ਆਪਣਾ ਵਤਨ ਤੇ ਧਰਤੀ ਛੱਡ ਕੇ, ਜਾ ਬੈਠੇ ਪਰਦੇਸ।
ਜਿਹੜੇ ਦੇਸ਼ ਵੀ ਗਏ, ਉੱਥੋਂ ਦਾ ਧਾਰ ਲਿਆ ਹੈ ਭੇਸ।
ਵਤਨ ਨੂੰ ਛੱਡਣ ਪਿੱਛੇ ਜਾਪੇ, ਹੈ ਕੋਈ ਮਜਬੂਰੀ।
ਤਾਹੀਓਂ ਆਪਣੇ ਦੇਸ਼ ਤੋਂ ਏਹਨਾਂ, ਕਰ ਲਈ ਹੈ ਦੂਰੀ।
ਦੇਸ਼ੋਂ ਨਾ ਕੋਈ ਮਿਲਿਆ ਸਾਨੂੰ, ਚੱਜ ਦਾ ਕਾਰੋਬਾਰ।
ਉੱਚੀਆਂ ਡਿਗਰੀਆਂ ਲੈ ਕੇ ਫਿਰਦੇ, ਲੱਖਾਂ ਬੇਰੁਜ਼ਗਾਰ।
ਹਾਏ, ਉੱਚੀ ਸਿੱਖਿਆ ਲੈ ਕੇ, ਕੀ ਕੀ ਸੁਪਨੇ ਵੇਖੇ।
ਭ੍ਰਿਸ਼ਟਾਚਾਰੀ, ਰਿਸ਼ਵਤਖੋਰੀ, ਧਸ ਗਈ ਦੇਸ਼ ਦੇ ਲੇਖੇ।
ਕਈਆਂ ਆਤਮਹੱਤਿਆ ਕੀਤੀ, ਕੁਝ ਨਸ਼ਿਆਂ ਵੱਲ ਧੱਕੇ।
ਮਾਂ ਦੀਆਂ ਅੱਖੀਓਂ ਹੰਝੂ ਡਿੱਗਦੇ, ਕੀ ਸਮਝੇ, ਕੀ ਤੱਕੇ!
ਜ਼ਿੰਦਗੀ ਜੀਣ ਦਾ ਲੱਗਦਾ ਹੈ ਹੁਣ, ਰਿਹਾ ਨਾ ਕੋਈ ਉਦੇਸ਼।
ਕਿੱਦਾਂ ਏਸ ਵਤਨ ਨੂੰ ਆਖਾਂ, ਆਪਣਾ ਪਿਆਰਾ ਦੇਸ਼।
ਰਾਜਗੱਦੀ ਤੇ ਬਹਿਣ ਵਾਲਿਓ, ਸੁਣੋ ਸਾਡੀ ਅਰਜ਼ੋਈ।
ਅਸਲੀ, ਧਰਮੀ ਨੇਤਾ ਹੁਣ ਤਾਂ, ਲੱਭਦਾ ਕੋਈ ਕੋਈ।
ਪ੍ਰੋ. ਨਵ ਸੰਗੀਤ ਸਿੰਘ
ਅਕਾਲ ਯੂਨੀਵਰਸਿਟੀ ਤਲਵੰਡੀ ਸਾਬੋ (ਬਠਿੰਡਾ)