ਨਿਰੇ ਵਹਿਮ/ਅੰਧਵਿਸ਼ਵਾਸ/ ਰੂੜ੍ਹੀਵਾਦੀ ਵਿਚਾਰ
ਸਮਾਜ ਵਿੱਚ ਕੁਝ ਅੰਧਵਿਸ਼ਵਾਸ ਅਜਿਹੇ ਹੁੰਦੇ ਹਨ ਜਿੰਨਾਂ ਕਾਰਣ ਮਨੁੱਖ ਡਰਦਾ ਹੈ,ਜਿਵੇਂ ਸੂਰਜ ਗ੍ਰਹਿਣ ਸਮੇਂ ਹਨੇਰਾ ਹੋਣਾ,ਤਾਰਾ ਟੁੱਟਣ ਸਮੇਂ ਧਰਤੀ ਵੱਲ ਪ੍ਰਕਾਸ਼ ਦੀ ਲਾਈਨ ਅਕਾਸ਼ ਵਿੱਚ ਵਿਖਾਈ ਦੇਣਾ।ਤਾਰਾ ਟੁੱਟਣ ਵੇਲੇ ਇਹ ਵਹਿਮ ਕੀਤਾ ਜਾਂਦਾ ਸੀ ਜਦੋਂ ਤਾਰਾ ਟੁੱਟਦਾ ਉਦੋਂ ਕਿਸੇ ਦੀ ਮੌਤ ਹੁੰਦੀ ਹੈ।ਇਸ ਲਈ ਤਾਰੇ ਦਾ ਟੁੱਟਣਾ ਜਾਂ ਉਲਕਾ ਦਾ ਧਰਤੀ ਵੱਲ ਆਉਣਾ ਅਸ਼ੁਭ ਮੰਨਿਆ ਜਾਂਦਾ।
ਇਸੇ ਤਰਾਂ ਧੂਮਕੇਤੂ ਵੀ ਜਦ ਅਕਾਸ਼ ਵਿੱਚ ਵਿਖਾਈ ਦਿੰਦਾ ਹੈ ਤਾਂ ਉਸਦੇ ਪਿੱਛੇ ਅੱਗ ਦੇ ਗੋਲੇ ਵਰਗੀਆਂ ਬਲਦੀਆਂ ਗੈਸਾਂ ਵਿਖਾਈ ਦਿੰਦੀਆਂ ਹਨ।ਧੂਮਕੇਤੂ ਦੇ ਵਿਖਾਈ ਦੇਣ ਤੋਂ ਬਾਅਦ ਇਹ ਅੰਧਵਿਸ਼ਵਾਸ ਹੈ ਕਿ ਕੋਈ ਮਹਾਂਮਾਰੀ ਫੈਲ ਸਕਦੀ ਹੈ ਜਾਂ ਲੜਾਈ ਲੱਗ ਸਕਦੀ ਹੈ। ਕੁੱਝ ਵਹਿਮਾਂ ਅਨੁਸਾਰ ਹੜਾਂ ਨਾਲ ਭਾਰੀ ਤਬਾਹੀ ਫੈਲਦੀ ਹੈ। ਹੜ੍ਹ ਵੱਡੇ ਵੱਡੇ ਰੁੱਖਾਂ ਜਾਂ ਪਹਾੜਾਂ ਨੂੰ ਵੀ ਰੋੜ ਲੈ ਜਾਂਦੇ ਹਨ।ਇਸੇ ਕਰਕੇ ਲੋਕਾਂ ਨੇ ਇਸਦਾ ਨਾਮ ਖੁਵਾਜਾ ਰੱਖ ਦਿੱਤਾ।ਕਈ ਵਹਿਮੀ ਲੋਕ ਵਹਿਮ ਕਰਦੇ ਹਨ ਕਿ ਹੜਾਂ ਸਮੇ ਖੁਵਾਜਾ ਪੀਰ ਹੜ੍ਹ ਦੇ ਅੱਗੇ ਅੱਗੇ ਕੁਹਾੜਾ ਲੈ ਕੇ ਤੁਰਦਾ ਹੈ ਅਤੇ ਰੁੱਖਾਂ ਨੂੰ ਕੱਟਦਾ ਹੈ।ਤੂਫਾਨ, ਚੱਕਰਵਾਤ ਤੇ ਵਾਵਰੋਲੇ ਵਿੱਚ ਵੀ ਕਈ ਲੋਕ ਬੁਰੀਆਂ ਆਤਮਾਵਾਂ ਜਾਂ ਭੂਤ ਪਰੇਤਾਂ ਨੂੰ ਮੰਨਦੇ ਹਨ।
ਕੁਝ ਦੇਸ਼ਾਂ ਵਿੱਚ ਸਮੁੰਦਰੀ ਜਹਾਜ ਨੂੰ ਚਲਾਉਣ ਤੋਂ ਪਹਿਲਾਂ ਸਮੁੰਦਰ ਦੇ ਦੇਵਤੇ ਨੂੰ ਖ਼ੁਸ਼ ਕਰਨ ਲਈ ਸ਼ਰਾਬ ਦੀ ਬੋਤਲ ਚੜ੍ਹਾਉਂਦੇ ਹਨ।
ਕੁੱਝ ਲੋਕ 13 ਦੇ ਅੰਕ ਨੂੰ ਅਸ਼ੁਭ ਮੰਨਦੇ ਹਨ ਇਸ ਲਈ ਲੀ- ਕਾਰਬੂਜ਼ੇ ਨੇ ਚੰਡੀਗੜ ਵਿੱਚ 13 ਨੰਬਰ ਸੈਕਟਰ ਨਹੀ ਬਣਾਇਆ।
ਕਈ ਲੋਕ ਉਲੂ ਦੇ ਬੋਲਣ ਨੂੰ ਮੌਤ ਨਾਲ ਜੋੜਦੇ ਹਨ ਜਦ ਕਿ ਕਾਂ ਦੇ ਬਨੇਰੇ ਤੇ ਬੋਲਣ ਨੂੰ ਕਿਸੇ ਦੇ ਆਉਣ ਦਾ ਅੰਦਾਜ਼ਾ ਲਾਉਂਦੇ ਹਨ।
ਕਬੂਤਰ ਉਜਾੜ ਭਾਲਦੇ ਕਿਹਾ ਜਾਂਦਾ,ਜਦ ਕਿ ਲੋਕ ਕਬੂਤਰਾਂ ਨੂੰ ਪਾਲਦੇ ਹਨ।
ਹੁਣ ਦੇ ਸਮੇਂ ਕਿਸੇ ਸ਼ਗਨ ਵਿਹਾਰ ਦੇ ਸਮੇਂ ਸਰੋਂ ਦਾ ਤੇਲ ਕੌਲਿਆਂ ਤੇ ਪਾਉਂਦੇ ਹਾਂ ਜਾਂ ਕਹਿ ਲਈਏ ਸ਼ਗਨ ਵੇਲੇ ਪ੍ਰਾਹੁਣੇ ਜਦੋਂ ਮੁੱਖ ਦਰਵਾਜ਼ੇ ਤੇ ਪਹੁੰਚਦੇ ਹਨ ਤਾਂ ਤੇਲ ਚੋਇਆ ਜਾਂਦਾ ਹੈ,ਇਸ ਦਾ ਅਸਲ ਕਾਰਨ ਹੈ ਕਿ ਪਹਿਲੇ ਸਮਿਆਂ ਵਿੱਚ ਮੁੱਖ ਦਰਵਾਜ਼ੇ ਲੱਕੜ ਦੇ ਹੁੰਦੇ ਸਨ ਤੇ ਉਦੋਂ ਉਹਨਾਂ ਦੀਆਂ ਚੂਲਾਂ ਵਿੱਚ ਤੇਲ ਪਾ ਦਿੱਤਾ ਜਾਂਦਾ ਸੀ ਕਿ ਬੂਹੇ ਨੂੰ ਖੋਲ੍ਹਦਿਆਂ ਜਾਂ ਭੇੜਦਿਆਂ ਬੂਹਾ ਅਵਾਜ਼ ਨਾ ਕਰੇ ਤਾਂ ਜੋ ਆਏ ਹੋਏ ਪ੍ਰਾਹੁਣੇ ਨੂੰ ਬੂਹੇ ਦੀ ਅਵਾਜ਼ ਨਾ ਰੜਕੇ।
ਕਈ ਕਹਿੰਦੇ ਹਾਂ ਕਿ ਰਾਤ ਦੀ ਸਲਾਹ ਮਾੜੀ ਹੁੰਦੀ ਹੈ ਇਹ ਵਹਿਮ ਹੈ,ਅਸਲ ਗੱਲ ਹੈ ਕਿ ਬੀਤੇ ਵੇਲਿਆਂ ਵਿੱਚ ਲੋਕ ਪਹਿਲੇ ਪਹਿਰ ਹੀ ਬਲਦਾਂ ਨੂੰ ਲੈ ਕੇ ਖੇਤ ਕੰਮ ਕਰਨ ਚਲੇ ਜਾਂਦੇ ਸਨ ਤੇ ਸ਼ਾਮ ਵੇਲੇ ਘਰ ਮੁੜਦੇ ਸਨ,ਸਾਰਾ ਦਿਨ ਕੰਮ ਕਰਨ ਕਰ ਕੇ ਥਕੇਵਾਂ ਹੋ ਜਾਂਦਾ ਸੀ ਸੋ ਉਹਨਾਂ ਦੀ ਨੀਂਦ ਖਰਾਬ ਨਾ ਹੋਵੇ ਤਾਂ ਕੋਈ ਗੱਲ ਨਹੀਂ ਸੀ ਕਰਦਾ ਕਿਉਕਿ ਤੜਕਸਾਰ ਉਹਨਾਂ ਫੇਰ ਖੇਤ ਜਾਣਾ ਹੁੰਦਾ ਸੀ।
ਮਨੁੱਖ ਨੂੰ ਹਰ ਕੁਦਰਤੀ ਤੇ ਸਮਾਜਿਕ ਵਰਤਾਰੇ ਦੀ ਸਚਾਈ ਜਾਨਣ ਲਈ ਕੀ ,ਕਿਉਂ,ਕਿਵੇਂ ਆਦਿ ਵਿਗਿਆਨਕ ਗੁਣਾਂ ਨੂੰ ਲੜ ਬੰਨ੍ਹਣਾ ਚਾਹੀਦਾ ਹੈ । ਇੱਥੇ ਘਟਨਾਵਾਂ ਵਾਪਰਦੀਆਂ ਹਨ ਜਿਨ੍ਹਾਂ ਦੇ ਕਾਰਨਾਂ ਨੂੰ ਜਾਨਣਾ ਹੀ ਤਰਕਸ਼ੀਲਤਾ ਹੈ। ਸ਼ੁਰੁ ਵਿੱਚ ਜਦ ਮਨੁੱਖ ਦਾ ਦਿਮਾਗ ਵਿਕਸਿਤ ਨਹੀਂ ਹੋਇਆ ਸੀ, ਓਦੋਂ ਬਹੁਤ ਸਾਰੇ ਅੰਧਵਿਸ਼ਵਾਸ ਪੈਦਾ ਹੋਏ ਪਰ ਇਸ ਸਮੇਂ ਵਿਗਿਆਨ ਨੇ ਕੁਦਰਤ ਦੇ ਬਹੁਤ ਸਾਰੇ ਰਾਜ਼ਾਂ ਨੂੰ ਜਾਣ ਲਿਆ ਹੈ ਤੇ ਰਹਿੰਦੇ ਵਰਤਾਰਿਆਂ ਨੂੰ ਜਾਨਣ ਲਈ ਯਤਨਸ਼ੀਲ ਹੈ।ਲੋੜ ਹੈ ਆਪਣਾ ਦ੍ਰਿਸ਼ਟੀਕੋਣ ਵਿਗਿਆਨਕ ਬਣਾਉਣ ਦੀ।
ਤਰਕਸ਼ੀਲਾਂ ਦਾ ਸੁਨੇਹਾ – ਅੰਧਵਿਸ਼ਵਾਸ ਭਜਾਓ, ਵਿਗਿਆਨਕ ਸੋਚ ਅਪਣਾਓ
ਇਹ ਹੀ ਹੈ ਮਨੁੱਖੀ ਗੁਣਾਂ ਦਾ ਗਹਿਣਾ।
ਮਾਸਟਰ ਪਰਮਵੇਦ
ਤਰਕਸ਼ੀਲ ਆਗੂ
ਤਰਕਸ਼ੀਲ ਸੁਸਾਇਟੀ ਪੰਜਾਬ
9417422349