
ਜਸਵੰਤ ਗਿੱਲ ਸਮਾਲਸਰ ਦਾ ਪਲੇਠਾ ਕਾਵਿ ਸੰਗ੍ਰਹਿ ‘ਜ਼ਿੰਦਗੀ ਦੇ ਪਰਛਾਵੇਂ’ ਸਮਾਜਿਕ ਸਰੋਕਾਰਾਂ ਦਾ ਪ੍ਰਤੀਨਿਧ ਹੈ। ਇਸ ਕਾਵਿ ਸੰਗ੍ਰਹਿ ਵਿੱਚ 68 ਖੁਲ੍ਹੀਆਂ ਵਿਚਾਰ ਪ੍ਰਧਾਨ ਕਵਿਤਾਵਾਂ ਹਨ। ਸ਼ਾਇਰ ਆਪਣੀ ਕਵਿਤਾ ਵਿੱਚ ਖੁਦ ਲਿਖਦਾ ਹੈ ਕਿ ਅਜਿਹੀ ਕਵਿਤਾ ਸਾਰਥਿਕ ਨਹੀਂ ਹੋ ਸਕਦੀ, ਜਿਸਦਾ ਲੋਕਾਈ ਨੂੰ ਕੋਈ ਲਾਭ ਨਾ ਹੋਵੇ ਤੇ ਲੋਕਾਂ ਨੂੰ ਆਪਣੇ ਹੱਕਾਂ ਲਈ ਜਾਗ੍ਰਤ ਨਾ ਕਰਦੀ ਹੋਵੇ। ਉਹ ਪਿਆਰ ਦੀਆਂ ਪੀਂਘਾਂ ਪਾਉਣ ਵਾਲੀਆਂ ਕਵਿਤਾਵਾਂ ਨੂੰ ਲੋਕ ਹਿੱਤ ਦੀਆਂ ਨਹੀਂ ਸਮਝਦਾ। ਜਸਵੰਤ ਗਿੱਲ ਸਮਾਲਸਰ ਦੀਆਂ ਇਸ ਕਾਵਿ ਸੰਗ੍ਰਹਿ ਵਿਚਲੀਆਂ ਕਵਿਤਾਵਾਂ ਲੋਕਾਂ ਦੇ ਹਿੱਤਾਂ ‘ਤੇ ਪਹਿਰਾ ਦੇਣ ਵਾਲੀਆਂ ਹਨ। ਉਹ ਸੰਵੇਦਨਸ਼ੀਲ ਕਵੀ ਹੈ। ਸਿਆਸਤਦਾਨਾ ਨੇ ਧਰਮ ਦੇ ਹਥਿਆਰ ਰਾਹੀਂ ਲੋਕਾਂ ਦੇ ਹੱਕਾਂ ਨੂੰ ਖੋਹਣ ਦੀ ਕੋਸ਼ਿਸ਼ ਕੀਤੀ ਹੈ। ਧਰਮ ਜੀਵਨ ਜਾਚ ਨਹੀ, ਸਗੋਂ ਕਰਮ ਕਾਂਡ ਬਣ ਗਿਆ ਹੈ। ਇਸ ਕਾਵਿ ਸੰਗ੍ਰਹਿ ਵਿੱਚੋਂ ਕਵੀ ਦੀ ਵਿਚਾਰਧਾਰਾ ਪ੍ਰਤੱਖ ਰੂਪ ਵਿੱਚ ਵਿਖਾਈ ਦਿੰਦੀ ਹੈ। ਕਵੀ ਬਹੁਤੀਆਂ ਕਵਿਤਾਵਾਂ ਵਿੱਚ ਸਮਾਜ ਦੇ ਦੱਬੇ ਕੁਚਲੇ ਕਿਰਤੀਆਂ, ਕਾਮਿਆਂ, ਇਸਤਰੀਆਂ, ਮਜ਼ਦੂਰਾਂ ਤੇ ਮਿਹਨਤਕਸ਼ਾਂ ਨੂੰ ਲਾਮਬੰਦ ਹੋ ਕੇ ਇਨਕਲਾਬ ਲਿਆਉਣ ਦੀ ਪ੍ਰੇਰਨਾ ਦਿੰਦਾ ਰਹਿੰਦਾ ਹੈ। ਉਸ ਦੀਆਂ ਕਵਿਤਾਵਾਂ ਸਮਾਜਿਕਤਾ ਦੀ ਗੱਲ ਕਰਦੀਆਂ ਹਨ। ਇਨ੍ਹਾਂ ਕਵਿਤਾਵਾਂ ਦੇ ਵਿਸ਼ੇ ਨਸ਼ੇ, ਕਿਸਾਨੀ ਖ਼ੁਦਕਸ਼ੀਆਂ, ਸਿਆਸਤਦਾਨਾ ਦੀਆਂ ਫ਼ਿਰਕੂ ਨੀਤੀਆਂ, ਬੇਰੋਜ਼ਗਾਰੀ, ਭ੍ਰਿਸ਼ਟਾਚਾਰ, ਲਾਲਚ, ਧੋਖੇ, ਝੂਠੇ ਪੁਲਿਸ ਮੁਕਾਬਲੇ, ਪ੍ਰਸ਼ਾਸ਼ਨਿਕ ਮਸ਼ੀਨਰੀ ਸਰਕਾਰ ਦੀ ਕਠਪੁਤਲੀ, ਗਰਭਪਾਤ, ਸਰਮਾਏਦਾਰੀ, ਲੁੱਟ ਘਸੁੱਟ, ਪਰਿਵਾਰਿਕ ਰਿਸ਼ਤਿਆਂ ਵਿੱਚ ਖਟਾਸ, ਜ਼ੁਲਮ, ਪੁਲਿਸ ਵਧੀਕੀਆਂ, ਔਰਤ ਦੀ ਜ਼ਬਤ ਵਿੱਚ ਰਹਿੰਦਿਆਂ ਆਜ਼ਾਦੀ, ਧਾਰਮਿਕ ਕੁਰੀਤੀਆਂ, ਪਖੰਡਵਾਦ, ਜ਼ਾਤ ਪਾਤ, ਮਹੰਤਵਾਦ, ਪੁਜਾਰੀਵਾਦ, ਰੂੜੀਵਾਦ, ਅੰਧਵਿਸ਼ਵਾਸ ਅਤੇ ਲੋਕਤੰਤਰ ਦੀ ਦੁਰਵਰਤੋਂ ਆਦਿ ਹਨ। ਭਾਵੇਂ ਸਾਰੇ ਪ੍ਰਗਤੀਸ਼ੀਲ ਵਿਚਾਰਧਾਰਾ ਦੇ ਹਾਮੀ ਲੇਖਕਾਂ ਨੇ ਜਿਹੜੇ ਵਿਸ਼ੇ ਚੁਣੇ ਹਨ, ਉਹ ਹੀ ਜਸਵੰਤ ਗਿੱਲ ਸਮਾਲਸਰ ਨੇ ਚੁਣੇ ਹਨ, ਪ੍ਰੰਤੂ ਉਸਦਾ ਇਨ੍ਹਾਂ ਵਿਸ਼ਿਆਂ ਬਾਰੇ ਕਵਿਤਾ ਲਿਖਣ ਦਾ ਅੰਦਾਜ਼ ਬਾਕੀ ਸਾਰੇ ਸ਼ਾਇਰਾਂ ਨਾਲੋਂ ਵੱਖਰਾ ਹੈ। ਉਸਨੇ ਸਵਾਲ ਜਵਾਬ ਦੀ ਤਕਨੀਕ ਨਾਲ ਵੰਗਾਰਦੀਆਂ ਕਵਿਤਾਵਾਂ ਲਿਖੀਆਂ ਹਨ। ਸਰਕਾਰਾਂ ਵੱਲੋਂ ਪ੍ਰਗਤੀਸ਼ਲ ਚਿੰਤਕਾਂ ਨਾਲ ਕੀਤੀਆਂ ਗਈਆਂ ਅਣਮਨੁੱਖੀ ਹਰਕਤਾਂ ਕਰਕੇ ਉਸਨੇ ਆਪਣੀਆਂ ਕਵਿਤਾਵਾਂ ਵਿੱਚ ਚਿੰਤਾ ਪ੍ਰਗਟ ਕੀਤੀ ਹੈ। ਸਰਕਾਰ ਬੁਧੀਜੀਵੀਆਂ ਦੀ ਆਵਾਜ਼ ਦਬਾਉਣੀ ਚਾਹੁੰਦੀ ਹੈ, ਕਲਮਕਾਰਾਂ ਨੂੰ ਦੇਸ਼ ਧ੍ਰੋਹੀ, ਕਿਸਾਨਾਂ ਨੂੰ ਅਤਵਾਦੀ ਤੇ ਮਜ਼ਦੂਰਾਂ ਨੂੰ ਨਕਸਲਵਾਦੀ ਗਰਦਾਨਕੇ ਭੰਡਿਆ ਜਾ ਰਿਹਾ। ਉਸਦੀ ਕਵਿਤਾ ਕਿਸੇ ਹੋਰ ਸ਼ਾਇਰ ਦੇ ਪ੍ਰਭਾਵ ਅਧੀਨ ਨਹੀਂ ਲਿਖੀ ਗਈ, ਸਗੋਂ ਉਸਨੇ ਆਪਣੀ ਵਿਲੱਖਣ ਪਹਿਚਾਣ ਬਣਾਈ ਹੈ। ਇਸ ਕਾਵਿ ਸੰਗ੍ਰਹਿ ਦੀਆਂ ਕਵਿਤਾਵਾਂ ਪੜ੍ਹਕੇ ਪਾਠਕ ਅੰਦਰ ਸਮਾਜਿਕ ਕੁਰੀਤੀਆਂ ਵਿਰੁੱਧ ਆਵਾਜ਼ ਉਠਾਉਣ ਲਈ ਇਕੱਲੀ ਜਾਗ੍ਰਤੀ ਹੀ ਪੈਦਾ ਨਹੀਂ ਹੁੰਦੀ, ਸਗੋਂ ਇਨਕਲਾਬ ਲਿਆਉਣ ਲਈ ਜੋਸ਼ ਵੀ ਪੈਦਾ ਹੁੰਦਾ ਹੈ। ਕਾਵਿ ਸੰਗ੍ਰਹਿ ਦੀ ਪਹਿਲੀ ‘ਮੇਰੀ ਕਵਿਤਾ’ ਦੇ ਸਿਰਲੇਖ ਵਾਲੀ ਕਵਿਤਾ ਵਿੱਚ ਹੀ ਕਵੀ ਕਵਿਤਾ ਨੂੰ ਲੋਕਾਂ ਹਿੱਤਾਂ ਦੀ ਪਹਿਰੇਦਾਰ ਵਜੋਂ ਪੇਸ਼ ਕਰਦਾ ਹੈ। ‘ਕਵਿਤਾ ਦੀ ਤਾਕਤ’ ਸਿਰਲੇਖ ਵਾਲੀ ਕਵਿਤਾ ਵਿੱਚ ਲਿਖਦਾ ਹੈ ਕਿ ਕਵਿਤਾ ਵਿੱਚ ਅਥਾਹ ਸ਼ਕਤੀ ਹੁੰਦੀ ਹੈ, ਜਿਹੜੀ ਇਨਸਾਨ ਦੀ ਜ਼ਿੰਦਗੀ ਤੇ ਰਾਜ ਭਾਗ ਬਦਲ ਸਕਦੀ ਹੈ। ‘ਇਨਕਲਾਬ ਦੇ ਨਾਅਰੇ’ ਸਿਰਲੇਖ ਵਾਲੀ ਕਵਿਤਾ ਵਿੱਚ ਪੰਜਾਬੀ ਭਾਸ਼ਾ ਦੀ ਅਣਵੇਖੀ ਲਈ, ਪੰਜਾਬੀ ਖਾਸ ਤੌਰ ‘ਤੇ ਉਨ੍ਹਾਂ ਦੇ ਮਾਪੇ ਜ਼ਿੰਮੇਵਾਰ ਹਨ, ਜਿਹੜੇ ਆਪਣੀ ਮਾਂ ਬੋਲੀ ਤੋਂ ਮੁਨਕਰ ਹੋ ਕੇ ਮਾਂ ਦੇ ਦੁੱਧ ਨੂੰ ਦਾਗ਼ ਲਾਉਂਦੇ ਹਨ। ਇਸ ਕਵਿਤਾ ਵਿੱਚ ਕਵੀ ਨੇ ਪੁਰਸਕਾਰ ਪ੍ਰਾਪਤ ਕਰਨ ਵਾਲੇ ਮਾਂ ਬੋਲੀ ਦੇ ਸਾਹਿਤਕਾਰਾਂ ਨੂੰ ਵੀ ਤਿੱਖੇ ਤੀਰ ਮਾਰੇ ਹਨ, ਕਿਉਂਕਿ ਉਹ ਮਾਮੂਲੀ ਪੁਰਸਕਾਰਾਂ ਲਈ ਆਪਣੀ ਜ਼ਮੀਰ ਵੇਚ ਦਿੰਦੇ ਹਨ। ‘ਵਕਤ ਦੇ ਬਦਲਾਅ’ ਵਾਲੀ ਕਵਿਤਾ ਵਿੱਚ ਕਵੀ ਲਿਖਦਾ ਹੈ ਕਿ ਸਮੇਂ ਦੀ ਤਬਦੀਲੀ ਨਾਲ ਗ਼ਰੀਬਾਂ ਦੇ ਬੱਚੇ ਹੁਣ ਪਿਤਾ ਪੁਰਖੀ ਕੰਮ ਸਰਮਾਏਦਾਰਾਂ ਦੀ ਗ਼ੁਲਾਮੀ ਕਰਕੇ ਨਹੀਂ ਕਰਨਗੇ, ਕਿਉਂਕਿ ਉਹ ਹੁਣ ਪੜ੍ਹ ਲਿਖਕੇ ਜਾਗ੍ਰਤ ਹੋ ਗਏ ਹਨ। ਉਹ ਸਮਾਜ ਦੇ ਦੱਬੇ ਕੁਚਲੇ ਵਰਗਾਂ ਦੇ ਬੱਚਿਆਂ ਨੂੰ ਪੜ੍ਹਨ ਲਈ ਪ੍ਰੇਰਦਾ ਹੈ। ‘ਲਲਕਾਰ’ ਕਵਿਤਾ ਕਿਸਾਨੀ ਅੰਦਲਨ ਦੇ ਪ੍ਰਤੀਕਰਮ ਵੱਜੋਂ ਲਿਖੀ ਗਈ ਹੈ, ਜਿਸ ਵਿੱਚ ਸ਼ਾਇਰ ਕਿਸਾਨਾਂ ਤੇ ਮਜ਼ਦੂਰਾਂ ਦੀ ਏਕਤਾ ਦੇ ਫ਼ੈਸਲੇ ਦੀ ਵਕਾਲਤ ਕਰਦਾ ਹੈ ਤਾਂ ਜੋ ਸਰਕਾਰਾਂ ਦੇ ਮਨਸੂਬੇ ਪੂਰੇ ਨਾ ਹੋ ਸਕਣ। ‘ਤਹਿਜ਼ੀਬ’ ਕਵਿਤਾ ਸਰਮਾਏਦਾਰਾਂ ਅਰਥਾਤ ਵੱਡੇ ਘਰਾਂ ਦੇ ਕਾਕਿਆਂ ਦੀਆਂ ਬਲਾਤਕਾਰ ਅਤੇ ਲੁੱਟਾਂ ਖੋਹਾਂ ਵਰਗੀਆਂ ਵਾਰਦਾਤਾਂ ਦਾ ਜ਼ਿਕਰ ਕਰਦਾ ਕਵੀ ਕਹਿੰਦਾ ਹੈ ਕਿ ਮਾਪਿਆਂ ਦਾ ਕਸੂਰ ਹੈ ਕਿ ਉਹ ਆਪਣੀ ਔਲਾਦ ਨੂੰ ਤਹਿਜ਼ੀਬ ਨਹੀਂ ਦੇ ਸਕੇ। ਉਨ੍ਹਾਂ ਤਹਿਜ਼ੀਬ ਨੂੰ ਹੋਰ ਰੰਗਤ ਦੇ ਦਿੱਤੀ ਹੈ। ‘ਸਾਲ ਗ਼ਰੀਬੀ ਦੇ’ ਕਵਿਤਾ ਅਜੋਕੀ ਨੌਜਵਾਨ ਪੀੜ੍ਹੀ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਉਨ੍ਹਾਂ ਦੇ ਮਾਪਿਆਂ ਨੇ ਕਿਤਨੀ ਮਿਹਨਤ ਕਰਕੇ ਪਾਲਿਆ ਹੈ, ਉਨ੍ਹਾਂ ਦੀ ਮਿਹਨਤ ਦਾ ਮੁੱਲ ਪਾਉਣਾ ਔਲਾਦ ਦੀ ਜ਼ਿੰਮੇਵਾਰੀ ਹੈ। ਜਸਵੰਤ ਗਿੱਲ ਸਮਾਲਸਰ ਦੀਆਂ ਕਵਿਤਾਵਾਂ ਕਹਿੰਦੀਆਂ ਹਨ, ਜ਼ਿੰਦਗੀ ਆਪਣੇ ਹੱਕ ਪ੍ਰਾਪਤ ਕਰਨ ਲਈ ਹੁੰਦੀ ਹੈ, ਡਰਨ ਦੀ ਲੋੜ ਨਹੀਂ, ਕਿਉਂਕਿ ਡਰ ਕੇ ਕੁਝ ਵੀ ਪ੍ਰਾਪਤ ਨਹੀਂ ਕੀਤਾ ਜਾ ਸਕਦਾ, ਸਰਕਾਰਾਂ ਦੇ ਵਾਅਦੇ ਵਫ਼ਾ ਨਹੀ ਹੁੰਦੇ, ਪ੍ਰੰਤੂ ਸ਼ਬਦ ਤਬਦੀਲੀ ਦੇ ਲਖਾਇਕ ਹੁੰਦੇ ਹਨ, ਔਰਤ ਗ਼ੁਲਾਮ ਨਹੀਂ ਅਤੇ ਨਾ ਹੀ ਕੈਦ ਕੀਤੀ ਜਾ ਸਕਦੀ ਹੈ, ਪ੍ਰੰਤੂ ਔਰਤ ਦੀ ਆਜ਼ਾਦੀ ਜ਼ਬਤ ਵਿੱਚ ਰਹਿਕੇ ਹੋਣੀ ਚਾਹੀਦੀ ਹੈ, ਕਿਉਂਕਿ ਭੇੜੀਆ ਰੂਪੀ ਲੋਕ ਜੰਗਲ ਰਾਜ ਵਿੱਚ ਵਸਦੇ ਹਨ, ਮਰਦ ਔਰਤ ਦੀ ਸਰੀਰਕ ਸੁੰਦਰਤਾ ਦਾ ਮੁੱਦਈ ਹੁੰਦਾ, ਪ੍ਰੰਤੂ ਸੂਰਤ ਨਾਲੋਂ ਸੀਰਤ ਬਿਹਤਰੀਨ ਹੁੰਦੀ ਹੈ। ਘਰਾਂ ਵਿੱਚ ਟੈਲੀਵਿਜਨਾ ‘ਤੇ ਆਉਣ ਵਾਲੇ ਪ੍ਰੋਗਰਾਮਾਂ ਨੂੰ ਨੰਗੇਜ਼ਬਾਦ ਕਿਹਾ ਜਾਂਦਾ ਹੈ, ਜਦੋਂਕਿ ਹੋਟਲਾਂ ਵਿੱਚ ਦੇਹ ਵਿਓਪਾਰ ਹੋ ਰਹੇ ਹਨ, ਰੁੱਖਾਂ ਨੂੰ ਕੱਟਕੇ ਮਨੁੱਖ ਆਪਣੀਆਂ ਜੜਾਂ ਕੱਟ ਰਿਹਾ ਹੁੰਦੈ, ਬਰਸਾਤ ਅਮੀਰਾਂ ਲਈ ਵਰਦਾਨ, ਪ੍ਰੰਤੂ ਗ਼ਰੀਬਾਂ ਲਈ ਸਰਾਪ ਅਤੇ ਨਿੱਜ ਨਾਲੋਂ ਜਮਾਤੀ ਹੱਕਾਂ ਲਈ ਲੜਨ ਨੂੰ ਪਹਿਲ ਦੇਣੀ ਚਾਹੀਦੀ ਹੈ ਆਦਿ। ‘ਭਾਰਤ ਮਹਾਨ’ ਸਿਰਲੇਖ ਵਾਲੀ ਕਵਿਤਾ ਵਿੱਚ ਸਰਕਾਰ ਵੱਲੋਂ ਭਾਰਤ ਨੂੰ ਮਹਾਨ ਤਾਂ ਕਿਹਾ ਜਾਂਦਾ ਹੈ, ਪ੍ਰੰਤੂ ਇਹ ਖੋਖਲਾ ਨਾਅਰਾ ਹੈ, ਆਤਮ ਹੱਤਿਆਵਾਂ, ਬਲਾਤਕਾਰ, ਜ਼ਾਤਪਾਤ, ਪਹਿਲਵਾਨ ਇਸਤਰੀਆਂ ਦਾ ਸਰੀਰਕ ਸ਼ੋਸ਼ਣ, ਮਣੀਪੁਰ ਕਤਲੇਆਮ, ਆਦਿ ਆਮ ਹੋ ਰਹੇ ਹਨ, ਫਿਰ ਭਾਰਤ ਮਹਾਨ ਕਿਵੇਂ? ਇਹ ਸਾਰਾ ਕੁਝ ਹੋਣ ‘ਤੇ ਵਿਸ਼ਵਗੁਰੂ ਸ਼ਰਮਿੰਦਾ ਨਹੀਂ ਹੁੰਦਾ। ਇਨਸਾਨ ਨੂੰ ਸੁਪਨੇ ਸਿਰਜਦੇ ਰਹਿਣਾ ਚਾਹੀਦਾ ਹੈ। ਸੋਨੇ ਦੇ ਚਮਚਿਆਂ ਨੂੰ ਵਰਤਣ ਵਾਲਿਆਂ ਨੂੰ ਠੂਠੇ ਫੜਨੇ ਪੈਣਗੇ, ਕਿਉਂਕਿ ਜ਼ਿੰਦਗੀ ਦੇ ਨੰਗੇ ਨਾਚ ਹੋ ਰਹੇ ਹਨ, ਸਰਕਾਰਾਂ ਦਾ ਖੂਨ ਪਾਣੀ ਬਣ ਗਿਆ, ਮਿਹਨਤ ਦਾ ਮੁੱਲ ਨਹੀਂ ਮਿਲਦਾ, ਇੱਕ ਸ਼ਬਦ ਵੀ ਹਮਦਰਦੀ ਦਾ ਨਹੀਂ ਬੋਲ ਰਹੇ, ਮੀਡੀਆ ਸਰਕਾਰ ਦੀ ਬੋਲੀ ਬੋਲ ਰਿਹਾ, ਸਵਰਗ ਨਰਕ ਦੇ ਲਾਰੇ ਨਹੀਂ ਚਲਣਗੇ, ਹੁਣ ਤਾਂ ਲੋਹੜੀ ਵਰਗੇ ਤਿਓਹਾਰ ਭ੍ਰਿਸ਼ਟਚਾਰ ਖ਼ਤਮ ਕਰਨ ਤੇ ਸਰਕਾਰਾਂ ਬਦਲਣ ਲਈ ਮਨਾਉਣੇ ਪੈਣਗੇ। ਆਜ਼ਾਦੀ ਤਾਂ ਪ੍ਰਾਪਤ ਕਰ ਲਈ ਪ੍ਰੰਤੂ ਉਸ ਦੀਆਂ ਬਰਕਤਾਂ ਦੀ ਉਡੀਕ ਲਗਾਤਾਰ ਜ਼ਾਰੀ ਹੈ। ਧੀਆਂ ਦੇ ਜੰਮਣ ਨੂੰ ਬੁਰਾ ਸਮਝਿਆ ਜਾ ਰਿਹਾ ਹੈ। ਸ਼ਾਇਰ ਸਮਾਜਿਕ ਤਾਣੇ ਬਾਣੇ ਵਿੱਚ ਵਾਪਰ ਰਹੀਆਂ ਅਲਾਮਤਾਂ ਨੂੰ ਬੰਦ ਕਰਨ ਲਈ ਨੌਜਵਾਨੀ ਨੂੰ ਅੱਗੇ ਆ ਕੇ ਅਗਵਾਈ ਕਰਨ ਦੀ ਵਕਾਲਤ ਕਰਦਾ ਹੈ। ਇਸ ਮੰਤਵ ਲਈ ਚੰਗਾ ਉਸਾਰੂ ਸਾਹਿਤ ਸਾਹਿਤਕਾਰਾਂ ਨੂੰ ਲਿਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸਦੇ ਨਾਲ ਹੀ ਉਹ ਭਾਰਤ ਦੇ ਸੰਵਿਧਾਨ ਵਿੱਚ ਲਿਖੇ ਗਏ ਸਿਧਾਂਤਾਂ ‘ਤੇ ਅਮਲ ਨਾ ਕਰਨ ਤੋਂ ਦੁੱਖੀ ਵੀ ਹੈ। ਦੇਸ਼ ਵਿੱਚ ਚੰਗੀ ਪ੍ਰਸ਼ਾਸ਼ਨਿਕ ਪ੍ਰਣਾਲੀ ਦੀ ਅਣਹੋਂਦ ਰੜਕਦੀ ਮਹਿਸੂਸ ਕਰ ਰਿਹਾ ਹੈ, ਕਿਉਂਕਿ ਸਰਕਾਰੀ ਦਖ਼ਲਅੰਦਾਜ਼ੀ ਕਰਕੇ ਲੋਕਾਈ ਨੂੰ ਇਨਸਾਫ਼ ਨਹੀਂ ਮਿਲ ਰਿਹਾ। ਲੋਕਾਂ ਦੇ ਚਾਅ ਅਤੇ ਖੁਹਾਇਸ਼ਾਂ ਪਰ ਲਾ ਕੇ ਉਡ ਗਈਆਂ ਹਨ, ਕਿਉਂਕਿ ਉਨ੍ਹਾਂ ਦੇ ਪੂਰਾ ਹੋਣ ਦੀ ਉਮੀਦ ਹੀ ਖ਼ਤਮ ਹੋ ਗਈ ਹੈ। ਇਸ ਮੰਤਵ ਦੀ ਪ੍ਰਾਪਤੀ ਲਈ ਸ਼ਾਇਰ ਇੱਕਮਤ ਹੋ ਕੇ ਬਗਾਬਤ ਕਰਨ ਲਈ ਪ੍ਰੇਰਨਾ ਦਿੰਦਾ ਹੈ। ਦੇਸ਼ ਦੀ ਵੰਡ ਸਮੇਂ ਹੈਵਾਨੀਅਤ ਦੇ ਹੋਏ ਨੰਗ ਨਾਚ ਨੇ ਮਨੁੱਖਤਾ ਨੂੰ ਤਾਰ-ਤਾਰ ਕਰ ਦਿੱਤਾ ਸੀ। ਪਰਵਾਸ ਦੀ ਸਮੱਸਿਆ ਵੀ ਸਾਡੀ ਨੌਜਵਾਨੀ ਨੂੰ ਨੁਕਸਾਨ ਪਹੁੰਚਾ ਰਹੀ ਹੈ। ਪਿੱਛੇ ਮਾਪੇ, ਵਿਆਹੀਆਂ ਔਰਤਾਂ ਅਤੇ ਨਿੱਕੇ-ਨਿੱਕੇ ਬੱਚਿਆਂ ਦੀਆਂ ਉਡੀਕ ਕਰਦਿਆਂ ਅੱਖਾਂ ਥੱਕ ਜਾਂਦੀਆਂ ਹਨ। ਅਖ਼ੀਰ ਵਿੱਚ ਕਿਹਾ ਜਾ ਸਕਦਾ ਹੈ ਕਿ ਇਸ ਕਾਵਿ ਸੰਗ੍ਰਹਿ ਵਿੱਚ ਜਸਵੰਤ ਗਿੱਲ ਸਮਾਲਸਰ ਆਪਣੀਆਂ ਕਵਿਤਾਵਾਂ ਰਾਹੀਂ ਪੰਜਾਬ ਦੀ ਗੰਭੀਰ ਸਮਾਜਿਕ, ਆਰਥਿਕ, ਸਭਿਆਚਾਰਕ ਅਤੇ ਭਾਈਚਾਰਕ ਸਥਿਤੀ ਦਾ ਸੁਚੱਜੇ ਢੰਗ ਨਾਲ ਦ੍ਰਿਸ਼ਟਾਂਤਿਕ ਰੂਪ ਵਿੱਚ ਵਰਣਨ ਕਰਕੇ ਪੰਜਾਬੀਆਂ ਨੂੰ ਆਪਣੇ ਹੱਕਾਂ ਲਈ ਇੱਕਮੁੱਠ ਹੋ ਕੇ ਜਦੋਜਹਿਦ ਕਰਨ ਲਈ ਉਤਸ਼ਾਹਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
128 ਪੰਨਿਆਂ, 250 ਰੁਪਏ ਕੀਮਤ ਵਾਲਾ ਇਹ ਕਾਵਿ ਸੰਗ੍ਰਹਿ ਪ੍ਰੀਤ ਪਬਲੀਕੇਸ਼ਨ ਨਾਭਾ ਨੇ ਪ੍ਰਕਾਸ਼ਤ ਕੀਤਾ ਹੈ।
ਸੰਪਰਕ: ਜਸਵੰਤ ਗਿੱਲ ਸਮਲਸਰ: 9780451878
ਉਜਾਗਰ ਸਿੰਘ
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh480yahoo.com