
ਓਸ਼ੋ ਆਪਣੇ ਇੱਕ ਪ੍ਰਵਚਨ ਵਿੱਚ ਆਖਦਾ ਹੈ ਹੈ ਕਿ ਪਾਗਲ ਹੋਣਾ ਅਧਿਆਤਮਕ ਅਰਥਾਂ ਵਿੱਚ ਦੁਨਿਆਵੀ ਅਰਥਾਂ ਵਾਲਾ ਪਾਗਲ ਹੋਣਾ ਨਹੀਂ ਹੁੰਦਾ ਬਲਕਿ ਅਸਲ ਵਿੱਚ ਪਾਗਲ ਦਾ ਅਰਥ ਹੈ ਕਿ ਜਿਸ ਨੇ ਗੱਲ ਨੂੰ ਜਾਂ ਜਿਸ ਨੇ ਅਸਲੇ ਨੂੰ ਪਾ ਲਿਆ। ਇਸ ਪੁਸਤਕ ਨੂੰ ਸ਼ੁਰੂ ਕਰਦਿਆਂ ਵੀ ਮੈਨੂੰ ਬੁੱਧ ਜਾਂ ਬੁੱਧੂ ਦੇ ਅਰਥਾਂ ਪਿੱਛੇ ਓਸ਼ੋ ਦੇ ਉਹੀ ਬੋਲ ਚੇਤੇ ਆ ਗਏ। ਬੁੱਧ ਜਾਂ ਬੁੱਧੂ ਹੋਣ ਦੇ ਪਿੱਛੇ ਵੀ ਮੈਨੂੰ ਓਸ਼ੋ ਦੀ ਉਸੇ ਭਾਵਨਾ ਦਾ ਪਰਤੌਅ ਮਿਲਦਾ ਹੈ। ਬੁੱਧ ਤੇ ਬੁੱਧੂ ਦਰਅਸਲ ਇਕੋ ਹੀ ਸਿੱਕੇ ਦੇ ਦੋ ਪਾਸੇ ਹਨ। ਬੁੱਧ ਹੋਣਾ ਹੀ ਬੁੱਧੂ ਹੋਣਾ ਹੈ ਤੇ ਬੁੱਧੂ ਹੋਣਾ ਹੀ ਬੁੱਧ ਹੋਣਾ ਹੈ। ਇਹਨਾਂ ਸ਼ਬਦਾਂ ਨੂੰ ਦੁਨਿਆਵੀ ਡਿਕਸ਼ਨਰੀ ਦੇ ਅਰਥਾਂ ਤੋਂ ਪਾਰ ਜਾ ਕੇ ਵੇਖਣ ਦੀ ਜਰੂਰਤ ਹੈ। ਇਸ ਕਿਤਾਬ ਵਿੱਚ ਬੁੱਧੂ ਦੇ ਅਰਥ ਅਸਲ ਵਿੱਚ ‘ਬੁੱਧੂ’ ਸਿਰਲੇਖ ਵਾਲੀ ਕਵਿਤਾ ਵਿੱਚ ਨਹੀਂ ਬਲਕਿ ‘ਪੀਰ ਬੁੱਧੂ ਸ਼ਾਹ’ ਸਿਰਲੇਖ ਵਾਲੀ ਕਵਿਤਾ ਵਿੱਚ ਚਮਤਕ੍ਰਿਤ ਹੁੰਦੇ ਹਨ ਜਿੱਥੇ ਪੀਰ ਬੁੱਧੂ ਸ਼ਾਹ ਨੂੰ ਅਪਣਾ ਸਭ ਕੁਝ ਵਾਰ ਕੇ, ਆਪਣੇ ਗੁਰੂ ਤੋਂ ਕੇਸਾਂ ਨਾਲ ਭਰਿਆ ਕੰਘਾ ਮਿਲਣ ਤੇ ਸਗਲ ਸ੍ਰਿਸ਼ਟੀ ਤੋਹਫੇ ਵਿੱਚ ਮਿਲਣ ਦਾ ਚਾਅ ਚੜਦਾ ਹੈ। ਇਹ ਕਵਿਤਾ ਬੁੱਧੂ ਤੇ ਬੁੱਧ ਦੇ ਦੁਨਿਆਵੀ ਅਰਥਾਂ ਦੇ ਵਿਚਲੇ ਫਾਸਲੇ ਨੂੰ ਮੇਟ ਦਿੰਦੀ ਹੈ। ਅਸਲ ਵਿੱਚ ਦੁਨਿਆਵੀ ਸਿਆਣਪਾਂ ਇਸ ਪੁਸਤਕ ਦਾ ਮੂਲ ਨਹੀਂ, ਇਹਨਾਂ ਵਿੱਚ ‘ਮੈਂ ਕਮਲੀ ਯਾਰ ਦੀ’ ਵਾਲਾ ਮੂਲਮੰਤਰ ਕੰਮ ਕਰਦਾ ਹੈ। ਗੁਰੂ ਸੋਹਣੀਆਂ ਸੋਹਣੀਆਂ ਕਿਸ਼ਤੀਆਂ ਦੇਖ ਕੇ ਸਵਾਲ ਕਰਦਾ ਹੈ ਤਾਂ ਸੈਦਾ ਆਖਦਾ ਹੈ ਕਿ ਇਹ ਕਿਸ਼ਤੀ ਤਾਂ ਤੇਰੀ ਹੀ ਹੈ ਬਾਬਾ। ਗੁਰੂ ਦੇ ਭਾੜਾ ਪੁੱਛਣ ਤੇ ਆਖਦਾ ਹੈ, ਮੈਂ ਨਦੀ ਦਾ ਮਲਾਹ ਤੇ ਤੂੰ ਜਗਤ ਦੇ ਇਸ ਭਵਸਾਗਰ ਦਾ ਮਲਾਹ ਤਾਂ ਭਾੜਾ ਕਿਸ ਗੱਲ ਦਾ। ਸੈਦੇ ਦਾ ਅਸਲ ਭਾੜਾ ਤਾਂ ਉਸਦੇ ਗੁਰੂ ਦੀ ਉਹ ਨਿੱਘੀ ਜੱਫੀ ਹੈ ਜੋ ਉਸਨੂੰ ਉਸ ਦੀ ਨਿਰਮਾਣਤਾ, ਸਵੈ-ਤਿਆਗ ਅਤੇ ਪਿਆਰ ਬਦਲੇ ਪ੍ਰਾਪਤ ਹੁੰਦੀ ਹੈ। ਇਸ ਸੰਗ੍ਰਹਿ ਵਿਚਲੀਆਂ ਕਵਿਤਾਵਾਂ ਸ਼ੋਰ ਤੋਂ ਮੌਨ ਤੱਕ ਤੇ ਕੁਛ ਤੋਂ ਅਕੁਛ ਹੋ ਜਾਣ ਦੀਆਂ, ਧਰਤੀ ਦੇ ਕੰਪਨ ਤੋਂ ਲੈ ਕੇ ਪੈਰਾਂ ਤੱਕ ਅਤੇ ਪੈਰਾਂ ਤੋਂ ਲੈ ਕੇ ਸਾਰੇ ਸਰੀਰ ਵਿੱਚ ਫੈਲ ਜਾਣ ਦੀਆਂ ਕਵਿਤਾਵਾਂ ਹਨ। ਅਸਲ ਕਵਿਤਾ ਇਹੋ ਕਰਦੀ ਹੈ ਜੋ ਦਿਸਦੇ ਵਿੱਚੋਂ ਅਣਦਿਸਦੇ, ਕਹੇ ਵਿਚੋਂ ਅਣਕਹੇ ਨੂੰ ਤੇ ਸ਼ਬਦ ਵਿੱਚੋਂ ਨਿਸ਼ਬਦ ਨੂੰ ਫੜਨ ਦੇ ਸਮਰੱਥ ਹੁੰਦੀ ਹੈ।
ਅਸਮਾਨ ਦਾ ਨੀਲਾ ਰੰਗ
ਜੇਕਰ ਏਨਾ ਪੱਕਾ ਨਾ ਹੁੰਦਾ
ਤਾਂ ਇਹ ਕਦੀ ਨਾ ਕਦੀ
ਗਿੱਲੇ ਬੱਦਲਾਂ ਨੂੰ ਚੜ੍ਹ ਜਾਣਾ ਸੀ
ਤੇ ਨੀਲੀਆਂ ਕਣੀਆਂ ਦਾ
ਮੀਂਹ ਵਰ੍ਹਨਾ ਸੀ
ਬਾਇਓਡਾਟਾ ਜਾਂ ਆਇਡੈਂਟਟੀ ਮਨੁੱਖ ਦੀ ਦੁਨਿਆਵੀ ਹਉਮੈ ਦਾ ਵਿਸਥਾਰ ਹੈ। ਮਨੁੱਖ ਆਪਣੀ ਹਉਮੈ ਦੇ ਇਸ ਪਹਾੜ ਨੂੰ ਦਿਨੋ ਦਿਨ ਵਿਸਤਾਰਦਾ ਆਪਣੇ ਅਸਲ ਤੋਂ ਪਰ੍ਹੇ ਤੁਰਿਆ ਜਾਂਦਾ ਹੈ, ਪਰ ਕੁਦਰਤ ਜਿਸਦਾ ਬਾਇਓਡਾਟਾ ਅਸੀਮ ਹੈ, ਜਿਸਦੇ ਅਨੰਤ ਵਿਸਤਾਰ ਵਿੱਚ ਕੁਦਰਤ ਦੀਆਂ ਇਕਾਈਆਂ ਬੱਦਲ, ਪਵਨ, ਸਮੁੰਦਰ, ਜੰਗਲ, ਪਸ਼ੂ ਪੰਛੀ, ਗ੍ਰਹਿ ਉਪਗ੍ਰਹਿ ਆਉਂਦੇ, ਇਹ ਸਾਰੇ ਆਪਣੀ ਹਉਮੈ ਦੇ ਇਸ ਬਾਇਓਡਾਟੇ ਤੋਂ ਮੁਕਤ ਵਿਚਰਦੇ ਹਨ। ਕੁਦਰਤ ਤੇ ਬੰਦੇ ਵਿੱਚ ਸ਼ਾਇਦ ਇਹੋ ਫਰਕ ਹੈ
ਉਡਦੇ ਬੱਦਲ ਮਿਲਦੇ
ਇੱਕ ਦੂਏ ਦੀ ਜਾਤ ਗੋਤ
ਕੱਦ ਕਾਠ ਬਾਰੇ
ਜਾਇਦਾਦ ਔਕਾਤ ਬਾਰੇ
ਪਤਾ ਟਿਕਾਣਾ ਨਹੀਂ ਪੁੱਛਦੇ
ਬਸ ਘੁਲ ਮਿਲ ਜਾਂਦੇ
ਬਰਸ ਜਾਂਦੇ
ਰੂਹਾਂ ਵਾਂਗ ਬੱਦਲਾਂ ਦਾ ਵੀ ਕੋਈ ਬਾਇਓਡਾਟਾ ਨਹੀਂ ਹੁੰਦਾ
ਮੁਹੱਬਤ ਵੀ ਇਹਨਾਂ ਬਾਇਓਡਾਟਿਆਂ ਤੋਂ ਪਾਰ ਦੀ ਵਸਤੂ ਹੈ ਜਿਸ ਦੀ ਮੌਜੂਦਗੀ ਵਿੱਚ ਕਿਸੇ ਨਾਲ ਬੈਠਿਆ ਮਹਿਸੂਸ ਹੁੰਦਾ ਹੈ ਕਿ ਕਿਵੇਂ ਇਹ ਬੈਠਣਾ ਪਹਿਲੀ ਵਾਰ ਬੈਠਣਾ ਬੈਠਣ ਜਿੰਨਾ ਨਵਾਂ ਨਕੋਰ ਹੋ ਜਾਂਦਾ ਹੈ। ਇਹ ਮੁਹੱਬਤ ਵਲਗਣਾ ਨਹੀਂ ਸਿਰਜਦੀ ਸਗੋਂ ਦੂਸਰੇ ਨੂੰ ਉਸਦੇ ਵਿਗਸਣ ਮੌਲਣ ਲਈ ਉਸਦੀ ਬਣਦੀ ਸਪੇਸ ਵੀ ਪ੍ਰਦਾਨ ਕਰਦੀ ਹੈ। ਮੁਹੱਬਤ ਦੀ ਇਹ ਲਗਨ ਅਪਣੇ ਸਿਖਰ ਤੇ ਜਾ ਕੇ ਇੰਨੀ ਪ੍ਰਬਲ ਬਣ ਜਾਂਦੀ ਹੈ ਕਿ ਰੱਬ ਵੀ ਇਸ ਮੁਹੱਬਤ ਵਿੱਚ ਸ਼ਾਮਿਲ ਹੋ ਜਾਂਦਾ ਹੈ ਅਤੇ ਪ੍ਰੇਮੀ ਦੀ ਇਹ ਲਾਲਸਾ ਤੀਬਰ ਰੂਪ ਵਿੱਚ ਪ੍ਰਗਟ ਹੁੰਦੀ ਹੈ
ਚਾਹੁੰਦਾ ਹਾਂ ਹਰ ਵਾਰ
ਇਸ ਸ਼ਹਿਰ ਵਿੱਚ ਮੇਰਾ ਉਤਾਰਾ
ਤੇਰੀਆਂ ਬਾਹਾਂ ਰਾਹੀਂ ਹੋਵੇ
ਇਹਨਾਂ ਕਵਿਤਾਵਾਂ ਵਿੱਚ ਕਵੀ ਦੀ ਲੋਚਾ ਦੋ ਸਰੀਰਾਂ ਤੋਂ ਇੱਕ ਹੋਣ ਤੱਕ ਸੀਮਿਤ ਨਹੀਂ ਬਲਕਿ ਦੋ ਰੂਹਾਂ ਦੇ ਇੱਕ ਦੂਜੇ ਵਿੱਚ ਅਭੇਦ ਹੋਣ ਦੀ ਯਾਤਰਾ ਤੱਕ ਅਸੀਮ ਹੋ ਨਿੱਬੜਦੀ ਹੈ। ਮੁਹੱਬਤ ਵਿੱਚ ਤੁਰਦਿਆਂ ਮਨੁੱਖ ਦੇ ਨਾਲ ਚੰਨ ਹੀ ਨਹੀਂ ਸਾਰੀ ਸ੍ਰਿਸ਼ਟੀ ਵੀ ਉਸ ਦੇ ਨਾਲ ਨਾਲ ਤੁਰਨ ਲੱਗਦੀ, ਉਸਦੀ ਹਮਸਫ਼ਰ ਹੋ ਤੁਰਦੀ ਹੈ। ਖੱਬੇ ਸੱਜੇ ਦਾ, ਆਪਣੇ ਬੇਗਾਨੇ ਦਾ, ਦਵੈਤ ਅਦਵੈਤ ਦਾ ਭਰਮ ਮਿਟਣ ਲੱਗਦਾ ਹੈ। ਇਸ ਸੰਗ੍ਰਹਿ ਦੀਆਂ ਅਤਿ- ਸੰਵੇਦਨਸ਼ੀਲ ਕਵਿਤਾਵਾਂ ਵਿੱਚ ਕੁਝ ਕਵਿਤਾਵਾਂ ਐਸੀਆਂ ਵੀ ਆ ਗਈਆਂ ਹਨ ਜੋ ਇਸ ਪੁਸਤਕ ਦੇ ਪਾਠਕੀ ਰਿਦਮ ਤੇ ਸੋਹਜ ਨੂੰ ਭੰਗ ਕਰਦੀਆਂ ਹਨ। ਰੂਹ ਤੇ ਚੇਤਨਾ ਦੀਆਂ ਸੂਖਮ ਪਰਤਾਂ ਨੂੰ ਫੜਦੀਆਂ ਕਵਿਤਾਵਾਂ ਜਦੋਂ ਸਮਾਨਤਾ ਅਸਮਾਨਤਾ, ਸਰਵਿਸ ਟੈਕਸ, ਪੂਰਬੀਆਂ ਦਾ ਮੇਲਾ, ਹਾਏ ਕਰੋਨਾ ਜਿਹੀਆਂ ਕਵਿਤਾਵਾਂ ਤੱਕ ਪਹੁੰਚਦੀਆਂ ਹਨ ਤਾਂ ਉਹ ਸਵਾਦੀ ਦਾਲ ਵਿੱਚ ਕੋੜਕੂ ਵਾਂਗ ਰੜਕਦੀਆਂ ਮਹਿਸੂਸ ਹੁੰਦੀਆਂ ਹਨ, ਭਾਵੇਂ ਇਨ੍ਹਾਂ ਦੀ ਗਿਣਤੀ ਕੁਝ ਕੁ ਹੀ ਹੈ।
ਸਮੁੱਚੇ ਰੂਪ ਵਿੱਚ ਇਹ ਪੁਸਤਕ ਸਾਡੇ ਸਮਕਾਲੀ ਸ਼ਾਇਰ ਦੋਸਤ ਜਸਵੰਤ ਜ਼ਫ਼ਰ ਦੀ ਕਾਵਿ-ਉਡਾਣ ਦਾ ਉਹ ਮਹੱਤਵਪੂਰਨ ਪੜਾਅ ਹੈ, ਜਿੱਥੇ ਕਵੀ ਦਿਸਦੇ ਤੋਂ ਅਣਦਿਸਦੇ, ਸਥੂਲ ਤੋਂ ਸੂਖਮ, ਕਹੇ ਤੋਂ ਅਣਕਹੇ ਅਤੇ ਵਿਸਥਾਰ ਤੋਂ ਸ਼ੂਨਯ ਦੀ ਯਾਤਰਾ ਦੇ ਬਿਰਤਾਂਤ ਨੂੰ ਸਹਿਜ ਕਾਵਿ-ਭਾਸ਼ਾ ਵਿੱਚ ਚਿਤਰਣ ਦੇ ਸਮਰੱਥ ਹੋ ਜਾਂਦਾ ਹੈ । ਜਸਵੰਤ ਜ਼ਫ਼ਰ ਨੂੰ ਇਸ ਖ਼ੂਬਸੂਰਤ ਪੁਸਤਕ ਲਈ ਬਹੁਤ ਬਹੁਤ ਮੁਬਾਰਕਬਾਦ।

-ਅਮਰਜੀਤ ਕੌਂਕੇ (ਡਾ), ਪਟਿਆਲਾ।
98142
31698
