤੀ ਸੁਤੰਤਰਤਾ ਸਮਾਰਕ” ਬਣਾਉਣ ਲਈ ਅਵਾਜ ਬੁਲੰਦ ਕੀਤੀ।
*ਸਿੱਖ ਧਰਮ ਦੀ ਏਕਤਾ ਅਤੇ ਉੱਨਤੀ ਲਈ, ਆਪ ਜੀ ਨੇ 21 ਅਪ੍ਰੈਲ 2014 ਨੂੰ ਦਿੱਲੀ ਵਿੱਚ “ਗੁਰੂ ਨਾਨਕ ਨਾਮ ਲੇਵਾ ਕਾਨਫਰੰਸ” ਦਾ ਆਯੋਜਨ ਕੀਤਾ ਅਤੇ ਆਪਸੀ ਸਾਂਝ, ਸਮਾਜ ਅਤੇ ਰਾਸ਼ਟਰ ਦੀ ਤਰੱਕੀ ਲਈ, ਠਾਕੁਰ ਜੀ ਨੇ 16 ਅਗਸਤ 2016 ਨੂੰ ਚੰਡੀਗੜ੍ਹ ਵਿੱਚ “ਹਿੰਦੂ-ਸਿੱਖ ਏਕਤਾ ਕਾਨਫਰੰਸ” ਦਾ ਆਯੋਜਨ ਕੀਤਾ। ਇਸ ਤੋਂ ਇਲਾਵਾ, ਉਨ੍ਹਾਂ ਨੇ ਹਿੰਦੂ ਭਰਾਵਾਂ ਨਾਲ ਜਨਮ ਅਸ਼ਟਮੀ, ਰਾਮਨੌਮੀ ਅਤੇ ਸ਼ਿਵਰਾਤਰੀ ਆਦਿ ਤਿਉਹਾਰ ਮਨਾਉਣੇ ਸ਼ੁਰੂ ਕਰਵਾਏ।
*ਮਹਾਨ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਵਿਦਵਤਾ ਪੱਖ ਨੂੰ ਉਜਾਗਰ ਕਰਦੇ ਹੋਏ, ਉਨ੍ਹਾਂ ਨੇ ਸਤਿਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ‘ਤੇ “ਵਿਦਿਆ ਦਾਤੇ ਦਸ਼ਮੇਸ਼, ਪ੍ਰਗਟੇ ਆਪ ਪਰਮੇਸ਼” ਦਾ ਨਾਅਰਾ ਦਿੱਤਾ ਅਤੇ ਹਰ ਸਾਲ ਪਾਉਂਟਾ ਸਾਹਿਬ ਵਿਖੇ ਕਵੀ ਦਰਬਾਰ ਸ਼ੁਰੂ ਕਰਵਾਇਆ।
*ਭਾਰਤੀ ਸੱਭਿਆਚਾਰ ਦੀ ਤਰੱਕੀ ਲਈ, ਆਪ ਜੀ ਨੇ 27 ਮਾਰਚ 2022 ਨੂੰ “ਪਹਿਲਾ ਭਾਰਤੀ ਧਰਮ ਏਕਤਾ ਸੰਮੇਲਨ” ਦਾ ਆਯੋਜਨ ਕੀਤਾ, ਅਤੇ ਭਾਰਤ ਦੇ ਚਾਰੇ ਮੁੱਖ ਧਰਮਾਂ (ਹਿੰਦੂ, ਸਿੱਖ, ਜੈਨ, ਬੋਧੀ) ਦੇ ਪ੍ਰਤੀਨਿਧੀਆਂ ਨੂੰ ਇੱਕ ਮੰਚ ‘ਤੇ ਇਕੱਠਾ ਕੀਤਾ।
* 26 ਜੂਨ 2022 ਨੂੰ ਬ੍ਰਾਹਮਣਾਂ ਦੀ ਮਹਾਨਤਾ ਦਰਸਾਉਣ ਅਤੇ ਭੁੱਲੇ ਵਿਸਰੇ ਸ਼ਹੀਦਾਂ ਦਾ ਪ੍ਰਚਾਰ ਕਰਨ ਲਈ ਪਹਿਲੇ ਮਹਾਨ ਸਿੱਖ ਯੋਧੇ ਅਤੇ ਸ਼ਹੀਦ ਕੀਰਤ ਭੱਟ ਜੀ ਦੀ ਯਾਦ ਵਿੱਚ ‘ਪਹਿਲਾ ਸ਼ਹੀਦੀ ਸਮਾਗਮ’ ਦਾ ਆਯੋਜਨ ਕੀਤਾ ਗਿਆ।
* ਸਤਿਗੁਰੂ ਦਲੀਪ ਸਿੰਘ ਜੀ ਦੀ ਪ੍ਰੇਰਣਾ ਨਾਲ, ਨਾਮਧਾਰੀ ਸਿੱਖਾਂ ਨੇ ਈਸਾਈ ਧਰਮ ਅਪਣਾ ਚੁੱਕੇ ਹਜ਼ਾਰਾਂ ਪਰਿਵਾਰਾਂ ਨੂੰ ਵਾਪਸ ਲਿਆਂਦਾ ਹੈ ਅਤੇ ਸਤਿਗੁਰੂ ਨਾਨਕ ਦੇਵ ਜੀ ਦੇ ਚਰਨੀਂ ਲਾਇਆ ਹੈ।
* ਆਪ ਜੀ ਦੁਆਰਾ ਭਾਰਤ ਦੇ ਕਈ ਰਾਜਾਂ ਵਿੱਚ ਮੁਫਤ ਵਿੱਦਿਆ ਦਾਨ ਕੇਂਦਰਾਂ ਦਾ ਆਯੋਜਨ ਕੀਤਾ ਗਿਆ ਹੈ। ਪੜ੍ਹੇ ਲਿਖੇ ਨਾਮਧਾਰੀ ਸਿੱਖ ਝੁੱਗੀਆਂ-ਝੌਂਪੜੀਆਂ ਵਿੱਚ ਜਾ ਕੇ ਵਿੱਦਿਆ ਦਾਨ ਕਰਨ ਅਤੇ ਲੋੜਵੰਦ ਲੋਕਾਂ ਨੂੰ ਆਤਮ ਨਿਰਭਰ ਬਣਾਉਣ ਲਈ ਤਨਦੇਹੀ ਨਾਲ ਕੰਮ ਕਰ ਰਹੇ ਹਨ।
* ਆਪ ਜੀ ਦੀ ਪ੍ਰੇਰਣਾ ਨਾਲ ਨਾਮਧਾਰੀ ਸੰਗਤ ਨੇ ਵਾਤਾਵਰਣ ਨੂੰ ਸਾਫ਼-ਸੁਥਰਾ ਬਣਾਉਣ ਲਈ ਸਰਕਾਰੀ ਹਸਪਤਾਲਾਂ, ਬੱਸ ਸਟੈਂਡਾਂ, ਸਕੂਲਾਂ, ਰੇਲਵੇ ਸਟੇਸ਼ਨਾਂ, ਪਾਰਕਾਂ ਆਦਿ ਜਨਤਕ ਥਾਵਾਂ ‘ਤੇ ਰੁੱਖ ਲਗਾਉਣ ਦੇ ਨਾਲ-ਨਾਲ ਸਫਾਈ ਮੁਹਿੰਮਾਂ ਸ਼ੁਰੂ ਕੀਤੀਆਂ ਹਨ ਅਤੇ ਸਤਿਗੁਰੂ ਦਲੀਪ ਸਿੰਘ ਜੀ ਆਪ ਵੀ ਸੰਗਤ ਦੇ ਨਾਲ ਮਿਲ ਕੇ ਸੇਵਾ ਕਰਦੇ ਹਨ।
* ਅਜੋਕੇ ਸਮੇਂ ਵਿੱਚ ਮਹਿਲਾ ਸਸ਼ਕਤੀਕਰਨ ਲਿਆਉਣ ਲਈ, ਠਾਕੁਰ ਦਲੀਪ ਸਿੰਘ ਜੀ ਨੇ ਔਰਤਾਂ ਨੂੰ ਧਾਰਮਿਕ ਕੰਮਾਂ ਵਿੱਚ 50% ਰਾਖਵਾਂਕਰਨ ਦੇ ਕੇ ਅਤੇ ਹਰ ਸ਼ੁਭ ਕਾਰਜ ਵਿੱਚ ਭਾਗੀਦਾਰ ਬਣਾ ਕੇ ਉਹਨਾਂ ਦੇ ਸਨਮਾਨ ਵਿੱਚ ਵਾਧਾ ਕੀਤਾ ਹੈ। ਪਹਿਲਾਂ, ਸਾਡੇ ਸਮਾਜ ਵਿੱਚ, ਸਿੱਖ ਧਰਮ ਵਿੱਚ ਅੰਮ੍ਰਿਤ ਤਿਆਰ ਕਰਨਾ, ਲੋਕਾਂ ਨੂੰ ਅੰਮ੍ਰਿਤ ਛਕਾਉਣਾ ਜਿਹੇ ਸ਼ੁਭ ਕੰਮ ਸਿਰਫ਼ ਮਰਦ ਹੀ ਕਰ ਸਕਦੇ ਸਨ। ਸਤਿਗੁਰੂ ਦਲੀਪ ਸਿੰਘ ਜੀ ਦੀ ਆਗਿਆ ਨਾਲ, ਪਹਿਲੀ ਵਾਰ ਦਿੱਲੀ ਵਿੱਚ, 9 ਅਪ੍ਰੈਲ 2017 ਨੂੰ, ਨਾਮਧਾਰੀ ਅੰਮ੍ਰਿਤਧਾਰੀ ਇਸਤਰੀਆਂ ਤੋਂ ਅੰਮ੍ਰਿਤ ਤਿਆਰ ਕਰਵਾ ਕੇ ਉਨ੍ਹਾਂ ਕੋਲੋਂ ਭਾਈਆਂ ਨੂੰ ਵੀ ਅੰਮ੍ਰਿਤ ਛਕਾਉਣ ਦੀ ਇੱਕ ਨਵੀਂ ਕ੍ਰਾਂਤੀਕਾਰੀ ਪਹਿਲ ਕੀਤੀ ਗਈ। ਇਸ ਤੋਂ ਇਲਾਵਾ, ਹਵਨ ਕਰਨ, ਵਿਆਹ ਦੌਰਾਨ ਲਾਵਾਂ ਦਾ ਪਾਠ ਕਰਨ, ਗੁਰਬਾਣੀ ਦੇ ਪਾਠਾਂ ਦੇ ਭੋਗ ਅਤੇ ਵਿਆਹ ਅਤੇ ਅੰਤਿਮ ਸੰਸਕਾਰ ਕਰਨ ਦੀਆਂ ਸਾਰੀਆਂ ਰਸਮਾਂ ਇਸਤਰੀਆਂ ਦੁਆਰਾ ਕਰਵਾਈਆਂ ਗਈਆਂ। ਇੰਨਾ ਹੀ ਨਹੀਂ, ਠਾਕੁਰ ਦਲੀਪ ਸਿੰਘ ਜੀ ਦੀ ਆਗਿਆ ਨਾਲ, ਨਾਮਧਾਰੀ ਇਸਤਰੀਆਂ ਨੇ ਵੱਡੇ ਸਮਾਗਮਾਂ ਦਾ ਪ੍ਰਬੰਧ ਅਤੇ ਸੰਚਾਲਨ ਕਰਵਾਉਣ ਦੀ ਇੱਕ ਨਵੀਂ ਮਿਸਾਲ ਵੀ ਕਾਇਮ ਕੀਤੀ ਹੈ। 13 ਦਸੰਬਰ 2024 ਨੂੰ, ਰਾਮਲੀਲਾ ਮੈਦਾਨ ਵਿੱਚ, ਨਾਮਧਾਰੀ ਔਰਤਾਂ ਦੁਆਰਾ ਵਿਸ਼ਵ ਸ਼ਾਂਤੀ ਲਈ ਹਵਨ ਕੀਤੇ ਗਏ।
* ਪੁਲਿਸ ਕਰਮਚਾਰੀਆਂ ਦੀ ਸ਼ਲਾਘਾ ਕਰਦੇ ਹੋਏ, ਆਪ ਜੀ ਨੇ ਪੁਲਿਸ ਸੇਵਾ ਦੇ ਕੰਮ ਦੀ ਪਹਿਲ ਵੀ ਕੀਤੀ ਹੈ। ਆਪ ਜੀ ਦੀ ਪ੍ਰੇਰਣਾ ਨਾਲ, ਨਾਮਧਾਰੀ ਸੰਗਤ ਵੱਖ-ਵੱਖ ਥਾਵਾਂ ‘ਤੇ ਡਿਊਟੀ ‘ਤੇ ਤਾਇਨਾਤ ਪੁਲਿਸ ਕਰਮਚਾਰੀਆਂ ਨੂੰ ਜਲ ਪਾਨ ਛਕਾਉਣ ਦੀ ਸੇਵਾ ਕਰਦੀ ਹੈ।
* ਆਪ ਜੀ ਦੀ ਪ੍ਰੇਰਣਾ ਨਾਲ ਸੰਗਤ ਹੁਣ ਆਪਣਾ ਨਵਾਂ ਸਾਲ ਜਨਵਰੀ ਤੋਂ ਨਹੀਂ, ਸਗੋਂ ਵਿਸਾਖੀ ਦੇ ਸ਼ੁਭ ਦਿਹਾੜੇ ਉੱਤੇ ਮਨਾਉਂਦੀ ਹੈ ਅਤੇ ਆਪਣੀ ਭਾਰਤੀ ਸੰਸਕ੍ਰਿਤੀ ‘ਤੇ ਮਾਣ ਮਹਿਸੂਸ ਕਰਦੀ ਹੈ।
2015 ਦੇ ਹੋਲੇ ਮੁਹੱਲੇ ਦੌਰਾਨ, ਆਪ ਜੀ ਨੇ ਸਮਾਜ ਵਿਚੋਂ ਜਾਤ-ਪਾਤ ਨੂੰ ਜੜੋਂ ਮੁਕਾਉਣ ਲਈ ਇੱਕ ਹੋਰ ਨਿਵੇਕਲਾ ਉਪਰਾਲਾ ਕੀਤਾ ਹੈ। ਆਪ ਜੀ ਨੇ ਹਰੀਜਨ ਸਿੱਖਾਂ ਨੂੰ ਸਟੇਜ ‘ਤੇ ਬੁਲਾਇਆ ਅਤੇ ਉਨ੍ਹਾਂ ਨੂੰ ਸਨਮਾਨ ਦਿੰਦੇ ਹੋਏ, ਸਾਰਿਆਂ ਨੂੰ ਆਦੇਸ਼ ਦਿੱਤਾ ਕਿ ਅੱਜ ਤੋਂ ਕੋਈ ਵੀ ਉਨ੍ਹਾਂ ਨਾਲ ਵਿਤਕਰਾ ਨਹੀਂ ਕਰੇਗਾ ਅਤੇ ਸਭ ਤੋਂ ਪਹਿਲਾਂ ਆਪ ਜੀ ਨੇ ਆਪ ਉਨ੍ਹਾਂ ਦੇ ਹੱਥੋਂ ਪ੍ਰਸ਼ਾਦ ਬਣਵਾ ਕੇ ਛਕਿਆ।
* ਆਪ ਜੀ ਨੇ ਸਮੁੱਚੀ ਸਿੱਖ ਸੰਗਤ ਨੂੰ ਗੁਰਦੁਆਰਿਆਂ ਉੱਤੇ ਸੋਨਾ, ਪਾਲਕੀ ਉੱਤੇ ਸੋਨਾ, ਮਹਿੰਗੇ ਲੰਗਰਾਂ, ਮਹਿੰਗੇ ਨਗਰ ਕੀਰਤਨ ਦੀ ਥਾਂ ਲੋੜਵੰਦ ਬੱਚੀਆਂ ਨੂੰ ਸਿੱਖਿਆਂ ਪ੍ਰਦਾਨ ਕਰਨ ਦੀ ਬੇਨਤੀ ਕੀਤੀ ਹੈ। ਆਪ ਜੀ ਨੇ ਸਤਿਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ‘ਤੇ ਸਾਢੇ ਪੰਜ ਲੱਖ ਗਰੀਬ ਕੁੜੀਆਂ ਨੂੰ ਸਿੱਖਿਆ ਦੇਣ ਦਾ ਟੀਚਾ ਰੱਖਿਆ ਹੈ ਜਿਸਨੂੰ ਆਪ ਜੀ ਦੀ ਸੰਗਤ ਦੁਆਰਾ ਬਹੁਤ ਯੋਜਨਾਬੱਧ ਤਰੀਕੇ ਨਾਲ ਅਮਲੀ ਰੂਪ ਦਿੱਤਾ ਜਾ ਰਿਹਾ ਹੈ।
*ਆਪ ਜੀ ਦੀ ਕਲਮ ਦਾ ਵੀ ਬਹੁਤ ਕਮਾਲ ਹੈ। ਆਪ ਜੀ ਨੇ ਮਨੁੱਖਤਾ ਦੀ ਭਲਾਈ ਲਈ ਬਹੁਤ ਸਾਰੇ ਲੇਖ ਲਿਖੇ ਹਨ, ਜਿਨ੍ਹਾਂ ਵਿੱਚੋਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿੱਚ ਆਏ ਕਾਵਿ ਰਸਾਂ ਦੀ ਵਿਆਖਿਆ, ਨਾਨਕ ਸ਼ਾਇਰ ਏਵ ਕਹਿਤ ਹੈ, ਦਸਮੇਸ਼ ਜੀ ਦੀ ਸਰਵੋਤਮ ਕਾਵਿ ਰਚਨਾ, ਗੁਰਬਾਣੀ ਦਰਸ਼ਨ, ਗੁਰਬਾਣੀ ਅਨੁਸਾਰ ਸਿੱਖ ਕੌਣ ਹੈ, ਸਿੱਖ ਪੰਥ ਨੂੰ ਪ੍ਰਫੁੱਲਤ ਕਰਨ ਦੇ ਉਪਾਅ, ਗੁਰਦੁਆਰਿਆਂ ਅਤੇ ਮੰਦਰਾਂ ਵਿੱਚ ਮੁਫ਼ਤ ਸਿੱਖਿਆ ਕੇਂਦਰ ਖੋਲ੍ਹੇ ਜਾਣੇ ਚਾਹੀਦੇ ਹਨ, ਭਾਰਤੀ ਧਰਮਾਂ, ਭਾਰਤੀ ਭਾਸ਼ਾਵਾਂ ਅਤੇ ਭਾਰਤੀ ਸੱਭਿਆਚਾਰ ਤੋਂ ਬਿਨਾਂ ਭਾਰਤ ਦਾ ਕੋਈ ਵਜੂਦ ਨਹੀਂ ਹੈ, ਭਾਰਤੀ ਧਰਮਾਂ ਨੂੰ ਕਿਵੇਂ ਉੱਚਾ ਚੁੱਕਿਆ ਜਾਵੇ? ਗੁਰਬਾਣੀ ਅਨੁਸਾਰ ਵਾਤਾਵਰਣ ਦੀ ਰੱਖਿਆ, ਗੁਰਬਾਣੀ ਅਨੁਸਾਰ ਰੋਗ ਮੁਕਤ ਕਿਵੇਂ ਹੋਣਾ ਹੈ, “ਕਹਿ ਕਬੀਰ ਮੋਹਿ ਬਿਆਹੀ ਚਲੇ ਹੈ” ਅਤੇ ਹੋਰ ਬਹੁਤ ਸਾਰੀਆਂ ਰਚਨਾਵਾਂ ਵੀ ਸਮਾਜ ਨੂੰ ਸੇਧ ਦੇ ਰਹੀਆਂ ਹਨ। ਆਪ ਜੀ ਭਾਰਤੀ ਸੱਭਿਆਚਾਰ, ਭਾਰਤੀਅਤਾ, ਭਾਰਤੀ ਭਾਸ਼ਾਵਾਂ ਅਤੇ ਆਯੁਰਵੇਦ ਨੂੰ ਅਪਣਾਉਣ ਅਤੇ ਪ੍ਰਫੁੱਲਤ ਕਰਨ ਲਈ ਯਤਨਸ਼ੀਲ ਹਨ। ਆਪ ਜੀ ਨੇ ਸਮੁੱਚੀ ਕੌਮ ਨੂੰ ਏਕਤਾ ਦੇ ਧਾਗੇ ਵਿੱਚ ਪਿਰੋਣ ਲਈ ਇੱਕ ਵਿਸੇਸ਼ ਨਾਅਰਾ ਦਿੱਤਾ ਹੈ:
ਗੁਰੂ ਨਾਨਕ ਦੇ ਸਿੱਖ ਹਾਂ, ਅਸੀਂ ਸਾਰੇ ਇੱਕ ਹਾਂ।
ਪੰਥ ਪਾੜਨਾ ਪਾਪ ਹੈ , ਏਕਤਾ ਵਿੱਚ ਪ੍ਰਤਾਪ ਹੈ।
ਪ੍ਰਿੰ. ਰਾਜਪਾਲ ਕੌਰ
ਫੋਨ: 90231-50008