ਜੀਵੇ ਧਰਤੀ ਪੰਜ ਦਰਿਆਵਾਂ ਦੀ,
ਸੀਨੇ ਵਿਚ ਬੀਜੇ ਚਾਵਾਂ ਦੀ ।
ਅੱਜ ਟੁੱਟ ਕੇ ਤੰਦੋ ਤੰਦ ਹੋਈ,
ਇਹਦੇ ਤੇਜ਼ ਧੜਕਦੇ ਸਾਹਵਾਂ ਦੀ ।
ਓਧਰ ਵੀ ਪੀੜਾਂ, ਘੱਟ ਨਹੀਂ,
ਏਧਰ ਵੀ ਸੁਪਨ ਕਰੰਡੇ ਗਏ ।
ਸੂਰਜ ਦੇ ਹੁੰਦਿਆਂ ਸੁੰਦਿਆਂ ਹੀ,
ਅਸੀਂ ਸਿਖ਼ਰ ਦੁਪਹਿਰੇ ਵੰਡੇ ਗਏ ।
ਉਹ ਹੋਰ ਕਿਤਾਬਾਂ ਲੱਭਦੇ ਰਹੇ,
ਅਸੀਂ ਹੋਰ ਕਿਤਾਬਾਂ ਪੜ੍ਹਦੇ ਰਹੇ ।
ਸੋਚਾਂ ਨੂੰ ਨਾਗਾਂ ਵੱਸ ਪਾ ਕੇ,
ਅਸੀਂ ਦੋਸ਼ ਹਵਾ ਸਿਰ ਮੜ੍ਹਦੇ ਰਹੇ ।
ਤੀਜੇ ਦੀ ਚੁੱਕਣਾ ਵਿਚ ਆ ਕੇ,
ਅਸੀਂ ਭੁੱਲ ਬੈਠੇ ਸਾਂ ਲੋੜਾਂ ਨੂੰ ।
ਨੇਰ੍ਹੇ ਵਿਚ ਗਲੀਆਂ ਛਾਣਦਿਆਂ,
ਭੁੱਲੇ ਜਾਂ ਘਰ ਦੀਆਂ ਥੋੜਾਂ ਨੂੰ ।
ਅਸੀਂ ਸਿਰਫ਼ ਕਚੀਚੀਆਂ ਵੱਟਦੇ ਰਹੇ,
ਸਾਨੂੰ ਪਿਆਰ ਭਰੱਪਣ ਭੁੱਲ ਗਿਆ ।
ਤੇ ਸਵਾਹ ਦੀਆਂ ਪੁੜੀਆਂ ਸਾਂਭਦਿਆਂ,
ਸਾਡਾ ਘਿਉ ਦਾ ਪੀਪਾ ਡੁੱਲ੍ਹ ਗਿਆ ।
ਮਹੁਰੇ ਦਾ ਵਣਜ ਵਿਹਾਜਦਿਆਂ,
ਰੇਤੇ ਵਿਚ ਖੰਡ ਦੀ ਬੋਰੀ ਗਈ ।
ਅਸੀਂ ਪਿੱਛੇ ਪਿੱਛੇ ਤੁਰਦੇ ਗਏ,
ਇਹ ਨਾਗਣ ਜਿੱਧਰ ਤੋਰੀ ਗਈ ।
ਵੰਝਲੀ ਦੀ ਥਾਂ ਤੇ ਤੋਪਾਂ ਨੇ,
ਜੋ ਬੋਲ ਉਚਾਰੇ, ਸੁਣਦੇ ਰਹੇ ।
ਇਕ ਦੂਜੇ ਦੇ ਖਣਵਾਦੇ ਨੂੰ,
ਅਸੀਂ ਬਿਨਾਂ ਪੋਣੀਓਂ ਪੁਣਦੇ ਰਹੇ ।
ਮਿਹਣੇ ਦਰ ਮਿਹਣੇ ਦੇਂਦੇ ਰਹੇ,
ਅਸੀਂ ਆਹ ਕੀਤਾ, ਤੁਸੀਂ ਆਹ ਕੀਤਾ ।
ਅੱਗਾਂ ਦੀਆਂ ਖੇਡਾਂ ਖੇਡਦਿਆਂ,
ਅਸੀਂ ਆਪਣਾ ਵਕਤ ਤਬਾਹ ਕੀਤਾ ।
ਫੁੱਲਾਂ ਦੀਆਂ ਖਿੜੀਆਂ ਲੜੀਆਂ ਨੂੰ,
ਨਫ਼ਰਤ ਦੇ ਨਾਲ ਸਵਾਹ ਕੀਤਾ ।
ਰਲ ਜੀਣ ਮਰਨ ਦੀ ਰਹਿਤਲ ਨੂੰ,
ਅਸੀਂ ਹੱਥੀਂ ਆਪ ਜ਼ਿਬਾਹ ਕੀਤਾ ।
ਅਸੀਂ ਸਾਂਝੇ ਚੰਨ ਦੇ ਟੋਟੇ ਕਰ,
ਬੱਸ ਤਾਰਿਆਂ ਨਾਲ ਹੀ ਪਰਚ ਗਏ ।
ਸਦੀਆਂ ਦੀ ਸਾਂਝੀ ਪੂੰਜੀ ਨੂੰ,
ਐਟਮ ਦੀ ਖ਼ਾਤਰ ਖ਼ਰਚ ਗਏ ।
ਅਸੀਂ ਭਰ ਵਗਦੇ ਦਰਿਆਵਾਂ ਦੇ,
ਪਾਣੀ ਵਿਚ ਲੀਕਾਂ ਵਾਹ ਲਈਆਂ ।
ਧੁੱਪਾਂ ਤੇ ਛਾਵਾਂ ਵੰਡ ਲਈਆਂ,
ਤੇ ਵੱਖ-ਵੱਖ ਮੰਜੀਆਂ ਡਾਹ ਲਈਆਂ ।
ਅਸੀਂ ਵੰਡਦੇ ਵੰਡਦੇ ਭੁੱਲ ਗਏ ਸਾਂ,
ਮਾਂ ਬੋਲੀ ਤਾਂ ਹੀ ਸਾਂਝੀ ਰਹੀ ।
ਪਰ ਵਰ੍ਹਿਆਂ ਤੀਕਰ ਪੁੱਤਰਾਂ ਦੇ,
ਇਹ ਮੇਲ-ਮਿਲਾਪੋਂ ਵਾਂਝੀ ਰਹੀ ।
ਸਾਨੂੰ ਛਲਦੀ, ਦਲ਼ਦੀ, ਮਲ਼ਦੀ ਰਹੀ,
ਚੱਕੀ ਸਮਿਆਂ ਦੀ ਬੇਕਿਰਕ ਜਹੀ ।
ਸਾਹਾਂ ਦੇ ਆਟੇ ਵਿਚ ਰਲ ਗਈ,
ਇਸ ਕਰਕੇ ਹੀ ਕੁਝ ਕਿਰਕ ਜਹੀ ।
ਚਾਵਾਂ, ਦਰਿਆਵਾਂ, ਸਾਹਵਾਂ ਵਿਚ,
ਗਲਘੋਟੂ ਧੂੰਆਂ ਆ ਵੜਿਆ ।
ਸਾਡੇ ਨੀਲ-ਬਲੌਰੀ ਅੰਬਰਾਂ ਤੇ,
ਦਿਨ ਦੀਵੀਂ ਕਾਲਾ ਚੰਨ ਚੜ੍ਹਿਆ ।
ਰਾਤਾਂ ਦੀ ਨੀਂਦਰ ਸਹਿਮ ਗਈ,
ਸੁਪਨੇ ਵੀ ਥਰ ਥਰ ਕੰਬਦੇ ਰਹੇ ।
ਅਸੀਂ ਰੱਸੀਆਂ ਦੇ ਸੱਪ ਮਾਰਨ ਲਈ,
ਇੱਕ ਦੂਜੇ ਤਾਈਂ ਡੰਗਦੇ ਰਹੇ ।
ਅਕਲਾਂ ਨੂੰ ਜੰਦਰੇ ਮਾਰ ਲਏ,
ਤੇ ਪਸ਼ੂਆਂ ਵਾਂਗੂੰ ਖਹਿੰਦੇ ਰਹੇ ।
ਨੇਰ੍ਹੇ ਵਿਚ ਝੱਗੋ ਝੱਗ ਹੋ ਕੇ,
ਦੂਜੇ ਨੂੰ ਮੰਦੜਾ ਕਹਿੰਦੇ ਰਹੇ ।
ਸਰਹੱਦਾਂ, ਹੱਦਾਂ ਬਾਲ ਬਾਲ,
ਅਸੀਂ ਲੜ ਲੜ ਮਰ ਮਰ ਵੇਖ ਲਿਆ ।
ਇਕ ਦੂਜੇ ਦੇ ਘਰ ਸਾੜ ਸਾੜ,
ਅਸੀਂ ਕੋਲੇ ਕਰ ਕਰ ਵੇਖ ਲਿਆ ।
ਇਸ ਅਗਨ ਖੇਡ ਵਿਚ ਹਰ ਵਾਰੀ,
ਪੰਜਾਬੀ ਹੀ ਸੀ ਜੀਅ ਮਰਦਾ ।
ਜੇ ਪੁੱਤਰਾਂ ਨੂੰ ਹੀ ਸ਼ਰਮ ਨਹੀਂ,
ਰਾਵੀ ਦਾ ਪਾਣੀ ਕੀਹ ਕਰਦਾ?
ਸਤਿਲੁਜ ਤੇ ਬਿਆਸ ਉਦਾਸ ਜਹੇ,
ਜੇਹਲਮ ਨੂੰ ਮਿਲਣੋਂ ਡਰਦੇ ਰਹੇ ।
ਸੋਹਣੀ ਦੇ ਝਨਾਂ ਨੂੰ ਤਰਨ ਲਈ,
ਮਹੀਂਵਾਲ ਤਰਸ ਕੇ ਮਰਦੇ ਰਹੇ ।
ਦੋ ਚੁੱਲ੍ਹਿਆਂ ਤੇ ਇੱਕ ਟੱਬਰ ਦੀ,
‘ਕੱਠੀ ਬਣ ਸਕਦੀ ਰੋਟੀ ਸੀ ।
ਵਿਚਕਾਹੇ ਬਲਦੀ ਲੀਕ ਜੇਹੀ,
ਗੋਰੇ ਦੀ ਨੀਅਤ ਖੋਟੀ ਸੀ ।
ਅਸੀਂ ਨਫ਼ਰਤ ਨਫ਼ਰਤ ਖੇਡਦਿਆਂ,
ਪਿਆਰਾਂ ਦੀ ਬਾਜ਼ੀ ਹਾਰ ਗਏ ।
ਅਸੀਂ ਕਣਕ ਕਪਾਹਾਂ ਵੇਚ ਵੇਚ,
ਤੀਜੇ ਹੱਥ ਬਣ ਹਥਿਆਰ ਗਏ ।
ਹਥਿਆਰਾਂ ਤੋਂ, ਸਰਕਾਰਾਂ ਤੋਂ,
ਧਰਤੀ ਦੇ ਖੇਖਣਹਾਰਾਂ ਤੋਂ ।
ਇਹ ਪਾਣੀ ਸੁੱਚੇ ਰੱਖਣੇ ਨੇ,
ਹੁਣ ਰੱਤ ਦੇ ਵਣਜ ਵਪਾਰਾਂ ਤੋਂ ।
ਅਸੀਂ ਭਗਤ ਸਿੰਘ ਸਰਦਾਰ ਵਾਂਗ,
ਲੈਣੀ ਏ ਗੁੜ੍ਹਤੀ ਦੁੱਲੇ ਤੋਂ ।
ਤੇ ਸਾਂਝੀ ਲੋਕ ਵਿਰਾਸਤ ਲਈ,
ਖਾਣੀ ਏ ਬੁਰਕੀ ਬੁੱਲ੍ਹੇ ਤੋਂ ।
ਅਸੀਂ ਵਾਰਿਸ ਸ਼ਾਹ ਦੇ ਵਾਰਿਸ ਹਾਂ,
ਤੇ ਨਾਨਕ ਦੀ ਸੰਤਾਨ ਵੀ ਹਾਂ ।
ਅੱਜ ਕਿੱਦਾਂ ਇਹ ਗੱਲ ਭੁੱਲ ਜਾਈਏ,
ਕਲਬੂਤ ਅਲੱਗ, ਇੱਕ ਜਾਨ ਵੀ ਹਾਂ ।
ਵਰ੍ਹਿਆਂ ਦੀ ਕੁੜੱਤਣ ਪੀ ਪੀ ਕੇ,
ਹੁਣ ਜਾਨ ਨੂੰ ਸੂਲੀ ਟੰਗਣਾ ਨਹੀਂ ।
ਇਕ ਦੂਜੇ ਦੀ ਸ਼ੁਭ ਖ਼ੈਰ ਬਿਨਾਂ,
ਹੁਣ ਜੀਭੋਂ ਕੁਝ ਵੀ ਮੰਗਣਾ ਨਹੀਂ ।
ਇਨ੍ਹਾਂ ਪੰਜ ਦਰਿਆਈ ਪੁੱਤਰਾਂ ਨੂੰ,
ਹੁਣ ਸਾਂਝੀ ਧੜਕਣ ਬਰ ਆਵੇ ।
ਤੇ ਰਿਸ਼ਮ ਰੁਪਹਿਲੀ ਦਿਨ ਚੜ੍ਹਦੇ,
ਇਨ੍ਹਾਂ ਦੋਂਹ ਵੀਰਾਂ ਦੇ ਘਰ ਆਵੇ ।
▪️ਗੁਰਭਜਨ ਗਿੱਲ