- ਪੁਸਤਕ : ਜੀਵਨ ਦੀ ਪੂੰਜੀ
- ਕਵੀ : ਮਹਿੰਦਰ ਸਿੰਘ ਮਾਨ
- ਪ੍ਰਕਾਸ਼ਕ : ਸਾਦਿਕ ਪਬਲੀਕੇਸ਼ਨਜ਼ ਜੋਧਪੁਰ ਪਾਖਰ ਬਠਿੰਡਾ
- ਪੰਨੇ : 96
- ਮੁੱਲ : 150/-
ਮਹਿੰਦਰ ਸਿੰਘ ਮਾਨ ਸੇਵਾਮੁਕਤ ਮੁੱਖ ਅਧਿਆਪਕ ਹੈ ਤੇ ਮੌਜੂਦਾ ਸਮੇਂ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਪਿੰਡ ਰੱਕੜਾਂ ਢਾਹਾਂ ਵਿੱਚ ਰਹਿੰਦਾ ਹੋਇਆ ਸਾਹਿਤ ਸੇਵਾ ਕਰ ਰਿਹਾ ਹੈ। ਉਹਦੀਆਂ ਹੁਣ ਤੱਕ ਛੇ ਕਿਤਾਬਾਂ ਪ੍ਰਕਾਸ਼ਿਤ ਹੋ ਚੁਕੀਆਂ ਹਨ, ਜਿਨ੍ਹਾਂ ਵਿੱਚ ਪੰਜ ਕਾਵਿ ਸੰਗ੍ਰਹਿ (ਚੜ੍ਹਿਆ ਸੂਰਜ,ਫੁੱਲ ਅਤੇ ਖਾਰ, ਸੂਰਜ ਦੀਆਂ ਕਿਰਨਾਂ, ਖਜ਼ਾਨਾ, ਸੂਰਜ ਹਾਲੇ ਡੁੱਬਿਆ ਨਹੀਂ) ਅਤੇ ਇੱਕ ਗ਼ਜ਼ਲ ਸੰਗ੍ਰਹਿ (ਮਘਦਾ ਸੂਰਜ) ਸ਼ਾਮਲ ਹੈ। ਰੀਵਿਊ ਅਧੀਨ ਕਿਤਾਬ ‘ਜ਼ਿੰਦਗੀ ਦੀ ਪੂੰਜੀ’ ਉਹਦਾ ਸੱਤਵੀਂ ਕਾਵਿ ਸੰਗ੍ਰਹਿ ਹੈ, ਜਿਸਨੂੰ ਉਹਨੇ ਸੰਘਰਸ਼ ਕਰ ਰਹੇ ਲੋਕਾਂ ਨੂੰ ਸਮਰਪਿਤ ਕੀਤਾ ਹੈ। ਕਿਤਾਬ ਵਿੱਚ ਭੂਮਿਕਾ (ਮੈਂ ਫਿਰ ਹਾਜ਼ਰ ਹਾਂ) ਤੋਂ ਇਲਾਵਾ 53 ਕਵਿਤਾਵਾਂ (ਪੰਨੇ 9-63), 55 ਬੋਲੀਆਂ (ਪੰਨੇ 64-70) ਅਤੇ 26 ਗ਼ਜ਼ਲਾਂ (ਪੰਨੇ 71-96) ਸ਼ਾਮਲ ਹਨ।
ਕਵੀ ਨੇ ਇਸ ਸੰਗ੍ਰਹਿ ਵਿੱਚ ਪਾਣੀ, ਧਰਤੀ, ਵਿਰਸਾ, ਨਸ਼ੇ, ਕਿਤਾਬਾਂ, ਰੁੱਤਾਂ, ਧੀਆਂ, ਪਿਤਾ, ਚੋਣਾਂ, ਦਲ ਬਦਲੂਆਂ, ਆਜ਼ਾਦੀ, ਸੰਗਤ, ਬੁਢਾਪਾ, ਖਾਲਸੇ ਦੀ ਸਿਰਜਣਾ, ਪੰਜਵੇਂ ਤੇ ਨੌਵੇਂ ਗੁਰੂਆਂ ਦੀ ਸ਼ਹੀਦੀ, ਨਵਾਂ ਸਾਲ ਆਦਿ ਮੁਖ਼ਤਲਿਫ਼ ਵਿਸ਼ਿਆਂ ਨੂੰ ਆਪਣੀ ਕਲਮ ਰਾਹੀਂ ਰਚਿਆ ਹੈ। ਇਹ ਸਾਰੀਆਂ ਇੱਕ-ਇੱਕ ਪੰਨੇ ਦੀਆਂ ਸੰਖਿਪਤ ਕਵਿਤਾਵਾਂ ਹਨ। ਨੈਤਿਕਤਾ, ਚੰਗੀ ਜੀਵਨ-ਜਾਚ, ਸਮਾਜ, ਰਾਜਨੀਤੀ, ਸਿੱਖਿਆ ਆਦਿ ਸੰਕਲਪਾਂ ਨੂੰ ਕਵੀ ਵਾਰ-ਵਾਰ ਬਿਆਨਦਾ ਹੈ। ਉਸਦੀਆਂ ਲਿਖੀਆਂ ਬੋਲੀਆਂ ਵਿੱਚ ਵਿਅੰਗ ਦੀ ਪ੍ਰਧਾਨਤਾ ਹੈ :
ਆਪ ਮਾਇਆ ਬਿਨਾਂ ਪੈਰ ਨਾ ਪੁੱਟਦੇ
ਸਾਨੂੰ ਬਾਬੇ ਕਹਿੰਦੇ ਮਾਇਆ ਨਾਗਣੀ। (70)
ਲੋਕਾਂ ਨੂੰ ਆਪਸ ਵਿੱਚ ਲੜਾ ਕੇ
ਆਪ ਨੇਤਾ ਕੱਠੇ ਹੋ ਕੇ ਮਜ਼ੇ ਲੁੱਟਦੇ। (70)
ਹੁਣ ਬੰਦਾ ਠੰਢੀ ਛਾਂ ਭਾਲਦਾ ਫਿਰੇ
ਚਾਰੇ ਪਾਸੇ ਰੁੱਖਾਂ ਨੂੰ ਜੜ੍ਹੋਂ ਪੁੱਟ ਕੇ। (70)
ਸਿੱਖਿਆਦਾਇਕ ਪੰਕਤੀਆਂ ਵਜੋਂ ਇਨ੍ਹਾਂ ਨੂੰ ਵੇਖਿਆ ਜਾ ਸਕਦਾ ਹੈ :
ਸੱਸ-ਸਹੁਰੇ ਨੂੰ ਮਾਂ-ਬਾਪ ਮੰਨੀਂ
ਨੂੰਹੇਂ, ਜੇ ਤੂੰ ਸੁਖੀ ਵੱਸਣਾ। (67)
ਉਹ ਜੀਵਨ ‘ਚ ਤਰੱਕੀ ਖੂਬ ਕਰਦੇ
ਜੋ ਸਮੇਂ ਸਿਰ ਲੈਣ ਸਹੀ ਫ਼ੈਸਲੇ। (64)
ਇਸੇ ਤਰ੍ਹਾਂ ਕਵੀ ਨੇ ਗ਼ਜ਼ਲਾਂ ਦੇ ਸ਼ੇਅਰਾਂ ਵਿੱਚ ਵੀ ਵੰਨ-ਸੁਵੰਨਤਾ ਅਤੇ ਕਟਾਖ ਦਾ ਰੰਗ ਭਰਿਆ ਹੈ :
ਈਸ਼ਵਰ ਵੱਸਦਾ ਹੈ ਇਨਸਾਨਾਂ ਦੇ ਵਿੱਚ ਹੀ
ਮੰਦਰਾਂ ਦੇ ਵਿੱਚ ਨਾ ਇਸਨੂੰ ਟੋਲ ਪਿਆਰੇ। (86)
ਆਪਣੇ ਤੋਂ ਵੱਡਿਆਂ ਦੀ ਇਜ਼ਤ ਨਾ ਕਰੇ
ਖੁਦ ਨੂੰ ਹੀ ਰੱਬ ਸਮਝੇ ਮਨੁੱਖ ਅਜੋਕਾ। (88)
ਮੱਲੋ ਮੱਲੀ ਜੇਬਾਂ ਦੇ ਵਿੱਚ ਪਾ ਕੇ ਨੋਟ
ਲੀਡਰ ਕਹਿੰਦੇ ਸਾਨੂੰ ਸਾਰੇ ਪਾਇਓ ਵੋਟ। (91)
ਪੰਜਾਬੀ ਭਾਸ਼ਾ ਦੀ ਬੇਕਦਰੀ ਅਤੇ ਗੁੱਸੇ ਨੂੰ ਦੂਰ ਕਰਨ ਬਾਰੇ ਇਹ ਪੰਕਤੀਆਂ ਪੜ੍ਹਨਯੋਗ ਹਨ :
ਬੱਚੇ ਮਾਡਲ ਸਕੂਲਾਂ ‘ਚ ਦਾਖਲ ਕਰਾ ਲਏ
ਘਰਾਂ ‘ਚ ਪੰਜਾਬੀ ਬੋਲਣੋਂ ਵੀ ਹਟਾ ਲਏ। (14)
ਫੁੱਲਾਂ ਵਾਂਗ ਮੁਸਕਰਾਣਾ ਸਿੱਖੋ
ਗੁੱਸੇ ਤੇ ਕਾਬੂ ਪਾਣਾ ਸਿੱਖੋ। (41)
ਇਸ ਤਰ੍ਹਾਂ ਵਿਭਿੰਨ ਕਾਵਿ ਰੰਗਾਂ ਦਾ ਇਹ ਗੁਲਦਸਤਾ ਜ਼ਿੰਦਗੀ ਨੂੰ ਸੋਹਣਾ, ਚੰਗੇਰਾ, ਖੁਸ਼ਨੁਮਾ, ਪਿਆਰਾ ਤੇ ਨਿਆਰਾ ਬਣਾਉਣ ਦੇ ਆਹਰ ਵਿੱਚ ਹੈ। ਕਵੀ ਨੇ ਸਮਾਜਕ ਵਿਸੰਗਤੀਆਂ ਤੇ ਵਰਤਾਰਿਆਂ ਨੂੰ ਵੇਖ ਕੇ ਇਨਸਾਨ ਨੂੰ ਮਾੜੇ ਕੰਮਾਂ ਤੋਂ ਵਰਜਿਆ ਹੈ ਅਤੇ ਠੀਕ ਰਾਹ ਤੇ ਤੁਰਨ ਲਈ ਸੁਚੇਤ ਕੀਤਾ ਹੈ। ਜੀਵਨ ਦੇ ਦੁਖਾਂ ਸੁਖਾਂ, ਖੁਸ਼ੀਆਂ ਗ਼ਮੀਆਂ, ਚੰਗੀਆਂ ਮਾੜੀਆਂ ਪਰਿਸਥਿਤੀਆਂ ਤੋਂ ਪਰਿਚਿਤ ਕਰਾਉਂਦੀ ਇਹ ਕਾਵਿ-ਕਿਤਾਬ ਕਵੀ ਦੇ ਨਿਜੀ ਤਜਰਬੇ ‘ਚੋਂ ਉਪਜੇ ਕੋਮਲ ਅਹਿਸਾਸ ਹਨ। ਪੁਸਤਕ ਦੇ ਨਾਮ ਅਨੁਸਾਰ ਵਾਕਈ ਇਸ ਵਿੱਚ ਜ਼ਿੰਦਗੀ ਦੀ ਪੂੰਜੀ ਯਾਨੀ ਜੀਵਨ ਦੇ ਅਸਲ ਮਕਸਦ ਨੂੰ ਉਘਾੜਿਆ ਗਿਆ ਹੈ। ਵਧੀਆ ਕਾਗਜ਼ ਉੱਤੇ ਪ੍ਰਕਾਸ਼ਿਤ ਦਿਲਕਸ਼ ਸਰਵਰਕ ਵਾਲੀ ਇਸ ਪੁਸਤਕ ਦਾ ਸਵਾਗਤ ਹੈ।
~ ਰੀਵਿਊਕਾਰ : ਪ੍ਰੋ. ਨਵ ਸੰਗੀਤ ਸਿੰਘ navsangeetsingh6957@gmail.com

